ਘੋੜਿਆਂ ਦੀਆਂ ਕਾਠੀਆਂ ਤੇ ਮੈਲੇ
ਕੁਚੈਲੇ,
ਫਟੇ ਕਪੜੇ ਪਾਈ ਭੁਖ ਦੇ ਦਿਨਾਂ ਨੂੰ ਹਾਸੇ ਨਾਲ ਕਟਦੇ,
ਮੌਤ ਨੂੰ ਮਖੌਲ ਕਰਦੇ ਦਿਲ 'ਚ ਇਕ ਸੁਪਨਾ ਲਈ ਬੈਠੇ,
ਘਰੋ ਬੇ-ਘਰ ਹੋਏ ਪੰਥ ਵਸੇ ਮੈ ਉਜੜਾਂ ਕਹਿਣ ਵਾਲੇ,
ਅੱਜ ਨਹੀਂ ਲਭਦੇ ...
ਸਰਹਿੰਦ ਦੀਆਂ ਨੀਹਾਂ 'ਚ ਕੋਈ ਧਰਮ ਕਮਾਉਣਾ ਦਸ ਰਿਹਾ,
ਚਮਕੌਰ ਦੀ ਗੜ੍ਹੀ 'ਚ ਬਾਪ, ਪੁਤਰਾਂ ਨੂੰ ਵਾਰ ਕਿ ਹਸ ਰਿਹਾ
ਮੌਤ ਹੈ ਨੇੜੇ, ਪਰ ਚਿਹਰੇ 'ਤੇ ਮੁਸਕਰਾਹਟ ਹੈ
ਕਿਉਂਕਿ ਗੁਰੂ ਦੇ ਹੁਕਮ ਨੂੰ ਕਮਾਉਣ ਦੀ ਚਾਹਤ ਹੈ
ਸੱਚ ਲਈ ਮਰਨ ਵਾਲੇ, ਅਜ ਨਹੀਂ ਲਭਦੇ ..
ਕੋਈ ਖੋਪਰ ਲੁਹਾ ਰਿਹਾ, ਕਿਤੇ ਬੰਦ ਬੰਦ ਕਟਿਆ ਜਾ ਰਿਹਾ
ਕੋਈ ਦੇਗ 'ਚ ਉਬਾਲੇ ਖਾਏ,
ਸਿਦਕ ਸਿੱਖ ਦਾ ਪਰਖਿਆ ਜਾ ਰਿਹਾ
ਸ਼ਮਾਂ ਤੇ ਪਰਵਾਨੇ ਸੜਦੇ ਦੇਖੇ,
ਪਰ ਯਾਰ ਦੇ ਪਿਆਰ 'ਚ ਕੋਈ ਰੂੰ 'ਚ ਲਿਪਟ
ਅਗ ਦੀ ਤਾਲ ਨਾਲ, ਗੀਤ ਯਾਰ ਦਾ ਗਾ ਰਿਹਾ
ਫੁਲਾਂ ਦੀ ਬਜਾਏ ਕਲੇਜੇ ਦੇ ਟੁਕੜੇ ਦੇ ਮਾਸ ਦਾ ਹਾਰ
ਜਿਨ੍ਹਾਂ ਨੇ ਪਵਾਇਆ,
ਕਿਸ ਮਿਟੀ ਦੇ ਬਣੇ ਸਨ ਉਹ ਮੈਨੂੰ ਨਹੀਂ ਲਭਦੇ ... |
ਕੌੜਾ
ਸੱਚ... ਮੈ ਵਸਾਂ ਪੰਥ ਉਜੜੇ...
-: ਬਲਦੀਪ ਸਿੰਘ
|
ਪ੍ਰੋ.
ਪੂਰਨ ਸਿੰਘ ਕਿਸ ਨਸ਼ੇ ਦੀ ਲੋਰ 'ਚ ਆਖਦਾ ਸੀ
ਪੰਜਾਬ ਜਿਊਦਾ ਗੁਰਾਂ ਦੇ ਨਾਂ 'ਤੇ, ਮੈਨੂੰ ਤਾਂ ਨਹੀਂ ਦਿਸਦਾ ...
ਪੰਜਾਬ ਜਿਊਦਾ ਹੈ ....? ਹਾਂ ਪੰਜਾਬ ਜਿਊਦਾ ਤਾਂ ਹੈ,
ਪਰ ਸਾਹ ਆਖਰੀ ਨੇ...
ਮੇਰੀ ਗਲ ਦੇ ਅੱਜ ਦੇ ਹਾਲਾਤ ਸਾਖਸ਼ੀ ਨੇ...
ਘਰ ਸਾਡੇ ਸੁਖਾ ਸਿੰਘ ਦੀ ਜਗ੍ਹਾ ਅਜ ਮੱਸੇ ਰੰਘੜ ਜੰਮ ਰਹੇ ਨੇ
ਬਾਬੇ ਦੀ ਬਾਣੀ ਦੀ ਜਗ੍ਹਾ ਜੋ ਆਸਰਾ ਨਸ਼ਿਆਂ ਦਾ ਮਲ ਰਹੇ ਨੇ
ਭਾਗ ਕੌਰ ਦੀ ਵਾਰਿਸਾਂ ਨੇ ਸ਼ਰਮ ਲਾਈ ਐ
ਚਾਰੇ ਪਾਸੇ ਅਸ਼ੀਲਤਾ ਛਾਈ ਐ
ਭਰੂਣ ਹੱਤਿਆ 'ਚ ਔਰਤ ਦਾ ਹਥ ਬਰਕਰਾਰ ਹੈ...
ਜਦ ਤੱਕ ਇਸ 'ਚ ਹੀਰ ਸਾਹਿਬਾ ਮੌਜੂਦ ਕਿਰਦਾਰ ਐ
ਬਾਬੇ ਦੀ ਬਾਣੀ ਨੂੰ ਧਰਮ ਦੇ ਠੇਕੇਦਾਰਾਂ ਨੇ ਲੁਕਾ ਲਿਆ
ਕਿਉਂਕਿ ਅਜ ਬਾਣੀ ਦਾ ਪਾਠ ਵੀ ਚੰਗੀ ਕਮਾਈ ਦੀ ਕਾਰ ਐ
ਪੰਥਕ ਲੀਡਰਾਂ ਦਾ ਵੀ ਸ਼ੱਕੀ ਕਿਰਦਾਰ ਆ
ਕੁਰਸੀ ਲਈ ਕੌਮ ਹੀ ਦਿਤੀ ਵਾਰ ਐ
ਨਾਹਰੇ ਤਾਂ ਅੱਜ ਵੀ ਲਗਦੇ ਨੇ,
ਬਸ ਫਰਕ ਇਤਨਾ, ਮੈਂ ਵਸਾਂ, ਪੰਥ ਉਜੜੇ,
ਦਾ ਹੋਕਾ ਬਰਕਰਾਰ ਐ |