Share on Facebook

Main News Page

ਅਖੌਤੀ ਸੰਤ ਸਮਾਜ ਨੇ ਨਾਨਕਸ਼ਾਹੀ ਕੈਲੰਡਰ ਦੇ ਬਦਲੇ ਬਿਕਰਮੀ ਕੈਲੰਡਰ ਲਾਗੂ ਕਰਨ ਅਤੇ ਸਿੱਖ ਰਹਿਤ ਮਰਿਯਾਦਾ 'ਚ ਸੋਧ ਦੀ ਕੀਤੀ ਮੰਗ

ਅੰਮ੍ਰਿਤਸਰ 11 ਦਸੰਬਰ (ਜਸਬੀਰ ਸਿੰਘ) "ਸਰਕਾਰ ਨਿਵਾਜ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ" ਨੇ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ, ਇੱਕ ਵਾਰੀ ਫਿਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਧਰਮ ਸੰਕਟ ਵਿੱਚ ਪਾਉਂਦਿਆਂ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰੀ ਤਰ੍ਹਾਂ ਖਤਮ ਕਰਕੇ, ਪਹਿਲ ਵਾਲਾ ਬਿਕਰਮੀ ਕੈਲੰਡਰ ਲਾਗੂ ਕੀਤਾ ਜਾਵੇ ਤਾਂ ਕਿ ਨਾਨਕਸ਼ਾਹੀ ਕੈਲੰਡਰ ਕਾਰਨ ਸੰਗਤਾਂ ਵਿੱਚ ਪਈ ਦੁਬਿੱਧਾ ਨੂੰ ਦੂਰ ਕੀਤਾ ਜਾਵੇ, ਜਦ ਕਿ ਜਥੇਦਾਰ ਨੇ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਨ ਦਾ ਭਰੋਸਾ ਦੇ ਕੇ ਮਾਮਲਾ ਹਾਲ ਦੀ ਘੜੀ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ।

ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸਰਕਾਰ ਨਿਵਾਜ਼ ਸੰਤ ਸਮਾਜ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਮੁੱਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ, ਬਾਬਾ ਹਰੀ ਸਿੰਘ ਰੰਧਾਵੇ ਵਾਲੇ ਮੁੱਖ ਸਕੱਤਰ, ਸੁਖਚੈਨ ਸਿੰਘ ਧਰਮ ਪੁਰਾ ਜਨਰਲ ਸਕੱਤਰ, ਸੇਵਾ ਸਿੰਘ ਸੀਨੀਅਰ ਮੀਤ ਪ੍ਰਧਾਨ, ਸੰਤ ਦਰਸ਼ਨ ਸਿੰਘ, ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ, ਸੰਤ ਗੁਰਦੇਵ ਸਿੰਘ ਭਾਈ ਕੀ ਸਮਾਧ, ਸਤਨਾਮ ਸਿੰਘ ਨਾਨਕਸਰ ਸਮਾਧ ਭਾਈ, ਅਮਰਜੀਤ ਸਿੰਘ ਚਾਵਲਾ, ਹਰਦੇਵ ਸਿੰਘ ਤਲਵੰਡੀ ਅਰਾਂਈਆ, ਸੰਤ ਚਰਨਜੀਤ ਸਿੰਘ ਜੱਸੋਵਾਲ, ਸੁਖਦੇਵ ਸਿੰਘ ਦਮਦਮੀ ਟਕਸਾਲ, ਭਾਈ ਅਮਰਜੀਤ ਸਿੰਘ ਨਾਨਕਸਰ ਧਰਮਕੋਟ, ਸੰਤ ਬਾਬਾ ਹਰਭਜਨ ਸਿੰਘ ਨਾਨਕਸਰ ਕਲੇਰਾਂ ਵਾਲੇ, ਭਾਈ ਗੁਰਮੀਤ ਸਿੰਘ, ਹਰਦਿਆਲ ਸਿੰਘ, ਜਥੇਦਾਰ ਗੱਜਣ ਸਿੰਘ ਤਰੁਨਾ ਦਲ, ਨਾਗਰ ਸਿੰਘ ਹਰੀਆ ਵੇਲਾਂ ਵਾਲੇ, ਨਾਰੰਗ ਸਿੰਘ, ਜਥੇਦਾਰ ਵੱਸਣ ਸਿੰਘ ਮੜੀਆਵਾਲੇ ਆਦਿ ਨੇ ਮੁਲਾਕਾਤ ਕੀਤੀ ਤੇ ਜਥੇਦਾਰ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ਭਾਂਵੇ ਬੀਤੇ ਸਾਲ ਨਾਨਕਸ਼ਾਹੀ ਕੈਲੰਡਰ ਨੂੰ ਸੋਧਿਆ ਗਿਆ ਸੀ ਪਰ ਫਿਰ ਵੀ ਬਹੁਤ ਸਾਰੇ ਇਤਿਹਾਸਕ ਦਿਹਾੜਿਆ ਨੂੰ ਲੈ ਕੇ ਸੰਗਤ ਦੁਬਿੱਧਾ ਵਿੱਚ ਹੈ, ਇਸ ਲਈ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ ਪਾ ਕੇ, ਪੁਰਾਣਾ ਬਿਕਰਮੀ ਕੈਲੰਡਰ ਹੀ ਲਾਗੂ ਕੀਤਾ ਜਾਵੇ ਤਾਂ ਕਿ ਸੰਗਤਾਂ ਵਿੱਚ ਪਾਏ ਜਾਂਦੇ ਭਰਮ ਭੁਲੇਖੇ ਦੂਰ ਹੋ ਸਕਣ।

ਬਾਬਾ ਹਰਨਾਮ ਸਿੰਘ ਧੁੰਮਾਂ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਚੱਲ ਰਹੇ ਵਾਦ- ਵਿਵਾਦ ਨਾਲ ਸਿੱਖ ਕੌਮ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੇ ਕਿੰਤੂ ਪ੍ਰੰਤੂ ਵੀ ਉਠ ਸਕਦਾ ਹੈ, ਕਿਉਂਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜੱਥੇਬੰਦੀਆਂ ਆਦਿ ਵਿੱਚ ਜੋ ਸਿੱਖ ਇਤਿਹਾਸ ਦੀ ਕਥਾ ਪ੍ਰਚੱਲਤ ਹੈ, ਉਹਨਾਂ ਇਤਿਹਾਸਕ ਤਰੀਕਾਂ ਤੇ ਹੋਰ ਇਤਿਹਾਸਕ ਦਿਹਾੜਿਆ ਦੇ ਸਰੋਤਾਂ ਨਾਲ ਮੌਜੂਦਾ ਕੈਲੰਡਰ ਦੀਆਂ ਤਰੀਕਾਂ ਦਾ ਪੂਰੀ ਤਰ੍ਹਾਂ ਸੁਮੇਲ ਨਹੀਂ ਬੈਠਦਾ, ਇਸ ਲਈ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਜਥੇਦਾਰ ਜੀ ਕੋਲੋ ਮੰਗ ਕਰਦਾ ਹੈ ਕਿ ਇਤਿਹਾਸ ਮੁਤਾਬਕ ਪੁਰਾਤਨ ਕੈਲੰਡਰ ਨੂੰ ਲਾਗੂ ਕਰਕੇ ਸਿੱਖ ਕੌਮ ‘ਚੋ ਪੈਦਾ ਹੋ ਰਹੀ ਦੁਬਿੱਧਾ ਨੂੰ ਖਤਮ ਕੀਤਾ ਜਾਵੇ।

ਇਸੇ ਤਰ੍ਹਾਂ ਮੰਗ ਪੱਤਰ ਰਾਹੀ ਸਿੱਖ ਪੰਥ ਵਿੱਚ ਅੰਮ੍ਰਿਤ ਦੀਆਂ ਪੰਜ ਬਾਣੀਆਂ ਅਤੇ ਸ਼ਾਮ ਨੂੰ ਸ੍ਰੀ ਰਹਿਰਾਸ ਅਤੇ ਕੀਰਤਨ ਸੋਹਲੇ ਭਾਵ ਨਿਤਨੇਮ ਦੀਆਂ ਬਾਣੀਆਂ ਬਾਰੇ ਵੀ ਪੈਦਾ ਕੀਤੇ ਜਾ ਰਹੇ ਤਮਾਮ ਭੁਲੇਖਿਆਂ ਨੂੰ ਵੀ ਦੂਰ ਕਰਕੇ, ਸੁਮੱਚੇ ਸਿੱਖ ਪੰਥ ਨੂੰ ਇਕਸੁਰਤਾ ਦੀ ਸੇਧ ਦਿੱਤੀ ਜਾਵੇ। ਸੰਤ ਸਮਾਜ ਨੇ ਮੰਗ ਕੀਤੀ ਕਿ ਇਸ ਕਾਰਜ ਨੂੰ ਬਿਨਾਂ ਕਿਸੇ ਦੇਰੀ ਤੋ ਨੇਪਰੇ ਚਾੜਿਆ ਜਾਵੇ।

ਦੂਸਰੇ ਪਾਸੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਨਗੇ ਤੇ ਪੰਜ ਸਿੰਘ ਸਾਹਿਬਾਨ ਦੀ ਸਹਿਮਤੀ ਨਾਲ ਹੀ ਕੋਈ ਫੈਸਲਾ ਕੀਤਾ ਜਾਵੇਗਾ, ਪਰ ਜਥੇਦਾਰ ਜੀ ਦੀ Body Language ਦੱਸ ਰਹੀ ਸੀ, ਕਿ ਉਹ ਇਹ ਫੈਸਲਾ ਬੜੇ ਹੀ ਦੁੱਖੀ ਹਿਰਦੇ ਨਾਲ ਲੈ ਰਹੇ ਹਨ।

ਕੁਝ ਸੂਤਰਾਂ ਤੋ ਜਾਣਕਾਰੀ ਮਿਲੀ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਮੰਗ ਪੱਤਰ ਨੂੰ ਲੈ ਕੇ ਧਰਮ ਸੰਕਟ ਵਿੱਚ ਫਸ ਗਏ ਹਨ, ਕਿਉਕਿ ਪਹਿਲਾਂ ਵੀ ਮੂਲ ਰੂਪ ਵਿੱਚ ਕੈਲੰਡਰ ਵਿੱਚ ਤਬਦੀਲੀ ਕਰਾਉਣ ਲਈ ਇਸੇ ਹੀ ਸਰਕਾਰ ਨਿਵਾਜ ਸੰਤ ਸਮਾਜ ਨੇ ਜੋਰ ਪਾਇਆ ਸੀ ਤੇ ਜਥੇਦਾਰ ਨੇ ਖਾਨਾ ਪੂਰਤੀ ਕਰਨ ਲਈ ਦੋ ਮੈਬਰੀ ਕੈਲੰਡਰ ਸੋਧ ਕਮੇਟੀ ਬਣਾਈ ਸੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਤੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਦ ਕਿ ਇਹਨਾਂ ਦੋਹਾਂ ਨੂੰ ਕੈਲੰਡਰ ਬਾਰੇ ਕੋਈ ਮੂਹਾਰਤ ਹਾਸਲ ਨਹੀਂ, ਪਰ ਇਹਨਾਂ ਦੀਆ ਸਿਫਾਰਸ਼ਾਂ ਤੇ ਹੀ ਅਸਲੀ ਕੈਲੰਡਰ ਨੂੰ ਬਣਾਉਣ ਵਿੱਚ ਲਗਾਈ ਗਈ 20 ਸਾਲ ਦੀ ਮਿਹਨਤ ਦਾ ਸਤਿਆਨਾਸ਼ ਹੋ ਗਿਆ ਸੀ ਤੋਂ ਸੋਧਿਆ ਹੋਇਆ ਕੈਲੰਡਰ ਜਥੇਦਾਰ ਨੇ ਲਾਗੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਕੈਲੰਡਰ ਵਿੱਚ ਮਰਜੀ ਮੁਤਾਬਕ ਸੋਧ ਕਰਵਾ ਕੇ ਵੀ ਇਸ ਸਰਕਾਰ ਨਿਵਾਜ ਸੰਤ ਸਮਾਜ ਦੀ ਤਸੱਲੀ ਨਹੀਂ ਹੋਈ ਤੇ ਹੁਣ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦਾ ਹੀ ਬੀੜਾ ਚੁੱਕ ਲਿਆ ਗਿਆ ਹੈ।

ਇਸੇ ਤਰ੍ਹਾਂ ਇੱਕ ਕੈਲੰਡਰ ਸਬ ਕਮੇਟੀ ਵੀ ਬਣਾਈ ਗਈ ਹੈ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਰਾਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਦੇ ਦੋ ਸਕੱਤਰ ਸ੍ਰ. ਰੂਪ ਸਿੰਘ ਤੇ ਸਤਬੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਬ ਕਮੇਟੀ ਨੂੰ ਸਾਰੇ ਅਧਿਕਾਰ ਦਿੱਤੇ ਗਏ ਹਨ ਕਿ ਉਹ ਜਿਹੜੀ ਵੀ ਸੋਧ ਕਰਨਾ ਚਾਹੁੰਦੀ ਆਪਣੀ ਮਰਜ਼ੀ ਨਾਲ ਕਰ ਲਵੇ, ਪਰ ਇਸ ਕਮੇਟੀ ਨੇ ਸਿੱਖ ਸੰਗਤਾਂ ਕੋਲੋਂ ਆਪਣੀ ਖੱਲ ਬਚਾਉਦਿਆਂ ਮੁੜ ਮਾਮਲਾ ਜਥੇਦਾਰ ਅਕਾਲ ਤਖਤ ਦੇ ਪਾਲੇ ਵਿੱਚ ਭੇਜ ਦਿੱਤਾ ਹੈ। ਇਸ ਸਾਰੀ ਪ੍ਰੀਕਿਰਿਆ ਤੋ ਇੰਜ ਜਾਪਦਾ ਹੈ ਕਿ ਇਸ ਵਾਰੀ ਨਾਨਕਸ਼ਾਹੀ ਕੈਲੰਡਰ ਛੱਪਣ ਦੀ ਉਮੀਦ ਕਾਫੀ ਘੱਟ ਹੈ, ਕਿਉਂਕਿ ਮਾਮਲਾ ਇੱਕ ਵਾਰੀ ਫਿਰ ਵਿਚਾਰ ਪ੍ਰੀਕਿਰਿਆ ਵਿੱਚ ਪੈ ਗਿਆ ਹੈ, ਜੋ ਨਾਨਕਸ਼ਾਹੀ ਕੈਲੰਡਰ ਦੀ ਪੂਰਣ ਰੂਪ ਵਿੱਚ ਭੋਗ ਪਾਉਣ ਵੱਲ ਵੱਧ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top