Share on Facebook

Main News Page

ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ – ਸੰਘਰਸ਼ ਦੇ ਆਗੂਆਂ ਅਤੇ ਬਾਦਲ ਵਿਚਕਾਰ ਗ਼ੱਲਬਾਤ ?

ਅਤਿ ਭਰੋਸੇਯੋਗ ਸੂਤਰਾ ਮੁਤਾਬਿਕ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਸ਼ੁਰੂ ਕੀਤੇ ਮਰਨ ਵਰਤ ਨੂੰ ਖ਼ਤਮ ਕਰਵਾਉਣ ਲਈ ਸੰਘਰਸ਼ ਕਰ ਰਹੇ ਆਗੂਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਭਾਵੇਂ ਅੱਜ ਗ਼ੱਲਬਾਤ ਸਦਭਾਵਨਾ ਦੇ ਮਾਹੌਲ ਵਿੱਚ ਹੋਈ, ਪਰ ਕਿਸੇ ਠੋਸ ਨਤੀਜੇ ‘ਤੇ ਪਹੁੰਚਣ ਤੋਂ ਬਿਨ੍ਹਾ ਹੀ ਇਹ ਵਾਰਤਾਲਾਪ ਖ਼ਤਮ ਹੋ ਗਈ।

ਅਕਾਲੀ ਦੇ ਚੋਟੀ ਦੇ ਇੱਕ ਨੇਤਾ ਨੇ ਗ਼ੱਲਬਾਤ ਵਿੱਚ ਸਾਲਸ ਦਾ ਰੋਲ ਅਦਾ ਕੀਤਾ। ਭਾਵੇਂ ਗ਼ੱਲਬਾਤ ਵਿੱਚ ਸ਼ਾਮਲ ਤਿੰਨ ਮੈਂਬਰੀ ਕਮੇਟੀ ਨੇ ਇਸ ਨੇਤਾ ਦਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ, ਪਰ ਸਰਕਾਰੀ ਸੂਤਰਾਂ ਮੁਤਾਬਿਕ ਇਹ ਨੇਤਾ ਅਕਾਲੀ ਦਲ ਦੇ ਜਨ. ਸੈਕਟਰੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਨ। ਲੁਧਿਆਣਾ ਵਿਖੇ ਦੋਵਾਂ ਧਿਰਾਂ ਵਿੱਚ 40 ਮਿੰਟ ਤੱਕ ਚੱਲੀ ਇਸ ਗ਼ੱਲਬਾਤ ਦੌਰਾਨ ਤਿੰਨ ਮੈਂਬਰੀ ਕਮੇਟੀ ਨੇ ਕਾਨੂੰਨ ਮੁਤਾਬਿਕ ਆਪਣੀ ਸਜ਼ਾ ਭੁਗਤ ਚੁੱਕੇ 6 ਨਜ਼ਰਬੰਦ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁੱਖ ਮੰਤਰੀ ਨੂੰ ਤੱਥਾਂ ਦੇ ਹਵਾਲੇ ਨਾਲ ਮੁਕੰਮਲ ਜਾਣਕਾਰੀ ਦਿੱਤੀ ਅਤੇ ਕਾਨੂੰਨੀ ਨੁਕਤੇ ਉਠਾ ਕੇ ਉਹ ਰਾਹ ਦੱਸੇ, ਜਿੰਨ੍ਹਾਂ ਮੁਤਾਬਿਕ ਨਜ਼ਰਬੰਦ ਸਿੱਖਾਂ ਨੂੰ ਬੜੀ ਆਸਾਨੀ ਨਾਲ ਰਿਹਾਅ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਿਕ ਬਾਦਲ ਸਾਬ੍ਹ ਨੇ ਰਿਹਾਈ ਦੇ ਮਾਮਲਿਆਂ ‘ਤੇ ਆਉਣ ਵਾਲੇ ਕੁਝ ਅੜਿੱਕਿਆਂ ਦਾ ਜ਼ਿਕਰ ਕੀਤਾ, ਪਰ ਇਹ ਭਰੋਸਾ ਵੀ ਦਿਵਾਇਆ ਕਿ ਉਹ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ 3 ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਰਾਜਪਾਲ ਨੂੰ ਸਿਫ਼ਾਰਿਸ਼ ਕਰਨਗੇ। ਪਰ ਕਿਉਂਕਿ ਇਹ ਗੰਭੀਰ ਮਾਮਲਾ ਯੂ.ਟੀ. ਪ੍ਰਸ਼ਾਸ਼ਨ ਦੇ ਅਧੀਨ ਹੈ ਅਤੇ ਇੱਕ ਮੁੱਖ ਮੰਤਰੀ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ, ਇਸ ਲਈ, ਕੇਂਦਰੀ ਗ੍ਰਹਿ ਮੰਤਰੀ ਦੀ ਦਖ਼ਲਅੰਦਾਜ਼ੀ ਵੀ ਕੋਈ ਫੈਸਲਾਕੁੰਨ ਰੋਲ ਅਦਾ ਕਰ ਸਕਦੀ ਹੈ।

ਪਰ ਤਿੰਨ ਮੈਂਬਰੀ ਕਮੇਟੀ ਦਾ ਵਿਚਾਰ ਹੈ ਕਿ ਜੇਕਰ ਮੁੱਖ ਮੰਤਰੀ ਰਿਹਾਈ ਦੀ ਸ਼ਿਫ਼ਾਰਿਸ਼ ਕਰਦੇ ਹਨ ਤਾਂ ਪੰਜਾਬ ਦੇ ਗਵਰਨਰ ਵੱਲੋਂ ਇਨਕਾਰ ਕਰਨ ਦੀ ਕੋਈ ਗੁਜਾਇੰਸ਼ ਨਹੀਂ ਰਹਿ ਜਾਂਦੀ ਹੈ। ਉਂਝ ਵੀ ਭਾਈ ਗੁਰਬਖਸ਼ ਸਿੰਘ ਦੀ ਮੰਗ ਨਾਲ ਸਮੁੱਚੇ ਪੰਜਾਬ, ਪੰਜਾਬੀਆਂ ਵਿੱਚ ਹਮਦਰਦੀ ਦੀ ਇੱਕ ਵੱਡੀ ਲਹਿਰ ਉੱਠ ਖੜੋਤੀ ਹੈ ਅਤੇ ਬਾਹਰਲੇ ਮੁਲਕਾਂ ਵਿੱਚ ਤਾਂ ਇਹ ਲਹਿਰ ਜੱਥੇਬੰਧਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ, ਉਸ ਹਾਲਤ ਵਿੱਚ ਜੇਕਰ ਪੰਜਾਬ ਦਾ ਗਵਰਨਰ ਜਾਂ ਕੇਂਦਰ ਸਰਕਾਰ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਸੂਬੇ ਵਿੱਚ ਅਮਨ-ਕਾਨੂੰਨ ਦਾ ਗੰਭੀਰ ਮਸਲਾ ਖੜ੍ਹਾ ਹੋ ਸਕਦਾ ਹੈ।

ਤਿੰਨ ਮੈਂਬਰੀ ਕਮੇਟੀ ਦਾ ਵਿਚਾਰ ਸੀ ਕਿ ਜੇਕਰ ਬਾਦਲ ਸਾਬ੍ਹ ਸ.ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਖ਼ਤਮ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਰਾਸ਼ਟਰਪਤੀ ਤੱਕ ਨੂੰ ਮਿਲ ਸਕਦੇ ਹਨ ਅਤੇ ਆਪਣੇ ਮਿਸ਼ਨ ਵਿੱਚ ਸਫ਼ਲ ਵੀ ਹੋ ਸਕਦੇ ਹਨ ਤਾਂ ਉਸ ਹਾਲਤ ਵਿੱਚ 6 ਸਿੰਘਾਂ ਦੀ ਰਿਹਾਈ ਦਾ ਮਾਮਲਾ ਤਾਂ ਬਹੁਤ ਹੀ ਮਾਮੂਲੀ ਜਿਹਾ ਰਹਿ ਜਾਂਦਾ ਹੈ। ਇਸਤੋਂ ਇਲਾਵਾ ਸਿੱਖ ਪੰਥ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਹਿਲਾਂ ਹੀ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੰਗ ਪ੍ਰਤੀ ਆਪਣੀ ਹਮਾਇਤ ਪ੍ਰਗਟ ਕਰ ਚੁੱਕੇ ਹਨ।

ਸੂਤਰਾਂ ਮੁਤਾਬਿਕ ਸ.ਪ੍ਰਕਾਸ਼ ਸਿੰਘ ਬਾਦਲ ਨੇ ਤਿੰਨ ਮੈਂਬਰੀ ਕਮੇਟੀ ਦੀ ਹਾਜ਼ਰੀ ਵਿੱਚ ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਵੀ ਟੈਲੀਫੋਨ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉਨ੍ਹਾਂ ਰਾਜਾਂ ਨਾਲ ਸੰਬੰਧਤ 2 ਸਿੰਘਾਂ ਦੀ ਰਿਹਾਈ ਬਾਰੇ ਗ਼ੱਲਬਾਤ ਕੀਤੀ ਜਾ ਸਕੇ। ਪਰ ਦੋਵੇਂ ਮੁੱਖ ਮੰਤਰੀ ਆਪਣੀ-ਆਪਣੀ ਥਾਂ ‘ਤੇ ਕਿਸੇ ਜ਼ਰੂਰੀ ਮੀਟਿੰਗ ਵਿੱਚ ਰੁਝੇ ਹੋਏ ਸਨ, ਇਸ ਲਈ ਗ਼ੱਲਬਾਤ ਨਹੀਂ ਹੋ ਸਕੀ। ਮਗਰੋਂ ਇਸ ਪੱਤਰਕਾਰ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਜਨ. ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗ਼ੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੰਨ੍ਹਾਂ ਦੋਹਾਂ ਸਿੰਘਾਂ ਦੀ ਰਿਹਾਈ ਬਾਰੇ ਸੰਬੰਧਤ ਮੁੱਖ ਮੰਤਰੀਆਂ ਨੇ ਹਾਂ ਕਹਿ ਦਿੱਤੀ ਹੈ, ਜਦੋਂ ਕਿ ਤੀਜੇ ਸਿੰਘ ਦੀ ਰਿਹਾਈ ਬਾਰੇ ਸੰਬੰਧਤ ਮੁੱਖ ਮੰਤਰੀ ਨਾਲ ਅਜੇ ਤੱਕ ਗ਼ੱਲਬਾਤ ਨਹੀਂ ਸੀ ਹੋ ਸਕੀ।

ਤਿੰਨ ਮੈਂਬਰੀ ਕਮੇਟੀ ਦੇ ਨਜ਼ਦੀਕੀ ਸੂਤਰਾਂ ਮੁਤਾਬਿਕ ਭਾਵੇਂ ਬਾਦਲ ਸਾਬ੍ਹ ਨੇ ਪੂਰੀ ਗੰਭੀਰਤਾ ਅਤੇ ਹਮਦਰਦੀ ਨਾਲ ਤਿੰਨ ਮੈਂਬਰੀ ਕਮੇਟੀ ਦੇ ਆਗੂਆਂ ਦੀਆਂ ਦਲੀਲਾਂ ਨੂੰ ਸੁਣਿਆ, ਪਰ ਉਨ੍ਹਾਂ ਨੇ ਨਾ ਤਾਂ ਕੋਈ ਲਿਖ਼ਤੀ ਭਰੋਸਾ ਦਿਵਾਇਆ ਅਤੇ ਨਾ ਹੀ ਸਪਸ਼ੱਟ ਰੂਪ ਵਿੱਚ ਇਹ ਦੱਸਿਆ ਕਿ ਇੰਨ੍ਹਾਂ ਤਿੰਨ ਸਿੰਘਾਂ ਦੀ ਰਿਹਾਈ ਬਾਰੇ ਆਪਣੀਆਂ ਸਿਫ਼ਾਰਿਸ਼ਾਂ ਕਦੋਂ ਕਰਨਗੇ? ਸੂਤਰਾਂ ਮੁਤਾਬਿਕ ਕਮੇਟੀ ਦਾ ਵਿਚਾਰ ਹੈ ਕਿ ਸਰਕਾਰ ਅਜੇ ਮਾਮਲੇ ਨੂੰ ਲਟਕਾਉਣ ਵਿੱਚ ਹੀ ਯਕੀਨ ਰੱਖਦੀ ਜਾਪਦੀ ਹੈ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਰਨ ਵਰਤ ਨੂੰ ਖ਼ਤਮ ਕਰਵਾਉਣ ਦਾ ਕੋਈ ਠੋਸ ਐਲਾਨ ਕਰਨ ਲਈ ਤਿਆਰ ਨਹੀਂ। ਉਹ ਸ਼ਾਇਦ ‘ਦੇਖੋ ਅਤੇ ਉਡੀਕ ਕਰੋਂ’ ਦੀ ਨੀਤੀ ‘ਤੇ ਚੱਲ ਰਹੀ।

ਸੂਤਰਾਂ ਮੁਤਾਬਿਕ ਬਾਦਲ ਸਾਬ੍ਹ ਨੇ ਇਹ ਵੀ ਸਲਾਹ ਦਿੱਤੀ ਕਿ ਜੇਕਰ ਸਾਬਕਾ ਮੁੱਖ ਮੰਤਰੀ ਸ.ਬੇਅੰਤ ਸਿੰਘ ਦੇ ਪਰਿਵਾਰ ਦੇ ਮੈਂਬਰ ਜਾਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਡਾ ਦਿਲ ਦਿਖਾ ਕੇ ਤਿੰਨ ਸਿੰਘਾਂ ਦੀ ਰਿਹਾਈ ਦੀ ਹਮਾਇਤ ਵਿੱਚ ਕੋਈ ਬਿਆਨ ਜਾਰੀ ਕਰਦੇ ਹਨ ਤਾਂ ਇਹ ਰਿਹਾਈਆਂ ਹੋਰ ਵੀ ਆਸਾਨ ਹੋ ਸਕਦੀਆਂ ਹਨ। ਇਸੇ ਦੌਰਾਨ ਜਦੋਂ ਇਸ ਪੱਤਰਕਾਰ ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨਾਲ ਇਸ ਅਹਿਮ ਮਾਮਲੇ ਬਾਰੇ ਫੋਨ ‘ਤੇ ਸੰਪਰਕ ਕੀਤਾ ਤਾਂ ਉਹ ਉਸ ਸਮੇਂ ਪਾਰਲੀਮੈਂਟ ਦੇ ਇਜਲਾਸ ਵਿੱਚ ਬੈਠੇ ਹੋਏ ਸਨ, ਪਰ ਉਨ੍ਹਾਂ ਦੇ ਪੀ.ਏ. ਨੇ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਤੁਹਾਡੇ ਨਾਲ ਸੰਪਰਕ ਕਰਨਗੇ। ਪਰ ਇਹ ਸਤਰਾਂ ਲਿਖਣ ਤੱਕ ਉਨ੍ਹਾਂ ਨੇ ਕੋਈ ਸੰਪਰਕ ਨਹੀਂ ਸੀ ਕੀਤਾ। ਇਸ ਪੱਤਰਕਾਰ ਨੇ ਸ.ਬੇਅੰਤ ਸਿੰਘ ਦੇ ਇੱਕ ਹੋਰ ਪੋਤਰੇ ਸ.ਗੁਰਕੀਰਤ ਸਿੰਘ ਐਮ.ਐਲ.ਏ. ਨਾਲ ਵੀ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਵੀ ਕਿਸੇ ਨੇ ਫੋਨ ਨਹੀਂ ਚੁੱਕਿਆ। ਵੈਸੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਸੰਬੰਧੀ ਕੋਈ ਹਾਂ ਪੱਖੀ ਬਿਆਨ ਜਾਰੀ ਕਰਨਗੇ।

ਮੀਟਿੰਗ ਵਿੱਚ ਪ੍ਰਕਾਸ਼ ਸਿੰਘ ਬਾਦਲ ਸਮੇਤ ਪੰਜ ਵਿਅਕਤੀ ਹੀ ਸ਼ਾਮਲ ਸਨ। ਸੂਤਰਾਂ ਮੁਤਾਬਿਕ ਤਿੰਨ ਮੈਂਬਰੀ ਕਮੇਟੀ ਵਿੱਚ ਸ਼ਾਮਲ ਜਿੰਨ੍ਹਾਂ ਆਗੂਆਂ ਨੇ ਗ਼ੱਲਬਾਤ ਕੀਤੀ, ਉਨ੍ਹਾਂ ਵਿੱਚ ਅਕਾਲੀ ਦਲ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾਂ, ਉਘੇ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਅਖੰਡ ਕੀਰਤਨੀ ਜੱਥੇ ਦੇ ਭਾਈ ਆਰ.ਪੀ. ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਜਨ.ਸਕੱਤਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਸਨ, ਜਿੰਨ੍ਹਾਂ ਦੀ ਪਹਿਲਕਦਮੀ ‘ਤੇ ਇਹ ਮੀਟਿੰਗ ਹੋਈ। ਇਹ ਵੀ ਪਤਾ ਲੱਗਾ ਹੈ ਕਿ ਬਾਦਲ ਨੇ ਸੰਬੰਧਤ ਅਧਿਕਾਰੀਆਂ ਕੋਲੋਂ 6 ਸਿੰਘਾਂ ਬਾਰੇ ਸਾਰੇ ਵੇਰਵੇ ਮੰਗ ਲਏ ਹਨ ਅਤੇ ਕਿਸੇ ਵੀ ਸਮੇਂ ਸਰਕਾਰ ਵੱਲੋਂ ਕੋਈ ਐਲਾਨ ਕੀਤਾ ਜਾ ਸਕਦਾ ਹੈ।

ਦੂਜੇ ਪਾਸੇ ਸੰਘਰਸ਼ ਕਮੇਟੀ ਨੇ ਸੂਤਰਾਂ ਮੁਤਾਬਿਕ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਬਾਦਲ ਸਾਬ੍ਹ ਨਾਲ ਹੋਈ ਗ਼ੱਲਬਾਤ ਤੋਂ ਜਾਣੂ ਕਰਵਾ ਦਿੱਤਾ ਹੈ, ਪਰ ਭਾਈ ਖਾਲਸਾ ਜੀ ਉਨ੍ਹਾਂ ਚਿਰ ਆਪਣੀ ਭੁੱਖ ਹੜਤਾਲ ਨਹੀਂ ਛੱਡਣਗੇ, ਜਦੋਂ ਤੱਕ 6 ਸਿੰਘ ਰਿਹਾਅ ਨਹੀਂ ਕੀਤੇ ਜਾਂਦੇ। ਇਸੇ ਦੌਰਾਨ ਅੰਬਸਰ ਕੰਪਲੈਕਸ ਵਿੱਚ ਅਫ਼ਵਾਹਾਂ ਦਾ ਬਾਜ਼ਾਰ ਗ਼ਰਮ ਰਹਿੰਦਾ ਹੈ ਅਤੇ ਹਰ ਕਿਸੇ ਦਾ ਯਤਨ ਹੈ ਕਿ ਇਹ ਸਾਰੇ ਸੰਘਰਸ਼ ਦਾ ਸਿਹਰਾ ਉਨ੍ਹਾਂ ਨੂੰ ਜਾਵੇ।

Source: http://sikhsangharsh.com/?p=2250


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛੱਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top