* ਗੁਰੂ ਗ੍ਰੰਥ ਸਾਹਿਬ ਜੀ ਅਤੇ ਇਤਿਹਾਸ ਤੋਂ ਸੇਧ ਲੈਣ ਦੀ ਬਜਾਏ
ਅੱਜ ਵੀ ਡੇਰਾਵਾਦੀ ਸੋਚ ਦੇ ਸਿੱਖ, ਚੌਪਈ ਦੇ ਪਾਠਾਂ ਰਾਹੀਂ ਛੁਡਾਉਣੇ ਚਾਹੁੰਦੇ ਹਨ
ਜੇਲ੍ਹਾਂ ਵਿੱਚੋਂ ਸਿੱਖ ਕੈਦੀ
* ਸੰਤ ਸਮਾਜ ਨੂੰ ਲਕੀਰ ਦੇ ਇੱਕ ਪਾਸੇ ਹੋਣ ਲਈ ਕਹਿ ਦਿੱਤਾ ਜਾਵੇ, ਤਾਂ ਬਾਕੀ ਪੰਥ ਵਿੱਚ
ਏਕਤਾ ਤੇ ਇਕਸੁਰਤਾ ਹੋਣ ਦੀ ਕਾਫੀ ਸੰਭਾਵਨਾ ਹੈ
* ਮੁੱਖ ਮੰਤਰੀ ਸ: ਬਾਦਲ ਵੱਲੋਂ ਕੈਦੀਆਂ ਨੂੰ ਰਿਹਾਅ ਕਰਨ ਦੀ
ਮੱਦ ਨੂੰ ਗਵਰਨਰ ਦੇ ਅਧਿਕਾਰ ਵਿੱਚ ਦੱਸਣਾ, ਪੂਰੀ ਤਰ੍ਹਾਂ ਗੁਮਰਾਹਕੁੰਨ: ਬਰਨਾਲਾ
ਇਤਿਹਾਸ ਵਿੱਚ ਦਰਜ ਹੈ ਕਿ ਜਿਸ ਸਮੇਂ ਬਾਬਰ ਸੈਦਪੁਰ ’ਤੇ ਆਪਣੀਆਂ ਫੌਜਾਂ ਸਮੇਤ ਚੜ੍ਹਾਈ
ਕਰਕੇ ਆ ਰਿਹਾ ਸੀ ਤਾਂ ਉਸ ਸਮੇ ਸੈਦਪੁਰ ਦੇ ਹਾਕਮ ਪਠਾਣਾਂ ਨੇ ਪੀਰਾਂ ਤੋਂ ਮੁਗਲਾਂ ਦੀ
ਰੋਕ ਥਾਮ ਲਈ ਸੁਝਾਉ ਮੰਗੇ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਤੁਹਾਨੂੰ ਚਿੰਤਾ ਕਰਨ ਦੀ
ਲੋੜ ਨਹੀਂ, ਅਸੀਂ ਮੰਤਰ ਪੜ੍ਹਾਂਗੇ ਤੇ ਜਾਦੂ
ਟੂਣੇ ਕਰਾਂਗੇ, ਜਿਸ ਨਾਲ ਸਾਰੇ ਹੀ ਮੁਗਲ
ਅੰਨ੍ਹੇ ਹੋ ਜਾਣਗੇ, ਜਿਸ ਕਾਰਣ ਉਹ ਸਾਡਾ ਕੁਝ ਨਹੀਂ ਵਿਗਾੜ ਸਕਣਗੇ। ਸੋ, ਪਠਾਣਾਂ ਨੇ
ਬਹੁਤ ਸਾਰੇ ਪੀਰਾਂ ਨੂੰ ਮੰਤਰ ਪੜ੍ਹਨ ਤੇ ਜਾਦੂ ਟੂਣੇ ਕਰਨ ਲਈ ਆਪਣੇ ਕੋਲ ਬੁਲਾ ਲਿਆ
ਜਿਨ੍ਹਾਂ ਨੇ ਬਹੁਤੇਰੀਆਂ ਤਸਬੀਆਂ ਫੇਰੀਆਂ, ਮੰਤਰ ਪੜ੍ਹੇ ਤੇ ਜਾਦੂ ਟੂਣੇ ਕੀਤੇ, ਪਰ ਕੋਈ
ਮੁਗਲ ਅੰਨ੍ਹਾ ਨਾ ਹੋਇਆ ਤੇ ਉਨ੍ਹਾਂ ਨੇ ਪਠਾਣਾਂ ਤੇ ਹਿੰਦੂਆਂ ਦੇ ਟੋਟੇ ਟੋਟੇ ਕਰਕੇ
ਮਿੱਟੀ ’ਚ ਰਲਾ ਦਿੱਤਾ ਅਤੇ ਉਨ੍ਹਾਂ ਦੀਆਂ ਔਰਤਾਂ ਦੀ ਭਾਰੀ ਬੇਪਤੀ ਕੀਤੀ। ਗੁਰੂ ਨਾਨਕ
ਸਾਹਿਬ ਜੀ ਨੇ ਇਸ ਇਤਿਹਾਸਕ ਘਟਨਾ ਦਾ ਜ਼ਿਕਰ ਆਪਣੇ ਇੱਕ ਸ਼ਬਦ ਵਿੱਚ ਇੰਝ ਕੀਤਾ ਹੈ:
‘ਕੋਟੀ ਹੂ ਪੀਰ ਵਰਜਿ ਰਹਾਏ; ਜਾ ਮੀਰੁ ਸੁਣਿਆ ਧਾਇਆ ॥ ਥਾਨ
ਮੁਕਾਮ ਜਲੇ ਬਿਜ ਮੰਦਰ; ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ; ਕਿਨੈ ਨ
ਪਰਚਾ ਲਾਇਆ ॥4॥’ (ਆਸਾ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 418)
ਜਿਸ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ
ਨੇ ਇਸ ਤਰ੍ਹਾਂ ਕੀਤੇ ਹਨ:- ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ
ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਨੇ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ
ਕਰਨ ਲਈ) ਰੋਕ ਰੱਖਿਆ। (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ, ਪੱਕੇ
ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ। ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ
ਨੂੰ ਟੋਟੇ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ। (ਪੀਰਾਂ ਦੀਆਂ ਤਸਬੀਆਂ ਨਾਲ)
ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰਕੇ ਨਾ ਵਿਖਾਈ
॥4॥
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੇਕਾਂ ਯੁੱਧ ਲੜੇ। ਅਨੰਦਪੁਰ
ਸਾਹਿਬ ਦੇ ਕਿਲੇ ਵਿੱਚ ਛੇ ਮਹੀਨੇ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਘੇਰਾ
ਪਾਈ ਰੱਖਿਆ, ਚਮਕੌਰ ਦੀ ਗੜ੍ਹੀ ਵਿੱਚ 10 ਲੱਖ ਫੌਜ ਨੇ 40 ਸਿੰਘਾਂ ਸਮੇਤ ਗੁਰੂ ਜੀ ਨੂੰ
ਘੇਰਾ ਪਾਇਆ ਜਿੱਥੇ ਹੋਏ ਘਸਾਮਾਨ ਦੇ ਯੁੱਧ ਵਿੱਚ ਦੋ ਸਾਹਿਬਜ਼ਾਦਿਆਂ ਸਮੇਤ 36 ਸਿੰਘ
ਸੂਰਬੀਰਤਾ ਨਾਲ ਜੂਝਦੇ ਹੋਏ ਸ਼ਹੀਦੀਆਂ ਪਾ ਗਏ ਤੇ ਦੋ ਪਿਆਰਿਆਂ ਭਾਈ ਦਇਆ ਸਿੰਘ, ਭਾਈ
ਸਾਹਿਬ ਸਿੰਘ ਅਤੇ ਇੱਕ ਹੋਰ ਗੁਰਸਿੱਖ ਭਾਈ ਮਾਨ ਸਿੰਘ ਸਮੇਤ ਗੁਰੂ ਸਾਹਿਬ ਜੀ ਇੱਕ ਨੀਤੀ
ਤਹਿਤ ਉਥੋਂ ਤਾੜੀ ਮਾਰਦੇ ਹੋਏ ਨਿਕਲ ਗਏ ਅਤੇ ਬੜੇ ਬਿਖੜੇ ਜੰਗਲੀ ਰਸਤਿਆਂ ਰਾਹੀਂ
ਮਾਛੀਵਾੜੇ, ਦੀਨਾ ਕਾਂਗੜ, ਕੋਟਕਪੂਰਾ ਹੁੰਦੇ ਹੋਏ ਮੁਕਤਸਰ ਪਹੁੰਚੇ ਜਿੱਥੇ ਪਿੱਛਾ ਕਰਦੀ
ਮੁਗਲ ਫੌਜ ਨਾਲ ਭਾਰੀ ਟਾਕਰਾ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜੰਗ ’ਚੋਂ ਵੀ ਬੜੀ
ਕਮਾਲ ਦੀ ਯੁੱਧਨੀਤੀ ਨਾਲ ਫਤਹਿ ਹਾਸਲ ਕੀਤੀ।
ਇਤਿਹਾਸ ’ਚ ਕਿਧਰੇ ਵੀ ਇਹ ਗੱਲ ਦਰਜ ਨਹੀਂ
ਹੈ ਕਿ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਚੌਪਈ ਦੇ ਪਾਠ ਕਰਨ ਦਾ ਹੁਕਮ ਦਿੱਤਾ
ਹੋਵੇ। ਪਰ ਇੱਧਰ, ਅਸੀਂ ਗੁਰੂ ਦੇ ਸਿੱਖ ਕਹਾਉਣ ਵਾਲੇ ਹਾਂ, ਜਿਨ੍ਹਾਂ ਨੇ ਕਦੀ ਵੀ ਕੋਈ
ਸੰਘਰਸ਼ ਲੜਨ ਸਮੇਂ ਗੁਰਬਾਣੀ ਤੇ ਸਿੱਖ ਇਤਹਾਸ ਤੋਂ ਸੇਧ ਲੈ ਕੇ ਆਪਣੀ ਯੁੱਧਨੀਤੀ ਨਹੀਂ
ਬਣਾਈ, ਸਗੋਂ ਸੰਤ ਮਹਾਂਪੁਰਸ਼ਾਂ ਦੇ ਨਾਮ ’ਤੇ ਉਨ੍ਹਾਂ ਡੇਰਿਆਂ ਤੇ ਸੰਪ੍ਰਦਾਵਾਂ ਦੇ ਸਾਧਾਂ
ਨੂੰ ਅੱਗੇ ਲਾ ਲੈਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਇਕ ਪਾਸੇ ਆਰ.ਐੱਸ.ਐੱਸ ਦੇ ਏਜੰਟਾਂ
ਦੇ ਤੌਰ ’ਤੇ ਕੰਮ ਕਰਦੇ ਹੋਏ ਖ਼ਾਲਸੇ ਨੂੰ ਸਿਧਾਂਤਹੀਣ ਕਰਕੇ, ਉਨ੍ਹਾਂ ਵਿੱਚ ਵੰਡੀਆਂ ਪਾ
ਕੇ ਪੰਥਕ ਏਕਤਾ ਨੂੰ ਖੇਰੂੰ ਖੇਰੂੰ ਕਰ ਰਹੇ ਹਨ, ਦੂਸਰੇ ਪਾਸੇ ਕੇਵਲ ਸਤਾ ਲਈ ਕੌਮੀ ਜ਼ਜ਼ਬਾ
ਖਤਮ ਕਰੀ ਬੈਠੇ ਪ੍ਰਕਾਸ਼ ਸਿੰਘ ਬਾਦਲ ਨਾਲ ਗੱਠਜੋੜ ਕਰਕੇ, ਸ਼੍ਰੋਮਣੀ ਕਮੇਟੀ ਅਤੇ ਸਰਕਾਰ
ਵਿੱਚ ਭਾਈਵਾਲ ਬਣੇ ਬੈਠੇ ਹਨ ਅਤੇ ਤੀਸਰੇ ਪਾਸੇ ਹਰ ਪੰਥਕ ਸੰਘਰਸ਼ ਵਿੱਚ ਗਰਮ ਗਰਮ ਨਾਹਰੇ
ਮਾਰ ਕੇ ਆਪਣੇ ਆਪ ਨੂੰ ਪੰਥਕ ਹੋਣ ’ਤੇ ਮੋਹਰ ਲਵਾ ਲੈਂਦੇ ਹਨ।
ਆਮ ਤੌਰ ’ਤੇ ਹਰ ਯੁੱਧ ਜਾਂ ਸੰਘਰਸ਼ ਲੜਨ ਸਮੇਂ ਚੰਗੇ ਨੀਤੀਕਾਰ ਪਹਿਲਾਂ ਦੁਸ਼ਮਣ ਦੀ ਤਾਕਤ
ਅਤੇ ਉਸ ਦੀਆਂ ਕਮਜੋਰੀਆਂ ਦਾ ਅੰਦਾਜ਼ਾ ਲਾਉਂਦੇ ਹਨ, ਫਿਰ ਵਿਰੋਧੀ ਦੇ ਮੁਕਾਬਲੇ ’ਤੇ ਆਪਣੀ
ਤਾਕਤ ਅਤੇ ਕਮਜੋਰੀਆਂ ਦਾ ਅੰਦਾਜ਼ਾ ਲਾ ਕੇ ਇਹ ਨੀਤੀ ਤਿਆਰ ਕਰਦੇ ਹਨ ਕਿ ਆਪਣਾ ਘੱਟ ਤੋਂ
ਘੱਟ ਨੁਕਸਾਨ ਕਰਵਾ ਕੇ ਵੱਧ ਤੋਂ ਵੱਧ ਪ੍ਰਾਪਤੀ ਕਿਵੇਂ ਕਰਨੀ ਹੈ। ਗੁਰੂ ਗੋਬਿੰਦ ਸਿੰਘ
ਜੀ ਵੱਲੋਂ ਵੀ ਹਮੇਸ਼ਾ ਇਹੀ ਯੁੱਧਨੀਤੀ ਅਪਣਾਈ ਜਾਂਦੀ ਰਹੀ ਹੈ, ਇਸੇ ਕਾਰਣ ਹੀ 40 ਸਿੰਘਾਂ
ਨੇ 10 ਲੱਖ ਫੌਜ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕੀਤਾ ਤੇ ਗੁਰੂ ਸਾਹਿਬ ਜੀ ਨੇ ਏਡੇ ਵੱਡੇ
ਘੇਰੇ ’ਚੋਂ ਨਿਕਲ ਕੇ ਦੁਨੀਆਂ ਵਿੱਚ ਇੱਕ ਅਨੋਖੀ ਜੰਗ ਦਾ ਇਤਹਾਸ ਰਚ ਦਿੱਤਾ। ਪਰ ਇੱਧਰ
ਸਾਡੀਆਂ ਪੰਥਕ ਜਥੇਬੰਦੀਆਂ ਸਭ ਕੁਝ ਸਮਝਦੀਆਂ ਵੀ ਹਨ, ਪਰ ਫਿਰ ਵੀ ਗੁਰਬਾਣੀ ਤੇ ਸਿੱਖ
ਇਤਿਹਾਸ ਤੋਂ ਸੇਧ ਲੈਣ ਦੀ ਬਜਾਏ ਸੰਘਰਸ਼ ਜਾਂ ਤਾਂ ਇਨ੍ਹਾਂ ਅਖੌਤੀ ਸੰਤ ਮਹਾਂਪੁਰਸ਼ਾਂ ਦੀ
ਸਲਾਹ ਨਾਲ ਲੜੇ ਜਾਂਦੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਮੁੱਖ ਆਗੂ ਹੀ ਬਣ ਜਾਂਦੇ ਹਨ।
ਮਿਸਾਲ ਵਜੋਂ ਤਾਜ਼ਾ ਉਦਾਹਰਣ ਸਜ਼ਾ
ਪੂਰੀ ਕਰ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਈ ਕਰਵਾਉਣ ਲਈ ਭਾਈ ਗੁਰਬਖ਼ਸ਼ ਸਿੰਘ
ਵੱਲੋਂ 14 ਨਵੰਬਰ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਰੱਖ ਕੇ ਚਲਾਏ ਜਾ ਰਹੇ ਸੰਘਰਸ਼ ਦੀ
ਹੈ। ਉਥੇ ਪਹਿਲਾਂ ਤਾਂ ਕੋਈ ਸਿਧਾਂਤਕ ਸੇਧ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ
ਗੁਰਬਾਣੀ ਦਾ ਪ੍ਰਵਾਹ ਚਲਾਉਣ ਜਾਂ ਸਿੰਘਾਂ ਦਾ ਮਨੋਬਲ ਉੱਚਾ ਕਰਨ ਲਈ ਢਾਢੀ ਵਾਰਾਂ ਗਾਉਣ
ਦੀ ਥਾਂ ਵਿਵਾਦਤ ਦਸਮ ਗ੍ਰੰਥ ਵਿੱਚੋਂ ਚੌਪਈ ਦਾ ਨਿਰੰਤਰ ਪਾਠ, ਦੋਹਰੇ ਅੜਿੱਲਾਂ ਸਮੇਤ
ਚੱਲ ਰਿਹਾ ਹੈ; ਜਿਨ੍ਹਾਂ ਸਬੰਧੀ ਪਹਿਲਾਂ ਹੀ ਪੰਥ ਵਿੱਚ ਭਾਰੀ ਵਿਵਾਦ ਹੋਣ ਕਰਕੇ ਪੰਥ ਦੋ
ਹਿੱਸਿਆਂ ਵਿੱਚ ਬੁਰੀ ਤਰ੍ਹਾਂ ਵੰਡਿਆ ਪਿਆ ਹੈ। ਮੇਰੇ ਇਸ ਲੇਖ ਦਾ ਵਿਸ਼ਾ ਉਸ ਵਿਵਾਦ ਵੱਲ
ਜਾਣ ਦਾ ਨਹੀਂ ਹੈ, ਪਰ ਜਿਹੜਾ ਵੀ ਗੁਰਸਿੱਖ ਇਸ ਦੀ ਅਸਲੀਅਤ ਜਾਨਣਾ ਚਾਹੁੰਦਾ ਹੈ ਉਹ ਦਸਮ
ਗ੍ਰੰਥ ਵਿੱਚ ਦਰਜ ਚਰਿਤ੍ਰੋ ਪਖਿਆਨ ਦੇ ਚਰਿਤ੍ਰ ਨੰ: 404; ਜਿਸ ਵਿੱਚੋਂ ਇਹ ਚੌਪਈ ਲਈ ਗਈ
ਹੈ; ਉਸ ਪੂਰੇ ਚਰਿੱਤ੍ਰ ਨੂੰ ਡਾ: ਰਤਨ ਸਿੰਘ ਜੱਗੀ ਅਤੇ ਡਾ: ਗੁਰਸ਼ਰਨ ਕੌਰ ਜੱਗੀ ਦੁਆਰਾ
ਕੀਤੇ ਗਏ ਟੀਕੇ ਸਹਿਤ ਪੜ੍ਹ ਕੇ ਖੁਦ ਹੀ ਅੰਦਾਜ਼ਾ ਲਗਾਵੇ ਕਿ ਇਸ ਚਰਿੱਤ੍ਰ ਦਾ ਗੁਰਮਤਿ
ਨਾਲ ਕਿਤਨਾ ਕੁ ਸਬੰਧ ਹੈ। ਸੋ, ਮੇਰਾ ਸੁਝਾਉ ਹੈ ਕਿ ਭਾਈ ਗੁਰਬਖ਼ਸ਼ ਸਿੰਘ ਕੋਲ ਇਹ ਵਿਵਾਦਤ
ਰਚਨਾ ਪੜ੍ਹਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੋਈ ਵੀ ਬਾਣੀ ਪੜ੍ਹੀ ਜਾ ਸਕਦੀ
ਹੈ, ਜਿਸ ਨਾਲ ਸਮੁੱਚੇ ਪੰਥ ਵਿੱਚ ਏਕਤਾ ਦਾ ਰਾਹ ਖੁਲ੍ਹਦਾ ਹੈ।
ਦੂਸਰੀ
ਘਟਨਾ ਹੈ ਕਿ ਜਿਸ ਸਮੇਂ ਭਾਈ ਗੁਰਬਖ਼ਸ਼ ਸਿੰਘ ਵੱਲੋਂ ਰੱਖੀ ਗਈ ਮੰਗ ਸਬੰਧੀ ਸੰਗਤਾਂ
ਨੂੰ ਜਾਗਰੂਕ ਕਰਨ ਲਈ 4 ਦਸੰਬਰ 2013 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ
ਮੋਹਾਲੀ ਤੱਕ ‘ਬੰਦੀ ਸਿੰਘ ਰਿਹਾਈ ਚੇਤਨਾ ਮਾਰਚ’ ਕੱਢਿਆ ਗਿਆ, ਤਾਂ ਉਸ ਸਮੇਂ ਅਕਾਲ ਤਖ਼ਤ
ਤੋਂ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਏ ਸਿੰਘ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ ਤੇ
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਂ ਪਿਆਰਿਆਂ ਨੂੰ ਸਿਰੋਪੇ ਦੇ ਕੇ ਮਾਰਚ ਵਿਦਾ ਕੀਤਾ,
ਪਰ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਿਕਲਦੇ ਸਾਰ ਹੀ ਇਸੇ ਅਕਾਲ ਤਖ਼ਤ ਤੋਂ ਇਸੇ ਹੀ
ਜਥੇਦਾਰ ਵੱਲੋਂ ‘ਪੰਥ ਰਤਨ ਫਖਰ-ਏ-ਕੌਮ’ ਅਵਾਰਡ ਨਾਲ ਨਿਵਾਜ਼ੇ ਪ੍ਰਕਾਸ਼ ਸਿੰਘ ਬਾਦਲ ਦੀ
ਪੁਲਿਸ ਨੇ ਰੋਕ ਲਿਆ ਤੇ ਧੱਕਾ ਮੁੱਕੀ ਵਿੱਚ ਪੰਜਾਂ ਪਿਆਰਿਆਂ ਵਿੱਚੋਂ ਇੱਕ ਦੀ ਦਸਤਾਰ ਵੀ
ਉਤਾਰ ਦਿੱਤੀ। ਜਥੇਦਾਰ ਸਾਹਿਬ ਨੂੰ ਭਾਈ ਗੁਰਬਖ਼ਸ਼ ਸਿੰਘ ਰਾਹੀਂ ਤੁਰੰਤ ਫੋਨ ਰਾਹੀਂ ਦਿੱਤੀ
ਸੂਚਨਾ ਦੇ ਬਾਵਯੂਦ ਉਹ ਢਾਈ ਘੰਟੇ ਤੱਕ ਮੌਕੇ ’ਤੇ ਨਹੀਂ ਆਇਆ। ਇਸ ਤੋਂ ਪਤਾ ਲਗਦਾ ਹੈ ਕਿ
ਅਕਾਲ ਤਖ਼ਤ ਸਾਹਿਬ ’ਤੇ ਕੀਤੀ ਅਰਦਾਸ ਅਤੇ ਇਸ ਦੇ ਦੱਸੇ ਜਾ ਰਹੇ ਸਰਬ ਉੱਚ ਜਥੇਦਾਰ ਦੀ
‘ਪੰਥ ਰਤਨ ਫਖਰ-ਏ-ਕੌਮ’ ਦੇ ਦਿਲ ਵਿੱਚ ਕਿਤਨਾ ਕੁ ਸਤਿਕਾਰ ਹੈ? ਢਾਈ ਘੰਟਿਆਂ ਬਾਅਦ
ਪੁਲਿਸ ਵੱਲੋਂ ਲਾਏ ਬੈਰੀਕੇਡ ਦੇ ਸਥਾਨ ’ਤੇ ਗਿਆਨੀ ਗੁਰਬਚਨ ਸਿੰਘ ਜੀ ਪਹੁੰਚ ਕੇ ਕਹਿਣ
ਲੱਗੇ ਉਨ੍ਹਾਂ ਦੀ ਮੁੱਖ ਮੰਤਰੀ ਜੀ ਨਾਲ ਗੱਲ ਹੋ ਚੁੱਕੀ ਹੈ, ਇਸ ਲਈ ਹੁਣ ਮਾਰਚ ਜਾ ਸਕਦਾ
ਹੈ, ਪਰ ਰਸਤੇ ਵਿੱਚ ਪੰਜਾਬ ਸਰਕਾਰ ਜਾਂ ਵਿਅਕਤੀਗਤ ਤੌਰ ’ਤੇ ਕਿਸੇ ਵਿਰੁੱਧ ਕੋਈ ਨਾਹਰਾ
ਨਹੀਂ ਲਾਉਣਾ ਅਤੇ ਮਾਰਚ (ਸਰਕਾਰ ਪੱਖੀ) ਭਾਈ ਜਸਵੀਰ ਸਿੰਘ ਰੋਡੇ, ਸੰਤ ਸਮਾਜ ਕੋਟੇ ’ਚੋਂ
ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਸੁਖਚੈਨ ਸਿੰਘ ਧਰਮਪੁਰਾ ਤੇ ਗੁਰਪ੍ਰੀਤ ਸਿੰਘ ਰੰਧਾਵਾ ਦੀ
ਅਗਵਾਈ ਵਿੱਚ ਚੱਲੇਗਾ। ਸੰਗਤਾਂ ਨੇ ਉਸ ਸਮੇਂ ਤੁਰੰਤ ਵਿਰੋਧ
ਕਰਦਿਆਂ ਕਿਹਾ ਕਿ ਅਸੀਂ ਕਿਸੇ ਰੋਡੇ ਸ਼ੋਡੇ ਦੀ ਅਗਵਾਈ ’ਚ ਨਹੀਂ ਚਲਣਾ ਕਿਉਂਕਿ
ਸਿੱਖ ਨੇ ਅਗਵਾਈ ਕਿਸੇ ਮਨੁੱਖ ਤੋਂ ਨਹੀਂ ਲੈਣੀ, ਬਲਕਿ ਗੁਰੂ ਗ੍ਰੰਥ ਸਾਹਿਬ ਅਤੇ ਪੰਜ
ਪਿਆਰਿਆਂ ਤੋਂ ਲੈਣੀ ਹੈ। ਇਹ ਸੰਗਤ ਦੇ ਜਾਗਰੂਕ ਹੋਣ ਦਾ ਇਕ ਸ਼ੁਭ ਸੰਕੇਤ ਸੀ ਪਰ ਇਸੇ
ਮਾਰਚ ਦੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਪਹੁੰਚਣ ’ਤੇ
ਭਾਈ ਗੁਰਬਖ਼ਸ਼ ਸਿੰਘ ਦੇ ਮੂੰਹੋਂ ਫਿਰ ਅਖਵਾ ਦਿੱਤਾ ਕਿ ਅਗਲੇ ਪ੍ਰੋਗਰਾਮ ਦਾ ਫੈਸਲਾ ਇੱਥੇ
ਕੱਲ੍ਹ ਨੂੰ ਸੰਤ ਮਹਾਂਪੁਰਸ਼ਾਂ ਦੀ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਵੇਗਾ।
ਅਗਲੇ ਦਿਨ ਦੀ ਮੀਟਿੰਗ ਵਿੱਚ ਭਾਈ ਰੋਡੇ ਸਮੇਤ ਉਨ੍ਹਾਂ ਸਾਰੇ ਸੰਤਾਂ
ਮਹਾਂਪੁਰਸ਼ਾਂ ਦੀ ਬਹੁਤਾਤ ਸੀ ਜਿਨ੍ਹਾਂ ਦੀ ਇਸ ਮਾਰਚ ਦੇ ਅੰਮਿਤਸਰ ਤੋਂ ਸ਼ੁਰੂ ਹੋਣ ਮੌਕੇ
ਅਗਵਾਈ ਸਵੀਕਾਰ ਕਰਨ ਤੋਂ ਸੰਗਤ ਨੇ ਸਾਫ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਮਹਾਂਪੁਰਸ਼ਾਂ ਨੇ
ਪੰਥ ਨੂੰ ਕੋਈ ਠੋਸ ਪ੍ਰੋਗਰਾਮ ਤਾਂ ਕੋਈ ਨਹੀਂ ਦਿੱਤਾ, ਪਰ ਹਰ ਸਿਧਾਂਤਕ ਵਿਦਵਾਨ ਜਿਹੜਾ
ਗੁਰਬਾਣੀ ਤੇ ਸਿੱਖ ਇਤਿਹਾਸ ਅਨੁਸਾਰ ਕੋਈ ਨਰੋਈ ਤੇ ਨਿੱਗਰ ਸਲਾਹ ਦੇਣ ਦੇ ਸਮਰੱਥ ਹਨ,
ਉਨ੍ਹਾਂ ਨੂੰ ਫੈਸਲਾ ਲੈਣ ਵਾਲੀਆਂ ਮੀਟਿੰਗਾਂ ਤੋਂ ਦੂਰ ਰੱਖਣ ਦਾ ਪ੍ਰਬੰਧ ਕਰ ਲਿਆ।
ਇਸੇ ਕਾਰਣ ਗੁਰਮਤਿ ਸਿਧਾਂਤ ਨੂੰ ਚੰਗੀ
ਤਰ੍ਹਾਂ ਸਮਝਣ ਵਾਲੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਜਿਨ੍ਹਾਂ ਦਾ ਦੇਸ਼ ਵਿਦੇਸ਼ ਦੀਆਂ ਸੰਗਤਾਂ
ਵਿੱਚ ਤਕੜਾ ਅਧਾਰ 'ਤੇ ਸਤਿਕਾਰ ਹੈ, ਮਿਸ਼ਨਰੀ ਕਾਲਜ, 84 ਦੇ ਸੰਘਰਸ਼ ਦੌਰਾਨ ਸ਼ਹੀਦ ਬਾਬਾ
ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨੇੜਲੇ ਸਲਾਹਕਾਰਾਂ ਵਿੱਚ ਰਹੇ ਸਾਬਕਾ ਆਈ.ਏ.ਐੱਸ ਗੁਰਤੇਜ
ਸਿੰਘ ਅਤੇ 84 ਤੋਂ ਬਾਅਦ ਅਕਾਲ ਤਖ਼ਤ ਦੇ ਦੋ ਵਾਰ ਰਹਿ ਚੁੱਕੇ ਮੁੱਖ ਸੇਵਾਦਾਰ ਪ੍ਰੋ:
ਦਰਸ਼ਨ ਸਿੰਘ ਖ਼ਾਲਸਾ ਜਿਨ੍ਹਾਂ ਨੇ ਉਸ ਬਿਖੜੇ ਸਮੇਂ ਵਿੱਚ ਜ਼ਿਕਰਯੋਗ ਅਗਵਾਈ ਦਿੰਦਿਆਂ
ਸਰਕਾਰ ਵੱਲੋਂ ਭੇਜੇ ਜਾਂ ਆਪਣੇ ਤੌਰ ’ਤੇ ਸ਼ਾਂਤੀ ਮਾਰਚ ਲੈ ਕੇ ਆਏ ਸੰਤਾਂ ਮੁਨੀਆਂ ਤੇ
ਸਵਾਮੀਆਂ ਦੀ ਪੂਰ੍ਹਾਂ ਤਸੱਲੀ ਅਤੇ ਉਨ੍ਹਾਂ ਨੂੰ ਨਿਰਉੱਤਰ ਕਰਕੇ ਤੋਰਿਆ; ਵਿੱਚੋਂ ਕਿਸੇ
ਨੂੰ ਵੀ ਫੈਸਲੇ ਲੈਣ ਵਾਲੀਆਂ ਮੀਟਿੰਗਾਂ ਵਿੱਚ ਨਹੀਂ ਸੱਦਿਆ ਜਾਂਦਾ। ਇਨ੍ਹਾਂ
ਸੰਤਾਂ ਮਹਾਂਪੁਰਸ਼ਾਂ ਦੀ ਬਹੁਤਾਤ ਵਾਲੀ ਕਮੇਟੀ ਨੇ 15 ਦਸੰਬਰ ਭਾਵ ਭਾਈ ਗੁਰਬਖ਼ਸ਼ ਸਿੰਘ ਦੀ
ਭੁੱਖ ਹੜਤਾਲ ਦੇ 32ਵੇਂ ਦਿਨ ਤੱਕ ਕੌਮ ਨੂੰ ਕੋਈ ਪ੍ਰੋਗਰਾਮ ਨਹੀਂ ਦਿੱਤਾ, ਉਸ ਤੋਂ ਬਾਅਦ
ਬੜੀ ਤੇਜੀ ਨਾਲ ਜੋ ਪ੍ਰੋਗਰਾਮ ਦਿੱਤੇ ਉਨ੍ਹਾਂ ਵੱਲ ਇੱਕ ਨਜ਼ਰ ਮਾਰ ਕੇ ਵੇਖੋ:-
16 ਦਸੰਬਰ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ
ਸਾਬੋ ਤੋਂ ਮੋਹਾਲੀ ਤੱਕ ਮਾਰਚ ਕੱਢਣ ਦਾ ਫੈਸਲਾ ਇਸ ਇਲਾਕੇ ਦੇ ਦੋ ਪ੍ਰਮੁੱਖ ਪ੍ਰਚਾਰਕਾਂ
ਭਾਈ ਪੰਥਪ੍ਰੀਤ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਜਿਲ੍ਹੇ ਦੀਆਂ ਸਹਿਯੋਗੀ ਪੰਥਕ
ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਦੀ ਸਲਾਹ ਲਏ ਬਿਨਾਂ ਹੀ ਰੱਖ ਦਿੱਤਾ। ਬਾਬਾ ਦਾਦੂਵਾਲ
ਆਪਣੇ ਪਹਿਲਾਂ ਉਲੀਕੇ ਹੋਰ ਕਿਸੇ ਸਮਾਗਮ ਵਿੱਚ ਗਏ ਹੋਣ ਕਰਕੇ ਅਤੇ ਭਾਈ ਪੰਥਪ੍ਰੀਤ ਸਿੰਘ
ਨੇ ਆਪਣੇ ਜਥੇ ਸਮੇਤ ਮੋਹਾਲੀ ਵਿਖੇ ਭਾਈ ਗੁਰਬਖ਼ਸ਼ ਸਿੰਘ ਕੋਲ 17 ਤੋਂ 18 ਦਸੰਬਰ ਤੱਕ 100
ਸਿੰਘਾਂ ਸਮੇਤ ਪਹਿਰਾ ਦੇਣ ਦੀ ਡਿਊਟੀ ਲਈ ਹੋਈ ਸੀ ਇਸ ਕਾਰਣ ਉਹ ਆਪਣੇ ਜਥੇ ਦੇ ਸਿੰਘਾਂ
ਤੇ ਗੱਡੀਆਂ ਦੀ ਤਿਆਰੀ ਪ੍ਰਬੰਧਾਂ ਵਿੱਚ ਰੁੱਝੇ ਹੋਣ ਕਰਕੇ ਮਾਰਚ ਵਿੱਚ ਸ਼ਾਮਲ ਨਹੀਂ ਹੋ
ਸਕੇ।
ਸ਼੍ਰੋ.ਅ.ਦ. (ਅ) ਦੇ ਪ੍ਰਧਾਨ ਸ:
ਸਿਮਰਨਜੀਤ ਸਿੰਘ ਮਾਨ ਨੇ 17 ਅਤੇ 18 ਦਸੰਬਰ ਨੂੰ ਬਠਿੰਡਾ ਤੇ ਮਾਨਸਾ ਜਿਲ੍ਹਾ
ਦੀਆਂ; ਮੋਦੀ ਦੀ ਰੈਲੀ ਦੇ ਵਿਰੋਧ ਵਿੱਚ ਰੱਖੀ ਆਪਣੀ ਰੈਲੀ ਦੀ ਸਫਲਤਾ ਲਈ ਲਾਮਬੰਦੀ ਕਰਨ
ਲਈ ਮੀਟਿੰਗਾਂ ਰੱਖੀਆਂ ਹੋਈਆਂ ਸਨ। ਇਸ ਕਾਰਣ ਇਸ ਦਲ ਦਾ ਵੀ ਕੋਈ ਮੁੱਖ ਆਗੂ ਜਾਂ ਵਰਕਰ
ਮਾਰਚ ਵਿੱਚ ਸ਼ਾਮਲ ਨਹੀਂ ਹੋ ਸਕਿਆ। ਜੇ ਕਦੀ ਸਾਰੀਆਂ ਧਿਰਾਂ ਨਾਲ ਸਲਾਹ ਕਰਕੇ ਮਾਰਚ ਦੀ
ਤਰੀਖ ਮਿਥੀ ਹੁੰਦੀ ਜਾਂ ਘੱਟ ਤੋਂ ਘੱਟ 16 ਦੀ ਬਜਾਏ 17 ਦਸੰਬਰ ਹੀ ਰੱਖ ਲਈ ਜਾਂਦੀ, ਤਾਂ
ਭਾਈ ਪੰਥਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਜਥੇ ਦੇ ਸਿੰਘ ਜਿਨ੍ਹਾਂ ਨੇ ਉਸ ਦਿਨ ਮੋਹਾਲੀ ਵਿਖੇ
ਆਪਣੀ ਡਿਊਟੀ ’ਤੇ ਜਾਣਾ ਹੀ ਸੀ, ਉਹ ਇਸ ਮਾਰਚ ਦੇ ਨਾਲ ਚਲੇ ਜਾਂਦੇ ਤਾਂ ਮਾਰਚ ਵਿੱਚ
ਸ਼ਮੂਲੀਅਤ ਕਾਫੀ ਵਧ ਸਕਦੀ ਸੀ।
ਇਸ ਦੇ ਨਾਲ ਹੀ 17 ਦਸੰਬਰ ਨੂੰ ਸਾਰੇ
ਜਿਲ੍ਹਿਆਂ ਦੇ ਡਿਪਟੀ ਕਮਸ਼ਿਨਰਾਂ ਦੇ ਦਫਤਰਾਂ ਅੱਗੇ ਧਰਨੇ ਮਾਰਨ, ਚੌਪਈ ਦੇ ਪੰਜ
ਪੰਜ ਪਾਠ ਕਰਨ ਅਤੇ ਮੈਮੋਰੰਡਮ ਦੇਣ ਦਾ ਪ੍ਰੋਗਰਾਮ ਰੱਖ ਦਿੱਤਾ। ਉਕਤ ਦਰਸਾਈਆਂ ਗਈਆਂ
ਜਥੇਬੰਦੀਆਂ ਤਾਂ ਉਪ੍ਰੋਕਤ ਦੱਸੇ ਗਏ ਕਾਰਣਾਂ ਕਰਕੇ ਪਹਿਲਾਂ ਹੀ ਧਰਨੇ ਵਿੱਚ ਸ਼ਾਮਲ ਹੋਣ
ਤੋਂ ਅਸਮਰੱਥ ਸਨ; ਪੰਚ ਪ੍ਰਧਾਨੀ ਦੇ ਉਪ ਪ੍ਰਧਾਨ ਬਾਬਾ ਹਰਦੀਪ ਸਿੰਘ ਅਤੇ ਰੋਡੇ ਗਰੁੱਪ
ਦੇ ਭਾਈ ਗੁਰਦੀਪ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ ਮਾਰਚ ਨਾਲ ਗਏ ਹੋਣ ਕਰਕੇ ਰਾਤ ਨੂੰ ਉਥੇ
ਹੀ ਰਹਿ ਗਏ, ਇਸ ਕਾਰਣ ਧਰਨੇ ਦਾ ਪ੍ਰਬੰਧ ਕਰਨ ਵਾਲਾ ਪਿੱਛੇ ਕੋਈ ਵੀ ਮੁੱਖ ਆਗੂ ਨਾ ਰਿਹਾ।
ਬੇਸ਼ੱਕ ਭਾਈ ਗੁਰਬਖ਼ਸ਼ ਸਿੰਘ ਦੇ ਕੁਰਬਾਨੀ ਦੇ ਜ਼ਜ਼ਬੇ ਅਤੇ ਉਨ੍ਹਾਂ
ਵੱਲੋਂ ਆਪਣੇ ਫੈਸਲੇ ’ਤੇ ਪੂਰੀ ਦ੍ਰਿੜਤਾ ਨਾਲ ਖੜ੍ਹੇ ਰਹਿਣ ਕਰਕੇ ਸੰਗਤ ਉਨ੍ਹਾਂ ਦੇ ਨਾਮ
’ਤੇ ਦਿੱਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਉਤਾਵਲੀ ਹੈ, ਪਰ ਸੰਘਰਸ਼ ਦੇ ਆਗੂ ਰਹਿਤ
ਹੋਣ ਸਦਕਾ ਬੇਸੁਰੇ ਫੈਸਲੇ ਲਏ ਜਾਣ ਕਰਕੇ ਅਤੇ ਇੱਕ ਦੋ ਅਖ਼ਬਾਰਾਂ ਨੂੰ ਛੱਡ ਕੇ ਬਾਕੀ ਦੇ
ਮੀਡੀਏ ਵੱਲੋਂ ਆਪਣਾ ਸਹੀ ਰੋਲ ਨਾ ਨਿਭਾਉਣ ਸਦਕਾ ਸੰਗਤਾਂ ਕੋਲ ਕਿਸੇ ਵੀ ਪ੍ਰੋਗਰਾਮ ਦੀ
ਰੂਪਰੇਖਾ ਪਹੁੰਚਦੀ ਹੀ ਨਹੀਂ, ਜਿਸ ਸਦਕਾ ਕੱਢੇ ਜਾ ਮਾਰਚ ਅਤੇ ਰੱਖੇ ਗਏ ਧਰਨੇ ਆਪਣਾ ਉਹ
ਪ੍ਰਭਾਵ ਨਹੀਂ ਪਾ ਰਹੇ ਜਿਹੜਾ ਕਿ ਪਾਉਣਾ ਚਾਹੀਦਾ ਸੀ।
ਸੰਤ ਸਮਾਜ ਭਾਈ ਗੁਰਬਖ਼ਸ਼ ਸਿੰਘ ਤੋਂ ਇਹ
ਬਿਆਨ ਦਿਵਾਉਣ ਵਿੱਚ ਸਫਲ ਹੋ ਜਾਂਦਾ ਹੈ, ਕਿ ਇਹ ਸੰਘਰਸ਼ ਅਕਾਲ ਤਖ਼ਤ ਦੀ ਸਰਪ੍ਰਸਤੀ ਵਿੱਚ
ਚੱਲੇਗਾ ਤੇ ਕਿਸੇ ਨੂੰ ਵੀ ਇਸ ਦੇ ਜਥੇਦਾਰ ਦੇ ਮਾਨ ਸਨਮਾਨ ਅਤੇ ਉਨ੍ਹਾਂ ਵੱਲੋਂ ਲਏ ਗਏ
ਫੈਸਲਿਆਂ ’ਤੇ ਕਿੰਤੂ ਪ੍ਰੰਤੂ ਕਰਨ ਦਾ ਹੱਕ ਨਹੀਂ ਹੈ। ਭਾਈ ਗੁਰਬਖ਼ਸ਼ ਸਿੰਘ ਦੀ
ਭੁੱਖ ਹੜਤਾਲ ਦੇ ਸ਼ੁਰੂ ਹੋਣ ਤੋਂ ਅੱਜ ਤੱਕ ਜਥੇਦਾਰ ਸਾਹਿਬ ਦੇ ਜਿਸ ਤਰ੍ਹਾਂ ਬਦਲਵੇਂ
ਬਿਆਨ ਆ ਰਹੇ ਹਨ ਉਨ੍ਹਾਂ ਨੂੰ ਇੱਥੇ ਦੁਹਰਾਉਣ ਦੀ ਲੋੜ ਨਹੀਂ, ਕਿਉਂਕਿ ਉਮੀਦ ਹੈ ਕਿ ਕਿਸੇ
ਵੀ ਗੁਰਸਿੱਖ ਦੀ ਯਾਦਾਸਤ ਇਤਨੀ ਕਮਜੋਰ ਨਹੀਂ ਹੈ, ਕਿ ਉਨ੍ਹਾਂ ਨੂੰ ਉਹ ਯਾਦ ਨਾ ਹੋਣ।
ਸਾਰੇ ਦੇ ਸਾਰੇ ਉਨ੍ਹਾਂ ਬਿਆਨਾਂ ਦਾ ਆਪਣੇ ਤੌਰ ’ਤੇ ਵਿਸ਼ਲੇਸ਼ਣ ਕਰਕੇ ਇਸ ਨਤੀਜੇ ’ਤੇ ਵੀ
ਪਹੁੰਚ ਚੁੱਕੇ ਹਨ, ਕਿ ਉਨ੍ਹਾਂ ਦਾ ਕੰਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਹਰ
ਕਾਰਵਾਈ ਨੂੰ ਜਾਇਜ਼ ਠਹਿਰਾ ਕੇ ਉਨ੍ਹਾਂ ਨੂੰ ਦੋਸ਼ ਮੁਕਤ ਕਰਾਰ ਦੇਣਾ ਅਤੇ ਕਿਸੇ ਨਾ ਕਿਸੇ
ਤਰ੍ਹਾਂ ਭੁੱਖ ਹੜਤਾਲ ਨੂੰ ਗੁਰਮਤਿ ਵਿਰੋਧੀ ਦੱਸ ਕੇ ਬੀਬੀ ਨਿਰਪ੍ਰੀਤ ਕੌਰ ਦਿੱਲੀ ਦੀ
ਭੁੱਖ ਹੜਤਾਲ ਵਾਂਗ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਨੂੰ ਖਤਮ ਕਰਵਾਉਣਾ ਹੀ ਹੈ।
ਸ: ਬਾਦਲ ਦੇ ਇਸ ਬਿਆਨ ਦੀ ਸਾਰਥਿਕਤਾ ਜਾਨਣ ਲਈ
ਸੁਰਜੀਤ ਸਿੰਘ ਬਰਨਾਲਾ ਨਾਲ ਗੱਲ ਕੀਤੀ ਗਈ ਅਤੇ
ਪੁੱਛਿਆ ਗਿਆ ਕਿ ਤੁਸੀਂ ਮੁੱਖ ਮੰਤਰੀ ਅਤੇ ਗਵਰਨਰ ਦੋਵਾਂ ਹੀ ਅਹੁਦਿਆਂ ਤੋਂ ਰਹਿਣ ਤੋਂ
ਇਲਾਵਾ ਇੱਕ ਐਡਵੋਕੇਟ ਹੋ ਅਤੇ ਰਾਜਨੀਤੀ ਵਿੱਚ ਤੁਹਾਡਾ ਲੰਬਾ ਤਜਰਬਾ ਹੈ। ਇਸ ਲਈ ਤੁਸੀ
ਹੀ ਦੱਸੋ ਕਿ ਸ: ਬਾਦਲ ਦੇ ਬਿਆਨ ਵਿੱਚ ਕਿੰਨੀ ਕੁ ਸੱਚਾਈ ਹੈ?
ਸ: ਬਰਨਾਲਾ ਨੇ ਕਿਹਾ ਕਿ ਸ: ਬਾਦਲ ਦੇ
ਬਿਆਨ ਵਿੱਚ ਭੋਰਾ ਭਰ ਵੀ ਸੱਚਾਈ ਨਹੀਂ ਹੈ।
ਉਨ੍ਹਾਂ
ਦੱਸਿਆ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ, ਉਨ੍ਹਾਂ ਦੇ ਕੇਸ ਜੇਲ੍ਹ
ਵਿਭਾਗ ਗ੍ਰਹਿ ਵਿਭਾਗ ਨੂੰ ਭੇਜਦਾ ਹੈ। ਗ੍ਰਹਿ ਵਿਭਾਗ ਆਪਣੀ ਸਿਫਾਰਸ਼ ਨਾਲ ਮੁੱਖ ਮੰਤਰੀ
ਨੂੰ ਭੇਜਦਾ ਹੈ। ਜਿਨ੍ਹਾਂ ਦੀਆਂ ਸਜ਼ਾਵਾਂ ਪੁਰੀਆਂ ਹੋਣ ਤੋਂ ਪਹਿਲਾਂ ਛੱਡਣਾ ਹੋਵੇ, ਉਨ੍ਹਾਂ
ਦਾ ਕੇਸ ਗ੍ਰਹਿ ਵਿਭਾਗ ਮੁੱਖ ਮੰਤਰੀ ਨੂੰ ਭੇਜਦਾ ਹੈ ਅਤੇ ਮੁੱਖ ਮੰਤਰੀ ਆਪਣੀ ਸਿਫਾਰਸ਼
ਸਹਿਤ ਗਵਰਨਰ ਕੋਲ ਭੇਜਦਾ ਹੈ। ਗਵਰਨਰ ਮੁੱਖ ਮੰਤਰੀ ਦੀ ਸਿਫਾਰਸ਼ ’ਤੇ ਸਿਰਫ ਆਪਣੀ ਮੋਹਰ
ਲਾ ਕੇ ਦਸਖ਼ਤ ਕਰ ਦਿੰਦਾ ਹੈ। ਮੁੱਖ ਮੰਤਰੀ ਦੀ ਸਿਫਾਰਸ਼ ਤੋਂ ਬਿਨਾਂ ਗਵਰਨਰ ਆਪਣੇ ਤੌਰ
’ਤੇ ਕਿਸੇ ਵੀ ਕੈਦੀ ਨੂੰ ਰਿਹਾਅ ਨਹੀਂ ਕਰ ਸਕਦਾ। ਇਸ ਤਰ੍ਹਾਂ ਕਿਸੇ ਕੈਦੀ ਨੂੰ ਰਿਹਾਅ
ਕਰਨ ਦੇ ਪੂਰੇ ਅਧਿਕਾਰ ਸਬੰਧਤ ਸੂਬੇ ਦੇ ਮੁੱਖ ਮੰਤਰੀ ਕੋਲ ਹਨ, ਨਾ ਕਿ ਗਵਰਨਰ ਕੋਲ।
ਸੋ, ਸ: ਬਰਨਾਲਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ
ਸ: ਬਾਦਲ ਦੇ ਬਿਆਨ ਕੌਮ ਨੂੰ ਗੁਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹਨ।
ਜਿਸ ਤਰ੍ਹਾਂ ਇਹ ਸੰਘਰਸ਼ ਚੱਲ ਰਿਹਾ ਹੈ
ਤੇ ਪ੍ਰਕਾਸ਼ ਸਿੰਘ ਬਾਦਲ ਦਾ ਸਿੱਖਾਂ ਨੂੰ ਲਾਲੀਪੋਪ ਦੇਣ ਦਾ ਰਵਈਆ ਹੈ, ਇਸ ਤੋਂ ਬੜੇ
ਅਸ਼ੁਭ ਤੇ ਚਿੰਤਾਜਨਕ ਸੰਕੇਤ ਮਿਲ ਰਹੇ ਹਨ, ਕਿ ਡੋਗਰਿਆਂ ਦਾ ਰੋਲ ਨਭਾ ਰਹੇ ਸੰਤ ਸਮਾਜ,
ਜਥੇਦਾਰ ਅਤੇ ਮਹਾਰਾਜਾ ਬਣ ਬੈਠਾ ਪ੍ਰਕਾਸ਼ ਸਿੰਘ ਬਾਦਲ ਪੰਥਕ ਜ਼ਜ਼ਬਾਤ ਸਮੋਈ ਬੈਠੇ ਕੌਮੀ
ਹੀਰੇ ਭਾਈ ਗੁਰਬਖ਼ਸ਼ ਸਿੰਘ ਨੂੰ ਸਿਰਫ ਸ਼ਹੀਦ ਕਰਵਾਉਣ ਦੇ ਰਾਹ ਹੀ ਨਹੀਂ ਪਏ, ਸਗੋਂ ਉਸ ਨੂੰ
ਭੰਗ ਦੇ ਭਾੜੇ ਗੁਆ ਕੇ ਇਸ ਮੁੱਦੇ ਨੂੰ ਚੋਣਾਂ ਵਿੱਚ ਵਰਤਣਾ ਚਾਹੁੰਦੇ ਹਨ।
ਲੋਕਤੰਤਰ ਵਿੱਚ ਕਿਸੇ ਸਰਕਾਰ ਤੋਂ ਕੋਈ ਮੰਗ ਮਨਵਾਉਣ ਵਾਲੀ ਧਿਰ ਵਿੱਚ ਏਕਤਾ ਤੇ ਇਤਨੀ
ਤਾਕਤਵਰ ਹੋਣੀ ਚਾਹੀਦੀ ਹੈ, ਕਿ ਸਰਕਾਰ ਨੂੰ ਲੱਗੇ ਕਿ ਜੇ ਇਨ੍ਹਾਂ ਦੀ ਜਾਇਜ਼ ਮੰਗ ਨਾ ਮੰਨੀ
ਗਈ ਤਾਂ ਇਹ ਸਾਡੀਆਂ ਵੋਟਾਂ ਨੂੰ ਖੋਰਾ ਲਾ ਸਕਦੇ ਹਨ। ਪੰਥ ਦੇ ਵੱਖਰੇ ਵੱਖਰੇ ਸੰਤ,
ਸੰਪਰਦਾਵਾਂ, ਮਿਸ਼ਨਰੀ ਕਾਲਜ ਹੋਰ ਜਥੇਬੰਦੀਆਂ ਅਤੇ ਰਾਜਨੀਤਕ ਦਲ ਜਿਸ ਤਰ੍ਹਾਂ ਆਪਸ ਵਿੱਚ
ਵੰਡੇ ਪਏ ਹਨ ਕਿ ਪੰਥ ਖੇਰੂੰ ਖੇਰੂੰ ਹੋਇਆ ਪਿਆ ਹੈ। ਇਸ ਕਾਰਣ ਐਸਾ ਕੋਈ ਚਮਕਾਰ ਨਹੀਂ
ਦਿੱਸ ਰਿਹਾ ਜਿਸ ਦੇ ਦਬਾਅ ਹੇਠ; ਸਜ਼ਾ ਕੱਟ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਪੰਥ
ਦੀ ਇਹ ਇਹ ਨਿਗਣੀ ਮੰਗ ਵੀ ਸਰਕਾਰ ਤੋਂ ਮਨਾਈ ਜਾ ਸਕੇ।
ਦੂਸਰਾ ਤਰੀਕਾ ਹੈ ਕਿ ਜਿਹੜੇ
ਸਰਕਾਰ ਵਿੱਚ ਭਾਈਵਾਲ ਹਨ, ਉਹ ਆਪਣੀ ਜਾਰੀ ਦਾ ਵਾਸਤਾ ਪਾ ਕੇ ਸਰਕਾਰ ਤੋਂ ਜਾਇਜ਼ ਮੰਗਾਂ
ਮੰਨਵਾ ਲੈਣ। ਮੌਜੂਦਾ ਹਾਲਤਾਂ ਵਿੱਚ ਸੰਤ ਸਮਾਜ; ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿੱਚ
ਭਾਈਵਾਲ ਹੋਣ ਕਰਕੇ ਇਸ ਸਥਿਤੀ ਵਿੱਚ ਹੈ ਕਿ ਉਹ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਬੜੀ
ਹੀ ਆਸਾਨੀ ਨਾਲ ਰਿਹਾਅ ਕਰਵਾ ਸਕਦੇ ਹਨ।
ਇਸ ਲਈ ਮੇਰੀ ਨਾਚੀਜ਼ ਦੀ ਮੋਰਚਾ ਚਲਾ ਰਹੀ ਸੰਘਰਸ਼ ਕਮੇਟੀ ਅਤੇ ਭਾਈ
ਗੁਰਬਖ਼ਸ਼ ਸਿੰਘ ਨੂੰ ਸਲਾਹ ਹੈ ਕਿ ਕੌਮੀ ਹੀਰੇ ਭਾਈ ਗੁਰਬਖ਼ਸ਼ ਸਿੰਘ ਦੀ ਕੀਮਤੀ ਜਾਨ ਬਚਾਉਣ
ਲਈ ਅਤੇ ਜੇਲ੍ਹਾਂ ਵਿੱਚ ਬੰਦ ਸਾਰੇ ਕੈਦੀ ਰਿਹਾਅ ਕਰਵਾਉਣ ਲਈ ਸੰਤ ਸਮਾਜ ਅਤੇ ਜਥੇਦਾਰ
ਸਾਹਿਬਾਨ ਨੂੰ ਸਪਸ਼ਟ ਕਰ ਦਿੱਤਾ ਜਾਵੇ ਕਿ ਉਹ ਦੋ ਬੇੜੀਆਂ ਵਿੱਚ ਸਵਾਰੀ ਕਰਨ ਦੀ ਥਾਂ ਜਾਂ
ਤਾਂ ਸਜ਼ਾ ਪੂਰੀਆਂ ਕਰ ਚੁੱਕੇ ਕੈਦੀਆਂ ਅਤੇ ਲੰਬੇ ਸਮੇਂ ਤੋਂ ਟਰਾਇਲ ਅਧੀਨ ਨਜ਼ਰਬੰਦਾਂ;
ਜਿਹੜੇ ਕਾਨੂੰਨ ਅਨੁਸਾਰ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ; ਨੂੰ ਤੁਰੰਤ
ਰਿਹਾਅ ਕਰਨ ਅਤੇ ਜਿਹੜੇ ਦੂਸਰੇ ਸੂਬਿਆਂ ਨਾਲ ਸਬੰਧਤ ਹਨ ਉਨ੍ਹਾਂ ਸੂਬਿਆਂ ਦੀਆਂ ਸਰਕਾਰਾਂ
’ਤੇ ਰਾਜਨੀਤਕ ਦਬਾਅ ਪਾਉਣ ਲਈ ਤਮਿਲਨਾਡੂ ਸਰਕਾਰ ਦੀ ਤਰਜ਼ ’ਤੇ ਪੰਜਾਬ ਵਿਧਾਨ ਸਭਾ ਵਿੱਚ
ਇਹ ਮਤਾ ਪਾਸ ਕਰਵਾਏ। ਇਸ ਮਤੇ ਵਿੱਚ ਉਮਰ ਕੈਦ ਤੋਂ ਵੱਧ ਕੈਦ ਕੱਟ ਚੁੱਕੇ ਪ੍ਰੋ:
ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ
ਦੀ ਮਦ ਵੀ ਸ਼ਾਮਲ ਕੀਤੀ ਜਾਵੇ ਕਿਉਂਕਿ ਕਾਨੂੰਨ ਅਨੁਸਾਰ ਕਿਸੇ ਵਿਅਕਤੀ ਨੂੰ ਇੱਕੋ ਗੁਨਾਹ
ਬਦਲੇ ਦੋ ਸਜ਼ਾਵਾਂ ਨਹੀਂ ਦਿਤੀਆਂ ਜਾ ਸਕਦੀਆਂ।
ਜੇ ਕਰ ਸੰਤ ਸਮਾਜ ਅਤੇ ਜਥੇਦਾਰ ਸਾਹਿਬ
ਮੁੱਖ ਮੰਤਰੀ ਤੋਂ ਇਹ ਕੰਮ ਕਰਵਾ ਸਕਦੇ ਹਨ ਤਾਂ ਠੀਕ ਹੈ, ਜੇ ਨਹੀਂ ਕਰਵਾ ਸਕਦੇ ਤਾਂ
ਉਨ੍ਹਾਂ ਨੂੰ ਸਪਸ਼ਟ ਕਰ ਦਿੱਤਾ ਜਾਵੇ ਕਿ ਭਾਈ ਗੁਰਬਖ਼ਸ਼ ਸਿੰਘ ਤੇ ਹੋਰ ਸਿੱਖ ਕੈਦੀਆਂ ਲਈ
ਮਗਰਮੱਛ ਦੇ ਹੰਝੂ ਬਹਾਉਣ ਦੀ ਕੋਈ ਲੋੜ ਨਹੀਂ ਹੈ। ਜੇ ਇਸ ਤਰ੍ਹਾਂ ਇਨ੍ਹਾਂ
ਡੋਗਰਿਆਂ ਦਾ ਰੂਪ ਧਾਰੀ ਬੈਠੇ ਸੰਤ ਸਮਾਜ ਨੂੰ ਲਕੀਰ ਦੇ ਇੱਕ ਪਾਸੇ ਹੋਣ ਲਈ ਕਹਿ ਦਿੱਤਾ
ਜਾਵੇ ਤਾਂ ਬਾਕੀ ਪੰਥ ਵਿੱਚ ਏਕਤਾ ਤੇ ਇਕਸੁਰਤਾ ਹੋਣ ਦੀ ਕਾਫੀ ਸੰਭਾਵਨਾ ਹੈ। ਜੇ ਇਹ
ਸੰਭਵ ਹੋ ਗਿਆ ਤਾਂ ਸਿੱਖਾਂ ਵਿੱਚ ਹੋਈ ਏਕਤਾ ਨੂੰ ਵੇਖ ਕੇ ਭਾਜਪਾ ਅਤੇ ਕਾਂਗਰਸ ਨੂੰ ਛੱਡ
ਕੇ ਬਾਕੀ ਦੀਆਂ ਰਾਜਨੀਤਕ ਪਾਰਟੀਆਂ ਵਿਚੋਂ ਬਹੁਤੀਆਂ ਭਾਈ ਗੁਰਬਖ਼ਸ਼ ਸਿੰਘ ਦੇ ਸੰਘਰਸ਼ ਨੂੰ
ਆਪਣਾ ਸਮਰਥਨ ਦੇ ਸਕਦੀਆਂ ਹਨ।
ਸਿੱਟੇ ਵਜੋਂ ਮੌਕੇ ਦੀਆਂ ਸਰਕਾਰਾਂ ਨੂੰ ਸਜ਼ਾ ਕੱਟ ਚੁੱਕੇ ਕੈਦੀ
ਰਿਹਾਅ ਕਰਨੇ ਹੀ ਪੈਣਗੇ ਜਿਸ ਸਦਕਾ ਕੌਮੀ ਹੀਰੇ ਭਾਈ ਗੁਰਬਖ਼ਸ਼ ਸਿੰਘ ਦੀ ਕੀਮਤੀ ਜਾਨ ਵੀ
ਬਚਾਈ ਜਾ ਸਕਦੀ ਹੈ। ਕਿਉਂਕਿ ਅੱਜ ਦੇ ਜੁੱਗ ਵਿੱਚ ਕੋਈ ਉਸ ਦੀ ਮੱਦਦ ਵਿੱਚ ਹੀ ਆਉਂਦਾ ਹੈ
ਜਿਹੜਾ ਆਪਣੀ ਮੱਦਦ ਆਪ ਕਰਨ ਦੇ ਸਮਰਥ ਹੋਵੇ। ਸਿੱਖਾਂ ਵਿੱਚ ਪਾਟੋਧਾੜ ਅਤੇ ਇੱਕ ਦੂਸਰੇ
’ਤੇ ਬੇਵਿਸ਼ਵਾਸ਼ੀ ਹੋਣ ਕਾਰਣ ਅੱਜ ਸਿੱਖ ਆਪਣੇ ਲਈ ਇਨਸਾਫ ਲੈਣ ਤੋਂ ਵੀ ਅਸਮਰਥ ਹਨ ਇਸ
ਕਾਰਣ ਹੋਰ ਕਿਸੇ ਪਾਰਟੀ ਅਤੇ ਮੀਡੀਏ ਨੇ ਤਾਂ ਸਿੱਖਾਂ ਦੇ ਸਮਰਥਨ ਵਿੱਚ ਕੀ ਖੜ੍ਹਨਾ ਸੀ,
ਇਨ੍ਹਾਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲ (ਬ) ਵੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਤੋਂ
ਕੰਨੀ ਕਤਰਾ ਰਿਹਾ ਹੈ, ਜਿਨ੍ਹਾਂ ਨੂੰ ਸਿਰਫ ਇਸ ਦਾ ਭਾਈਵਾਲ ਸੰਤ ਸਮਾਜ ਹੀ ਸਹੀ ਲੀਹ ’ਤੇ
ਲਿਆ ਸਕਦਾ ਹੈ। ਇਸ ਕਾਰਣ ਸਮਤ ਸਮਾਜ ਦਾ ਲਕੀਰ ਦੇ ਇੱਕ ਪਾਸੇ
ਹੋਣਾ ਸਮੈਨ ਦੀ ਅਤਿ ਜਰੂਰੀ ਮੰਗ ਹੈ।