Share on Facebook

Main News Page

ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਭਾਈ ਗੁਰਬਖਸ਼ ਸਿੰਘ ਦੀ ਹਮਾਇਤ ਕਰੇਗਾ
-: ਜਥੇਦਾਰ ਬਲਦੇਵ ਸਿੰਘ

ਅੰਮ੍ਰਿਤਸਰ 17 ਦਸੰਬਰ (ਜਸਬੀਰ ਸਿੰਘ) ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਭਾਈ ਗੁਰਬਖਸ਼ ਸਿੰਘ ਵੱਲੋ ਜੇਲ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਆਰੰਭੇ ਗਏ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸਜਾਵਾਂ ਪੂਰੀਆ ਕਰ ਚੁੱਕੇ ਸਿੱਖਾਂ ਨੂੰ ਬਿਨਾਂ ਕਿਸੇ ਦੇਰੀ ਤੋ ਰਿਹਾਅ ਕੀਤਾ ਗਿਆ।

ਜਾਰੀ ਇੱਕ ਬਿਆਨ ਰਾਹੀ ਗਿਆਨੀ ਬਲਦੇਵ ਸਿੰਘ ਨੇ ਕਿਹਾ ਕਿ ਇਹ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਭਾਈ ਗੁਰਬਖਸ਼ ਸਿੰਘ ਨੇ ਜਿਹੜਾ ਮੁੱਦਾ ਚੁੱਕਿਆ ਹੈ ਉਹ ਪੂਰੀ ਤਰ੍ਹਾਂ ਜਾਇਜ ਤੇ ਪੰਥਕ ਹਿੱਤਾਂ ਦੀ ਤਰਜਮਾਨੀ ਕਰਦਾ ਹੈ ਪਰ ਸਿੱਖ ਲੀਡਰਸ਼ਿਪ ਵੱਲੋਂ ਇਸ ਮਾਮਲੇ ਵਿੱਚ ਕੋਈ ਸੰਜੀਦਗੀ ਨਹੀ ਦਿਖਾਈ ਜਾ ਰਹੀ ।

ਉਨ੍ਹਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਜੋ ਪੰਥ ਨੂੰ ਇਕ ਪਲੇਟਫਾਰਮ ਹੇਠ ਇਕੱਠੇ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਉਹ ਬਹੁਤ ਸ਼ਲਾਘਾਯੋਗ ਹੈ ਅਤੇ ਉਸ ਦੀ ਹਰੇਕ ਸਿੱਖ ਜਥੇਬੰਦੀ ਵੱਲੋਂ ਹਮਾਇਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਥ ਦੀ ਲੀਡਰਸ਼ਿਪ ਨੂੰ ਦੂਰ ਅੰਦੇਸ਼ੀ ਤੋ ਕੰਮ ਲੈਦਿਆਂ ਇਹ ਜਰੂਰ ਸੋਚਣਾ ਚਾਹੀਦਾ ਹੈ ਕਿ ਜੇਕਰ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਬਾਰੇ ਜੇਕਰ ਕੋਈ ਨਿੱਘਰ ਕਾਰਵਾਈ ਨਾ ਕੀਤੀ ਗਈ ਤਾਂ ਇਸਦੇ ਸਿੱਟੇ ਬੜੇ ਗੰਭੀਰ ਨਿਕਲ ਸਕਦੇ ਹਨ।ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਇਕ ਨਿਰੋਲ ਧਾਰਮਿਕ ਜਥੇਬੰਦੀ ਹੈ ਅਤੇ ਇਸ ਦਾ ਸਿਆਸਤ ਨਾਲ ਕੋਈ ਸਰੋਕਾਰ ਨਹੀ ਹੈ, ਪਰ ਜਦੋ ਵੀ ਸਿੱਖ ਕੋਮ ਤੇ ਕੋਈ ਵੱਡੀ ਭੀੜ ਬਣਦੀ ਰਹੀ ਹੈ ਤਾਂ ਅਖੰਡ ਕੀਰਤਨੀ ਜੱਥੇ ਨੇ ਪੰਥ ਦੀ ਚੜਦੀ ਕਲਾ ਲਈ ਹਰ ਕੁਰਬਾਨੀ ਕੀਤੀ ਹੈ।  ਭਾਈ ਸਾਹਿਬ ਭਾਈ ਰਣਧੀਰ ਸਿੰਘ ਜੋ ਕਿ ਅਖੰਡ ਕੀਰਤਨੀ ਜੱਥੇ ਦੇ ਮੋਢੀ ਸਨ, ਦੀ ਕੁਰਬਾਨੀ ਤੋ ਸੇਧ ਲੈਂਦਿਆਂ ਜਥੇਬੰਦੀ ਦਾ ਹਰ ਮੈਂਬਰ ਪੰਥਕ ਜਜਬਾਤਾਂ ਤਹਿਤ ਹਰ ਤਰਾਂ ਦੀ ਕੁਰਬਾਨੀ ਕਰਨ ਲਈ ਤੱਤਪਰ ਰਹਿੰਦਾ ਹੈ।

ਭਾਈ ਬਲਦੇਵ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਅਪੀਲ ਕੀਤੀ ਹੈ, ਕਿ ਉਹ ਪੰਥ ਦੀ ਅਵਾਜ ਨੂੰ ਪਹਿਚਾਨਦਿਆਂ ਭਾਈ ਗੁਰਬਖਸ਼ ਸਿੰਘ, ਜੋ ਕਿ ਸ਼ਹਾਦਤ ਵੱਲ ਵੱਧ ਰਹੇ ਹਨ, ਦੀ ਕੀਮਤੀ ਜਾਨ ਨੂੰ ਬਚਾਉਣ ਲਈ ਹਰ ਹੀਲਾ ਵਰਤਣ। ਉਹਨਾਂ ਆਗੂਆਂ ਤੇ ਪੰਜਾਬ ਸਰਕਾਰ ਨੂੰ ਅਗਾਊ ਸੁਚੇਤ ਕਰਦਿਆਂ ਕਿਹਾ ਕਿ ਇਹ ਵੀ ਸਪੱਸ਼ਟ ਹੈ, ਕਿ ਅਗਰ ਭਾਈ ਗੁਰਬਖਸ਼ ਸਿੰਘ ਜੀ ਦੀ ਸ਼ਹਾਦਤ ਹੋ ਜਾਂਦੀ ਹੈ, ਤਾ ਸਮੁੱਚੇ ਸਿੱਖ ਪੰਥ ਵਿੱਚ ਬਹੁਤ ਵੱਡਾ ਬਖੇੜਾ ਪੈਦਾ ਹੋ ਜਾਵੇਗਾ, ਜਿਸਨੂੰ ਨਾ ਤਾਂ ਸ੍ਰੋਮਣੀ ਕਮੇਟੀ ਅਤੇ ਨਾ ਹੀ ਪੰਥਕ ਸਰਕਾਰ ਸੰਭਾਲ ਸਕੇਗੀ ।

ਜਥੇਦਾਰ ਬਲਦੇਵ ਸਿੰਘ ਨੇ ਜਥੇਦਾਰ ਅਕਾਲ ਤੋ ਇਲਾਵਾ ਸ੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਪਹਿਲ ਦੇ ਅਧਾਰ 'ਤੇ ਨਜਿੱਠਣ ਦੀ ਕ੍ਰਿਪਾਲਤਾ ਕਰਨ। ਉਨ੍ਹਾਂ ਕਿਹਾ ਕਿ ਅਖੰਡ ਕੀਰਤਨੀ ਜੱਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੋ ਵੀ ਆਦੇਸ਼ ਜਾਰੀ ਕਰਨਗੇ, ਜਥੇਬੰਦੀ ਹਰ ਤਰਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੈ।

ਇਸ ਮੌਕੇ ਭਾਈ ਗੁਰਿੰਦਰ ਸਿੰਘ, ਭਾਈ ਸੁਖਚੈਨ ਸਿੰਘ, ਭਾਈ ਪ੍ਰਕਰਮ ਸਿੰਘ, ਭਾਈ ਪ੍ਰਮਜੀਤ ਸਿੰਘ ਗੋਰੇਨੰਗਲ ਪ੍ਰਧਾਨ ਸਿੱਖ ਸਟੂਡੈਂਟ ਫੈਡਰੈਸ਼ਨ, ਭਾਈ ਜਸਕਰਨ ਸਿੰਘ ਜਨਰਲ ਸਕੱਤਰ, ਭਾਈ ਦਿਲਬਾਗ ਸਿੰਘ ਸੀ. ਮੀਤ ਪ੍ਰਧਾਨ, ਭਾਈ ਨਿਸ਼ਾਨ ਸਿੰਘ ਕਾਲਾ ਬਾਘੜੀਆਂ, ਭਾਈ ਜਸਬੀਰ ਸਿੰਘ ਝਬਾਲ, ਭਾਈ ਗੁਰਨਾਮ ਸਿੰਘ ਚੁੱਕੀ ਵਾਲੇ, ਭਾਈ ਦਲਬੀਰ ਸਿੰਘ ਬਹੋੜੂ, ਭਾਈ ਬਾਵਾ ਸਿੰਘ ਬਹੋੜੂ, ਭਾਈ ਮਹਿੰਦਰ ਸਿੰਘ ਮੁਕਤਸਰ, ਭਾਈ ਮੁਖਤਾਰ ਸਿੰਘ ਖਾਲਸਾ, ਭਾਈ ਮਹਾਬੀਰ ਸਿੰਘ, ਭਾਈ ਸੁਖਰਾਜ ਸਿੰਘ ਵੇਰਕਾ, ਭਾਈ ਗੁਰਿੰਦਰ ਸਿੰਘ ਐਡਵੋਕੇਟ ਆਦਿ ਵੀ ਹਾਜਰ ਸਨ ।


ਟਿੱਪਣੀ:

ਸ. ਬਲਦੇਵ ਸਿੰਘ, ਤੁਹਾਡੇ ਅਨੁਸਾਰ "ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੋ ਵੀ ਆਦੇਸ਼ ਜਾਰੀ ਕਰਨਗੇ, ਜਥੇਬੰਦੀ ਹਰ ਤਰਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੈ।", ਪੁਜਾਰੀ ਗੁਰਬਚਨ ਸਿੰਘ ਤਾਂ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ ਹੈ, ਕਿ ਤੁਸੀਂ ਤਿਆਰ ਹੋ ਉਹ ਕੁੱਝ ਕਰਨ ਲਈ। ਐਨਾ ਕੁੱਝ ਹੋਣ ਦੇ ਬਾਵਜੂਦ, ਹਾਲੇ ਵੀ ਅਖੌਤੀ ਜਥੇਦਾਰ 'ਤੇ ਆਸਾਂ, ਕਮਾਲ ਹੈ, ਹੱਦ ਹੈ ਬੇਸ਼ਰਮੀ ਦੀ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top