Share on Facebook

Main News Page

ਇਕ ਪਾਸੇ ਤਾਂ ਭਾਈ ਰਾਜੋਆਣਾ ਭਾਰਤੀ ਸੰਵਿਧਾਨ ਨੂੰ ਨਾ ਮੰਨ ਕੇ ਅਦਾਲਤਾਂ ਵਿਚ ਰੌਲਾ ਪਾਂਉਦਾ ਹੈ, ਦੂਜੇ ਪਾਸੇ ਭਾਰਤੀ ਸੰਵਿਧਾਨ ਤਹਿਤ ਆਪਣੀ ਭੈਣ ਨੂੰ ਚੋਣ ਲੜਾ ਰਿਹਾ ਹੈ ?
-: ਗੁਰਨਾਮ ਸਿੰਘ ਅਕੀਦਾ

- ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਲਾਏ ਪਿੰਡਾਂ ਵਿਚ ਪੋਸਟਰ
- ਮੈਂ ਪੰਥ ਵਿਰੋਧੀ ਗਤੀਵਿਧੀਆਂ ਦਾ ਕੇਂਦਰ ਬਿੰਦੂ ਮੋਤੀ ਮਹਿਲ ਵਿਚੋਂ ਰਾਜ ਖਤਮ ਕਰਨਾ ਚਾਹੁੰਦਾ ਹਾਂ : ਭਾਈ ਰਾਜੋਆਣਾ
- ਅਸੀਂ ਅਕਾਲੀਆਂ ਤੇ ਕਾਂਗਰਸੀਆਂ ਦੋਵਾਂ ਨੂੰ ਭਜਾਉਣ ਲਈ ਆਏ ਹਾਂ : ਬੀਬੀ ਕਮਲਦੀਪ ਕੌਰ

ਪਟਿਆਲਾ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੰਬ ਕਾਂਡ ਵਿਚ ਫਾਂਸੀ ਦੀ ਸਜਾ ਦੀ ਉਡੀਕ ਵਿਚ ਪਟਿਆਲਾ ਜੇਲ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਧਰਮ ਭੈਣ ਕਮਲਦੀਪ ਕੌਰ ਦਾ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜਨ ਦਾ ਐਲਾਨ ਜਦੋਂ ਤੋਂ ਕੀਤਾ ਹੈ ਤਾਂ ਇਥੇ ਸਿੰਘਾਂ ਵਿਚ ਕਾਫੀ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਹਨ, ਖਾਸ ਕਰਕੇ ਸਮਾਣਾ ਹਲਕੇ ਵਿਚ ਅੱਜ ਕੱਲ ਭਾਈ ਰਾਜੋਆਣਾ ਦੇ ਆਪਣੀ ਭੈਣ ਕਮਲਦੀਪ ਕੌਰ ਨਾਲ ਪੋਸਟਰ ਦਿਵਾਰਾਂ ਤੇ ਲੱਗੇ ਦੇਖਣ ਨੂੰ ਮਿਲ ਰਹੇ ਹਨ।

ਇਨ੍ਹਾਂ ਪੋਸਟਰਾਂ ਤੇ ਜੋ ਸ਼ਬਦਾਵਲੀ ਹੈ, ਉਹ ਮਹਿਜ ਸਿੱਖ ਕੌਮ ਨੂੰ ਹਿਲਾਉਣ ਵਾਲੀ ਹੈ, ਜਿਸ ਦੀ ਸ਼ੁਰੂਆਤ ਇਕ ਸੇਅਰ ਨਾਲ ਹੁੰਦੀ ਹੈ 'ਕੀ ਇਹ ਇਨਸਾਫ ਹਾਉਮੇਂ ਦੇ ਪੁੱਤ ਕਰਨਗੇ, ਕੀ ਇਹ ਖਾਮੋਸ ਪੱਥਰ ਦੇ ਬੁੱਤ ਕਰਨਗੇ। ਜੋ ਸਲੀਬਾਂ ਤੇ ਟੰਗੇ ਆ ਲੱਥਣੇ ਨਹੀਂ, ਰਾਜ ਬਦਲਣਗੇ ਸੂਰਜ ਚੜਨ ਲਹਿਣਗੇ।' ਇਹ ਸੇਅਰ ਕਹਿ ਭਾਈ ਰਾਜੋਆਣਾ ਕਹਿੰਦਾ ਹੈ ਉਸ ਦੀ ਅਸਲ ਵਾਰਸ ਬੀਬੀ ਕਮਲਦੀਪ ਕੌਰ ਹੈ ਜਿਸ ਨੇ ਉਸ ਦੇ ਦੁੱਖ ਸੁੱਖ ਵਿਚ ਸਾਥ ਦਿਤਾ ਹੈ ਅਤੇ ਉਹ ਹੁਣ ਪਟਿਆਲਾ ਤੋਂ ਮੇਰੇ ਵਲੋਂ ਲੋਕ ਸਭਾ ਸੀਟ ਤੋਂ ਚੋਣ ਲੜੇਗੀ। ਜਿਥੇ ਉਹ ਕਾਂਗਰਸ ਵਿਰੁੱਧ ਲਿਖ ਕੇ ਉਸ ਨੂੰ ਕਾਤਲ ਹੁਕਮਰਾਨ ਕਹਿੰਦਾ ਹੈ ਉਥੇ ਹੀ ਆਪਣੇ ਜੀਵਨ ਬਾਰੇ ਲਿਖਦਾ ਹੋਇਆ ਕਹਿੰਦਾ ਹੈ ਕਿ ਉਸ ਨੇ 18 ਸਾਲਾਂ ਤੋਂ ਕੌਮ ਲਈ ਆਪਣਾ ਆਪਾ ਵਾਰਿਆ ਹੈ ਅਤੇ ਉਹ ਜਿਸ ਕੰਮ ਲਈ ਅੱਗੇ ਵਧਿਆ ਪਿਛੇ ਨਹੀਂ ਹਟਿਆ, ਬੇਸਕ ਉਹ ਫਾਸੀਂ ਹੀ ਕਿਉਂ ਨਾ ਹੋਵੇ।

ਉਹ ਕਾਂਗਰਸ ਨੂੰ ਕਾਤਲ ਕਹਿੰਦਾ ਹੈ ਅਤੇ ਇਹ ਵੀ ਅਣਜਾਣੇਪੁਣੇ ਵਿਚ ਕਹਿ ਦਿੰਦਾ ਹੈ ਕਿ ਉਹ ਉਨ੍ਹਾਂ ਦੇ ਵਿਰੁੱਧ ਹੈ ਜਿਨ੍ਹਾਂ ਨੇ ਸਾਡੀ ਧਰਤੀ ਮਾਂ ਦੀ ਹਿੱਕ ਤੇ ਮੁੰਬਈ ਦੀਆਂ ਡਾਂਸਰ ਨਚਾ ਕੇ ਸਾਡਾ ਮਜਾਕ ਉਡਾਇਆ ਹੈ, ਉਸ ਨੇ ਕਿਹਾ ਹੈ ਕਿ ਮੇਰਾ ਉਮੀਦਵਾਰ ਮੇਰੀ ਭੈਣ ਕਮਲਦੀਪ ਕੌਰ ਅਜਾਦ ਤੌਰ ਤੇ ਹੀ ਚੋਣ ਲੜੇਗੀ ਅਤੇ ਉਹ ਤੁਹਾਡੀਆਂ ਸੇਵਾਵਾਂ ਵਿਚ ਹਮੇਸਾਂ ਹਾਜਰ ਰਹੇਗੀ। ਉਹ ਕਹਿੰਦਾ ਹੈ ਕਿ ਮੈਂ ਸੰਘਰਸ ਦੇ ਦੂਜੇ ਪੜਾ ਦੀ ਸ਼ੁਰੂਆਤ ਪਟਿਆਲਾ ਤੋਂ ਹੀ ਕਰਨਾ ਚਾਹੁੰਦਾ ਹਾਂ ਜਿਥੇ ਕਿ 15 ਸਾਲਾਂ ਤੋਂ ਕਾਂਗਰਸ ਦੀ ਨੁਮਾਇਦਗੀ ਕਰਨ ਵਾਲੀ ਮੋਤੀ ਮਹਿਲ ਦੇ ਕਬਜੇ ਵਿਚ ਹੈ। ਮੋਤੀ ਮਹਿਲ ਖਾਲਸਾ ਦੇ ਵਿਰੁੱਧ ਰਚੀਆਂ ਜਾ ਰਹੀਆਂ ਸਾਜਿਸ਼ਾਂ ਦਾ ਕੇਂਦਰ ਬਿੰਦੂ ਹੈ, ਇਹ ਮੋਤੀ ਮਹਿਲ ਖਾਲਸਾ ਰਾਜ ਦੇ ਪੰਥ ਨੂੰ ਗੁਮਰਾਹ ਕਰਨ ਵਾਲੇ, ਸਿੱਖ ਸੰਘਰਸ਼ ਦੀ ਪਿੱਠ ਤੇ ਛੁਰਾ ਮਾਰਨ ਵਾਲੇ, ਇਸ ਨੂੰ ਫਿਰਕੂ ਰੰਗ ਦੇਣ ਵਾਲੇ ਦਿਲੀ ਦਰਬਾਰ ਦੇ ਕਰਿੰਦਿਆਂ ਦਾ ਮੁੱਖ ਦਫਤਰ ਹੈ। ਭਾਈ ਰਾਜੋਆਣਾ ਲਿਖਦੇ ਹਨ ਕਿ ਮੈਂ ਰਜਵਾੜਿਆਂ ਸਰਮਾਏਦਾਰਾਂ ਦੇ ਵਿਰੁੱਧ ਆਪਣਾ ਸੰਘਰਸ਼ ਜਾਰੀ ਕਰ ਰਿਹਾ ਹਾਂ, ਇਸ ਦਾ ਖਾਤਮਾ ਹੋਵੇ ਇਸ ਲਈ ਉਸ ਨੇ ਪਟਿਆਲਾ ਤੋਂ ਚੋਣ ਲੜਨ ਦਾ ਫੈਸਲਾ ਲਿਆ ਹੈ। ਮੇਰੀ ਭੈਣ ਕਮਲਦੀਪ ਕੌਰ ਨੂੰ ਮੇਰੀ ਵਾਰਸ ਸਮਝਕੇ ਉਸ ਨੂੰ ਪੰਥ ਦੀ ਵਾਰਸ ਸਮਝਕੇ ਉਸ ਦਾ ਸਹਿਯੋਗ ਦੇਣਾ।

ਇਹ ਪੋਸਟਰ ਪੜਕੇ ਇੰਜ ਲਗਦਾ ਹੈ ਕਿ ਭਾਈ ਰਾਜੋਆਣਾ ਕਾਂਗਰਸ ਨੂੰ ਹਰਾਉਣਾ ਚਾਹੁੰਦਾ ਹੈ, ਜਾਂ ਫਿਰ ਉਸ ਨੂੰ ਇਹ ਆਸ ਹੈ ਕਿ ਅਕਾਲੀ ਦਲ ਬਾਦਲ ਵਾਲੇ ਉਸ ਦਾ ਸਹਿਯੋਗ ਦੇਣਗੇ, ਉਹ ਆਪਣਾ ਉਮੀਦਵਾਰ ਪਟਿਆਲਾ ਤੋਂ ਨਹੀਂ ਖੜਾਉਣਗੇ। ਜਿਸ ਕਰਕੇ ਲੋਕ ਉਸ ਦਾ ਸਾਥ ਦੇਣਗੇ, ਪਰ ਇਸ ਤਰ੍ਹਾਂ ਸਾਇਦ ਨਾ ਹੋਵੇ ਕਿਉਂਕਿ ਬਾਦਲ ਦਲ ਸਾਇਦ ਇੰਨੀ ਕੁਰਬਾਨੀ ਨਾ ਕਰ ਸਕੇ। ਉਸ ਨੇ ਤਾਂ ਹੁਣ ਤੱਕ ਇਹ ਫੈਸਲਾ ਕੀਤਾ ਹੈ ਕਿ ਰੱਖੜਾ ਪਰਵਾਰ ਨੂੰ ਹੀ ਟਿਕਟ ਦਿਤੀ ਜਾਵੇ, ਜੇਕਰ ਬਾਦਲ ਵਲੋਂ ਇਸ ਚੋਣ ਵਿਚ ਵੱਖਰਾ ਉਮੀਦਵਾਰ ਖੜਾ ਕੀਤਾ ਜਾਂਦਾ ਹੈ ਤਾਂ ਇਹ ਸਪਸ਼ਟ ਹੈ ਕਿ ਬੀਬੀ ਕਮਲਦੀਪ ਕੌਰ ਨੂੰ ਵੋਟ ਅਕਾਲੀ ਦਲ ਦੀ ਹੀ ਪੈਣੀ ਹੈ, ਅਕਾਲੀ ਦਲ ਦੀ ਵੋਟ ਵਿਚੋਂ ਜੋ ਭਾਜਪਾ ਦੀ ਵੋਟ ਵੀ ਉਹੀ ਅਕਾਲੀ ਉਮੀਦਵਾਰ ਨੂੰ ਪੈ ਸਕਦੀ ਹੈ ਜਾਂ ਫਿਰ ਜੋ ਪੱਕੇ ਵਰਕਰ ਹਨ ਉਹ ਹੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟ ਪਾਉਣਗੇ ਆਮ ਅਕਾਲੀ ਸਿੱਖੀ ਕਰਕੇ ਵੋਟ ਕਮਲਦੀਪ ਕੌਰ ਨੂੰ ਪਾਉਣਗੇ ਪਰ ਕਾਂਗਰਸੀ ਕੋਈ ਵੀ ਵੋਟ ਬੀਬੀ ਕਮਲਦੀਪ ਕੌਰ ਨੂੰ ਨਹੀਂ ਪਾਵੇਗਾ। ਇਸ ਕਰਕੇ ਬੀਬੀ ਦੇ ਵੋਟਾਂ ਵਿਚ ਖੜਨ ਦਾ ਲਾਭ ਸਿੱਧਾ ਹੀ ਮਹਾਰਾਣੀ ਪ੍ਰਨੀਤ ਕੌਰ ਨੂੰ ਹੋਵੇਗਾ, ਜਿਸ ਨੂੰ ਉਹ ਹਰਾਉਣ ਲਈ ਖੜਾ ਹੈ। ਫਿਰ ਉਸ ਦਾ ਇਹ ਮਾਮਲਾ ਤਾਂ ਗਲਤ ਹੋ ਗਿਆ, ਦੂਜਾ ਭਾਈ ਰਾਜੋਆਣਾ ਕਹਿੰਦਾ ਰਿਹਾ ਹੈ ਕਿ ਉਹ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਉਹ ਉਸ ਸੰਵਿਧਾਨ ਦੇ ਤਹਿਤ ਆਪਣੀ ਫਾਸੀਂ ਦੀ ਸਜਾ ਵੀ ਮਾਫ ਨਹੀਂ ਕਰਾਏਗਾ। ਪਰ ਸਾਇਦ ਉਸ ਦੇ ਸਲਾਹਕਾਰ ਇਹ ਨਹੀਂ ਜਾਣਦੇ ਕਿ ਜੋ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ ਉਹ ਵੀ ਤਾਂ ਭਾਰਤੀ ਸੰਵਿਧਾਨ ਦੇ ਅਧੀਨ ਹੀ ਆਂਉਦੀਆਂ ਹਨ? ਜੇਕਰ ਭਾਈ ਰਾਜੋਆਣਾ ਇਸ ਤਰ੍ਹਾਂ ਕਰਦੇ ਹਨ ਤਾਂ ਇਸ ਦਾ ਮਤਲਵ ਹੈ ਉਹ ਭਾਰਤੀ ਸੰਵਿਧਾਨ ਵਿਚ ਵਿਸ਼ਵਾਸ ਰੱਖਦੇ ਹਨ। ਉਹ ਦੁਬਾਰਾ ਜੋੜ ਤੋੜ ਕਰਨ ਜਿਸ ਤੋਂ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਉਹ ਕਮਲਦੀਪ ਕੌਰ ਨੂੰ ਉਮੀਦਵਾਰ ਐਲਾਨ ਕੇ ਅਸਲ ਵਿਚ ਕਾਂਗਰਸ ਦਾ ਹੀ ਅਚੇਤ ਤੌਰ ਤੇ ਲਾਭ ਕਰ ਰਹੇ ਹਨ।

ਅਸੀਂ ਅਕਾਲੀਆਂ ਤੇ ਕਾਂਗਰਸੀਆਂ ਦੋਵਾਂ ਨੂੰ ਭਜਾਉਣ ਲਈ ਆਏ ਹਾਂ
-: ਬੀਬੀ ਕਮਲਦੀਪ ਕੌਰ

ਇਸ ਬਾਰੇ ਜਦੋਂ ਬੀਬੀ ਕਮਲਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਵੀਰ ਜੀ (ਭਾਈ ਬਲਵੰਤ ਸਿੰਘ ਰਾਜੋਆਣਾ) ਨੇ ਪਹਿਲਾਂ ਜਦੋਂ ਅਦਾਲਤਾਂ ਵਿਚ ਆਪਣਾ ਕੋਈ ਵੀ ਵਕੀਲ ਨਹੀਂ ਕੀਤਾ ਨਾ ਹੀ ਅਪਣਾ ਪੱਖ ਰਖਿਆ ਤਾਂ ਉਸ ਵੇਲੇ ਵੀ ਕੌਮ ਨੂੰ ਸੁਨੇਹਾ ਹੀ ਸੀ, ਕਿ ਉਹ ਉਸ ਸਿਸਟਮ ਤੇ ਵਿਸ਼ਵਾਸ਼ ਨਹੀਂ ਕਰਦਾ ਜੋ ਕਿ ਸਿੱਖਾਂ ਨੂੰ ਬੇਗੁਨਾਹ ਹੁੰਦੇ ਹੋਏ ਵੀ ਮਾਰ ਰਿਹਾ ਹੈ। ਸਿੱਖਾਂ ਦੀ ਸੁਣਵਾਈ ਨਹੀਂ ਕਰ ਰਿਹਾ , ਪਰ ਹੁਣ ਉਹ ਉਸੇ ਸੰਵਿਧਾਨ ਹੇਠ ਲੋਕ ਸਭਾ ਦੀ ਚੋਣ ਲੜ ਰਹੇ ਹਨ, ਤਾਂ ਇਸ ਦਾ ਮਤਲਵ ਹੈ ਕਿ ਉਹ ਇਹ ਸੁਨੇਹਾ ਦੇ ਰਹੇ ਹਨ ਕਿ ਉਹ ਭਾਰਤੀ ਸੰਵਿਧਾਨ ਤਹਿਤ ਆਪਣੀ ਸਕਤੀ ਨੂੰ ਲੋਕਾਂ ਦੀ ਸ਼ਕਤੀ ਬਣਾ ਕੇ ਚੋਣ ਲੜਣਗੇ ਅਤੇ ਲੋਕ ਉਸ ਦਾ ਸਾਥ ਦੇਣਗੇ।

ਉਸ ਨੇ ਅੱਗੇ ਕਿਹਾ ਕਿ ਸਾਡਾ ਵੋਟ ਟਾਰਗਟ ਸਿਰਫ ਅਕਾਲੀ ਦਲ ਦੀ ਵੋਟ ਹੀ ਨਹੀ ਹੈ ਸਾਡਾ ਵੋਟ ਟਾਰਗਟ ਆਮ ਲੋਕ ਹਨ ਜੋ ਕਿ ਪਿੰਡਾਂ ਵਿਚ ਰਹਿੰਦੇ ਹਨ ਜਿਨ੍ਹਾਂ ਕੋਲ ਪਹਿਲਾਂ ਕੋਈ ਹੋਰ ਵਿਕਲਪ ਹੀ ਨਹੀਂ ਸੀ ਕਿ ਉਹ ਕਾਂਗਰਸ ਤੇ ਅਕਾਲੀ ਦਲ ਤੋਂ ਇਲਾਵਾ ਕਿਸੇ ਹੋਰ ਨੂੰ ਚੁਣ ਲੈਂਦੇ ਪਰ ਹੁਣ ਅਸੀਂ ਉਨ੍ਹਾਂ ਲਈ ਤੀਜੀ ਧਿਰ ਹਾਂ ਤੇ ਉਹ ਸਾਨੂੰ ਵੋਟਾਂ ਪਾਉਣਗੇ ਹੀ, ਉਸ ਨੇ ਕਿਹਾ ਕਿ ਅਸੀਂ ਕੋਈ ਇਕੱਲਾ ਕਾਂਗਰਸ ਨੂੰ ਹਰਾਉਣ ਲਈ ਨਹੀਂ ਮੈਦਾਨ ਵਿਚ ਆਏ ਸਗੋਂ ਅਸੀਂ ਤਾਂ ਸਰਮਾਏਦਾਰਾਂ ਰਾਜਿਆ ਰਜਵਾੜਿਆਂ ਨੂੰ ਵੀ ਹਰਾਉਣ ਲਈ ਆਏ ਹਾਂ, ਜਿਸ ਕਰਕੇ ਸਾਡਾ ਕੋਈ ਇਕ ਟਾਰਗਟ ਨਹੀਂ ਹੈ ਪਰ ਸਾਡਾ ਟਾਰਗਟ ਤਾਂ ਸਾਰੇ ਵੋਟਰ ਹਨ, ਜੋ ਕਿ ਕਾਂਗਰਸੀ ਵੀ ਹਨ ਤੇ ਅਕਾਲੀ ਵੀ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top