Share on Facebook

Main News Page

ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਨੂੰ ਗੱਲਤ ਦੱਸਣ ਵਾਲੇ ਜਥੇਦਾਰ ਗੁਰਮਤਿ ਅਨੁਸਾਰ ਕਿਰਪਾਨ ਚੁੱਕ ਕੇ ਸਾਡੇ ਅੱਗੇ ਲੱਗਣ, ਅਸੀਂ ਉਨ੍ਹਾਂ ਦੇ ਮਗਰ ਲੱਗਾਂਗੇ
-: ਭਾਈ ਪੰਥਪ੍ਰੀਤ ਸਿੰਘ

* ਉਂਝ ਤਾਂ ਸਤਾਧਾਰੀ ਆਗੂ ਅਕਾਲ ਤਖ਼ਤ ਨੂੰ ਮਹਾਨ ਦਸਦੇ ਹਨ ਪਰ ਅਕਾਲ ਤਖ਼ਤ ਦੀ ਮਾਣ ਮਰਯਾਦਾ ਨੂੰ ਇਹ ਟਿੱਚ ਜਾਣਦੇ ਹਨ
* ਗੁਰਦੁਆਰਾ ਅੰਬ ਸਾਹਿਬ ਵਿਖੇ ਭਾਈ ਦਮਨਪ੍ਰੀਤ ਸਿੰਘ ਕੋਲ 24 ਘੰਟੇ ਦਾ ਪਹਿਰਾ ਦੇਣ ਲਈ ਭਾਈ ਪੰਥਪ੍ਰੀਤ ਸਿੰਘ 17 ਦਸੰਬਰ ਦਿਨ ਦੇ 12 ਵਜੇ ਤੋਂ 18 ਦਸੰਬਰ ਦਿਨ ਦੇ 12 ਵਜੇ ਤੱਕ ਆਪਣੇ ਜਥੇ ਸਮੇਤ ਡਿਊਟੀ ਨਿਭਾਉਣਗੇ

ਬਠਿੰਡਾ, 9 ਦਸੰਬਰ (ਕਿਰਪਾਲ ਸਿੰਘ): ਇੱਕ ਪਾਸੇ ਤਾਂ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਭੁੱਖ ਹੜਤਾਲ ’ਤੇ ਬੈਠਾ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਤਿਲ ਤਿਲ ਕਰਕੇ ਮਰ ਰਿਹਾ ਹੈ, ਪਰ ਦੂਸਰੇ ਪਾਸੇ ਸਾਡੇ ਕੌਮੀ ਆਗੂ ਫਿਲਮੀ ਨਚਾਰਾਂ ਦੇ ਨਾਚ ਵੇਖ ਰਹੇ ਹਨ। ਇਹ ਸ਼ਬਦ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਪੁਲਿਸ ਵੱਲੋਂ ਜ਼ਬਰੀ ਚੁੱਕ ਕੇ ਜੇਲ੍ਹ ਭੇਜੇ ਜਾਣ ਪਿੱਛੋਂ ਉਨ੍ਹਾਂ ਦੀ ਥਾਂ ਭੁੱਖ ਹੜਤਾਲ ’ਤੇ ਬੈਠੇ ਭਾਈ ਦਮਨਪ੍ਰੀਤ ਸਿੰਘ ਨੂੰ ਸਮਰਥਨ ਦੇਣ ਲਈ ਬੀਤੇ ਦਿਨ ਪਹੁੰਚੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਉਥੇ ਇਕੱਤਰ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਸਿੱਖ ਇਤਿਹਾਸ ਦਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਮੋਰਾਂ ਨਾਚੀ ਦਾ ਨਾਚ ਵੇਖਣ ’ਤੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਉਸ ਨੂੰ ਅਕਾਲ ਤਖ਼ਤ ’ਤੇ ਸੱਦ ਕੇ ਕੋਰੜਿਆਂ ਦੀ ਸਜ਼ਾ ਸੁਣਾਈ ਸੀ, ਪਰ ਅੱਜ ਸਾਡੇ ਕੌਮੀ ਆਗੂ ਕਰੋੜਾਂ ਰੁਪਏ ਦੇ ਕੇ ਸੱਦੀਆਂ ਫਿਲਮੀ ਨਚਾਰਾਂ ਦੇ ਨਾਚ ਵੇਖ ਰਹੇ ਹਨ।

ਉਨ੍ਹਾਂ ਕਿਹਾ ਇੱਕ ਪਾਸੇ ਤਾਂ ਰੁਜ਼ਗਾਰ ਦੀ ਮੰਗ ਕਰ ਰਹੇ ਪੰਜਾਬ ਦੇ ਨੌਜਵਾਨਾਂ ’ਤੇ ਡਾਂਗਾਂ ਵਰ੍ਹਾਈਆਂ ਜਾ ਰਹੇ ਹਨ ਪਰ ਦੂਸਰੇ ਪਾਸੇ ਲੱਕ ਹਿਲਾ ਕੇ ਨੱਚਣ ਵਾਲੀਆਂ ਫਿਲਮੀ ਨਚਾਰਾਂ ਅਤੇ ਮਿੱਸ ਪੂਜਾ ਵਰਗੀਆਂ ਨੂੰ ਕਰੋੜਾਂ ਰੁਪਏ ਦੇ ਕੇ ਨੌਜਵਾਨਾਂ ਨੂੰ ਆਚਰਣ ਤੋਂ ਡੇਗਣ ਲਈ ਉਨ੍ਹਾਂ ਦੇ ਨਾਚ ਵਿਖਾਏ ਤੇ ਲੱਚਰ ਗਾਣੇ ਸੁਣਵਾਏ ਜਾ ਰਹੇ ਹਨ। ਇਨ੍ਹਾਂ ਦੇ ਨਾਚ ਵੇਖ ਕੇ ਸਾਡੇ ਨੌਜਾਵਾਨਾਂ ਨੇ ਦੇਵਤੇ ਥੋਹੜਾ ਬਣਨਾ ਹੈ ਉਹ ਨਿਸ਼ਾਨ ਅਤੇ ਰਾਣੇ ਵਰਗੇ ਗੁੰਡੇ ਹੀ ਬਣਨਗੇ। ਜਿਹੜੇ ਸਿੱਖ ਨੌਜਵਾਨ ਜਾਲਮਾਂ ਦੀ ਸੰਘੀ ਫੜ੍ਹਦੇ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਸਨ ਉਹ ਇਨ੍ਹਾਂ ਨਚਾਰਾਂ ਤੇ ਲੱਚਰ ਗਾਇਕਾਂ ਦੇ ਗੰਦੇ ਗਾਣੇ ਸੁਣ ਕੇ ਚੁਟਕੀਆਂ ਵਜਾਉਂਦੇ ਤੇ ਉਨ੍ਹਾਂ ਨਾਂਗੇ ਸਾਧਾਂ; ਜਿਨ੍ਹਾਂ ਨੂੰ ਕਪੜੇ ਵੀ ਪਾਉਣੇ ਨਹੀਂ ਆਉਂਦੇ; ਉਨ੍ਹਾਂ ਨਾਥਾਂ ਦੀ ਜੈ ਬੁਲਾਉਣ ਲੱਗ ਪਏ ਹਨ ਕਿਉਂਕਿ ਪੈਸੇ ਦੇ ਪੁੱਤਰ ਇਨ੍ਹਾਂ ਲੱਚਰ ਗਾਇਕਾਂ ਨੇ ਇਨ੍ਹਾਂ ਬਾਬਿਆਂ ਨੂੰ ਹਾਈਲਾਈਟ ਕੀਤਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਥੇਦਾਰ ਅਕਾਲ ਤਖ਼ਤ ਨੂੰ ਚਾਹੀਦਾ ਹੈ ਕਿ ਕਰੋੜਾਂ ਰੁਪਏ ਦੇ ਕੇ ਫਿਲਮੀ ਨਚਾਰਾਂ ਦਾ ਨਾਚ ਵੇਖਣ ਅਤੇ ਨੌਜਵਾਨਾਂ ਨੂੰ ਵਿਖਾਉਣ ਵਾਲੇ ਆਗੂਆਂ ਨੂੰ ਅਕਾਲ ਤਖ਼ਤ ’ਤੇ ਬੁਲਾ ਕੇ ਪੁੱਛਣ ਕਿ ਅਧ-ਨੰਗੀਆਂ ਕੁੜੀਆਂ ਦੇ ਨਾਚ ਵੇਖਣਾ ਸਿੱਖੀ ਸਭਿਆਚਾਰ ਦਾ ਹਿੱਸਾ ਨਹੀਂ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸਿਆਸੀ ਲੋਕਾਂ ਨੇ ਜਦੋਂ ਸਿਆਸੀ ਫਾਇਦਾ ਲੈਣਾ ਹੋਵੇ ਉਸ ਸਮੇਂ ਤਾਂ ਇਹ ਅਕਾਲ ਤਖ਼ਤ ਨੂੰ ਮਹਾਨ ਦਸਦੇ ਹਨ ਪਰ ਅਕਾਲ ਤਖ਼ਤ ਦੀ ਮਾਣ ਮਰਯਾਦਾ ਨੂੰ ਇਹ ਸਤਾਧਾਰੀ ਆਗੂ ਤੇ ਇਨ੍ਹਾਂ ਦਾ ਪ੍ਰਸ਼ਾਸ਼ਨ ਟਿੱਚ ਜਾਣਦੇ ਹਨ। ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ 4 ਦਸੰਬਰ ਨੂੰ ਅਕਾਲ ਤਖ਼ਤ ’ਤੇ; ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਹਾਜਰੀ ’ਚ ਦਰਬਾਰ ਸਾਹਿਬ ਦੇ ਅਰਦਾਸੀਏ ਸਿੰਘ ਵੱਲੋਂ ਅਰਦਾਸ ਕਰਨ ਪਿੱਛੋਂ ਜਥੇਦਾਰ ਨੇ ਖੁਦ ਪੰਜ ਪਿਆਰਿਆਂ ਨੂੰ ਸਿਰੋਪੇ ਦੇ ਕੇ ‘ਬੰਦੀ ਸਿੰਘ ਰਿਹਾਈ ਮਾਰਚ’ ਰਵਾਨਾ ਕੀਤਾ ਪਰ ਉਸ ਨੂੰ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਿਕਲਦਿਆਂ ਹੀ ਪੁਲਿਸ ਨੇ ਰੋਕ ਲਿਆ ਤੇ ਹੱਥੋਪਾਈ ਕਰਦਿਆਂ ਪੰਜ ਪਿਆਰਿਆਂ ਵਿੱਚੋਂ ਇੱਕ ਦੀ ਦਸਤਾਰ ਵੀ ਉਤਾਰ ਦਿੱਤੀ ਤੇ ਦੋ ਢਾਈ ਘੰਟੇ ਪੰਜ ਪਿਆਰਿਆਂ ਸਮੇਤ ਮਾਰਚ ਵਿੱਚ ਸ਼ਾਮਲ ਸਮੁੱਚੀ ਸੰਗਤ ਨੂੰ ਰੋਕੀ ਰੱਖਿਆ; ਤਾਂ ਸਾਡੇ ਸਤਾਧਾਰੀ ਅਕਾਲੀਆਂ ਲਈ ਅਕਾਲ ਤਖ਼ਤ ਦੀ ਮਰਯਾਦਾ ਅਤੇ ਉਥੇ ਕੀਤੀ ਅਰਦਾਸ ਦਾ ਕੀ ਮਹੱਤਵ ਰਹਿ ਜਾਂਦਾ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਫਰਾਂਸ ਵਿੱਚ ਦਸਤਾਰ ’ਤੇ ਲੱਗੀ ਪਾਬੰਦੀ ਅਤੇ ਹਵਾਈ ਅੱਡਿਆਂ ’ਤੇ ਸੁਰੱਖਿਆ ਦਸਤਿਆਂ ਵੱਲੋਂ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਸਮੇਂ ਤਾਂ ਇਹ ਆਗੂ ਰੋਸ ਮੁਜਾਹਰੇ ਕਰਦੇ ਹਨ; ਜਿਹੜੇ ਕਿ ਸਿੱਖ ਹੋਣ ਦੇ ਨਾਤੇ ਸਾਨੂੰ ਕਰਨੇ ਵੀ ਚਾਹੀਦੇ ਹਨ ਪਰ ਪੰਜਾਬ ਵਿੱਚ ਹੀ ਅਕਾਲੀ ਰਾਜ ਦੌਰਾਨ ਪੁਲਿਸ ਹਰ ਰੋਜ ਸਿੱਖਾਂ ’ਤੇ ਡਾਂਗ ਵਰ੍ਹਾਉਂਦੀ ਹੋਈ ਦਸਤਾਰਾਂ ਉਤਾਰ ਰਹੀ ਹੈ; ਇੱਥੋਂ ਤੱਕ ਕਿ ਪੰਜ ਪਿਆਰਿਆਂ ਨੂੰ ਵੀ ਨਹੀਂ ਬਖ਼ਸ਼ਿਆ ਜਾਂਦਾ ਤਾਂ ਇੱਥੇ ਦਸਤਾਰ ਦੀ ਬੇਅਦਬੀ ਕਰ ਰਹੀ ਪੁਲਿਸ ਵਿਰੁੱਧ ਕਾਰਵਾਈ ਕਦੋਂ ਹੋਵੇਗੀ? ਅਕਾਲੀ ਸਰਕਾਰ ਦੇ ਹੁੰਦਿਆਂ ਸ਼ਰਾਬ ਪੀ ਕੇ ਪੁਲਿਸ ਮੁਲਾਜਮਾਂ ਦਾ ਗੁਰਦੁਆਰੇ ਵਿੱਚ ਦਾਖ਼ਲ ਹੋ ਕੇ ਮਨੁੱਖੀ ਹੱਕਾਂ ਦੀ ਬਹਾਲੀ ਦੀ ਮੰਗ ਕਰ ਰਹੇ ਭਾਈ ਗੁਰਬਖ਼ਸ਼ ਸਿੰਘ ਨੂੰ ਬੇਅਦਬੀ ਭਰੇ ਢੰਗ ਨਾਲ ਕਣਕ ਦੀ ਬੋਰੀ ਵਾਂਗ ਚੁੱਕ ਕੇ ਗੱਡੀ ’ਚ ਸੁਟਣਾਂ ਬੇਸ਼ਰਮੀ ਦੀ ਹੱਦ ਹੈ। ਇਸ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਸਿੱਖਾਂ ਦੇ ਭੇਸ ਵਿੱਚ ਕੇਸਰੀ ਪਟਕੇ ਬੰਨ੍ਹ ਕੇ, ਹੱਥਾਂ ਵਿੱਚ ਕੇਸਰੀ ਝੰਡੀਆਂ ਫੜ ਕੇ ਸਤਿਨਾਮ ਦਾ ਜਾਪ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ ਸ਼ਰਾਬੀ ਪੁਲਿਸੀਆਂ ਨੇ ਸਿੱਖੀ ਸਰੂਪ ਦੀ ਭਾਰੀ ਬੇਅਦਬੀ ਕੀਤੀ ਹੈ ਜਿਹੜੀ ਕਿ ਬਖ਼ਸ਼ਣਯੋਗ ਨਹੀਂ ਹੈ, ਇਸ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਅਕਾਲੀ ਸਰਕਾਰ ਦੇ ਮੁਖੀ ਨੂੰ ਇਨ੍ਹਾਂ ਦੋਸ਼ੀ ਪੁਲਿਸੀਆਂ ਵਿਰੁੱਧ ਕਾਰਵਾਈ ਕਰਨ ਦੀ ਹਦਾਇਤ ਕਰਨ।

ਭਾਈ ਪੰਥਪ੍ਰੀਤ ਸਿੰਘ ਨੇ ਅੱਗੇ ਹੋਰ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਰਾਜਨੀਤਕ ਦਬਾਅ ਪਾਉਣ ਲਈ ਭਾਈ ਗੁਰਬਖ਼ਸ਼ ਸਿੰਘ ਵੱਲੋਂ ਰੱਖੀ ਗਈ ਭੁੱਖ ਹੜਤਾਲ ਜੇ ਜਥੇਦਾਰ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਮੁਤਾਬਿਕ ਗਲਤ ਹੈ, ਤਾਂ ਉਹ ਗੁਰਮਤਿ ਅਨੁਸਾਰੀ ਅਗਲਾ ਪ੍ਰੋਗਰਾਮ ਦੇਣ, ਅਸੀਂ ਉਨ੍ਹਾਂ ਦੇ ਮਗਰ ਹਾਂ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਧਾਰਮਿਕ ਤੌਰ ’ਤੇ ਵਰਤ ਰੱਖਣੇ ਜਿਵੇਂ ਕਿ ਬੀਬੀਆਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖੇ ਜਾਣ ਵਾਲੇ ਕਰਵਾਚੌਥ ਦੇ ਵਰਤ ਅਤੇ ਹੋਰ ਇਛਾਵਾਂ ਪੂਰੀਆਂ ਕਰਨ ਲਈ ਰੱਖੇ ਵਰਤਾਂ ਦੀ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਹੈ। ਪਰ ਭਾਈ ਗੁਰਬਖ਼ਸ਼ ਸਿੰਘ ਵੱਲੋਂ ਰੱਖੇ ਗਏ ਵਰਤ ਦਾ ਕਿਸੇ ਦੀ ਉਮਰ ਵਧਾਉਣ ਜਾਂ ਉਨ੍ਹਾਂ ਦੀਆਂ ਨਿੱਜੀ ਲਾਲਸਾਵਾਂ ਪੂਰੀਆਂ ਕਰਨ ਲਈ ਨਹੀਂ ਹੈ ਬਲਕਿ ਸਿੰਘਾਂ ਦੀ ਰਿਹਾਈ ਲਈ ਰਾਜਨੀਤਕ ਦਬਾਅ ਬਣਾਉਣ ਵਾਸਤੇ ਹੈ ਜਿਹੜਾ ਕਿ ਰਾਜਨੀਤਕ/ਲੋਕਤੰਤਰਕ ਸਿਸਟਮ ਵਿੱਚ ਬਿਲਕੁਲ ਜਾਇਜ਼ ਹੈ। ਜਿਹੜੇ ਜਥੇਦਾਰ ਇਸ ਵਰਤ ਨੂੰ ਗਲਤ ਦੱਸ ਕੇ ਸਰਕਾਰ ਦਾ ਪੱਖ ਪੂਰ ਰਹੇ ਹਨ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੱਸਿਆ ਰਾਹ ਤਾਂ ਕਿਰਪਾਨ ਉਠਾਉਣਾ ਹੈ: ‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥22॥’ (ਜ਼ਫ਼ਰਨਾਮਾ) ਇਸ ਲਈ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਨੂੰ ਗੱਲਤ ਦੱਸਣ ਵਾਲੇ ਜਥੇਦਾਰ ਗੁਰਮਤਿ ਅਨੁਸਾਰ ਕਿਰਪਾਨ ਚੁੱਕ ਕੇ ਸਾਡੇ ਅੱਗੇ ਲੱਗਣ ਅਸੀਂ ਉਨ੍ਹਾਂ ਦੇ ਮਗਰ ਲੱਗਾਂਗੇ।

ਭਾਈ ਸਾਹਿਬ ਜੀ ਦਾ ਇਹ ਸਾਰਾ ਲੈਕਚਰ ਥੱਲੇ ਦੇਖਿਆ / ਸੁਣਿਆ ਜਾ ਸਕਦਾ ਹੈ

ਭਾਈ ਮਨਜੀਤ ਸਿੰਘ ਖ਼ਾਲਸਾ ਮੋਹਾਲੀ ਵੱਲੋਂ ਭਾਈ ਪੰਥਪ੍ਰੀਤ ਸਿੰਘ ਦੀ ਇੰਟਰਵਿਊ

 

 

ਇਸ ਇੰਟਰਵਿਊ ਵਿੱਚ ਉਕਤ ਗੱਲਾਂ ਦੁਹਰਾਉਣ ਤੋਂ ਇਲਾਵਾ, ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਸੂਚੀ ਅਤੇ ਉਨ੍ਹਾਂ ਉਪਰ ਦਰਜ ਕੇਸਾਂ ਦਾ ਵੇਰਵਾ ਪੁੱਛੇ ਜਾਣ ਦਾ ਜਵਾਬ ਦਿੰਦੇ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜੇ ਉਨ੍ਹਾਂ ਨੂੰ ਇਹੀ ਨਹੀਂ ਪਤਾ ਤਾਂ ਉਹ ਦੱਸਣ ਕਿ ਉਨ੍ਹਾਂ ਨੇ ਹੁਣ ਤੱਕ ਆਪਣਾ ਕੀ ਫਰਜ਼ ਅਦਾ ਕੀਤਾ ਹੈ? ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁੰਮਾਇੰਦਾ ਜਥੇਬੰਦੀ ਹੋਣ ਦੇ ਨਾਤੇ ਇਹ ਉਨ੍ਹਾਂ ਦਾ ਫਰਜ਼ ਸੀ ਜਾਂ ਪੰਜਾਬ ਸਰਕਾਰ ਦਾ ਫਰਜ ਹੈ ਕਿ ਉਹ ਇਹ ਜਾਣਕਾਰੀ ਇਕੱਤਰ ਕਰਕੇ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਆਪਣੇ ਵਜੋਂ ਕਾਰਵਾਈ ਆਰੰਭ ਕਰਦੇ। ਉਹ ਆਪਣੇ ਕੌਮੀ ਫਰਜ਼ ਨੂੰ ਨਾ ਭੁੱਲਣ।

ਸਾਨੂੰ ਤਾਂ ਸਿਰਫ ਏਨਾਂ ਪਤਾ ਹੈ ਕਿ ਇਨ੍ਹਾਂ ਸਿੰਘਾਂ ਨੇ ਅਦਾਲਤ ਵੱਲੋਂ ਸੁਣਾਈ ਸਜ਼ਾ ਪੂਰੀ ਕਰ ਲਈ ਹੈ। ਸਜ਼ਾ ਪੂਰੀ ਕਰਨ ਉਪ੍ਰੰਤ ਕਿਸੇ ਨੂੰ ਜੇਲ੍ਹਾਂ ਵਿੱਚ ਰੱਖਣਾ ਗੈਰਕਾਨੂੰਨੀ ਹੈ। ਕਹਿਣ ਨੂੰ ਤਾਂ ਸਭ ਵਾਸਤੇ ਕਾਨੂੰਨ ਇੱਕ ਹੈ ਪਰ ਅਸੀਂ ਵੇਖਦੇ ਹਾਂ ਕਿ ਈਸਾਈ ਮਿਸ਼ਨਰੀ ਨੂੰ ਉਸ ਦੇ ਬੱਚਿਆਂ ਸਮੇਤ ਉਨ੍ਹਾਂ ਦੀ ਗੱਡੀ ਵਿੱਚ ਸੁੱਤਿਆਂ ਨੂੰ ਸਾੜ ਕੇ ਕਤਲ ਕਰਨ ਵਾਲੇ ਦਾਰੇ ਦੀ ਫਾਂਸੀ ਦੀ ਸਜ਼ਾ ਕਿਸ ਤਰ੍ਹਾਂ ਉਮਰ ਕੈਦ ਵਿੱਚ ਤਬਦੀਲ ਕੀਤੀ ਗਈ। 30 ਤੋਂ ਵੱਧ ਸਿੱਖਾਂ ਦੇ ਕਾਤਲ ਕਿਸ਼ੋਰੀ ਬੁੱਚੜ ਨੂੰ ਛੱਡਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੰਜੇ ਦੱਤ ਨੂੰ ਇੱਕ ਮਹੀਨੇ ਪਿੱਛੋਂ ਦੂਜੀ ਵਾਰ ਪੈਰੋਲ ’ਤੇ ਛੱਡਿਆ ਗਿਆ ਕਿਉਂਕਿ ਉਹ ਕਹਿੰਦਾ ਹੈ ਮੇਰੇ ਘਰ ਵਾਲੀ ਬੀਮਾਰ ਹੈ ਜਦੋਂ ਕਿ ਘਰ ਵਾਲੀ ਪਾਰਟੀਆਂ ’ਤੇ ਤੁਰੀ ਫਿਰਦੀ ਹੈ। ਪਰ ਇੱਧਰ ਸਿੱਖਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਪਿੱਛੋਂ ਵੀ ਉਨ੍ਹਾਂ ਨੂੰ ਛੱਡਿਆ ਨਹੀਂ ਜਾ ਰਿਹਾ; ਉਨ੍ਹਾਂ ਨੂੰ ਬੀਮਾਰੀ ਦਾ ਬਹਾਨਾ ਬਣਾ ਕੇ ਪੈਰੋਲ ਤਾਂ ਕੀ ਦੇਣੀ ਸੀ, ਕਈ ਵਾਰ ਤਾਂ ਉਨ੍ਹਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਜਾਣ ਪਿੱਛੋਂ ਉਨ੍ਹਾਂ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ। ਇੱਥੇ ਹੋਰਨਾਂ ਲਈ ਉਮਰ ਕੈਦ ਦਾ ਭਾਵ ਹੈ 14 ਸਾਲ ਪਰ ਸਿੱਖਾਂ ਲਈ ਉਮਰ ਕੈਦ ਦਾ ਭਾਵ ਹੈ ਮੌਤ ਤੱਕ ਜੇਲ੍ਹ ਵਿੱਚ ਬੰਦ ਰੱਖਣਾ। ਇਹ ਵਿਤਕਰਾ ਸਾਫ ਦੱਸਦਾ ਹੈ ਕਿ ਇਸ ਦੇਸ਼ ਵਿੱਚ ਬਹੁ ਗਿਣਤੀ ਲਈ ਕਾਨੂੰਨ ਹੋਰ ਹੈ ਅਤੇ ਘੱਟ ਗਿਣਤੀ ਲਈ ਹੋਰ ਹੈ। ਇਸੇ ਵਿਤਕਰੇ ਅਤੇ ਧੱਕੇਸ਼ਾਹੀ ਵਿਰੁੱਧ ਹੀ ਭਾਈ ਗੁਰਬਖ਼ਸ਼ ਸਿੰਘ ਨੇ ਭੁੱਖ ਹੜਤਾਲ ਰੱਖੀ ਸੀ ਅਤੇ ਅਸੀਂ ਉਨ੍ਹਾਂ ਦੇ ਸਮਰਥਨ ਵਿੱਚ ਇੱਥੇ ਇਕੱਠੇ ਹੋਏ ਹਾਂ।

ਭਾਈ ਪੰਥਪ੍ਰੀਤ ਨੇ ਹੋਰਨਾਂ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਧਾਰਾ 370 ਰੱਦ ਕਰਨ ਦੀ ਗੱਲ ਚੱਲੀ ਸੀ ਤਾਂ ਕਸ਼ਮੀਰੀਆਂ ਨੇ ਇਕੱਠੇ ਹੋ ਕੇ ਉਸ ਵਿਰੁੱਧ ਆਵਾਜ਼ ਉਠਾਈ ਤਾਂ ਉਹ ਧਾਰਾ ਖਤਮ ਕਰਨ ਦੀ ਗੱਲ ਠੱਪ ਹੋ ਕੇ ਰਹੀ ਗਈ। ਰਜੀਵ ਗਾਂਧੀ ਦੇ ਕਾਤਲਾਂ ਦੀ ਮੌਤ ਦੀ ਸਜ਼ਾ ਰੱਦ ਕਰਵਾਉਣ ਲਈ ਜੈ ਲਲਿਤਾ ਨੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾ ਕੇ ਉਨ੍ਹਾਂ ਨੂੰ ਫਾਂਸੀ ਤੋਂ ਬਚਾਇਆ ਤਾਂ ਸਾਡੀ ਕੌਮੀਅਤ ਕਿਉਂ ਮਰਦੀ ਜਾ ਰਹੀ ਹੈ? ਸਾਡੇ ਆਗੂ ਰਾਜ ਤਾਂ ਕਰਨ ਪਰ ਆਪਣਾ ਕੌਮੀ ਫਰਜ ਨਾ ਭੁੱਲਣ, ਕਿਉਂਕਿ ਜੇ ਸਿੱਖਾਂ ਦੀ ਕੌਮੀਅਤ ਹੀ ਮਰ ਗਈ, ਜ਼ਮੀਰ ਹੀ ਮਰ ਗਈ ਤਾਂ ਬੇਅਣਖੇ ਹੋ ਕੇ ਰਾਜ ਕਿੱਥੇ ਕਰਨਾ ਹੈ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਸ ਜ਼ਮੀਰ ਨੂੰ ਜਗਾਉਣ ਲਈ ਭਾਈ ਗੁਰਬਖ਼ਸ਼ ਸਿੰਘ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਰੱਖੀ ਹੈ।

ਖ਼ਬਰ ਮਿਲੀ ਹੈ ਕਿ ਉਹ ਜੇਲ੍ਹ ਵਿੱਚ ਵੀ ਚੜ੍ਹਦੀ ਕਲਾ ਵਿੱਚ ਹਨ ਅਤੇ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਦੋ ਦਿਨਾਂ ਵਿੱਚ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਪਾਣੀ ਪੀਣਾ ਵੀ ਛੱਡ ਦੇਣਗੇ। ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਭਾਈ ਗੁਰਬਖ਼ਸ਼ ਸਿੰਘ ਦੀ ਥਾਂ ਭੁੱਖ ਹੜਤਾਲ ’ਤੇ ਬੈਠੇ ਭਾਈ ਦਮਨਪ੍ਰੀਤ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਜਦ ਤੱਕ ਭਾਈ ਗੁਰਬਖ਼ਸ਼ ਸਿੰਘ ਆਪ ਆ ਕੇ ਉਨ੍ਹਾਂ ਨੂੰ ਨਹੀ ਉਠਾਉਂਦੇ ਜਾਂ ਸਰਕਾਰ ਨੂੰ ਦਿੱਤੀ ਗਈ ਸੂਚੀ ਵਿੱਚ ਦਿੱਤੇ ਗਏ ਸਿੰਘ ਰਿਹਾਅ ਨਹੀਂ ਕੀਤੇ ਜਾਂਦੇ, ਉਤਨੀ ਦੇਰ ਤੱਕ ਉਹ ਭੁੱਖ ਹੜਤਾਲ ’ਤੇ ਬੈਠੇ ਰਹਿਣਗੇ।

ਭਾਈ ਪੰਥਪ੍ਰੀਤ ਸਿੰਘ ਨੇ ਮੀਡੀਏ ’ਤੇ ਇਤਰਾਜ ਕਰਦੇ ਹੋਏ ਕਿਹਾ ਕਿ ਕੁਝਕੁ ਨੂੰ ਛੱਡ ਕੇ ਬਾਕੀ ਦਾ ਮੀਡੀਆ ਵੀ ਸਾਡੇ ਨਾਲ ਵਿਤਕਰਾ ਕਰਦਾ ਹੈ। ਉਦਾਹਰਣ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਅੰਨਾ ਹਜ਼ਾਰੇ ਨੇ ਵਰਤ ਰੱਖਿਆ ਸੀ ਤਾਂ ਸਾਰਾ ਮੀਡੀਆ ਉਥੇ ਪਹੁੰਚਿਆ ਸੀ ਤੇ ਕੈਮਰੇ ਲਾਉਣ ਵਾਸਤੇ ਉਨ੍ਹਾਂ ਨੂੰ ਜਗ੍ਹਾ ਨਹੀਂ ਸੀ ਮਿਲਦੀ ਪਰ ਇੱਥੇ ਟਾਵਿਆਂ ਨੂੰ ਛੱਡ ਕੇ ਕੋਈ ਨਹੀਂ ਪਹੁੰਚ ਰਿਹਾ। ਮੀਡੀਏ ਦੀ ਬੇਰੁਖੀ ਕਾਰਣ ਸਾਡੀ ਗੱਲ ਆਮ ਲੋਕਾਂ ਤੱਕ ਨਹੀਂ ਪਹੁੰਚੀ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਪ੍ਰਚਾਰਕ ਬਣ ਕੇ ਪਿੰਡ ਪਿੰਡ ਗੁਰਦੁਆਰਿਆਂ ਵਿੱਚ ਪਹੁੰਚ ਕੇ ਅਨਾਊਂਸਮੈਂਟਾਂ ਕਰਵਾਈਏ ਤੇ ਸੰਗਤਾਂ ਨੂੰ ਜਾਗਰੂਕ ਕਰੀਏ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਅੰਬ ਸਾਹਿਬ ਵਿਖੇ ਭਾਈ ਦਮਨਪ੍ਰੀਤ ਸਿੰਘ ਕੋਲ 24 ਘੰਟੇ ਦਾ ਪਹਿਰਾ ਦੇਣ ਲਈ ਵੱਖ ਵੱਖ ਜਥੇਬੰਦੀਆਂ ਦੀ ਡਿਊਟੀ ਲਾਈ ਗਈ ਹੈ। ਜਿਸ ਅਨੁਸਾਰ ਉਨ੍ਹਾਂ (ਭਾਈ ਪੰਥਪ੍ਰੀਤ ਸਿੰਘ) ਦੀ 17 ਦਸੰਬਰ ਨੂੰ ਡਿਊਟੀ ਲੱਗੀ ਹੈ ਇਸ ਲਈ ਉਹ 17 ਦਸੰਬਰ ਦਿਨ ਦੇ 12 ਵਜੇ ਤੋਂ 18 ਦਸੰਬਰ ਦਿਨ ਦੇ 12 ਵਜੇ ਤੱਕ ਆਪਣੇ ਜਥੇ ਸਮੇਤ ਡਿਊਟੀ ਨਿਭਾਉਣਗੇ। ਇਸੇ ਤਰ੍ਹਾਂ ਬਾਕੀ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ, ਕਿ ਉਹ ਆਪਣੀ ਡਿਊਟੀ ਲਗਵਾਉਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top