Share on Facebook

Main News Page

ਕੌਮੀ ਕੇਂਦਰਾਂ 'ਤੇ ਕਾਬਜ਼ ਮੌਡਰਨ ਮਸੰਦ
-: ਸ. ਮਨਮੋਹਨ ਸਿੰਘ ਜੰਮੂ

ਪੰਥ ਪਿਆਰ ਵਾਲਿਓ! ਗੁਰਦੁਆਰਾ ਪ੍ਰਬੰਧ ਲਈ ਗੁਰਮਤਿ ਅਨੁਸਾਰ ਗੁਰਦੁਆਰਾ ਜਾਂ ਧਾਰਮਿਕ ਖੇਤਰ ਵਿਚ ਪ੍ਰਬੰਧਕ ਚੁਣਨ ਲਈ ਇਲੈਕਸ਼ਨ ਹੋਣੇ ਚਾਹੀਦੇ ਹਨ ਜਾਂ ਨਹੀ,ਇਹ ਵਿਸ਼ਾ ਵੱਖਰਾ ਹੈ,ਪਰ ਚੌਣ ਕਰਨ ਵੇਲੇ ਸਰਬ ਸਹਿਮਤੀ ਨਾਲ ਸੇਵਾਦਾਰ ਤੇ ਆਗੂ ਚੁਣੇ ਜਾਣੇ ਚਾਹੀਦੇ ਹਨ ਅਤੇ ਸੇਵਾਦਾਰ ਜਾਂ ਆਗੂ ਚੁਣਨ ਲੱਗਿਆਂ ਜਗੀਰਸ਼ਾਹੀ, ਧੜਾ, ਜਾਤ-ਖੇਤਰ ਜਾਂ ਸਿਆਸੀ ਰਸੂਖ ਨਹੀਂ ਬਲਕਿ ਗੁਰਮਤਿ ਅਨੁਸਾਰੀ ਜੀਵਨ, ਸਮਾਜਕ ਅਤੇ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਮੁਖ ਰੱਖਿਆ ਜਾਣਾ ਚਾਹੀਦਾ ਹੈ। ਇਤਿਹਾਸ ਗਵਾਹ ਕਿ ਸ੍ਰ:ਨਵਾਬ ਕਪੂਰ ਸਿੰਘ ਜੀ ਨੂੰ ਜਦੋਂ ਖ਼ਾਲਸਾ ਦਲ ਦਾ ਜੱਥੇਦਾਰ ਚੁਣਿਆਂ ਗਿਆ, ਉਸ ਵੇਲੇ ਉਹ ਘੋੜਿਆਂ ਦੇ ਤਬੇਲਿਆਂ ਵਿਚ ਸਫਾਈ ਅਤੇ ਸੰਗਤ ਵਿਚ ਪੱਖੇ ਦੀ ਸੇਵਾ ਕਰਨ ਵਾਲੇ ਗਰੀਬੜੇ, ਨਿਮਾਣੇ, ਕੌਮ ਦਰਦੀ ਸਿੱਖ ਸਨ।ਉਸ ਵੇਲੇ ਹੋਰ ਵੀ ਸਿੰਘਾਂ ਦੇ ਨਾਂ ਜਥੇਦਾਰੀ ਲਈ ਪੇਸ਼ ਕੀਤੇ ਗਏ, ਪਰ ਪੰਥਕ, ਸਮਾਜਿਕ ਅਤੇ ਇਕ ਕੌਮੀਂ ਜਰਨੈਲ ਵਾਲੇ ਉਨਾ ਵਿਚ ਸਾਰੇ ਗੁਣ ਵੇਖਕੇ ਹੀ ਉਨਾਂ੍ਹ ਨੂੰ ਸਾਰਿਆ ਨੇ ਜੱਥੇਦਾਰ ਚੁਣਿਆ ਸੀ, ਜੋ ਕੌਮ ਲਈ ਰੋਲ ਮਾਡਲ ਸਾਬਤ ਹੋਏ।

ਫਿਰ ਕੌਮੀਂ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਿਮਾਰ ਹੋਣ ਤੇ ਉਸ ਨੂੰ ਅਪੀਲ ਕੀਤੀ ਕਿ ਜੇ ਖ਼ਾਲਸਾ ਰਾਜ ਦੀ ਸਲਾਮਤੀ ਚਾਹੁੰਦੇ ਹੋ ਤਾਂ ਸਿੱਖ ਸਿਧਾਂਤਾਂ ਅਨੁਸਾਰ ਖ਼ਾਲਸਾ ਰਾਜ ਦੀ ਰਹਿਣਮਾਈ ਪੰਥਕ ਪੰਚਾਇਤ ਦੇ ਸਪੂਰਦ ਕੀਤੀ ਜਾਵੇ, ਪਰ ਕੌਮ ਦੇ ਇਸ ਦੂਰ ਅੰਦੇਸ਼ੀ ਜਰਨੈਲ ਦੀ ਆਪੀਲ ਨੂੰ ਬ੍ਰਾਹਮਣਵਾਦੀ ਜਾਲ ਚ ਜਕੜੇ ਮਹਾਰਾਜੇ ਨੇ ਅਣ ਸੁਣਿਆ ਕਰ ਦਿਤਾ ਅਤੇ ਖ਼ਾਲਸਾ ਰਾਜ ਦੀ ਵਾਗਡੌਰ ਡੌਗਰਿਆਂ ਅਤੇ ਆਪਣੇ ਗੁਰਮਤਿ ਤੋਂ ਸਖਣੇ ਪੁਤਰਾਂ ਨੂੰ ਸੌਂਪ ਦਿੱਤੀ।ਇਸ ਤੋਂ ਬਾਅਦ ਇਨਾਂ ਬਾਮਣਵਾਦੀ ਡੌਗਰਿਆਂ ਨੇ ਮਹਾਂਰਾਜੇ ਦੇ ਪੂਰੇ ਪਰਵਾਰ ਨੂੰ ਇਕ ਇਕ ਕਰਕੇ ਕਤਲ ਕਰਵਾ ਦਿੱਤਾ ਅਤੇ ਅੰਗਰੇਜਾਂ ਨਾਲ ਮਿਲਕੇ ਦੇਸ਼ ਤੇ ਸਿੱਖ ਕੌਮ ਨਾਲ ਗੱਦਾਰੀ ਕਰਕੇ ਖ਼ਾਲਸਾ ਰਾਜ ਖ਼ਤਮ ਕਰਵਾ ਕੇ ਖੁਦ ਜੰਮੂ ਕਸ਼ਮੀਰ ਦੇ ਹਾਕਮ ਅਤੇ ਅੰਗਰੇਜਾਂ ਨੂੰ ਪੂਰੇ ਦੇਸ਼ ਦਾ ਮਾਲਕ ਬਣਾ ਦਿਤਾ, ਇਨਾਂ ਸਾਰੇ ਇਤਿਹਾਸਕ ਹਵਾਲਿਆਂ ਨੂੰ ਸਾਹਮਣੇ ਰੱਖਕੇ ਹੀ ਇਹ ਅਪੀਲ ਕਰ ਰਹੇ ਹਾਂ ਕਿ ਕੌਮੀਂ ਕੇਂਦਰਾਂ ਨੂੰ ਮੁੜ ਡੌਗਰਾ ਬਿਰਤੀ ਅਤੇ ਕੌਮਘਾਤੀ ਮਾਨਸਿਕਤਾ ਵਾਲੇ ਲੋਕਾਂ ਹਵਾਲੇ ਨਾ ਕੀਤਾ ਜਾਵੇ।ਪਰ ਜੱਦ ਤੱਕ ਤੁਹਾਡੇ ਇਲਾਕੇ, ਪਿੰਡ, ਸ਼ਹਿਰ, ਜਿਲੇ, ਸਟੇਟ ਜਾਂ ਦੇਸ਼ ਦੀ ਸਿੱਖ ਸੰਗਤ ਦੀ ਗੁਰਮਤਿ ਨੂੰ ਪ੍ਰਣਾਈ ਸੋਚ ਨਹੀਂ ਬਣ ਜਾਂਦੀ।ਉਦੋਂ ਤੱਕ ਅਜਿਹੇ ਨਾਨਕਸ਼ਾਹੀ ਮਾਹੌਲ ਤੇ ਗੁਰਮਤਿ ਇਨਕਲਾਬ ਲਹਿਰ ਦੀ ਉਸਾਰੀ ਲਈ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ।

ਪਰ ਇਸ ਦੇ ਉਲਟ ਪੰਥ ਦੀ ਚੜ੍ਹਦੀ ਕਲਾ ਅਤੇ ਸਰਬਤ ਦੇ ਭਲੇ ਦੇ ਚਾਹਵਾਨ ਲੋਕ ਅਤੇ ਧਿਰਾਂ, ਸਾਲਾਂ ਤੱਕ ਇਸ ਪਾਸੇ ਧਿਆਨ ਨਹੀਂ ਦੇਂਦੀਆਂ ਕਿ ਜਦੋਂ ਮੁੜ ਚੌਣਾ ਆਉਣਗੀਆਂ ਤਾਂ ਧੜਿਆਂ ਦੇ ਸੁਆਰਥੀ ਚਮਚੇ, ਹਰ ਪੱਖੋਂ ਨਲਾਇਕ ਤੇ ਨਿਕੱਮੇਂ ਕਿਸਮ ਦੇ ਬਰਸਾਤੀ ਡਡੂ, ਕੌਮੀ ਕੇਂਦਰਾਂ {ਗੁਰਦੁਆਰਿਆਂ} ਦੇ ਪ੍ਰਬੰਧਕ ਬਣਨ ਲਈ, ਸਾਮ-ਦਾਮ-ਡੰਢ-ਭੇਦ ਦੀ ਨੀਤੀ ਵਰਤ ਕਿ ਦੁਨੀਆਂ ਦੀ ਮਹਾਨ ਕੌਮ ਦੀ ਸਾਲਾਂ ਤੱੱਕ ਰਹਿਨੁਮਾਈ ਕਰਨ ਲਈ ਮੁੜ ਆਗੂ ਚੁਣੇ ਜਾਣਗੇ ਅਤੇ ਸਾਲਾਂ ਤੱਕ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਕਈਂ ਸ਼ਰਾਬੀ ਪ੍ਰਬੰਧਕ ਸਿੱਖਾਂ ਨੂੰ ਖੰਡੇ ਕੀ ਪਾਹੁਲ ਲੈਣ ਤੇ ਨੱਸ਼ਿਆਂ ਦਾ ਤਿਆਗ ਕਰਨ ਦੀ ਸਿੱਖਿਆ ਦੇਣਗੇ। ਸਾਲਾ ਤੱਕ ਅਜਿਹੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਖੜਕੇ ਗੁਰਮਤਿ ਦੀਆਂ ਧੱਜੀਆਂ ਉਡਾਉਣਗੇ, ਗੱਲ ਗੁਰੂ ਗ੍ਰੰਥ ਸਾਹਿਬ ਨੂੰ ਮੰਣਨ ਦੀ ਕਰਨਗੇ, ਪਰ ਸੰਗਤ ਤੇ ਗੁਰੂ ਦੀ ਹਜੂਰੀ ਵਿਚ ਆਪੋ ਆਪਣੀ ਪਾਰਟੀ ਤੇ ਧੜੇ ਦੇ ਆਗੂ ਦੀ ਸਿਫਤ ਸਲਾਹ ਅਤੇ ਉਸ ਨਾਲ ਜੁੜਣ ਦਾ ਕੂੜ ਪ੍ਰਚਾਰ ਕਰਨਗੇ। ਇਹ ਮੁਰਦਾ ਜਮੀਰ ਲੋਕ: ਹਰ ਸਾਲ ਹਜਾਰਾਂ ਦੇ ਭਰੇ ਇਕੱਠ ਵਿਚ ਸੰਸਾਰ ਦੇ ਮੀਡੀਏ ਸਾਹਮਣੇ ਸਿੱਖਾਂ ਦੀ ਖਿੱਲੀ ਉਡਾਣਗੇ, ਫਿਰ ੨੦-੨੫ ਸਾਲਾਂ ਤੋਂ ਪੜੇ ਜਾਂਦੇ ਮੱਤਿਆਂ ਨੂੰ ਪੜਕੇ ਸੰਗਤ ਤੋਂ ਜੈਕਾਰੇ ਲੱਗਵਾਉਂਣਗੇ ਅਤੇ ਆਪੋ ਆਪਣੇ ਸਿਆਸੀ ਆਗੂਆਂ ਨੂੰ ਖੁਸ਼ ਕਰਨ ਅਤੇ ਸਿੱਖਾਂ ਦਾ ਜਲੂਸ ਕੱਢਣ ਲਈ ਅੱਤ ਦੀ ਚਾਪਲੂਸੀ ਕਰਨਗੇ। ਦਿਖਾਵੇ ਵਜੋਂ ਇਹ ਲੋਕ ਸਾਲਾਂ ਤੱਕ ਸਿੱਖ ਜਵਾਨੀ ਨੂੰ ਪੰਥ ਦੀ ਚੜਦੀਕਲਾ ਦੀ ਥਾਂ ਆਪਸੀ ਭਰਾਮਾਰੂ ਝੱਗੜਿਆਂ-ਝਮੇਲਿਆਂ ਵਿਚ ਵਰਤ ਕੇ ਮਰਵਾਉਂਦੇ ਤੇ ਜੇਲਾਂ ਵਿਚ ਭੇਜਦੇ ਅਤੇ ਸਿੱਖਾਂ ਦੇ ਦਿਲਾਂ ਵਿਚ ਸਿੱਖਾਂ ਖ਼ਿਲਾਫ ਨੱਫ਼ਰਤ ਤੇ ਮੱਤਭੇਦ ਪੈਦਾ ਕਰਣਗੇ। ਬੁੱਕਲ ਦੇ ਇਹ ਸੱਪ ਸਾਲਾਂ ਤੱਕ ਨੇਕ ਇਮਾਨਦਾਰ ਸਿਧਾਂਤਕ ਸਿੱਖਾਂ ਨੂੰ ਡੰਗਣਗੇ, ਪਰ ਢੋਂਗ ਡੋਗਰਿਆਂ ਵਾਂਗ ਕੌਮੀਂ ਦਰਦ ਦਾ ਕਰਨਗੇ ਅਤੇ ਸ਼ਹੁਰਤ ਤੇ ਲਾਲਚ ਦੇ ਭੁੱਖੇ ਇਹ ਮਸੰਦ, ਨਿਕੇ ਤੋਂ ਨਿਕੇ ਸੁਆਰਥ ਲਈ ਕੌਮ ਦੀ ਆਨ ਸ਼ਾਨ ਨੂੰ ਦਾਅ ਤੇ ਲਾਹੁੰਦੇ ਰਹਿਣਗੇ। ਸਿੱਖ ਸੰਗਤਾਂ ਦੇ ਅਵੇਸਲੇਪਨ ਕਰਕੇ ਇਹ, ਇਨਸਾਨ ਦੀ ਸ਼ਕਲ ਵਾਲੇ ਆਦਮਖੌਰ ਲੱਕੜ ਬੱਗੇ, ਇਸ ਤਰਾਂ ਸਾਲਾਂ ਤੱਕ ਕੌਮ ਦੀਆਂ ਬੋਟੀਆਂ ਨੋਚਦੇ ਰਹਿਣਗੇ।

ਅਜਿਹੇ ਨਲਾਇਕ ਪ੍ਰਬੰਧਕਾਂ ਕਰਕੇ ਕਿੰਨੀ ਹੀ ਵਾਰ ਕਸ਼ਮੀਰ ਤੋਂ ਕਨਿਆਕੁਮਾਰੀ ਅਤੇ ਦੇਸ਼ਾਂ-ਵਿਦੇਸ਼ਾਂ ਦੇ ਗੁਰਦੁਆਰਿਆਂ ਵਿਚ ਗੋਲੀਆਂ, ਤਲਵਾਰਾਂ ਤੇ ਡਾਂਗਾਂ ਚੱਲ ਚੁੱਕੀਆਂ ਹਨ ਅਤੇ ਪੁਲਿਸ ਦੀ ਦਖਲ ਅੰਦਾਜੀ ਹੁੰਦੀ ਰਹਿੰਦੀ ਹੈ ਅਤੇ ਕਈਂ ਗੁਰੂਦੁਆਰਿਆਂ ਦੀਆਂ ਕਮੇਟੀਆਂ ਦੇ ਪ੍ਰਬੰਧ ਨੂੰ ਲੈਕੇ ਕਈਂ ਧੱੜਿਆਂ ਦੇ ਟੱਕਰਾਵ ਅਤੇ ਆਪਸੀ ਪੰਥਕ ਮੱਸਲੇ ਕੋਰਟਾਂ ਵਿਚ ਚਲ ਰਹੇ ਹਨ,ਆਪਸੀ ਟਕਰਾਵ ਨੇ ਕਈਂ ਵਾਰ ਪੁਲਿਸ ਨੂੰ ਗੁਰਦੂਆਰਿਆਂ ਨੂੰ ਤਾਲੇ ਲਾਉਣ ਲਈ ਮਜ਼ਬੂਰ ਕੀਤਾ ਹੈ ਅਤੇ ਅਜਹੀਆਂ ਸ਼ਰਮਨਾਕ ਖਬਰਾਂ ਦੁਨੀਆਂ ਭਰ ਤੋਂ ਆਉਂਦੀਆਂ ਰਹਿੰਦੀਆਂ ਹਨ,ਖਿਆਲ ਰਹੇ! ਮਸੰਦਾਂ ਤੋਂ ਪ੍ਰਬੰਧ ਲੈਣ ਲਈ ਚੌਣ ਸਿਸਟਮ ਹੋਂਦ ਵਿਚ ਆਇਆ ਸੀ, ਪਰ ਅੱਜ ਵੀ ਗੁਰੂਦੁਆਰੇ ਮੌਡਰਨ ਮਸੰਦਾਂ ਦੇ ਅਦੀਨ ਹਨ।

ਸਾਥੀਓ! ਸਿੱਖਾਂ ਕੌਲ ਗੁਰਦੂਆਰਿਆਂ ਤੋਂ ਇਲਾਵਾਂ ਸਿੱਖੀ ਪ੍ਰਚਾਰ ਦਾ ਹੋਰ ਕੋਈ ਸਾਧਨ ਨਹੀਂ ਹੈ। ਜੇ ਗੁਰਦੁਆਰਿਆਂ ਵਿਚ ਹੀ ਇਹ ਸੱਭ ਕੁੱਝ ਹੋਵੇਗਾ ? ਤਾਂ ਕੌਮ ਦੀ ਜਵਾਨੀ ਨੂੰ ਗੁਰਦੂਆਰਿਆਂ ਵਿਚੋਂ ਕੀ ਸੁਨੇਹਾ ਅਤੇ ਕਹਿੜੀ ਸਿੱਖੀ ਦਾ ਉਪਦੇਸ਼ ਮਿਲੇਗਾ ? ਕੌਮੀਂ ਕੇਂਦਰ ਦੇ ਪ੍ਰਬੰਧਕ ਬਨਣ ਲਈ ਆਪਸ ਵਿਚ ਗਾਲੀ ਗਲੌਚ ਤੇ ਡਾਂਗੋ ਡਾਂਗੀ ਹੋਣ ਦਾ? ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਕਿਸੇ ਵੀ ਹੱਦ ਤੱਕ ਉਤਰ ਜਾਣ ਦਾ? ਪ੍ਰਧਾਨਗੀ ਤੇ ਧੱੜਿਆਂ ਦੇ ਕਬਜੇ ਲਈ ਆਪਣੇ ਹੀ ਸਿੱਖਾਂ ਦੀਆਂ ਪੱਗਾਂ ਉਤਾਰਨ ਦਾ? ਪੰਥ ਵਸੇ ਮੈਂ ਉਜੜਾਂ ਅਤੇ ਸਰਬਤ ਦੇ ਭਲੇ ਦੀ ਥਾਂ, ਆਪਣੇ ਧੜੇ ਤੇ ਲੀਡਰ ਲਈ ਗੁਰੂ ਤੇ ਪੰਥ ਦੀ ਰੱਜ ਕੇ ਨਿਰਾਦਰੀ ਕਰਨ ਦਾ? ਕੀ ਅਜਿਹੇ ਪ੍ਰਬੰਧਕਾਂ ਅਤੇ ਲੀਡਰਾਂ ਦੇ ਹੁੰਦਿਆਂ ਕਦੀ ਕੌਮ ਦੀ ਚੜਦੀਕਲਾ ਹੋ ਸਕਦੀ ਹੈ? ਕਦੀ ਵੀ ਨਹੀਂ,ਜੇ ਗੁਰੂ ਤੇ ਪੰਥ ਨਾਲ ਜ਼ਰਾ ਜਿੰਨਾ ਵੀ ਪਿਆਰ ਹੈ ਤਾਂ ਧਿਆਨ ਦੇਣਾ!

ਸੱਭ ਕੁੱਝ ਪਤਾ ਹਣ ਦੇ ਬਾਵਜੂਦ ਵੀ ਪੰਥਕ ਧਿਰਾਂ ਅਤੇ ਸਿੱਖ ਸੰਗਤਾਂ ਸਾਲਾਂ ਤੱਕ ਇੰਨਾਂ ਕੌਮਘਾਤੀ ਅਨਸਰਾਂ ਤੂੰ ਬੇ-ਖਬਰ ਕਿਉਂ ਰਹਿੰਦੀਆਂ ਹਨ ? ਤੇ ਸਿਰਫ ਇਲੈਕਸ਼ਨਾਂ ਦੇ ਆਉਂਦਿਆਂ ਹੀ ਬੈਠਕਾਂ, ਮੀਟਿੰਗਾਂ, ਨਵੀਂ ਕਮੇਟੀਆਂ-ਫਰੰਟਾਂ, ਸਾਂਝੇ ਮੋਰਚਿਆਂ ਦਾ ਸਿਲ-ਸਿਲਾ ਸ਼ੁਰੂ ਕਿਉਂ ਕਰਦੀਆਂ ਹਨ? ਦਸੋ! ਚੰਦ ਦਿਨਾਂ ਲਈ ਪੰਥ ਦਰਦ ਦਾ ਨਗਾਰਾ ਕੁੱਟਣ ਦਾ, ਕੀ ਫਾਇਦਾ? ਇਹ ਤਾਂ ਓਹੀ ਗੱਲ ਹੋਈ, ਅੱਗ ਲੱਗੀ ਤੇ ਖੂਹ ਪੁੱਟਣ ਲੱਗ ਪਏ। ਸਮਝਦਾਰ ਤੇ ਸੁਚੇਤ ਸਿੱਖਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਬਿਪਰਵਾਦੀ ਤਾਕਤਾਂ ਨੇ ਸਦੀਆਂ ਤੋਂ ਕੀਤੇ ਜਾ ਰਹੇ ਮਨੋਵਿਗਿਆਨਕ ਹਮਲਿਆਂ ਜਿਵੇਂ ਕਿ ਬ੍ਰਾਹਮਣਵਾਦ ਵਾਂਗ ਹਰ ਛੋਟੀ ਮੋਟੀ ਗੱਲ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਵਹਿਮ, ਭਰਮ, ਪਾਪ-ਪੁੰਨ ਤੇ ਸਰਾਪ ਆਦਿ ਕਰਮਕਾਂਡੀ ਗੱਲਾਂ ਦਾ ਡਰ, ਖ਼ੌਫ ਅਤੇ ਅੰਧ ਵਿਸ਼ਵਾਸ਼ੀ ਤੇ ਮਨਮਤੀ ਪ੍ਰਚਾਰ ਰਾਹੀਂ ਲੋਕਾਂ ਨੂੰ ਇਨਾਂ ਕਮਜ਼ੋਰ ਇਕ ਕਿਸਮ ਦਾ ਘੱਸਿਆਰਾ ਕਰ ਦਿੱਤਾ ਹੈ ਕਿ ਉਹ ਸ਼ਕਲ ਦਾ ਹੀ ਸਿੱਖ ਰਹਿ ਗਿਆ ਹੈ, ਅਕਲ ਤੋਂ ਪੂਰਾ ਬ੍ਰਾਹਮਣਵਾਦੀ ਬਣਾ ਦਿੱਤਾ ਗਿਆ ਹੈ।ਪਰ ਬਹੁਤੀ ਥਾਈ ਤਾਂ ਸ਼ਕਲ ਦਾ ਵੀ ਨਹੀਂ ਰਿਹਾ, ਸਿੱਖਾਂ ਨੂੰ ਯਾਦ ਰੱਖਨਾ ਚਾਹੀਦਾ ਹੈ ਕਿ ਗੁਰੂ ਦਸਮੇਸ਼ ਜੀ ਨੇ ਸਿੱਖਾਂ ਨੂੰ ਇਕ ਖੋਤੇ ਤੇ ਸ਼ੇਰ ਦੀ ਖੱਲ ਪੁਆ ਕੇ ਭੇਖੀ-ਜਾਲੀ ਅਤੇ ਅਸਲ ਸਿੱਖ ਦਾ ਫ਼ਰਕ ਸਮਝਾਇਆ ਸੀ ਤਾਂ ਕਿ ਕੋਈ ਵੀ ਘੁੱਸਪੈਠੀਆਂ ਭੇਖੀ ਮਨੁੱਖ, ਸਿੱਖੀ ਵਾਲਾ ਭੇਖ ਬਣਾਕੇ ਸਿੱਖਾਂ ਨੂੰ ਧੋਖਾ ਨਾ ਦੇ ਸਕੇ।ਪਰ ਅਜ ਵੀ ਹਜ਼ਾਰਾਂ ਖੌਤੇ ਸ਼ੇਰ ਦੀ ਖੱਲ ਪਾਕੇ, ਲਗਾਤਾਰ ਸ਼ੇਰਾਂ ਦੀ ਕੌਮ ਨੂੰ ਧੋਖਾ ਦੇ ਰਹੇ ਹਨ। ਜਿਸ ਦਾ ਮਤਲਬ ਹੈ ਕਿ ਸ਼ੇਰਾਂ ਵਿਚ ਵੀ ਸ਼ੇਰਾਂ ਵਾਲੀ ਗੱਲ ਨਹੀਂ ਰਹੀ ਜਾਂ ਫਿਰ ਇਹ ਸਰਕਸ ਦੇ ਸ਼ੇਰ ਹੀ ਬਣਕੇ ਰਹਿ ਗਏ ਹਨ, ਜੋ ਸਿਰਫ ਆਪਣੇ ਸਿਆਸੀ ਆਗੂਆਂ ਦੇ ਇਸ਼ਾਰੇ ਹੀ ਸਮਝਦੇ ਹਨ ਕਿਉਂਕਿ ਇਨਾਂ ਕੋਲ ਕੋਈ ਅਜ਼ਾਦ ਬਾਦਸ਼ਾਹੀ ਹਸਤੀ ਜਾਂ ਸਿੰਘ ਗਰਜ ਰਹੀ ਹੀ ਨਹੀਂ ?

ਸਾਥੀਓ! ਕੋਈ ਵੀ ਲੋਕ ਲਹਿਰ ਰਾਤੋ ਰਾਤ ਨਹੀਂ ਬਣ ਜਾਂਦੀ, ਇਸ ਲਈ ਜ਼ਮੀਨ ਤਿਆਰ ਕਰਨੀ ਪੈਂਦੀ ਹੈ। ਜੋ ਲਹਿਰ ਰਾਤੋ ਰਾਤ ਬਣ ਜਾਵੇ ਉਹ ਵੱਕਤੀ ਹੁਲਾਰੇ ਤੋਂ ਵੱਧ ਕੁਝ ਨਹੀਂ ਹੁੰਦੀ।ਪਿਛਲੇ ਦਿਨਾਂ ਵਿਚ ਚਲੀਆਂ ਕੁਝ ਲਹਿਰਾਂ ਰਾਮ ਰਹੀਮ ਸੋਦਾ ਸਾਧ ਤੇ ਕੇਸਰੀ ਲਹਿਰ ਆਦਿ ਇਸ ਦੇ ਪ੍ਰਮਾਣ ਹਨ, ਖਾਲਸਾ ਜੀ! ਜੇ ਤੁਸੀ ਚਾਹੁੰਦੇ ਹੋ ਕਿ ਕੌਮੀਂ ਕੇਂਦਰਾਂ ਦੇ ਪ੍ਰਬੰਧਕ ਅਤੇ ਕੌਮੀਂ ਪਾਰਟੀਆਂ, ਸੰਸਥਾਵਾਂ ਦੇ ਆਗੂ ਅਸਲ ਵਿਚ ਸੱਚੇ ਸੁੱਚੇ ਕੌਮ ਦੇ ਸਪੂਤ ਹੋਣ ਤਾਂ ਤੁਹਾਨੂੰ ਆਪਣਿਆਂ ਬੱਚਿਆਂ ਦੀ ਜੀਵਨ ਉਸਾਰੀ ਵਾਂਗ ਹੀ, ਕੌਮ ਦੀ ਜਵਾਨੀ ਵੱਲ ਵੀ ਧਿਆਣ ਦੇਣਾ ਪਵੇਗਾ। ਜੇ ਪੰਥ ਦਰਦੀ ਵੀ ਸਿਰਫ਼ ਇਲੈਕਸ਼ਨਾਂ ਦੇ ਨੇੜੇ ਹੀ ਸਰਗਰਮ ਹੁੰਦੇ ਹਨ ਅਤੇ ਸਾਲਾ ਤੱਕ ਹੋਰ ਗੱਲਾਂ ਬਾਤਾਂ ਜਾਂ ਵਿਵਾਦਾਂ ‘ਚ ਉਲਝੇ ਰਹਿੰਦੇ ਹਨ, ਤਾਂ ਉਨਾਂ ਵਿਚ ਅਤੇ ਅਖੌਤੀ ਆਗੂਆਂ ਦੇ ਬਰਸਾਤੀ ਡੱਡੂਆਂ ਵਿਚ ਕੋਈ ਬਹੁਤਾ ਫਰਕ ਨਹੀਂ ਰਵੇਗਾ।

ਖੈਰ! ਹਾਲ ਦੀ ਘੜੀ ਕੌਮੀ ਦਰਦ ਰੱਖਣ ਵਾਲੇ ਸਿੱਖਾਂ ਨੂੰ ਅਖੌਤੀ ਸਿੱਖ ਆਗੂਆਂ ਅਤੇ ਕੁਝ ਹੱਦ ਤੱਕ ਪੰਥਕ-ਪ੍ਰਚਾਰਕ ਆਗੂਆਂ ਦੀ ਆਪਸੀ ਖਾਨਾ-ਜੰਗੀ, ਦੋਸ਼ਾਂ ਤੇ ਇਲਜਾਮਾਂ ਦੇ ਸਿਲਸਲੇ ਅਤੇ ਇਕ ਦੂਜੇ ਤੋਂ ਵੱਡਾ ਕਹਿਲਾਉਣ ਦੀ ਦੌੜ, ਜਾਤੀ ਮੁਫਾਦਾਂ ਤੇ ਅਹੰਕਾਰੀ ਬਿਰਤੀ ਲਈ ਕੌਮੀਂ ਸਾਂਝ ਨੂੰ ਖੇਰੂ ਖੇਰੂ ਕਰਨ ਵਰਗੀ ਕਾਰਵਾਈਆਂ ਨੇ ਬੁਰੀ ਤਰਾਂ ਨਿਰਾਸ਼ ਕੀਤਾ ਹੋਇਆ ਹੈ।

ਕੁਝ ਅਜਿਹੇ ਸੇਵਾਦਾਰ ਵੀ ਹਨ ਜਿੰਨਾਂ ਦੀ ਸੇਵਾ ਦਾ ਖੇਤਰ ਬੱਸ ਉਨਾਂ ਦੇ ਆਕਾ ਦੇ ਹੁਕਮ ਤੱਕ ਸੀਮਤ ਹੈ।ਉਸ ਤੋਂ ਵੱਧ ਨਾ ਉਹ ਸੋਚ ਸਕਦੇ ਹਨ ਨਾ ਬੋਲ ਸਕਦੇ ਹਨ ਅਤੇ ਇਸ ਤੋਂ ਵੱਧ ਜੇ ਉਹ ਕੁਝ ਕਰ ਸਕਦੇ ਹਨ ਤਾਂ ਆਪਣੇ ਧੜੇ ਅਤੇ ਆਗੂ ਦੇ ਹਰ ਇਕ ਮਾੜੇ, ਪੰਥ ਤੇ ਮਨੁੱਖਤਾ ਵਿਰੋਧੀ ਕਾਰਵਾਈ ਨੂੰ ਅਨਗੋਲਿਆਂ ਕਰਕੇ ਉਸ ਦੀ ਰੱਜ ਕੇ ਖੁਸ਼ਾਮਦੀਦ। ਇਨਾਂ ਪ੍ਰਚਾਰਕਾਂ ਲਈ ਕੌਮੀਂ ਮਸਲੇ, ਸੱਚ, ਹੱਕ, ਗੁਰਮਤਿ ਸਿਧਾਂਤ ਅਤੇ ਇਨਸਾਨੀਅਤ ਕੋਈ ਮਾਇਨੇ ਨਹੀਂ ਰੱਖਦੀ। ਇਨਾਂ ਦੇ ਧੜੇ ਜਾਂ ਆਗੂ ਦਾ ਹੁਕਮ ਹੀ ਇਨਾਂ ਲੋਕਾਂ ਲਈ ਇਲਾਹੀ ਫ਼ਰਮਾਨ ਹੁੰਦਾ ਹੈ। ਇਨਾਂ ਵਿਚ ਕਈਂ ਪਖੰਡੀ-ਅਖੌਤੀ ਨਿਤਨੇਮੀ ਤੇ ਅੰਮ੍ਰਿਤਧਾਰੀ ਵੀ ਸ਼ਾਮਲ ਹਨ, ਜਿਨਾਂ ਨੂੰ ਪੰਥਕ ਤੇ ਗੁਰਸਿੱਖ ਨਹੀਂ ਮੰਨਿਆ ਜਾ ਸਕਦਾ, ਕਿਉਕਿ ਗੁਰਮਤਿ ਭੇਖ ਦਾ ਨਹੀਂ ਬਲਕਿ ਗੁਰਮਤਿ ਸਿਧਾਂਤਾਂ ਦੇ ਅਧਾਰਤ ਜੀਵਣ ਜੀਉਣ ਦਾ ਨਾਂ ਹੈ। ਗੁਰਬਾਣੀ ਵੀ ਪੜਣੀ ਅਤੇ ਪੁੱਣਛੀ, ਮੁੱਜਫਰਾਵਾਦੀ, ਕਸ਼ਮੀਰੀ, ਲਵਾਣਾ, ਜੱਟ, ਮਜਹਬੀ, ਰਾਮਗੜੀਏ, ਰਵਿਦਾਸੀਏ ਆਦਿ ਜਾਤੀ-ਖੇਤਰੀਵਾਦੀ ਸਿੱਖ ਕਹਿਲਾਉਣਾ ਜਾ ਪਰਚਾਰਨਾ ਇਕ ਕਿਸਮ ਦਾ ਬ੍ਰਾਹਮਣਵਾਦ ਹੀ ਹੈ। ਇਸ ਕਿਸਮ ਦੇ ਲੋਕਾਂ ਨੂੰ ਕੌਮੀਂ ਕੇਂਦਰਾਂ ਵਿਚ ਘੁਸਪੈਠ ਕਰਵਾਉਣ, ਸਮਰਥਣ ਕਰਨ, ਪ੍ਰਬੰਧਕ ਬਣਾਉਣ ਵਾਲੇ ਲੋਕ ਸੱਚੇ ਸੁੱਚੇ ਗੁਰੂ ਕਿ ਸਿੱਖ ਜਾਂ ਆਗੂ ਹੋ ਹੀ ਨਹੀਂ ਸਕਦੇ ਕਿਉਂਕਿ ਇਕ ਚੰਗੇ ਸਿੱਖ ਲਈ ਪ੍ਰਧਾਨਗੀਆਂ, ਜੱਥੇਦਾਰੀਆਂ, ਮੈਂਮਰੀਆਂ ਤੋਂ ਵੱਧ ਪਿਆਰਾ ਕੌਮ ਤੇ ਸਮਾਜ ਦਾ ਭਵਿਖ ਹੁੰਦਾ ਹੈ। ਇਸ ਸਾਰੇ ਵਰਤਾਰੇ ਦੇ ਬਾਵਜੂਦ!

ਜਦੋਂ ਤੱਕ ਸਰਬ ਸੰਮਤੀ ਨਾਲ ਨੁਮਾਇਂਦੇ ਚੁਣਨ ਵਾਲੀ ਲੋਕ ਲਹਿਰ ਨਹੀਂ ਬਣਦੀ, ਉਦੋਂ ਤੱਕ ਘੱਟੋਂ ਘੱਟ ਕਿਸੇ ਵੀ ਅਜਿਹੇ ਮਨੁੱਖ ਨੂੰ ਵੋਟ ਜਾਂ ਸਮਰਥਣ ਨਾ ਦਿੱਤਾ ਜਾਵੇ। ਜੋ ਗੁਰਮਤਿ ਤੇ ਮਨੁੱਖੀ ਸਿਧਾਂਤਾਂ ਤੇ ਖ਼ਰਾ ਨਹੀਂ ਉਤਰਦਾ। ਜੋ ਮਨੁੱਖ ਤੁਹਾਡੇ ਬੱਚਿਆਂ ਲਈ ਰੋਲ ਮਾਡਲ ਨਹੀਂ, ਉਹ ਕੌਮ ਤੇ ਸਮਾਜ ਲਈ ਕੁਝ ਨਹੀਂ ਕਰ ਸਕਦਾ, ਅਜਿਹੇ ਕਿਸੇ ਵੀ ਮਨੁੱਖ ਨੂੰ ਗੁਰਦੁਆਰਿਆ-ਕੌਮੀਂ ਕੇਂਦਰਾਂ, ਪਾਰਟੀਆਂ ਦਾ ਪ੍ਰਬੰਦਕ ਬਨਾਉਣ ਦਾ ਕੋਈ ਵੀ ਧੜਾਂ, ਆਗੂ, ਗਰੂਪ ਜਾਂ ਸਿੱਖ ਯਤਨ ਨਾ ਕਰੇ, ਕਿਉਂਕਿ ਇਹ ਕੌਮ ਤੇ ਗੁਰੂ ਨਾਲ ਧੋਖਾ ਅਤੇ ਇਤਿਹਾਸਕ ਕੌਮੀਂ ਧਰੋਹ ਹੋਵੇਗਾ। ਜੇ ਅਸੀ ਆਪਣੇ ਧੀ-ਪੁੱਤ ਦੇ ਰਿਸ਼ਤੇ ਲਈ ਜਾਂਚ ਪੜਤਾਲ ਕਰਕੇ ਹੀ ਚੰਗੇ ਮਨੁੱਖ ਦੀ ਭਾਲ ਕਰਦੇ ਹਾਂ, ਤਾਂ ਪੰਥ ਪਰਿਵਾਰ ਦੇ ਨੁਮਾਇਂਦੇ ਚੁਣਨ ਵੇਲੇ ਲਾ ਪਰਵਾਹੀ ਕਿਉਂ ? ਕੀ ਸਾਨੂੰ ਗੁਰੂ ਤੇ ਪੰਥ ਪਰਿਵਾਰ ਨਾਲੋ ਨਿਜੀ ਸੁਆਰਥ ਅਤੇ ਧੜੇ ਬਹੁਤੇ ਪਿਆਰੇ ਹੋ ਗਏ ਹਨ? ਕੀ ਤੁਸੀ ਚਾਹੁੰਦੇ ਹੋ ਕਿ ਨਖਿੱਦ ਤੇ ਗੁਰਮਤਿ ਤੋਂ ਕੋਰੇ ਲੋਕ ਸਾਲਾ ਤੱਕ ਮੁੜ ਕੌਮ ਦੀ ਸ਼ਾਨ ਰੋਲਦੇ ਰਹਿਣ ? ਜੇ ਨਹੀਂ ਤਾਂ ਫਿਰ ਸੱਚੇ ਸੁੱਚੇ, ਇਮਾਨਦਾਰ, ਗੁਰਮਤਿ ਦੇ ਪਹਿਰੇਦਾਰ, ਮਨੁੱਖੀ ਦਰਦ ਵਾਲੇ, ਸਮਾਜ ਲਈ ਕੁੱਝ ਚੰਗਾ ਕਰ ਗੁਜਰਨ ਦੀ ਚਾਹਤ ਰੱਖਣ ਅਤੇ ਆਦਰਸ਼ੀ ਮਨੁੱਖ ਸਾਬਤ ਹੋਣ ਵਾਲੇ ਸਿੱਖਾਂ ਨੂੰ ਹੀ ਸਮਰਥਣ ਤੇ ਵੋਟ ਦਿੱਤਾ ਜਾਵੇ।

ਜੇ ਪੰਥ ਦਰਦੀ ਧਿਰਾਂ ਦਿਲੋਂ ਚਾਹੁੰਦੀਆਂ ਹਨ ਕਿ ਗੁਰਦੂਆਰਾ ਪ੍ਰਬੰਧ ਨੂੰ ਮਾਡਰਨ ਮਸੰਦਾਂ ਤੋਂ ਅਜ਼ਾਦ ਕਰਵਾਕੇ ਬਦਲਾਵ ਲਿਆਂਦਾ ਜਾਵੇ ਤਾਂ ਫਿਰ ਤਹੀਆ ਕਰ ਲੈਣਾਂ ਚਾਹੀਦਾ ਕਿ: ਵਕਤੀ ਚੌਣਾ ਦਾ ਨਤੀਜਾ ਕੁਝ ਵੀ ਹੋਵੇ, ਜੱਦ ਤੱਕ ਹਰ ਇਲਾਕੇ-ਖੇਤਰ ਵਿਚੋਂ ਜਾਤੀਵਾਦ-ਖੇਤਰੀਵਾਦ ਰੂਪੀ ਜ਼ਹਿਰੀਲੀ ਬਾੜ ਦਾ ਬੀਜ ਨਾਸ ਨਹੀਂ ਕਰ ਲੈਂਦੇ। ਜੱਦ ਤੱਕ ਹਰ ਘਰ ਉਤੇ ਗੁਰਮਤਿ ਸਿਧਾਂਤਾਂ ਦਾ ਪਰਚਮ ਨਹੀਂ ਲਹਿਰਾ ਲੈਂਦੇ, ਜੱਦ ਤੱਕ ਕੌੰਮ ਬ੍ਰਾਹਮਣਵਾਦ ਦੀ ਮਾਨਸਿਕ ਗੁਲਾਮੀਂ ਤੋਂ ਅਜ਼ਾਦ ਨਹੀਂ ਹੋ ਜਾਂਦੀ। ਪ੍ਰਚਾਰ, ਪਸਾਰ, ਬੈਠਕਾਂ, ਪਰਚਿਆਂ, ਕੈਂਪ, ਕਲਾਸਾਂ, ਘਰ ਘਰ ਮੁਲਾਕਾਤਾਂ ਅਤੇ ਪਿੰਡ ਪਧਰ ਦੇ ਪ੍ਰੋਗਰਾਮਾਂ ਤੋਂ ਇਲਾਵਾ ਨੌਜਵਾਨਾਂ ਦੇ ਰੁਜ਼ਗਾਰ, ਅਕੈਡਮਿਕ ਪੜਾਹੀ ਅਤੇ ਹੋਰ ਜਿੰਦਗੀ ਦੀਆਂ ਲੋੜਾਂ ਵਿਚ ਸਹਾਇਤਾ ਤੇ ਸੇਦ ਦੇਣ ਦਾ ਸਿਲਸਲਾ ਅਤੇ ਹੋਰ ਉਪਰਾਲੇ ਜਾਰੀ ਰਹਿਣਗੇ।ਜੇ ਇਸ ਤਰਾਂ ਕਰ ਲੈਂਦੇ ਹਾਂ ? ਅਗਲੀਆਂ ਚੋਣਾਂ ਲਈ ਸਾਨੂੰ ਇਨਾਂ ਮਿਟੀ ਦੇ ਮਾਧੂਆਂ ਤੋਂ ਚਿੰਤਤ ਹੋਣ ਦੀ ਲੋੜ ਨਹੀਂ ਪਵੇਗੀ।ਲੋਕ ਖੁਦ ਇਨਾ ਨੂੰ ਨਕਾਰਨਗੇ, ਏਹੀ ਢੰਗ-ਤਰੀਕਾ ਸਾਨੂੰ ਗੁਰਮਤਿ ਇਨਕਲਾਬ ਅਤੇ ਨਾਨਕਸ਼ਾਹੀ ਫ਼ਲਸਫ਼ੇ ਨੇ ਵਿਰਸੇ ਵਿਚ ਦਿੱਤਾ ਹੈ।ਪਰ ਸਮੇਂ ਨਾਲ ਸਾਧਣਾਂ-ਔਜ਼ਾਰਾਂ ਵਿਚ ਬਦਲਾਵ ਆਉਂਦਾ ਰਹਿੰਦਾ ਹੈ।

ਸਿੱਖੀ ਦੇ ਮਹਾਨ ਤੇ ਵਿਗਿਆਨਕ ਢੰਗ ਤਰੀਕਿਆਂ ਨੂੰ ਛੱਡ ਕੇ, ਅਜ ਦੀ ਬਹੁਤੀ ਲੀਡਰਸ਼ਿਪ ਤੇ ਪ੍ਰਚਾਰਕ ਸ਼੍ਰੇਣੀ ‘ਬਾਤਨ ਹੀ ਅਸਮਾਨੁ ਗਿਰਾਵਹਿ’ ਦੇ ਰਾਹ ਪੈ ਗਈ ਹੈ, ਜਿਸ ਨਾਲ ਨੌਜਵਾਨਾਂ ਲਈ ਨਾਨਕਸ਼ਾਹੀ ਵਿਚਾਰਧਾਰਾ ਦੇ ਅਸਲ ਰੋਲ ਮਾਡਲਾਂ ਦੀ ਉਸਾਰੀ ਨਹੀਂ ਹੋ ਪਾ ਰਹੀ ਅਤੇ ਕਰਮਕਾਂਡਾਂ-ਬ੍ਰਾਹਮਣੀ ਪਰੰਪਰਾਵਾਂ ਦਾ ਅਸਰ ਸਿੱਖ ਸਮਾਜ ਤੇ ਵੱਧਦਾ ਜਾ ਰਿਹਾ ਹੈ। ਜਿਸ ਤੋਂ ਸਿੱਖ ਸਮਾਜ ਨੂੰ ਬਚਾਉਣ ਲਈ ਕੌਮੀਂ ਕੇਂਦਰਾਂ ਦਾ ਮਸੰਦਸ਼ਾਹੀ ਤੋਂ ਅਜ਼ਾਦ ਹੋਣਾ ਜਰੂਰੀ ਹੈ।

ਸਾਥੀਓ! ਯਾਦ ਰੱਖਣਾ ਜਿੰਨਾਂ ਨੇ ਕੁਝ ਕਰਨਾ ਹੈ, ਉਹ ਕਰਨਗੇ, ਗੱਲਾਂ ਵਾਲੇ, ਗਾਲੜ! ਗੱਲਾਂ ਤੱਕ ਸੀਮਤ ਰਹਿ ਜਾਣਗੇ। ਗੁਰਮਤਿ ਦਾ ਸਿਧਾਂਤ ਹੈ:

"ਆਗਾਹਾ ਕੂ ਤ੍ਰਾਘ ਪਿਛਾ ਫੇਰਿ ਨ ਮੁਹਡੜਾ ॥"

ਅਕਾਲ ਸਹਾਇ - ਗੁਰੂ ਫਤਹਿ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top