Share on Facebook

Main News Page

ਪੰਜਾਬੀ ਗਾਇਕ ਕਲਾਕਾਰ ਵੀ ਭਾਈ ਗੁਰਬਖਸ਼ ਸਿੰਘ ਨੂੰ ਮਿਲਣ ਪਹੁੰਚੇ

ਮੋਹਾਲੀ : ਕਰਨਾਟਕ, ਉੱਤਰ ਪ੍ਰਦੇਸ਼ ਅਤੇ ਬੁੜੈਲ ਜੇਲ ਚੰਡੀਗੜ੍ਹ 'ਚ ਬੰਦ 6 ਸਿੱਖ ਕੈਦੀਆਂ ਦੀ ਰਿਹਾਈ ਲਈ ਹਰਿਆਣਾ ਦੇ ਸਿੱਖ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ 14 ਨਵੰਬਰ ਨੂੰ ਸ਼ੁਰੂ ਕੀਤੀ ਗਈ ਭੁੱਖ ਹੜਤਾਲ 34ਵੇਂ ਦਿਨ ਵਿਚ ਦਾਖਲ ਹੋ ਗਈ ਹੈ।

ਭਾਈ ਗੁਰਬਖਸ਼ ਸਿੰਘ ਨੂੰ ਹਮਾਇਤ ਕਰਨ ਵਾਲਿਆਂ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਤੋਂ ਇਲਾਵਾ ਕਾਂਗਰਸ ਦੇ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਵੀਰ ਸਿੰਘ ਪਡਿਆਲਾ ਵੀ ਸਮਰਥਨ ਦੇ ਚੁੱਕੇ ਹਨ, ਉਥੇ ਹੀ ਗੁਰਦੁਆਰਾ ਅੰਬ ਸਾਹਿਬ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਹਮਾਇਤ ਕਰਨ ਲਈ ਕਾਮੇਡੀਅਨ ਤੇ ਪੀ. ਪੀ. ਪੀ. ਦੇ ਜਨਰਲ ਸਕੱਤਰ ਭਗਵੰਤ ਮਾਨ ਦੇ ਆਉਣ ਤੋਂ ਬਾਅਦ ਗਾਇਕ ਭਾਈਚਾਰਾ ਵੀ ਭਾਈ ਗੁਰਬਖਸ਼ ਸਿੰਘ ਦੇ ਅੰਦੋਲਨ ਨੂੰ ਸਪੋਟ ਕਰ ਰਿਹਾ ਹੈ।

ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਗੁਰਦਾਸ ਮਾਨ ਵੀ ਸੋਮਵਾਰ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਅੰਦੋਲਨ ਨੂੰ ਸਮਰਥਨ ਦੇਣ ਲਈ ਲਈ ਗੁਰਦੁਆਰਾ ਅੰਬ ਸਾਹਿਬ ਪਹੁੰਚੇ, ਜਿਥੇ ਉਨ੍ਹਾਂ ਨੇ ਭਾਈ ਗੁਰਬਖਸ਼ ਸਿੰਘ ਨੂੰ ਗਲਵੱਕੜੀ ਵਿਚ ਲੈ ਕੇ ਆਪਣੀ ਭਾਵਨਾ ਪ੍ਰਗਟ ਕੀਤੀ। ਗੁਰਦਾਸ ਮਾਨ ਨੇ ਕਿਹਾ ਕਿ ਮੈਂ ਵੀ ਦੁਨੀਆਂ ਦੇ ਲੱਖਾਂ ਲੋਕਾਂ ਦੀ ਤਰ੍ਹਾਂ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਆਸ਼ਕ ਹਾਂ। ਆਪਣੇ ਅਤੇ ਆਪਣੇ ਪਰਿਵਾਰ ਲਈ ਤਾਂ ਹਰ ਕੋਈ ਕਰਦਾ ਹੈ, ਪਰ ਭਾਈ ਖਾਲਸਾ ਦੂਜਿਆਂ ਲਈ ਕਰ ਰਹੇ ਹਨ। ਅਜਿਹੀ ਉਦਾਹਰਨ ਦੁਨੀਆਂ ਵਿਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਗੁਰਦਾਸ ਮਾਨ ਲਗਭਗ ਅੱਧਾ ਘੰਟਾ ਭਾਈ ਗੁਰਬਖਸ਼ ਸਿੰਘ ਨਾਲ ਗੱਲਬਾਤ ਕਰਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਰਹੇ। ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਲੈਣ-ਦੇਣ ਨਹੀਂ ਹੈ, ਉਹ ਇਥੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਇਸ ਅੰਦੋਲਨ ਨੂੰ ਸਮਰਥਨ ਦੇਣ ਆਏ ਹਨ।

ਭਗਵੰਤ ਮਾਨ ਅਤੇ ਗੁਰਦਾਸ ਮਾਨ ਤੋਂ ਬਾਅਦ ਸੋਮਵਾਰ ਦੇਰ ਸ਼ਾਮ ਗਾਇਕ ਗਿੱਪੀ ਗਰੇਵਾਲ ਵੀ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮਿਲਣ ਲਈ ਗੁਰਦੁਆਰਾ ਅੰਬ ਸਾਹਿਬ ਆਏ। ਇਕ ਬਿਆਨ ਵਿਚ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਮੁੱਖ ਡਾ. ਪਰਮਜੀਤ ਸਿੰਘ ਰਾਣੂੰ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਅੰਦੋਲਨ ਨੂੰ ਹਮਾਇਤ ਕਰਨ ਦਾ ਐਲਾਨ ਕੀਤਾ। ਡਾ. ਰਾਣੂੰ ਨੇ ਕਿਹਾ ਕਿ ਉਹ ਕਾਨੂੰਨ ਦੇ ਦਾਇਰੇ ਵਿਚ ਰਹਿਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਭਾਈ ਖਾਲਸਾ ਨੂੰ ਸਮਰਥਨ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਅੰਬ ਸਾਹਿਬ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਅੰਦੋਲਨ 'ਤੇ ਜਿਥੇ ਖੁਫੀਆ ਏਜੰਸੀਆਂ ਦੀ ਪੈਨੀ ਨਜ਼ਰ ਬਣੀ ਹੋਈ ਹੈ, ਉਥੇ ਹੀ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਪੁਲਸ ਵੀ ਵੱਡੀ ਗਿਣਤੀ ਵਿਚ ਤਾਇਨਾਤ ਹੈ, ਤਾਂ ਜੋ ਮਾਹੌਲ ਨੂੰ ਕੰਟਰੋਲ ਵਿਚ ਰੱਖਿਆ ਜਾ ਸਕੇ।

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਲਾਮ ਕਰਦੀ ਹਾਂ
-: ਗਾਇਕਾ ਰੁਪਿੰਦਰ ਹਾਂਡਾ

ਲੰਡਨ {ਮਨਦੀਪ ਖੁਰਮੀ} "ਨਿੱਜ ਲਈ ਜਿਉਂਦੇ ਲੋਕ ਬਹੁਤ ਦੇਖੇ ਹਨ, ਪਰ ਲੋਕਾਂ ਲਈ ਆਪਾ ਵਾਰਨ ਲਈ ਵਿਰਲੇ ਹੀ ਹੁੰਦੇ ਹਨ। ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਵਿੱਢੇ ਸੰਘਰਸ਼ ਵੱਲ ਦੇਖ ਕੇ ਉਹਨਾਂ ਨੂੰ ਸਲਾਮ ਕਰਦੀ ਹਾਂ ਜਿਹਨਾਂ ਨੇ ਵਿਸ਼ਵ ਭਰ ਦਾ ਧਿਆਨ ਉਹਨਾਂ ਵੀਰਾਂ ਵੱਲ ਦਿਵਾਇਆ ਹੈ, ਜਿਹੜੇ ਵੱਖ ਵੱਖ ਕੇਸਾਂ ਵਿੱਚ ਕਾਨੂੰਨਨ ਬਣਦੇ ਸਮੇਂ ਤੋਂ ਵੀ ਜਿਆਦਾ ਸਮਾਂ ਜੇਲ੍ਹਾਂ ਵਿੱਚ ਹਨ। ਸਾਨੂੰ ਸਭ ਨੂੰ ਉਹਨਾਂ ਦੇ ਇਸ ਸੰਘਰਸ਼ ਵਿੱਚ ਵਧ ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਜੇਲ੍ਹਾਂ 'ਚ ਬੰਦ ਵੀਰ ਵੀ ਆਪਣੇ ਪਰਿਵਾਰਾਂ ਵਿੱਚ ਪਰਤ ਸਕਣ।", ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਗਾਇਕਾ ਰੁਪਿੰਦਰ ਹਾਂਡਾ {ਆਵਾਜ ਪੰਜਾਬ ਦੀ- 2005} ਨੇ ਇਸ ਪ੍ਰਤੀਨਿਧ ਨਾਲ ਵਿਸ਼ੇਸ਼ ਵਾਰਤਾ ਦੌਰਾਨ ਕੀਤਾ।

ਉਹਨਾਂ ਕਿਹਾ ਕਿ ਜੇ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ, ਤਾਂ ਸਮੁੱਚੀ ਲੋਕਾਈ ਹੀ ਇੱਕ ਕਲਾਕਾਰ ਦਾ ਪਰਿਵਾਰ ਹੁੰਦੀ ਹੈ। ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਨਿਸ਼ਕਾਮ ਸੇਵਕ ਬਣ ਕੇ ਚੱਲ ਰਹੇ ਹਰ ਸੇਵਕ ਦਾ ਸਾਥ ਦੇਣਾ ਬਣਦਾ ਹੈ। ਜਿਕਰਯੋਗ ਹੈ ਕਿ ਰੁਪਿੰਦਰ ਹਾਂਡਾ ਨੇ ਅੱਜ ਗੁਰਦੁਆਰਾ ਅੰਬ ਸਾਹਿਬ ਜਾ ਕੇ ਵੀ ਆਪਣੇ ਵੱਲੋਂ ਸਮਰਥਨ ਦੇਣ ਦਾ ਪ੍ਰਗਟਾਵਾ ਕੀਤਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top