Share on Facebook

Main News Page

ਅਖੌਤੀ ਸੰਤ-ਸਮਾਜ ਅਤੇ ਜੱਥੇਦਾਰਾਂ ਵੱਲੋਂ ਕੌਮ ਨਾਲ ਧੋਖੇ ਦੀ ਫਿਰ ਤਿਆਰੀ
-: ਵਰਲਡ ਸਿੱਖ ਫੈਡਰੇਸ਼ਨ

- ਬੰਦੀ ਸਿੱਖਾਂ ਦੀ ਰਿਹਾਈ ਦੇ ਸੰਘਰਸ਼ ਨੂੰ ਰੋਲਣ ਦੀ ਸਾਜਿਸ਼
- ਵਿਪਰ ਦੀ ਬਿਕਰਮੀ ਕਰਣ ਦੀ ਚਾਲ ਸਫਲ ਨਹੀਂ ਹੋਣ ਦਿੱਤੀ ਜਾਵੇਗੀ......

ਜਦੋਂ ਦਾ ਸਿੱਖ ਕੌਮ ਦੀ ਆਜਾਦ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ ਹੈ, ਬਿਪਰਬਾਦ ਦਾ ਪ੍ਰਭਾਵ ਕਬੂਲੀ ਬੈਠੇ ਤੱਤ ਗੁਰਮਤਿ ਵਿਰੋਧੀ ਗੱਠ-ਜੋੜਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਸ. ਪਾਲ ਸਿੰਘ ਪੁਰੇਵਾਲ ਵੱਲੋਂ ਕਈ ਸਾਲਾਂ ਦੀ ਸਖ਼ਤ ਮਿਹਨਤ ਨਾਲ ਤਿਆਰ ਕਰੇ ਗਏ, ਸਿੱਖ ਵਿਦਵਾਨਾਂ ਵੱਲੋਂ ਪਰਖੇ ਹੋਏ ਅਤੇ ਗੁਰਮਤਿ ਜੁਗਤਿ ਨਾਲ ਅਕਾਲ ਤਖਤ ਤੋਂ ਲਾਗੂ ਹੋਏ ਕੈਲੰਡਰ ਨੂੰ ਵਿਪਰੀ ਪ੍ਰਭਾਵ ਅਧੀਨ, ਆਪੂ ਬਣੀ ਕੈਲੰਡਰ ਵਗਿਆਨ ਤੋਂ ਅਣਜਾਣ ਦੋ ਮੈਂਬਰੀ ਕਮੇਟੀ ਨੇ ਸੱਤ ਸਾਲਾਂ ਬਾਅਦ ਅਚਾਨਕ ਬਿਨਾਂ ਕੈਲੰਡਰ ਦੇ ਵਿਦਵਾਨਾਂ ਨਾਲ ਵਿਚਾਰ ਕੀਤੇ, ਵਿਪਰੀ ਸੋਧਾ ਲਗਾ ਕੇ, ਬਿਕਰਮੀ ਕਰਣ ਕਰ ਦਿੱਤਾ।

ਨਾਨਕ ਸ਼ਾਹੀ ਕੈਲੰਡਰ ਦੀ ਸੂਰਜੀ ਸਿਧਾਂਤ ਨਾਲ ਬਣੀ ਸ਼ੁੱਧਤਾ ਨੂੰ ਕੇਵਲ ਖਤਮ ਕਰ, ਮਿਲਗੋਭਾ ਬਣਾ ਕੇ ਹੀ ਵਿਪਰਮਤੀਆਂ ਨੇ ਸਬਰ ਨਹੀਂ ਕੀਤਾ, ਸਗੋਂ ਰਹਿੰਦੀਆਂ ਸੂਰਜੀ ਤਰੀਕਾਂ ਦਾ ਵੀ ਬਿਕਰਮੀ ਕਰਣ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ। ਇਸ ਸਬੰਧ ਵਿੱਚ ਅਖੌਤੀ ਸੰਤ-ਸਮਾਜ ਵੱਲੋਂ ਜੱਥੇਦਾਰਾਂ ਨੂੰ ਦਿੱਤਾ ਗਿਆ ਮੰਗ ਪੱਤਰ ਵੀ ਪਹਿਲਾਂ ਹੀ ਹੋਈ ਸਾਜ਼ਸ਼ੀ ਗੰਢ-ਤੁਪ ਦਾ ਹਿੱਸਾ ਹੈ।

ਅਨੇਕਾਂ ਹੀ ਦੇਸਾਂ-ਵਿਦੇਸ਼ਾਂ ਦੀਆਂ ਪੰਥ-ਪ੍ਰਸਤ ਜੱਥੇਬੰਦੀਆਂ, ਵੈਬ ਸਾਈਟਾਂ ਅਤੇ ਅਜੋਕੇ ਇਲੈਕਟਰੌਨਿਕ ਮੀਡੀਏ ਵਾਲੇ ਫੇਸਬੁਕ ਗਰੁੱਪਾਂ ਵਲੋਂ ਸਬੰਧਿਤ ਜੱਥੇਦਾਰਾਂ, ਪ੍ਰਧਾਨਾਂ ਨੂੰ ਇਸ ਵਿਸ਼ੇ 'ਤੇ ਕਿਸੇ ਅੰਤਰ-ਰਾਸ਼ਟਰੀ ਮੀਡੀਏ ਰਾਹੀਂ ਸਮੂਹ ਸੰਗਤ ਸਾਹਮਣੇ ਪਾਰਦਰਸ਼ੀ ਤਰੀਕੇ ਨਾਲ ਵਿਚਾਰ-ਚਰਚਾ ਲਈ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਤੋਂ ਬਾਅਦ ਵੀ, ਸਬੰਧਿਤ ਲੋਕਾਂ ਨੇ ਵਿਪਰ ਦੇ ਪ੍ਰਭਾਵ ਅਧੀਨ ਡੂੰਘੀ ਚਾਲ ਨਾਲ ਘੇਸਲ ਵੱਟੀ ਹੋਈ ਹੈ। ਜਿਥੇ ਦੇਸ਼ਾਂ ਵਿਦੇਸ਼ਾਂ ਵਿੱਚ ਹਰ ਤਰਾਂ ਦੇ ਮੀਡੀਏ ਰਾਹੀਂ ਜਾਗਰੂਕਤਾ ਦੀ ਲਹਿਰ ਅਤੇ ਨਾਨਕਸ਼ਾਹੀ ਕੈਲੰਡਰ ਵਾਰੇ ਅਨੇਕਾਂ ਸੈਮੀਨਾਰ ਹੋ ਰਹੇ ਹਨ, ਉਥੇ ਵਰਲਡ ਸਿੱਖ ਫੈਡਰੇਸ਼ਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਰ ਸਬੰਧਿਤ ਧਿਰਾਂ ਅਜੇ ਵੀ ਵਿਪਰੀ ਪ੍ਰਭਾਵ ਨੂੰ ਸੰਗਤਾਂ ਤੇ ਠੋਸਣੋ ਨਹੀਂ ਹਟਦੀਆਂ, ਤਾਂ ਜਲਦੀ ਹੀ ਇਹਨਾਂ ਨੂੰ ਦੇਸ਼-ਵਿਦੇਸ਼ ਵਿੱਚ ਭਾਰੀ ਵਿਦਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਯਾਦ ਰਹੇ ਕਿ ਮਾਰਚ 2011 ਵਿਚ, ਜਦੋਂ ਅਖੌਤੀ ਸੰਤ ਸਮਾਜ ਦੇ ਆਗੂਆਂ ਨੇ ਰਾਮ ਪੁਰ ਖੇੜਾ ਵਿਖੇ ਭਾਈ ਹਰਨਾਮ ਸਿੰਘ ਧੁੰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਨਾਨਕਸ਼ਾਹੀ ਕੈਲੰਡਰ 'ਚ ਕੀਤੀਆਂ ਗਈਆਂ ਸੋਧਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਵਿਚਾਰ ਚਰਚਾ ਕਰਨ ਦੀ ਚੁਨੌਤੀ ਦਿੱਤੀ ਸੀ, ਤਾਂ ਉਦੋਂ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਸੀ ਕਿ "ਸੰਤ ਸਮਾਜ, ਸਿੱਖ ਵਿਦਵਾਨਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਹੇਠ ਬਣੀ ਕਮੇਟੀ ਕਿਸੇ ਵੀ ਮੰਚ ਤੇ ਇਕੱਲੇ ਸ੍ਰ. ਪੁਰੇਵਾਲ ਹੀ ਨਹੀਂ, ਬਲਕਿ ਹਰ ਕਿਸੇ ਦੀ ਤਸੱਲੀ, ਤਰਕ ਨਾਲ ਕਰਵਾਉਣ ਲਈ ਤਿਆਰ ਹੈ" ਉਦੋਂ ਵੀ ਜਾਗਰੂਕ ਧਿਰਾਂ ਨੇ ਇਨ੍ਹਾਂ ਦਾ ਸੱਦਾ ਪ੍ਰਵਾਨ ਕੀਤਾ ਸੀ, ਪਰ ਬਾਬੇ ਮੁੜ ਨਹੀਂ ਕੁਸਕੇ!

ਅੱਜ ਫੇਰ ਜਦੋਂ ਸਾਰੀ ਕੌਮ ਭਾਈ ਗੁਰਬਖਸ਼ ਸਿੰਘ ਵੱਲੋਂ ਅਰੰਭੇ ਗਏ ਸੰਘਰਸ਼ ਪ੍ਰਤੀ ਇਕੱਤਰ ਹੋ ਰਹੀ ਹੈ ਤਾਂ ਸੰਤ ਸਮਾਜ ਨੇ ਆਪਣੇ ਅਕਾਵਾਂ ਨੂੰ ਖੁਸ਼ ਕਰਨ ਅਤੇ ਹੱਕੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਨਵਾ ਹੀ ਰਾਗ ਛੇੜ ਲਿਆ ਹੈ। ਅਸੀਂ, ਅਖੌਤੀ ਸੰਤ ਸਮਾਜ ਵੱਲੋਂ ਛੇੜੇ ਨਵੇ ਮੁੱਦੇ ਤੇ, ਵਿਚਾਰ ਚਰਚਾ ਕਰਨ ਲਈ, ਖੁੱਲਾ ਸੱਦਾ ਦਿੰਦੇ ਹਾਂ। ਇਹਨਾਂ ਰਾਸ਼ਟਰੀ ਸੰਤ ਸਮਾਜ (ਆਰ.ਐਸ.ਐਸ) ਦੇ ਸੇਵਾਦਾਰਾਂ ਨੂੰ ਖੁੱਲਾ ਸੱਦਾ ਹੈ, ਕਿ ਜੇ ਤੁਹਾਡੇ 'ਚ ਸਮਰੱਥਾ ਹੈ, ਤਾਂ ਆਉ ਅੰਤਰਰਾਸ਼ਟਰੀ ਮੰਚ 'ਤੇ ਵਿਚਾਰ ਚਰਚਾ ਅਰੰਭ ਕਰੀਏ, ਤਾਂ ਜੋ ਦੁਨੀਆਂ ਭਰ 'ਚ ਬੈਠੀ ਸਿੱਖ ਕੌਮ ਨਾਲ ਦੀ ਨਾਲ ਅਸਲੀਅਤ ਤੋਂ ਜਾਣੂ ਹੋ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top