Share on Facebook

Main News Page

ਜੱਥੇਦਾਰ ਜੀ, ਅਪਣੀਆਂ ਦੋਗਲੀਆਂ ਨੀਤੀਆਂ ਛੱਡ ਕੇ ਅਕਾਲੀ ਫੂਲਾ ਸਿੰਘ ਬਣੋ
-: ਬੀਬੀ ਨਿਰਪ੍ਰੀਤ ਕੌਰ

ਨਵੀਂ ਦਿੱਲੀ 12 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਚ ਵਾਪਰੇ ਨਵਬੰਰ ੧੯੮੪ ਵਿਚ ਸਿੱਖ ਕਤਲੇਆਮ ਦੇ ਮੁਖ ਸਾਜਿਸ਼ਕਰਤਾ ਸਜੱਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਅਜ ਪ੍ਰੈਸ ਨਾਲ ਗਲਬਾਤ ਦੌਰਾਨ ਕਿਹਾ ਕਿ ਸਜਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਰਾਜਨੀਤਕ ਦਬਾਅ ਪਾਉਣ ਲਈ ਭਾਈ ਗੁਰਬਖ਼ਸ਼ ਸਿੰਘ ਵੱਲੋਂ ਰੱਖੀ ਗਈ ਭੁੱਖ ਹੜਤਾਲ ਜਿਸ ਨੂੰ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗਲਤ ਦਸ ਰਹੇ ਹਨ ਸਾਡੀ ਬੇਨਤੀ ਹੈ ਕਿ ਦੋ ਦਹਾਕੇ ਤੋਂ ਜੇਲ੍ਹਾਂ ਵਿਚ ਰੁਲ ਰਹੇ ਸਿੱਖਾਂ ਦੀ ਰਿਹਾਈ ਲਈ ਕੌਮ ਨੂੰ ਉਹ ਗੁਰਮਤਿ ਅਨੁਸਾਰੀ ਅਗਲਾ ਪ੍ਰੋਗਰਾਮ ਦੇਣ, ਅਸੀਂ ਉਨ੍ਹਾਂ ਦੇ ਨਾਲ ਹਾਂ।

ਬੀਬੀ ਜੀ ਨੇ ਕਿਹਾ ਸਭ ਨੂੰ ਪਤਾ ਹੀ ਹੈ ਕਿ ਹਿੰਦੂ ਮਤ ਅਨੂਸਾਰ ਕਰਵਾਚੌਥ ਦੇ ਵਰਤ ਅਤੇ ਹੋਰ ਇਛਾਵਾਂ ਪੂਰੀਆਂ ਕਰਨ ਲਈ ਰੱਖੇ ਵਰਤਾਂ ਦੀ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਹੈ, ਪਰ ਜੱਥੇਦਾਰ ਸਾਹਿਬ ਜੀ ਨੂੰ ਪਤਾ ਹੋਣਾ ਚਾਹੀਦਾ ਹੈ, ਕਿ ਭਾਈ ਗੁਰਬਖ਼ਸ਼ ਸਿੰਘ ਵੱਲੋਂ ਰਖਿਆ ਗਇਆ ਅਨਸ਼ਨ ਉਨ੍ਹਾਂ ਦੀਆਂ ਨਿੱਜੀ ਲਾਲਸਾਵਾਂ ਪੂਰੀਆਂ ਕਰਨ ਲਈ ਨਹੀਂ, ਸਿੰਘਾਂ ਦੀ ਰਿਹਾਈ ਲਈ ਸਰਕਾਰ ਤੇ ਰਾਜਨੀਤਕ ਦਬਾਅ ਬਣਾਉਣ ਵਾਸਤੇ ਹੈ, ਜਿਹੜਾ ਕਿ ਅਜ ਦੇ ਲੋਕਤੰਤਰਕ ਸਿਸਟਮ ਵਿੱਚ ਬਿਲਕੁਲ ਜਾਇਜ਼ ਹੈ।

ਬੀਬੀ ਨਿਰਪ੍ਰੀਤ ਕੋਰ ਨੇ ਕਿਹਾ ਕਿ ਹਰ ਅੰਦੋਲਨਕਾਰੀ ਦਾ ਇਕ ਨਿਸ਼ਾਨ ਹੁੰਦਾ ਹੈ, ਕਿ ਉਹ ਅਪਣੇ ਅੰਦੋਲਨ ਨੂੰ ਮਿੱਥੇ ਹੋਏ ਨਿਸ਼ਾਨੇ ਤਕ ਲੈ ਕੇ ਜਾਏ । ਜਦ ਮੇਰਾ ਅਨਸ਼ਨ ਪ੍ਰਾਪਤੀ ਦੀ ਸ਼ਿਖਰ ਛੂਹਣ ਲਗਾ ਸੀ ਤਦ ਜੱਥੇਦਾਰ ਸਾਹਿਬ ਜੀ ਤੁਹਾਡੇ ਵਲੋ ਕੀਤੇ ਧੋਖੇ ਨਾਲ ਬਿਨਾਂ ਕਿਸੇ ਪ੍ਰਾਪਤੀ ਤੋਂ ਅਨਸ਼ਨ ਤੁੜਵਾਨ ਕਰਕੇ ਜੋ ਮੰਗਾਂ ਸਾਡੇ ਵਲੋਂ ਸਰਕਾਰ 'ਤੇ ਬਣੇ ਦਬਾਵ ਕਰਕੇ ਮੰਨਣ 'ਤੇ ਆ ਗਈ ਸੀ ਉਹ ਮੰਗਾਂ ਹੁਣ ਤਕ ਨਹੀਂ ਮਨੀਆਂ ਜਾ ਸਕੀਆਂ। ਉਨ੍ਹਾਂ ਕਿਹਾ ਕਿ ਤੁਸੀਂ ਹੁਣ ਕੋਈ ਗਲਤ ਕੁਦਮ ਨਾ ਚੁੱਕ ਲੈਣਾ, ਜਿਸ ਨਾਲ ਸਰਕਾਰ 'ਤੇ ਬਣ ਰਿਹਾ ਦਬਾਵ ਖਤਮ ਹੋ ਜਾਏ ਤੇ ਜੇਲ੍ਹਾਂ ਵਿਚ ਰੁਲ ਰਹੇ ਸਾਡੇ ਵੀਰ ਮੁੜ ਅਪਣੇ ਪਰਿਵਾਰਾਂ ਦੇ ਨਾਲ ਹਸਦੀ ਖੇਡਦੀ ਜਿੰਦਗੀ ਨਾ ਵਸਾ ਸਕਣ ।

ਬੀਬੀ ਜੀ ਨੇ ਕਿਹਾ ਸਭ ਨੂੰ ਇਹ ਗਲ ਪਤਾ ਹੀ ਹੈ, ਕਿ ਧਰਮ ਯੁੱਧ ਮੋਰਚੇ ਦੋਰਾਨ ਕੌਮੀ ਭਾਵਨਾ ਨਾਲ ਜੁੜੇ ਵੀਰ, ਜਿਨ੍ਹਾਂ ਨੇ ਨਿਸਵਾਰਥ ਹੋ ਕੇ ਮੋਰਚੇ ਵਿਚ ਹਿੱਸਾ ਲਿਆ ਤੇ ਕੋਈ ਵੀ ਸਿਆਸੀ ਲੀਡਰ ਨਾਲ ਸੰਬੰਧਿਤ ਨਾ ਹੋਣ ਕਰ ਕੇ, ਉਹ ਅਜ ਤਕ ਜੇਲ੍ਹਾਂ ਵਿਚ ਰੁਲ ਰਹੇ ਹਨ ਜਾਂ ਫਿਰ ਕਾਲੀ ਸੂਚੀ ਵਿਚ ਉਨ੍ਹਾਂ ਦੇ ਨਾਮ ਦਰਜ ਹਨ । ਸਰਕਾਰ ਨੂੰ ਹੁਣ ਚਾਹੀਦਾ ਹੈ ਕਿ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਸਿੱਖ ਵੀਰਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਏ ਤੇ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀ ਕਾਲੀ ਸੁਚੀ ਵੀ ਨਾਲ ਦੇ ਨਾਲ ਖਤਮ ਕਰਕੇ, ਉਨ੍ਹਾਂ ਨੂੰ ਵੀ ਅਪਣੇ ਪਰਿਵਾਰਾਂ ਨਾਲ ਮਿਲਣ ਦਾ ਰਾਹ ਪੱਧਰਾ ਕੀਤਾ ਜਾਏ ।

ਅੰਤ ਵਿਚ ਉਨ੍ਹਾਂ ਕਿਹਾ ਕਿ ਜੱਥੇਦਾਰ ਸਾਹਿਬ ਜੀ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਕਿ ਦੋਗਲੀ ਨੀਤੀਆਂ ਛੱਡ ਕੇ ਅਕਾਲੀ ਫੂਲਾ ਸਿੰਘ ਬਣਦੇ ਹੋਏ ਹੱਥ ਵਿਚ ਫੜੀ ਹੋਈ ਮਿਆਨ ਵਿਚ ਬੰਦ ਕਿਰਪਾਨ ਕੱਢ ਕੇ ਕੌਮ ਦੀ ਅਗਵਾਈ ਕਰੋ, ਜਿਸ ਨਾਲ ਤੁਹਾਡੇ ਕਾਰਜਕਾਲ ਦੌਰਾਨ  ਸਿੱਖ ਕੌਮ ਨੂੰ ਕੁੱਝ ਪ੍ਰਾਪਤੀ ਹੋ ਸਕੇ।


ਟਿੱਪਣੀ:

ਬੀਬੀ ਜੀ, ਹਾਲੇ ਵੀ ਤੁਹਾਨੂੰ ਆਸ ਹੈ, ਕਿ ਇਹ ਟੁੱਕੜਬੋਚ ਕੋਈ ਅਕਲ ਵਾਲਾ ਕੰਮ ਕਰੇਗਾ? ਜਿਸ ਨੇ ਤੁਹਾਡਾ ਅਨਸ਼ਨ ਵੀ ਰੋਲ਼ ਕੇ ਰੱਖ ਦਿੱਤਾ ਸੀ, ਉਸ ਕੋਲੋਂ ਆਸਾਂ ਕਿ ਉਹ ਕਿਰਪਾਨ ਕੱਢ ਕੇ ਕੌਮ ਦੀ ਅਗਵਾਈ ਕਰੇਗਾ, ਹੈਰਾਨੀ ਹੈ!!! ਇਨ੍ਹਾਂ ਦੇ ਕਾਰਜਕਾਲ 'ਚ ਸਿੱਖ ਕੌਮ ਦਾ ਜਿਨਾਂ ਨੁਕਸਾਨ ਹੋਇਆ ਹੈ, ਉਸ ਸ਼ਾਇਦ ਮੁਗਲ ਕਾਲ ਦੌਰਾਨ ਵੀ ਨਾ ਹੋਇਆ ਹੋਵੇ...

ਜਿਸ ਤਰ੍ਹਾਂ ਤੁਹਾਡੇ ਨਾਲ ਧੋਖਾ ਕੀਤਾ ਗਿਆ ਸੀ, ਭਾਈ ਗੁਰਬਖਸ਼ ਸਿੰਘ ਦੇ ਸਿਰ ਦੀ ਬੋਲੀ ਲੱਗ ਚੁਕੀ ਹੈ, ਉਨ੍ਹਾਂ ਨਾਲ ਚੌਵੀ ਘੰਟੇ ਨਿਰੰਤਰ ਦਿੱਖਣ ਵਾਲੇ ਬੰਦੇ ਹੀ ਹਰ ਪਲ ਦੀ ਖਬਰ ਬਾਦਲ ਨੂੰ ਦੇ ਰਹੇ ਹਨ, ਅਤੇ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਕੌਮੀ ਪ੍ਰੋਗ੍ਰਾਮ ਨਹੀਂ ਦਿੱਤਾ ਜਾ ਸਕਿਆ। ਜਿਹੜੇ ਅਖੌਤੀ ਜਥੇਦਾਰਾਂ ਅਤੇ ਸੱਪ ਸਮਾਜ ਤੋਂ ਬੱਚ ਕੇ ਚੱਲਣ ਦੀ ਉਮੀਦ ਸੀ, ਅੱਜ ਆਨੰਦਪੁਰ ਸਾਹਿਬ 'ਚ ਉਹੀ ਮੋਹਰੀ ਸਨ।

ਸਾਨੂੰ ਭਾਈ ਸਾਹਿਬ 'ਤੇ ਕੋਈ ਸ਼ੱਕ ਨਹੀਂ, ਪਰ ਉਨ੍ਹਾਂ ਦੇ ਚੌਗਿਰਦੇ 'ਚ ਚਾਲਬਾਜ਼ ਲੋਕ ਇੱਕਠੇ ਹੋ ਚੁੱਕੇ ਹਨ

ਇਸੇ ਲੜੀ 'ਚ ਸੱਪ ਸਮਾਜ ਵਲੋਂ ਕੱਲ ਅਖੌਤੀ ਜਥੇਦਾਰਾਂ ਨਾਲ ਨਾਨਕਸ਼ਾਹੀ ਕੈਲੰਡਰ ਅਤੇ ਜਿਹੜੀ ਸਿੱਖ ਰਹਿਤ ਮਰਿਆਦਾ ਨੂੰ ਉਹ ਮੰਨਦੇ ਨਹੀਂ, ਉਸ ਵਿੱਚ ਸੋਧ ਕਰਵਾਉਣ ਲਈ ਧੋਖਾਧੜੀ ਚੱਲ ਰਹੀ ਹੈ। ਸਿੱਖ ਅਖਵਾਉਣ ਵਾਲੇ ਜਜ਼ਬਾਤੀ ਹੋ ਕੇ, ਹਰ ਜੰਗ ਹਾਰ ਰਹੇ ਨੇ, ਕਿਉਂਕਿ ਉਨ੍ਹਾਂ ਨੂੰ ਗੁਰੂ ਸਾਹਿਬ ਨਾਲੋਂ ਅਖੌਤੀ ਜਥੇਦਾਰਾਂ ਅਤੇ ਸੱਪ ਸਮਾਜ 'ਤੇ ਭਰੋਸਾ ਹੈ, ਜੋ ਕਿ ਆਪ ਹੀ ਵਿਕੇ ਹੋਏ ਨੇ।

ਅੱਜ ਦਾ ਜ਼ਮਾਨਾ ਸ਼ਰੀਰਕ ਲੜਾਈ ਦਾ ਨਹੀਂ, ਦਿਮਾਗੀ ਖੇਡ ਹੈ। ਮੁਗਲਾਂ ਨੇ ਸਿੱਖਾਂ ਨੂੰ ਸ਼ਰੀਰਕ ਤੌਰ 'ਤੇ ਮਾਰਨ ਦੀ ਕੋਸ਼ਿਸ਼ ਕੀਤੀ, ਉਸ ਵਿੱਚ ਉਹ ਸਫਲ ਨਾ ਹੋਏ, ਪਰ ਬਿਪਰ ਨੇ ਗੁਰੂ ਨਾਨਕ ਸਾਹਿਬ ਤੋਂ ਲੈਕੇ ਆਪਣੀ ਕੋਸ਼ਿਸ਼ ਜਾਰੀ ਰੱਖੀ, ਜੋ ਕਿ ਦਸਾਂ ਗੁਰੂਆਂ ਦੇ ਸ਼ਰੀਰ ਤੌਰ 'ਤੇ ਹੋਣ ਕਰਕੇ ਸਫਲ ਨਾ ਹੋ ਸਕੀ, ਪਰ ਹੌਲੀ ਹੌਲੀ ਉਨ੍ਹਾਂ ਨੇ ਆਪਣਾ ਕੰਮ ਜਾਰੀ ਰੱਖਿਆ, ਜਿਸ ਦਾ ਨਤੀਜ਼ਾ ਹੁਣ ਮਿਲ ਰਿਹਾ ਹੈ, ਆਪ ਦੇਖ ਸਕਦੇ ਹੋ ਸਿੱਖਾਂ ਦਾ ਹਾਲ, ਪੂਰੀ ਤਰ੍ਹਾਂ ਨਾਲ ਬਿਪਰਵਾਦ ਨੇ ਜਕੜ ਲਿਆ ਹੈ। ਤੇ ਅਸੀਂ ਹਰ ਗੱਲ ਕਿਰਪਾਨਾਂ ਕੱਢ ਕੇ ਕਰਦੇ ਹਾਂ, ਅਕਲ ਵਾਲੀ ਗਲ ਕੋਈ ਤਰੇ ਤਾਂ ਹੱਥ ਧੋ ਕੇ ਪਿੱਛੇ ਪੈਂਦੇ ਹਾਂ, ਅਤੇ ਸਿਰਫ ਸਟੇਜਾਂ 'ਤੇ ਦਿੱਤੇ ਲੈਕਚਰਾਂ ਨੂੰ ਹੀ ਪ੍ਰਚਾਰ ਸਮਝਦੇ ਹਾਂ।

ਇਸ ਸੰਘਰਸ਼ 'ਚੋਂ ਵੀ ਹਾਸਿਲ ਕੁੱਝ ਨਹੀਂ ਹੋਣਾ, ਸਿਵਾਏ ਧੋਖੇ ਤੋਂ, ਕਿਉਂਕਿ ਸਾਨੂੰ ਆਪਣੇ ਦੁਸ਼ਮਨ ਦੀ ਪਛਾਣ ਨਹੀਂ। ਜਿਹੜੇ ਸਿੱਖਾਂ ਦੀਆਂ ਜੜਾਂ ਵੱਢ ਰਹੇ ਨੇ, ਉਨ੍ਹਾਂ ਨੂੰ ਜਾ ਕੇ ਬੇਨਤੀਆਂ ਕਰ ਰਹੇ ਹਾਂ ਅਤੇ ਘਿਰੇ ਵੀ ਉਨ੍ਹਾਂ 'ਚ ਹੀ ਹਾਂ।

ਹੁਣ ਇਹ ਨਾ ਸਮਝਿਓ ਕਿ ਖ਼ਾਲਸਾ ਨਿਊਜ਼ ਨੈਗੇਟਿਵ ਗੱਲਾਂ ਕਰ ਰਹੀ ਹੈ, ਨਿਰਾਸ਼ ਹੋ ਚੁਕੀ ਹੈ, ਨਹੀਂ, ਸਾਡਾ, ਕੰਮ ਸੱਚਾਈ ਪੇਸ਼ ਕਰਨਾ ਹੈ, ਤੇ ਸਮੇਂ ਸਿਰ ਆਗਾਹ ਕਰਨਾ। ਇਹ ਸੱਚਾਈ ਬਿਆਨ ਕੀਤੀ ਹੈ। ਸਾਨੂੰ ਹਾਲੇ ਵੀ ਆਸ ਹੈ, ਕਿ ਜਿਸ ਦਿਨ ਸਿੱਖ ਆਪਣਾ ਆਗੂ, ਆਪਣਾ ਜਥੇਦਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਕੇ, ਗੁਰੂ ਦੀ ਸਿੱਖਿਆ ਅਨੁਸਾਰ ਚੱਲਣਗੇ, ਫਿਰ ਇਹ ਟੁਕੜਬੋਚ ਜਾਂ ਸੱਪ ਕੁੱਝ ਵੀ ਵਿਗਾੜ ਨਹੀਂ ਸਕਣਗੇ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top