Share on Facebook

Main News Page

ਕੀ ਹਿੰਦੂ ਮੀਡੀਏ ਅਤੇ ਵਿਰੋਧੀ ਪਾਰਟੀ ਨੂੰ ਦੋਸ਼ੀ ਦੱਸਣ ਵਾਲੇ ਸਿੱਖਾਂ ਦੇ ਆਗੂ ਆਪਣਾ ਰੋਲ ਸਹੀ ਨਿਭਾ ਰਹੇ ਹਨ ?
-: ਕਿਰਪਾਲ ਸਿੰਘ ਬਠਿੰਡਾ
ਮੋਬ: 98554 80797

ਆਮ ਤੌਰ ’ਤੇ ਸਾਡਾ ਸਿੱਖਾਂ ਦਾ ਅਤੇ ਖਾਸ ਕਰਕੇ ਸਾਡੇ ਆਗੂਆਂ ਦਾ ਗਿਲਾ ਹੁੰਦਾ ਹੈ ਕਿ ਅਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਕਾਂਗਰਸ ਮੁੱਕਰ ਗਈ ਹੈ। ਕਾਂਗਰਸ ਦੀ ਕੇਂਦਰ ਸਰਕਾਰ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਅਤੇ ਦੋ ਨੰਬਰ ਦੇ ਸ਼ਹਿਰੀਆਂ ਵਾਲਾ ਸਲੂਕ ਕਰਦੀ ਹੈ। ਇਸ ਦੇਸ਼ ਵਿੱਚ ਸਿੱਖਾਂ ਲਈ ਕਾਨੂੰਨ ਹੋਰ ਹੁੰਦਾ ਹੈ ਤੇ ਬਹੁ ਗਿਣਤੀ ਲਈ ਹੋਰ ਹੁੰਦਾ ਹੈ। ਭਾਰਤ ਦੀਆਂ ਰਾਜਨੀਤਕ ਪਾਰਟੀਆਂ, ਉਚ ਅਦਾਲਤਾਂ ਅਤੇ ਹਿੰਦੂ ਮੀਡੀਏ ’ਤੇ ਗਿਲਾ ਹੁੰਦਾ ਹੈ ਕਿ ਉਹ ਸਿੱਖਾਂ ਦੀਆਂ ਸਮੱਸਿਅਵਾਂ ਅਤੇ ਦਰਪੇਸ਼ ਚੁਣੌਤੀਆਂ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੰਦਾ ਹੈ ਜਦੋਂ ਕਿ ਬਹੁਗਿਣਤੀ ਨਾਲ ਸਬੰਧਤ ਖ਼ਬਰਾਂ ਨੂੰ ਲੋੜ ਤੋਂ ਵੱਧ ਹਵਾ ਦਿੱਤੀ ਜਾਂਦੀ ਹੈ। ਸਿੱਖਾਂ ਦੇ ਇਹ ਦੋਸ਼ ਬਿਲਕੁਲ ਸਹੀ ਹਨ। ਉਦਾਹਣ ਵਜੋਂ 4 ਅਤੇ 5 ਜੂਨ 2011 ਨੂੰ ਰਾਮਲੀਲਾ ਗਰਾਂਊਡ ਨਵੀਂ ਦਿੱਲੀ ਵਿੱਚ ਅੱਧੀ ਰਾਤ ਨੂੰ ਦਿੱਲੀ ਦੀ ਕਾਂਗਰਸ ਸਰਕਾਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਭੇਜ ਕੇ ਭੁੱਖ ਹੜਤਾਲ ’ਤੇ ਬੈਠੇ ਬਾਬਾ ਰਾਮਦੇਵ ਨੂੰ ਫੜ ਕੇ ਉਸ ਦੇ ਹੈੱਡਕੁਆਟਰ ਹਰਿਦੁਆਰ ਛੱਡ ਆਈ। ਭਾਜਪਾ ਨੇ ਇਸ ਨੂੰ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਦੱਸਿਆ। ਨਿਆਂ ਦਾ ਤਰਾਜੂ ਫੜੀ ਬੈਠੀ ਭਾਰਤ ਦੀ ਸਰਬ ਉਚ ਅਦਾਲਤ ਵਲੋਂ ਸੂ-ਮੋਟੋ ਕਾਰਵਾਈ ਕਰਦਿਆਂ ਕੇਂਦਰੀ ਗ੍ਰਹਿ ਸਕੱਤਰ, ਦਿੱਲੀ ਦੇ ਮੁੱਖ ਸਕੱਤਰ, ਦਿੱਲੀ ਪ੍ਰਸ਼ਾਸ਼ਨ ਤੇ ਪੁਲਿਸ ਕਮਿਸ਼ਨਰ ਨੂੰ ਤੁਰੰਤ ਨੋਟਿਸ ਜਾਰੀ ਕੀਤਾ ਗਿਆ। ਬਿਨਾ ਸ਼ੱਕ ਇੱਕ ਲੋਕਤੰਤ੍ਰਕ ਦੇਸ਼ ਵਿੱਚ ਅਜਿਹੀ ਘਟਨਾ ਬਿਲਕੁਲ ਸ਼ਰਮਨਾਕ ਹੈ ਜਿਸ ਲਈ ਸਰਕਾਰ ਜਵਾਬਦੇਹ ਹੈ ਪਰ ਇਸੇ ਦਿੱਲੀ ਵਿੱਚ 1,2,3 ਨਵੰਬਰ 1984 ਨੂੰ ਨਿਰਦੋਸ਼ ਸਿੱਖਾਂ ਦਾ ਸਮੂਹਿਕ ਕਤਲੇਆਮ, ਸਾੜਫੂਕ, ਲੁੱਟਮਾਰ ਅਤੇ ਸਿੱਖ ਬੀਬੀਆਂ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ। 29 ਸਾਲ ਲੰਘ ਜਾਣ ਦੇ ਬਾਵਯੂਦ ਕਿਸੇ ਦੋਸ਼ੀ ਨੂੰ ਸਜਾ ਨਹੀਂ ਦਿੱਤੀ ਗਈ। ਉਸ ਸਮੇਂ ਨਾ ਕਿਸੇ ਰਾਜਨੀਤਕ ਪਾਰਟੀ ਨੂੰ ਕਾਲਾ ਦਿਨ ਦਿੱਸਿਆ ਅਤੇ ਨਾ ਹੀ ਇਨ੍ਹਾਂ ਅਦਾਲਤਾਂ ਨੇ ਕਿਸੇ ਨੂੰ ਸੂ-ਮਾਟੋ ਨੋਟਿਸ ਜਾਰੀ ਕੀਤਾ।

ਬਾਬਾ ਰਾਮਦੇਵ ਜਾਂ ਅੰਨਾ ਹਜਾਰੇ ਭੁੱਖ ਹੜਤਾਲ ’ਤੇ ਬੈਠਦੇ ਹਨ ਤਾਂ ਦੇਸ਼ ਦਾ ਸਾਰਾ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਕੈਮਰੇ ਲੈ ਕੇ ਪਹਿਲੇ ਹੀ ਦਿਨ ਤੋਂ ਉਨ੍ਹਾਂ ਦੇ ਦੁਆਲੇ ਖੜ੍ਹ ਜਾਂਦੇ ਹਨ। ਸਾਰੇ ਪ੍ਰਮੁੱਖ ਅਖ਼ਬਾਰਾਂ ਦੇ ਮੁੱਖ ਪੰਨਿਆਂ ’ਤੇ ਉਨ੍ਹਾਂ ਦੀਆਂ ਖ਼ਬਰਾਂ ਮੋਟੀਆਂ ਸੁਰਖੀਆਂ ਨਾਲ ਛਪਦੀਆਂ ਹਨ ਅਤੇ ਟੀਵੀ ਚੈੱਨਲ ਤਕਰੀਬਨ ਸਾਰਾ ਦਿਨ ਉਨ੍ਹਾਂ ਨੂੰ ਲਾਈਵ ਵਿਖਾਉਂਦੇ ਰਹਿੰਦੇ ਹਨ। ਪਰ ਭਾਈ ਗੁਰਬਖ਼ਸ਼ ਸਿੰਘ ਨੇ ਬਹੁਤ ਨਿਗੁਣੀ ਮੰਗ; ਕਿ ਜਿਨ੍ਹਾਂ ਸਿੰਘਾਂ ਨੇ ਅਦਾਲਤ ਵੱਲੋਂ ਸੁਣਾਈਆਂ ਸਜਾਵਾਂ ਭੁਗਤ ਲਈਆਂ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ; ਪੂਰੀ ਕਰਵਾਉਣ ਲਈ 14 ਨਵੰਬਰ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਰੱਖੀ ਸੀ ਜੋ ਅੱਜ ਦੂਸਰੇ ਮਹੀਨੇ ਵਿੱਚ ਦਾਖ਼ਲ ਹੋ ਗਈ ਹੈ। 5 ਅਤੇ 6 ਦਸੰਬਰ ਦੀ ਅੱਧੀ ਰਾਤ ਨੂੰ ਪੰਜਾਬ ਪੁਲਿਸ ਨੇ ਉਸ ਨੂੰ ਸੁੱਤੇ ਪਏ ਨੂੰ ਬੜੇ ਹੀ ਬੇਅਦਬੀ ਭਰੇ ਢੰਗ ਨਾਲ ਚੁੱਕ ਕੇ ਕਣਕ ਦੀ ਬੋਰੀ ਵਾਂਗ ਗੱਡੀ ਵਿੱਚ ਸੁੱਟਿਆ ਤੇ ਜੇਲ੍ਹ ਭੇਜ ਦਿੱਤਾ। ਕਿਸੇ ਰਾਜਨੀਤਕ ਪਾਰਟੀ ਜਾਂ ਮਨੁੱਖੀ ਅਧਿਕਾਰ ਸੰਸਥਾ ਨੇ ਇਸ ਦਿਨ ਨੂੰ ਕਾਲਾ ਦਿਨ ਨਹੀਂ ਦੱਸਿਆ, ਕਿਸੇ ਅਦਾਲਤ ਨੇ ਕਿਸੇ ਨੂੰ ਸੂ-ਮਾਟੋ ਨੋਟਿਸ ਜਾਰੀ ਨਹੀਂ ਕੀਤਾ ਤੇ ਇੱਕ ਦੋ ਪੰਜਾਬੀ ਅਖ਼ਬਾਰਾਂ ਨੂੰ ਛੱਡ ਕੇ ਕਿਸੇ ਨੇ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਨਿੰਦਾ ਨਹੀਂ ਕੀਤੀ। ਕਿਸੇ ਚੈਨਲ ਨੇ ਇਸ ਸਬੰਧੀ ਖ਼ਬਰਾਂ ਪ੍ਰਸਾਰਤ ਨਹੀਂ ਕੀਤੀਆਂ। ਸੋ ਇਹ ਕੁਝ ਕੁ ਉਦਾਹਰਣਾਂ ਹਨ ਜਿਨ੍ਹਾਂ ਤੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਕਿ ਸਿੱਖਾਂ ਨਾਲ ਇਸ ਦੇਸ਼ ਵਿੱਚ ਮਤਰੇਈ ਮਾਂ ਵਾਲਾ ਅਤੇ ਦੋ ਨੰਬਰ ਦੇ ਸ਼ਹਿਰੀਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ; ਇਸ ਦੇਸ਼ ਵਿੱਚ ਸਿੱਖਾਂ ਲਈ ਕਾਨੂੰਨ ਹੋਰ ਹੁੰਦਾ ਹੈ ਤੇ ਬਹੁ ਗਿਣਤੀ ਲਈ ਹੋਰ ਹੁੰਦਾ ਹੈ। ਪਰ ਦੂਸਰਿਆਂ ਨੂੰ ਕੋਸਣ ਤੋਂ ਪਹਿਲਾਂ ਸਾਨੂੰ ਆਪਾ ਪੜਚੋਲਣ ਦੀ ਲੋੜ ਹੈ ਕਿ ਜਿਹੜਾ ਦੋਸ਼ ਅਸੀਂ ਦੂਸਰਿਆਂ ’ਤੇ ਲਾਉਂਦੇ ਹਾਂ ਕੀ ਉਹੀ ਦੋਸ਼ ਸਾਡੇ ਆਪਣੇ ਰਾਜਨੀਤਕ ਤੇ ਧਾਰਮਿਕ ਆਗੂਆਂ ਵਿੱਚ ਨਹੀਂ ਹਨ? ਸਾਡਾ ਆਪਣਾ ਕਹਾਉਣ ਵਾਲਾ ਮੀਡੀਆ ਕੀ ਸਿੱਖ ਸਮੱਸਿਆਵਾਂ ਨੂੰ ਉਸੇ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰ ਰਿਹਾ ਜਿਸ ਤਰ੍ਹਾਂ ਕਿ ਹਿੰਦੂ ਮੀਡੀਆ ਕਰ ਰਿਹਾ ਹੈ? ਆਓ ਇੱਕ ਇੱਕ ਕਰਕੇ ਕੁਝ ਉਦਾਹਰਣਾਂ ਦੀ ਪੜਚੋਲ ਕਰੀਏ।

ਸਾਡੀ ਸਿਰਮੌਰ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬੜੇ ਜੋਰ ਸ਼ੋਰ ਨਾਲ ਇਹ ਕਹਿੰਦੀ ਆ ਰਹੀ ਹੈ ਕਿ ਕਾਂਗਰਸ ਪਾਰਟੀ ਅਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਪਰ ਕਦੀ ਉਨ੍ਹਾਂ ਨੇ ਆਪਾ ਪੜਚੋਲਿਆ ਹੈ ਜਾਂ ਆਪਣੇ ਪਿਛਲੇ ਚੋਣ ਵਾਅਦਿਆਂ ਨੂੰ ਚੋਣਾਂ ਜਿੱਤਣ ਪਿੱਛੋਂ ਕਦੀ ਦੁਬਾਰਾ ਪੜ੍ਹ ਕੇ ਵੇਖਿਆ ਹੈ। ਇਸ ਅਕਾਲੀ ਦਲ ਨੇ 1997 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਬਣ ਗਈ ਤਾਂ ਉਹ ਬਿਨਾਂ ਮੁਕੱਦਮਿਆਂ ਦੇ ਜੇਲ੍ਹਾਂ ਵਿੱਚ ਬੰਦ ਰੱਖੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰ ਦੇਵਗੀ, ਫਰਜੀ ਪੁਲਿਸ ਮੁਕਾਬਿਆਂ ਵਿੱਚ ਮਾਰੇ ਗਏ ਸਿੱਖਾਂ ਦੇ ਵਾਰਸਾਂ ਨੂੰ ਇਨਸਾਫ ਦੇਵੇਗੀ ਅਤੇ ਦੋਸ਼ੀ ਪੁਲਿਸ ਅਫਸਰਾਂ ਤੇ ਕਰਮਚਾਰੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਵੇਗੀ। ਪਰ ਉਸ ਤੋਂ ਬਾਅਦ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਬਣ ਗਈ ਹੈ; ਇਸ ਸਰਕਾਰ ਨੇ ਇੱਕ ਵੀ ਸਿੱਖ ਨੂੰ ਰਿਹਾਅ ਨਹੀਂ ਕੀਤਾ ਉਲਟਾ ਇਸ ਮੰਗ ਲਈ ਇੱਕ ਮਹੀਨੇ ਤੋਂ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਨਾਲ ਜਿਸ ਤਰ੍ਹਾਂ ਬੇਰੁੱਖੀ ਵਾਲਾ ਵਤੀਰਾ ਅਕਾਲੀ-ਭਾਜਪਾ ਸਰਕਾਰ ਨੇ ਅਪਣਾਇਆ ਹੈ ਉਹ ਕਿਸੇ ਵੀ ਤਰ੍ਹਾਂ ਕਾਂਗਰਸ ਸਰਕਾਰ ਤੋਂ ਵੱਖਰਾ ਨਹੀਂ ਹੈ।

ਇੱਕ ਪਾਸੇ ਭਾਈ ਗੁਰਬਖ਼ਸ਼ ਸਿੰਘ ਜੀ ਭੁੱਖ ਨਾਲ ਤਿਲ ਤਿਲ ਕਰਕੇ ਮਰ ਰਿਹਾ ਹੈ ਪਰ ਇਹ ਅਕਾਲੀ ਕਿਧਰੇ ਕਬੱਡੀ ਦੇ ਮੈਚਾਂ ਵਿੱਚ ਫਿਲਮੀ ਹੀਰੋਇਨਾਂ ਦੇ ਨਾਚ ਅਤੇ ਲੱਚਰ ਗਾਇਕਾਂ ਦੇ ਰੰਗਾ-ਰੰਗ ਪ੍ਰੋਗਰਾਮਾਂ ਦਾ ਅਨੰਦ ਮਾਣ ਰਹੇ ਹਨ ਤੇ ਕਿਧਰੇ ਦਿੱਲੀ ਦੀ ਜਿੱਤ ਦੇ ਜਸ਼ਨ ਮਨਾ ਰਹੇ ਹਨ। ਸਰਕਾਰ ਦੇ ਕਿਸੇ ਪ੍ਰਮੁੱਖ ਆਗੂ ਨੇ ਕਦੀ ਉਨ੍ਹਾਂ ਪਾਸ ਪਹੁੰਚ ਕੇ ਉਨ੍ਹਾਂ ਦਾ ਹਾਲ ਤੱਕ ਨਹੀਂ ਪੁੱਛਿਆ। ਅਕਾਲ ਤਖ਼ਤ ਦਾ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨੀਰੂ ਵਾਂਗ ਆਪਣੀ ਹੀ ਬੰਸਰੀ ਵਜਾ ਰਹੇ ਹਨ। ਕਦੀ ਉਹ ਸਿੱਖਾਂ ਦੀਆਂ ਅੱਖਾਂ ਪੂੰਝਣ ਲਈ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਦਾ ਸਮਰੱਥਨ ਕਰਦੇ ਹਨ ਅਤੇ ਕਦੀ ਕਹਿ ਛੱਡਦੇ ਹਨ ਕਿ ਸਿੱਖ ਧਰਮ ਵਿੱਚ ਭੁੱਖ ਹੜਤਾਲ ਨੂੰ ਕੋਈ ਥਾਂ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਆਪਣੀ ਭੁੱਖ ਹੜਤਾਲ ਖਤਮ ਕਰ ਦੇਣੀ ਚਾਹੀਦੀ ਹੈ। ਪਰ ਪੰਜਾਬ ਸਰਕਾਰ ਤੇ ਵਿਸ਼ੇਸ਼ ਕਰਕੇ ਇਸ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ ਮੁਕਤ ਦੱਸਣ ਤੋਂ ਨਹੀਂ ਖੁੰਝਦੇ ਅਤੇ ਆਖਦੇ ਹਨ ਕਿ ਉਨ੍ਹਾਂ ਦੇ ਕੁਝ ਵੀ ਵੱਸ ਨਹੀਂ ਕਿਉਂਕਿ ਭਾਈ ਗੁਰਬਖ਼ਸ਼ ਸਿੰਘ ਨੇ ਛੱਡੇ ਜਾਣ ਵਾਲੇ ਸਿੰਘਾਂ ਦੀ ਸੂਚੀ ਤੇ ਪੂਰੇ ਵੇਰਵੇ ਸਰਕਾਰ ਨੂੰ ਨਹੀਂ ਸੌਂਪੇ; ਜਿਨ੍ਹਾਂ ਦੇ ਨਾਮ ਦਿੱਤੇ ਗਏ ਹਨ ਉਹਨਾਂ ਦੇ ਕੇਸ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਹੋਣ ਕਰਕੇ ਮੁੱਖ ਮੰਤਰੀ ਜੀ ਕੁਝ ਨਹੀਂ ਕਰ ਸਕਦੇ। ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ 118 ਸਿੰਘਾਂ ਦੀ ਸੂਚੀ ਪੇਸ਼ ਕਰ ਦਿੱਤੀ ਹੈ ਜਿਨ੍ਹਾਂ ਵਿੱਚੋਂ ਜਿਆਦਾ ਤਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਨ ਤਾਂ ਜਥੇਦਾਰ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਹਦਾਇਤ ਕਰਨ ਦੀ ਬਜਾਏ ਕੇਵਲ ਕੇਂਦਰ ਸਰਕਾਰ ਨੂੰ ਹਦਾਇਤ ਕਰਕੇ ਬੁੱਤਾ ਸਾਰ ਦਿੰਦੇ ਹਨ। ਤੇ ਹੁਣ ਅਖੀਰ ’ਤੇ ਕਹਿ ਦਿੱਤਾ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਹਦਾਇਤ ਕਰ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਕੇ ਮਸਲਾ ਸਲਝਾਉਣ। ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਦਲ ਦੇ ਲਿਫਾਫੇ ’ਚੋਂ ਨਿਕਲਿਆ ਹੋਵੇ ਉਸ ਨੇ ਆਪਣੇ ਨਿਯੁਕਤੀਕਾਰ ਨਾਲ ਕਿਸ ਤਰ੍ਹਾਂ ਦੀ ਗੱਲ ਕਰਨੀ ਹੈ ਇਹ ਕਿਸੇ ਤੋਂ ਛੁਪੀ ਹੋਈ ਨਹੀਂ ਹੈ।

ਅਕਾਲੀ ਦਲ ਦੇ ਆਗੂਆਂ ਦਾ ਦੋਸ਼ ਹੁੰਦਾ ਹੈ ਕਿ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਸਜਾ ਦੇਣ ਦੀ ਬਜਾਏ ਕਾਂਗਰਸ ਉਨ੍ਹਾਂ ਨੂੰ ਅਹੁੱਦੇ ਤੇ ਟਿਕਟਾਂ ਦੇ ਕੇ ਨਿਵਾਜ਼ਦੀ ਹੈ। ਪਰ ਕੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਪੰਜਾਬ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਤਰੱਕੀਆਂ ਅਤੇ ਸੇਵਾ ਮੁਕਤੀ ਉਪ੍ਰੰਤ ਟਿਕਟਾਂ ਦੇ ਕੇ ਨਹੀਂ ਨਿਵਾਜ਼ ਰਹੀ? ਅਕਾਲੀ ਦਲ ਦੇ ਆਗੂਆਂ ਦਾ ਦੋਸ਼ ਹੁੰਦਾ ਹੈ ਕਿ ਕਾਂਗਰਸ ਸਰਕਾਰ ਸਿੱਖਾਂ ਨੂੰ ਅਤਿਵਾਦੀ ਦੱਸ ਕੇ ਬਦਨਾਮ ਕਰ ਰਹੀ ਹੈ ਪਰ ਕੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਅਰਜੀ ਉਨ੍ਹਾਂ ਨੂੰ ਅਤਿਵਾਦੀ ਦੱਸ ਕੇ ਪੰਜਾਬ ਸਰਕਾਰ ਨੇ ਰੱਦ ਨਹੀਂ ਕੀਤੀ? ਆਮ ਤੌਰ ’ਤੇ ਉਮਰ ਕੈਦ ਵਾਲਾ ਕੈਦੀ 14 ਸਾਲ ਸਜਾ ਕੱਟਣ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ, ਪਰ ਬਹੁਤ ਸਾਰੇ ਸਿੱਖ ਕੈਦੀ 18 ਤੋਂ 23 ਸਾਲ ਦੀ ਕੈਦ ਭੁਗਤ ਚੁੱਕੇ ਹਨ ਜਿਨ੍ਹਾਂ ਵਿੱਚ ਇੱਕ ਕੈਦੀ 95 ਸਾਲ ਦੀ ਉਮਰ ਦਾ ਵੀ ਹੋ ਗਿਆ ਹੈ। ਭਾਈ ਸ਼ਮਸ਼ੇਰ ਸਿੰਘ 18 ਸਾਲ ਦੀ ਸਜਾ ਕੱਟ ਚੁੱਕਾ ਹੈ ਹਾਲੀ ਵੀ ਉਸ ਨੂੰ ਰਿਹਾਅ ਨਹੀਂ ਕੀਤਾ। ਡੀਸੀ ਪਟਿਆਲਾ ਨੇ ਪੱਤਰ ਨੰ: 4052 ਮਿਤੀ 6-11-2013 ਰਾਹੀਂ ਸ਼ਮਸ਼ੇਰ ਸਿੰਘ ਨੂੰ ਪੈਰੋਲ ’ਤੇ ਰਿਹਾਅ ਕਰਨ ਦੇਣ ਦੀ ਸਿਫਾਰਸ਼ ਪੰਜਾਬ ਸਰਕਾਰ ਕੀਤੀ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਖ਼ਤਰਨਾਕ ਅਤਿਵਾਦੀ ਕਰਾਰ ਦਿੰਦਿਆਂ ਰੱਦ ਨਹੀਂ ਕੀਤੀ?

ਅਸੀਂ ਕਹਿੰਦੇ ਹਾਂ ਕਿ ਹਿੰਦੂ ਮੀਡੀਆ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਦੀਆਂ ਖ਼ਬਰਾਂ ਨਹੀਂ ਦਿੰਦਾ, ਪਰ ਕੀ ਪੰਜਾਬ ਦੀ ਅਵਾਜ਼ ਕਹਾਉਣ ਵਾਲਾ ਮੀਡੀਆ ਆਪਣਾ ਸਹੀ ਰੋਲ ਨਿਭਾ ਰਿਹਾ ਹੈ। ਸਿੱਖਾਂ ਦੇ ਪੰਜਾਂ ਤਖ਼ਤਾਂ ਸਮੇਤ ਤਕਰੀਬਨ ਇੱਕ ਦਰਜਨ ਗੁਰਦੁਆਰਿਆਂ ਵਿੱਚੋਂ ਰੋਜ਼ਾਨਾ ਲਾਈਵ ਕਥਾ ਦਾ ਪ੍ਰਸਾਰਣ ਹੋ ਰਿਹਾ ਹੈ। ਕੀ ਉਥੇ ਕਥਾ ਕਰ ਰਹੇ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਦਾ ਫਰਜ਼ ਨਹੀਂ ਬਣਦਾ ਕਿ ਸ਼ਬਦ ਦੀ ਵਿਆਖਿਆ ਕਰਦੇ ਸਮੇਂ, ਮੌਕੇ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਜੁਲਮਾਂ ਦੀਆਂ ਉਦਾਹਰਣਾਂ ਦੇ ਕੇ ਗੁਰਬਾਣੀ ਦੀ ਵਿਆਖਿਆ ਕਰਕੇ ਚਲੰਤ ਮਸਲਿਆਂ ਨੂੰ ਲੋਕਾਂ ਵਿੱਚ ਲਿਆਉਣ

ਬਾਦਲ ਦਲ ਵੱਲੋਂ ਦਿੱਲੀ ਦੇ ਗੁਰਦੁਆਰਿਆਂ ’ਤੇ ਕਾਬਜ਼ ਹੋਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਤੀ ਜਾ ਰਹੀ ਕਥਾ ਸਿੱਖਾਂ ਨੂੰ ਧਾਰਮਿਕ ਤੇ ਰਾਜਨੀਤਕ ਤੌਰ’ ਤੇ ਜਾਗਰੂਕ ਕਰਨ ਵਾਲੀ ਸੀ। ਪਰ ਬਾਦਲ ਦਲ ਦੇ ਕਬਜ਼ੇ ਉਪ੍ਰੰਤ ਇੱਕੋ ਇੱਕੋ ਪ੍ਰਚਾਰ ਦੇ ਸਾਧਨ ਦਾ ਵੀ ਭੋਗ ਪੈ ਗਿਆ। ਸਗੋਂ ਬਾਦਲ ਪੱਖੀ ਚੋਟੀ ਦੇ ਕਥਾਵਾਚਕ ਅਤੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਨੇ ਦੇ ਸਮੇਂ ਦੌਰਾਨ ਬੰਗਲਾ ਸਾਹਿਬ ਹੋ ਰਹੀ ਕਥਾ ਨੂੰ ਨਿੰਦਾ ਦੱਸ ਕੇ ਭੰਡਦੇ ਰਹਿੰਦੇ ਹਨ, ਕਿ ਉਹ ਸ਼ਬਦ ਤੋਂ ਬਾਹਰ ਜਾ ਕੇ ਰਾਜਨੀਤਕ ਗੱਲਾਂ ਕਰਦੇ ਸਨ। ਕੀ ਧਰਮ ਤੇ ਰਾਜਨੀਤੀ ਇਕੱਠੀ ਦੱਸਣ ਵਾਲੇ ਅਕਾਲੀ ਦਲ ਲਈ ਐਸੀਆਂ ਗੱਲਾਂ ਸ਼ੋਭਦੀਆਂ ਹਨ। ਕੀ ਉਹ ਦੱਸ ਸਕਦੇ ਹਨ ਕਿ ‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥1॥’ (ਤਿਲੰਗ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 723)

ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿ੍ਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥ ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ੀ ਕਮਾਣਾ ਨਾਉ ॥ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥ ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ੍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀ ਵਢੀ ਲਾਇਤਬਾਰ ॥2॥’ {ਮਲਾਰ ਕੀ ਵਾਰ (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 1288} ਆਦਿਕ ਸ਼ਬਦ ਕੇਵਲ ਮੁਗਲ ਰਾਜਿਆਂ ਲਈ ਸਨ। ਅੱਜ ਦੇ ਰਾਜਿਆਂ ਜਿਨ੍ਹਾਂ ਨੇ ਭਾਈ ਗੁਰਬਖ਼ਸ਼ ਸਿੰਘ ਨੂੰ ਰਾਤ ਨੂੰ ਸੁੱਤੇ ਪਏ ਨੂੰ ਜਗਾ ਕੇ ਜੇਲ੍ਹ ਭੇਜ ਦਿੱਤਾ; ਉਨ੍ਹਾਂ ’ਤੇ ਇਹ ਸ਼ਬਦ ਨਹੀਂ ਢੁਕਦੇ? ਜੇ ਬਾਦਲ ਪੱਖੀ ਕਥਾਵਾਚਕਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਥੇਦਾਰਾਂ ਮੁਤਾਬਕ ਇਸ ਦਾ ਜਵਾਬ ਨਾਂਹ ਵਿੱਚ ਹੈ ਤਾਂ ‘ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ ॥’ (ਤਿਲੰਗ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 723) ਅਤੇ ‘ਪਰਥਾਇ ਸਾਖੀ ਮਹਾ ਪੁਰਖ ਬੋਲਦੇ; ਸਾਝੀ ਸਗਲ ਜਹਾਨੈ ॥’ {ਸੋਰਠਿ ਕੀ ਵਾਰ (ਮ: 3) ਗੁਰੂ ਗ੍ਰੰਥ ਸਾਹਿਬ ਪੰਨਾ 647} ਦੇ ਕੀ ਅਰਥ ਹਨ?

ਧਾਰਮਿਕ ਆਗੂਆਂ ਵਿੱਚ ਸਭ ਤੋਂ ਵੱਡੀ ਗਿਰਾਵਟ ਉਸ ਸਮੇਂ ਆਉਂਦੀ ਹੈ ਜਿਸ ਸਮੇਂ ਉਹ ਗੁਰਬਾਣੀ ਦਾ ਸੱਚ ਸੁਣਾਉਣ ਦੀ ਥਾਂ ਸਰਕਾਰੀ ਸਰਪ੍ਰਸਤੀ ਹਾਸਲ ਕਰਨ ਲਈ ਗੁਰਬਾਣੀ ਦੇ ਅਰਥਾਂ ਨੂੰ ਕੇਵਲ ਬਾਬਰ, ਜਹਾਂਗੀਰ ਅਤੇ ਔਰੰਗਜ਼ੇਬ ਤੱਕ ਸੀਮਤ ਰੱਖ ਕੇ ਅਜੋਕੇ ਰਾਜਿਆਂ ਨੂੰ ਦੋਸ਼ ਮੁਕਤ ਕਰਾਰ ਦੇਣ ਦੀ ਗਲਤੀ ਨੂੰ ਸ਼ਬਦ ਦੇ ਦਾਇਰੇ ਵਿੱਚ ਰਹਿਣ ਦੀ ਫੋਕੀ ਦਲੀਲ ਦੇ ਕੇ ਗੁਰਬਾਣੀ ਨਾਲ ਅਨਿਆਂ ਕਰਨ ਨੂੰ ਆਪਣਾ ਧਰਮ ਸਮਝਣ ਲੱਗ ਪੈਣ। ਸੋ ਜਦੋਂ ਸਾਡੇ ਆਪਣੇ ਹੀ ਰਾਜਨੀਤਕ ਤੇ ਧਾਰਮਿਕ ਆਗੂ ਆਪਣੇ ਫਰਜ਼ ਨਿਭਾਉਣ ਵਿੱਚ ਕੋਤਾਹੀ ਕਰਨ ਲੱਗ ਪੈਣ ਤੇ ਇਨ੍ਹਾਂ ਹੀ ਦੋਸ਼ਾਂ ਬਦਲੇ ਆਪਣੇ ਵਿਰੋਧੀ ਨੂੰ ਭੰਡ ਕੇ ਬੁੱਤਾ ਸਾਰਨ ਲੱਗ ਪੈਣ ਤਾਂ ਇਹ ਮਗਰਮੱਚ ਦੇ ਹੰਝੂਆਂ ਤੋਂ ਵੱਧ ਕੁਝ ਨਹੀਂ। ਇਨ੍ਹਾਂ ’ਤੇ ਕਵੀ ਦੇ ਬੋਲ ‘‘ਦੁਸ਼ਮਣਾਂ ’ਤੇ ਕੀ ਗਿਲਾ ਹੈ ਪਾਤਸ਼ਾਹਾਂ ਦੇ ਪਾਤਸ਼ਾਹਾ, ਰੋਲ ਦਿੱਤੀਆਂ ਤੇਰੇ ਸਰਦਾਰਾਂ ਨੇ ਖ਼ੁਦ ਸਰਦਾਰੀਆਂ’’ ਪੂਰੀ ਤਰ੍ਹਾਂ ਢੁਕਦੇ ਨਜ਼ਰ ਆ ਰਹੇ ਹਨ।

ਜੇ ਸਾਡੇ ਸਾਰੇ ਪ੍ਰਚਾਰਕ ਅਤੇ ਗੁਰਦੁਆਰਿਆਂ ਦੇ ਪ੍ਰਬੰਧਕ ਆਪਣਾ ਸਹੀ ਫਰਜ਼ ਨਿਭਾਉਣਾ ਸ਼ੁਰੂ ਕਰ ਦੇਣ ਅਤੇ ਉਹ ਹਰ ਦੀਵਾਨ ਭਾਵੇਂ ਉਥੋਂ ਲਾਈਵ ਪ੍ਰਸਾਰਣ ਹੋ ਰਿਹਾ ਹੋਵੇ ਜਾਂ ਨਾ; ਵਿੱਚ ਸਮੇਂ ਦਾ ਸੱਚ ਬਿਆਨ ਕਰਨ ਲੱਗ ਪੈਣ ਜਿਸ ਤਰ੍ਹਾਂ ਕਿ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ, ਭਾਈ ਸ਼ਿਵਤੇਗ ਸਿੰਘ ਜੀ ਨਵੀਂ ਦਿੱਲੀ ਅਤੇ ਭਾਈ ਬਲਜੀਤ ਸਿੰਘ ਜੀ ਨਵੀਂ ਦਿੱਲੀ ਆਦਿਕ ਕਰ ਰਹੇ ਹਨ, ਤਾਂ ਸਾਨੂੰ ਕਿਸੇ ਹਿੰਦੂ ਮੀਡੀਏ ’ਤੇ ਰੋਸ ਕਰਨ ਦੀ ਲੋੜ ਨਹੀਂ ਪਏਗੀ, ਕਿਉਂਕਿ ਸਿੱਖ ਸੰਗਤ ਇਤਨੀ ਜਾਗਰੂਕ ਹੋ ਜਾਵੇਗੀ ਕਿ ਉਹ ਵਹੀਰਾਂ ਘੱਤ ਕੇ ਭਾਈ ਗੁਰਬਖ਼ਸ਼ ਸਿੰਘ ਪਾਸ ਜਾਣ ਲੱਗ ਪੈਣਗੇ, ਜਿਸ ਨੂੰ ਹਿੰਦੂ ਮੀਡੀਏ ਨੂੰ ਵੀ ਨਜ਼ਰ ਅੰਦਾਜ਼ ਕਰਨਾ ਮੁਸ਼ਕਲ ਹੋ ਜਾਵੇਗਾ ਤੇ ਉਨ੍ਹਾਂ ਨੂੰ ਖ਼ਬਰਾਂ ਦੇਣੀਆਂ ਹੀ ਪੈਣਗੀਆਂ, ਭਾਵੇਂ ਉਨ੍ਹਾਂ ਵਿੱਚ ਕੁਝ ਤਰੋੜ ਮਰੋੜ ਕਰਨ ਦੀ ਹਰਕਤ ਕਰਨ ਤਾਂ ਵੀ ਸੱਚ ਲੋਕਾਂ ਤੱਕ ਪਹੁੰਚਣਾ ਸ਼ੁਰੂ ਹੋ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top