Share on Facebook

Main News Page

ਪੰਥਕ ਏਕੇ ਬਿਨਾ, ਨਾ ਤਾਂ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ ਅਤੇ ਨਾ ਭਾਈ ਗੁਰਬਖਸ਼ ਸਿੰਘ ਨੂੰ ਬਚਾਇਆ ਜਾ ਸਕੇਗਾ
-: ਗੁਰਿੰਦਰ ਪਾਲ ਸਿੰਘ ਧਨੌਲਾ, ਮੋ: 93161 76519

ਕੌਮੀ ਫਰਜਾਂ ਤੋਂ ਅਵੇਸਲੀ ਸਿੱਖ ਕੌਮ ਨੂੰ ਹਲੂਣਾ ਦੇਣ ਲਈ ਭਾਈ ਗੁਰਬਖਸ ਸਿੰਘ ਖਾਲਸਾ ਨੇ ਮਰਨਵਰਤ ਰੱਖਕੇ ਸਿੱਖਾਂ ਦੇ ਕੌਮੀ ਜਜ਼ਬਾਤਾਂ ਨੂੰ ਜਗਾਇਆ ਹੈ। ਜਿਸ ਦਿਨ ਭਾਈ ਗੁਰਬਖਸ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਮਰਨਵਰਤ ਆਰੰਭ ਕੀਤਾ ਸੀ। ਉਸ ਦਿਨ ਨਾ ਤਾਂ ਮੀਡੀਏ ਦੇ ਕੰਨ ਤੇ ਜੂੰ ਸਰਕੀ ਸੀ, ਤੇ ਨਾ ਹੀ ਸਿੱਖਾਂ ਨੂੰ ਕੁਝ ਮਹਿਸੂਸ ਹੋਇਆ ਸੀ। ਲੇਕਿਨ ਭਾਈ ਸਾਹਿਬ ਦੀ ਦ੍ਰਿੜਤਾ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਕੁਝ ਜਥੇਬੰਦੀਆਂ ਤੇ ਆਗੂ ਇਸ ਕਰਕੇ ਭਾਈ ਸਾਹਿਬ ਦੀ ਹਮਾਇਤ ਤੇ ਨਹੀਂ ਆਏ ਸਨ ਕਿ ਥੋੜੇ ਦਿਨਾਂ ਵਿੱਚ ਭੁੱਖ ਦਾ ਸਤਾਇਆ ਭਾਈ ਖਾਲਸਾ ਮੈਦਾਨ ਛੱਡ ਕੇ ਭੱਜ ਜਾਵੇਗਾ। ਲੇਕਿਨ ਭਾਈ ਗੁਰਬਖਸ ਸਿੰਘ ਨੇ ਗੁਰੂ ਨਾਲ ਅਰਦਾਸ ਰਾਹੀਂ ਕੀਤੇ ਕਰਨ ਨੂੰ ਪੂਰਾ ਕਰਨ ਲਈ ਆਪਣੀ ਜਾਣ ਦੀ ਅਹੂਤੀ ਦੇਣੀ ਪ੍ਰਵਾਨ ਕਰ ਲਈ ਹੈ ਤੇ ਕਲ ਜਦੋਂ ਭਾਈ ਸਾਹਿਬ ਆਪਣੇ ਕੌਮੀ ਦਰਦ ਨੂੰ ਲੈਕੇ ਹੱਕੀ ਮੰਗਾਂ ਵਾਸਤੇ ਅਡੋਲ 23ਵੇਂ ਦਿਨ ਦੀ ਭੁੱਖ ਨੂੰ ਹੱਥ ਲਾਉਣ ਵਾਲਾ ਸੀ, ਤਾਂ ਉਸ ਸਮੇਂ ਫ਼ਖਰੇ-ਏ-ਕੌਮ ਪ੍ਰਕਾਸ਼ ਸਿੰਹੁ ਬਾਦਲ ਦੀ ਸ਼ਰਾਬੀ ਪੁਲਿਸ ਨੇ ਸਿੱਖਾਂ ਵਾਲਾ ਭੇਸ ਧਾਰਕੇ ਅੱਧੀ ਰਾਤ ਭਾਈ ਸਾਹਿਬ ਨੂੰ ਜਬਰੀ ਚੁੱਕਕੇ ਪਹਿਲਾਂ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਧੱਕੇ ਨਾਲ ਮਰਨਵਰਤ ਖੁਲਵਾਉਣ ਦੀ ਕੋਸ਼ਿਸ਼ ਕੀਤੀ।

ਪਰ ਗੁਰੂ ਦਾ ਪਿਆਰਾ ਆਪਣੀ ਗੱਲ ਤੇ ਅੜਿਆ ਰਿਹਾ। ਇਸ ਪਿੱਛੋਂ ਭਾਈ ਸਾਹਿਬ ਨੂੰ ਅਪੰਥਕ ਸਰਕਾਰ ਨੇ ਝੂਠਾ ਮੁਕੱਦਮਾ ਦਰਜ ਕਰਕੇ ਰੋਪੜ ਦੀ ਜੇਲ੍ਹਵਿੱਚ ਭੇਜ ਦਿੱਤਾ। ਜਿਥੇ ਅੱਜ ਉਸ ਦੇ ਪਿਤਾ ਬਾਪੂ ਅਜੀਤ ਸਿੰਘ ਤੇ ਦੋ ਹੋਰ ਰਿਸ਼ਤੇਦਾਰ ਉਸਦੀ ਮੁਲਾਕਾਤ ਕਰਕੇ ਆਏ ਤਾਂ ਭਾਈ ਸਾਹਿਬ ਨੇ ਸੁਨੇਹਾ ਦਿੱਤਾ ਕਿ ਮੈਂ ਹਾਲੇ ਤੱਕ ਵੀ ਅੰਨ ਮੂੰਹ ਨੂੰ ਨਹੀਂ ਲਾਇਆ ਤੇ ਮੈਂ ਆਪਣੇ ਬਚਨਾਂ ਤੇ ਕਾਇਮ ਹਾਂ। ਮੈਂ ਜਾਂ ਤਾਂ ਆਪਣੇ ਵੀਰਾਂ ਦੀ ਰਿਹਾਈ ਕਰਾਵਾਂਗਾ ਤੇ ਜਾਂ ਫਿਰ ਆਪਣੀ ਜਿੰਦਗੀ ਲੇਖੇ ਲਾ ਦੇਵਾਂਗਾ। ਮੈਨੂੰ ਕੋਈ ਸਰਕਾਰੀ ਜਬਰ। ਜੇਲ੍ਹ ਜਾਂ ਕਾਲ ਕੋਠੜੀ ਮੇਰੇ ਅਕੀਦੇ ਤੋਂ ਮੋੜ ਨਹੀਂ ਸਕਦੇ। ਇਸ ਲਈ ਸਮੁੱਚਾ ਸਿੱਖ ਪੰਥ ਏਕਤਾ ਕਰਕੇ ਜੇਲਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਆਪਣੇ ਯਤਨ ਤੇਜ ਕਰੇ। ਇਹ ਤਾਂ ਗੱਲ ਹੈ ਉਸ ਸੂਰਬੀਰ ਯੋਧੇ ਭਾਈ ਗੁਰਬਖਸ ਸਿੰਘ ਦੀ ਜਿਹੜਾ ਪੁਰਖਿਆਂ ਦੇ ਕਦਮਾਂ ਉਪਰ ਕਦਮ ਰਖਦਾ ਜਾਮ-ਏ-ਸ਼ਹਾਦਤ ਪੀਕੇ ਸਾਡੀ ਨਿੱਤ ਦੀ ਅਰਦਾਸ ਵਿੱਚ ਅਭੇਦ ਹੋ ਜਾਣ ਨੂੰ ਉਤਾਵਲਾ ਹੈ।

ਭਾਈ ਗੁਰਬਖਸ ਸਿੰਘ ਖ਼ਾਲਸਾ ਸਧਾਰਨ ਸਿੱਖ ਪਰਿਵਾਰ ਵਿੱਚੋਂ ਹੈ ਤੇ ਹਰ ਵੇਲੇ ਸਿੱਖੀ ਦੇ ਪ੍ਰਚਾਰ ਲਈ ਆਪਣਾ ਸਮਾਂ ਦਿੰਦਾ ਹੈ। ਨਾਲ ਕੌਮੀ ਸੰਘਰਸ਼ ਵਿੱਚ ਜੇਲ੍ਹਵਿੱਚ ਜਾਣ ਦੀ ਲੋੜ ਪਵੇ ਤਾਂ ਵੀ ਕਦੇ ਪਿੱਛੇ ਨਹੀਂ ਰਿਹਾ। ਪਰ ਅੱਜ ਭਾਈ ਗੁਰਬਖਸ਼ ਸਿੰਘ ਸਿਰਫ ਬਾਪੂ ਅਜੀਤ ਸਿੰਘ ਦਾ ਇੱਕ ਗੁਰਸਿੱਖ ਪੁੱਤਰ ਹੀ ਨਹੀਂ ਸਗੋਂ ਜਾਗਦੇ ਸਿਰਵਾਲਾ ਇੱਕ ਕੌਮ ਦਰਦੀ ਹੋ ਨ੍ਯਿਬੜਿਆਂ ਹੈ। ਲੇਕਿਨ ਭਾਈ ਸਾਹਿਬ ਦੇ ਮਰਨਵਰਤ ਤੇ ਸਮੇਂ ਦੀਆਂ ਸਰਕਾਰਾਂ ਅਤੇ ਆਪਣਿਆਂ ਵੱਲੋਂ ਜੋ ਰਾਜਨੀਤੀ ਕੀਤੀ ਜਾ ਰਹੀ ਹੈ। ਉਹ ਕੌਮ ਦੀ ਤਰਾਸਦੀ ਅਤੇ ਲੀਡਰਾਂ ਦੀ ਕੁਚਾਲੀ ਸੋਚ ਨੂੰ ਨੰਗਿਆਂ ਕਰਦੀ ਹੈ। ਪਰ ਇੱਥੇ ਜੋ ਕੁਝ ਇਸ ਮਰਨਵਰਤ ਨੂੰ ਲੈਕੇ ਵਾਪਰ ਰਿਹਾ ਹੈ। ਉਹ ਕੌਮ ਲਈ ਜਿਥੇ ਸ਼ਰਮ ਵਾਲਾ ਤੇ ਮਾਰੂ ਹੈ ਉਥੇ ਕਾਲੇ ਇਤਿਹਾਸ ਵੱਜੋਂ ਦਰਜ ਹੋ ਰਿਹਾ ਹੈ।

ਸਭ ਤੋਂ ਪਹਿਲਾਂ ਗੱਲ ਸਰਕਾਰ ਦੀ ਕਰੀਏ ਅਕਾਲ ਤਖਤ ਸਾਹਿਬ ਤੋਂ ਫਖਰ ਏ ਕੌਮ ਦਾ ਖਿਤਾਬ ਹਾਸਲ ਕਰਨ ਵਾਲੇ ਪ੍ਰਕਾਸ਼ ਸਿੰਹੁ ਬਾਦਲ ਦੀ ਅਪੰਥਕ ਸਰਕਾਰ ਨੇ ਭਾਈ ਸਾਹਿਬ ਨੂੰ 22 ਦਿਨਾਂ ਬਾਅਦ ਬੜੇ ਹੀ ਘਟੀਆ ਤਰੀਕੇ ਨਾਲ ਜਲੀਲ ਕਰਕੇ ਜੇਲ੍ਹਡੱਕ ਦਿੱਤਾ ਹੈ। ਇਸ ਤੋਂ ਪਹਿਲਾਂ ਸਰਕਾਰ ਆਪਣੇ ਏਲਚੀਆਂ ਰਾਹੀਂ ਭਾਈ ਗੁਰਬਖਸ ਸਿੰਘ ਦੇ ਮਰਨਵਰਤ ਨੂੰ ਹਾਈ ਜੈਕ ਕਰਨ ਲਈ ਜੋਰ ਲਾਉਂਦੀ ਰਹੀ। ਲੇਕਿਨ ਭਾਈ ਸਾਹਿਬ ਦੀ ਦ੍ਰਿੜਤਾ ਨੇ ਕੋਈ ਪੇਸ਼ ਨਹੀਂ ਜਾਣ ਦਿੱਤੀ। ਬਾਦਲ ਦੇ ਚਮਚੇ ਪ੍ਰਧਾਨ ਸ੍ਰੋਮਣੀ ਕਮੇਟੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਸਾਹਿਬ ਨੂੰ ਆਪਣੇ ਚੁੰਗਲ ਵਿੱਚ ਫਸਾਉਣ ਦਾ ਯਤਨ ਕਰਦੇ ਰਹੇ ਤੇ ਅਖਿਰ ਵਿੱਚ ਕੱਲ ਅਖੌਤੀ ਸੰਤ ਸਮਾਜ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਦੁਬਾਰਾ ਫਿਰ ਇਸ ਮਰਨਵਰਤ ਨੂੰ ਆਪਣੇ ਕਬਜੇ ਵਿੱਚ ਲੈਣ ਦਾ ਯਤਨ ਕੀਤਾ ਪਰ ਜਦੋਂ ਸਫਲਤਾ ਹੱਥ ਨਾ ਲਗੀ ਤਾਂ ਫਿਰ ਰਾਤ ਨੂੰ ਭਾਣਾ ਵਰਤਾ ਦਿੱਤਾ ਗਿਆ।

ਭਾਈ ਗੁਰਬਖਸ ਸਿੰਘ ਦੇ ਮਰਨਵਰਤ ਦੀ ਹਮਾਇਤ ਕਰ ਰਹੀਆਂ ਕੁਝ ਜਥੇਬੰਦਿਆਂ ਵੱਲੋਂ ਬੜੀ ਕਾਹਲੀ ਵਿੱਚ 4 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ‘‘ਬੰਦੀ ਸਿੰਘ ਰਿਹਾਈ ਮਾਰਚ’’ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਜਥੇਦਾਰਾਂ ਨੇ ਪਹਿਲਾਂ ਆਪਣੀ ਮਰਜੀ ਦੇ ਬੰਦਿਆਂ ਦੀ ਅਗਵਾਈ ਵਿੱਚ ਰਵਾਨਾ ਕਰਨ ਦੀ ਚਾਲ ਚੱਲੀ। ਪਰ ਜਦੋਂ ਸੰਗਤਾਂ ਦਾ ਵਿਰੋਧ ਵੇਖਿਆ ਤਾਂ ਇਹ ਫੈਸਲਾ ਬਦਲਕੇ ਮਾਰਚ ਨੂੰ ਥੋੜੀ ਦੂਰ ਹੀ ਪੁਲਿਸ ਤੋਂ ਰੁਕਵਾ ਦਿੱਤਾ ਤਾਂ ਕਿ ਫਿਰ ਜਥੇਦਾਰ ਦੀ ਲੋੜ ਮਹਿਸੂਸ ਹੋਵੇ? ਤੇ ਇਹ ਗੱਲ ਸਾਬਤ ਹੋਈ ਜਿਸ ਵੇਲੇ ਜਥੇਦਾਰ ਦੇ ਕਹਿਣ ਤੇ ਹੀ ਮਾਰਚ ਸਹੀ ਸਲਾਮਤ ਮੋਹਾਲੀ ਪਹੁੰਚਿਆ। ਮਾਰਚ ਤੋਂ ਪਹਿਲੀ ਰਾਤ ਸੰਤ ਬਲਜੀਤ ਸਿੰਘ ਦਾਦੁਵਾਲ ਸਮੇਤ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਮਾਰਚ ਦੀ ਹਾਜ਼ਰੀ ਤੋਂ ਸੀ.ਆਈ.ਡੀ ਰਾਹੀਂ ਸਰਕਾਰ ਨੇ ਸਾਰੀ ਸਥਿਤੀ ਦਾ ਜਾਇਜਾ ਲੈਕੇ ਕੌਮ ਦੀ ਚੇਤਨਾ ਨੂੰ ਸਮਝਕੇ ਭਾਈ ਗੁਰਬਖਸ ਸਿੰਘ ਨੂੰ ਚੁੱਕਣ ਦਾ ਫੈਸਲਾ ਕੀਤਾ। ਕਿਉਂਕਿ ਕਾਹਲੀ ਨਾਲ ਬਿਨਾਂ ਸਲਾਹ ਕੀਤਿਆਂ ਅਰੰਭੇ ਗਏ ਮਾਰਚ ਦੀ ਹਾਜ਼ਰੀ ਭਾਈ ਗੁਰਬਖਸ ਸਿੰਘ ਦੀ ਦੇ ਕਾਜ ਦੇ ਪਾਸਕ ਵੀ ਨਹੀਂ ਸੀ। ਇਥੇ ਪ੍ਰਬੰਧਕਾਂ ਦੀ ਕਾਹਲੀ ਨੇ ਵੀ ਸੰਘਰਸ਼ ਨੂੰ ਕਮਜੋਰ ਕੀਤਾ। ‘‘ਬੰਦੀ ਸਿੰਘ ਰਿਹਾਈ ਮਾਰਚ’’ ਕਾਹਲੀ ਵਿੱਚ ਚੁੱਕਿਆ ਕਦਮ ਸੀ। ਜਦੋਂ ਕਿ ਅਜਿਹੇ ਪ੍ਰੋਗਰਾਮ ਉਸ ਵੇਲੇ ਕਾਮਯਾਬ ਹੁੰਦੇ ਹਨ ਜਦੋਂ ਕੌਮ ਜਾਗਰੂਕ ਹੋਵੇ ਤੇ ਜਜ਼ਬਾ ਉਛੱਲ ਰਿਹਾ ਹੋਵੇ। ਪਰ ਇਥੇ ਤਾਂ ਰੋਜ਼ ਦੀ ਹਾਜ਼ਰੀ ਸਿੱਖਾਂ ਦੇ ਖੂਨ ਦਾ ਦੌਰਾ ਸੁਸਤ ਬਿਆਨ ਰਹੀ ਸੀ। ਸੀ.ਆਈ.ਡੀ ਦੇ ਅਫਸਰ ਅਤੇ ਸਰਕਾਰ ਬਾਜ ਅੱਖ ਨਾਲ ਹਲਾਤਾਂ ਤੇ ਨਜ਼ਰ ਰੱਖ ਰਹੇ ਸਨ।

ਦੂਜੀ ਗੱਲ ਅਖੌਤੀ ਸੰਤ ਸਮਾਜ ਅਤੇ ਡੇਰੇਦਾਰ ਵੀ ਸਿਰਫ ਅੰਬ ਸਾਹਿਬ ਆਕੇ ਇੱਕ ਮੀਟਿੰਗ ਕਰਕੇ ਤੇ ਸਿਆਸੀ ਲੀਡਰਾਂ ਵਾਂਗੂ ਕੁਝ ਮਤੇ ਪੜਕੇ, ਆਪਣਾ ਵੇਲਾ ਪੁਰਾ ਕਰ ਗਏ ਹਨ। ਜਦੋਂ ਕਿ ਧਰਮ ਦੇ ਠੇਕੇਦਾਰ ਹੋਣ ਦੀ ਦੁਹਾਈ ਦੇਣ ਵਾਲੇ ਇਸ ਸਾਧ ਲਾਣੇ ਨੂੰ ਬਾਦਲ ਸਰਕਾਰ ਨੂੰ ਇੱਕ ਅਲਟੀਮੇਟਮ ਦੇਣਾ ਚਾਹੀਦਾ ਸੀ, ਕਿ ਜੇ ਦੋ ਦਿਨਾਂ ਵਿੱਚ ਬੰਦੀ ਰਿਹਾ ਨਾ ਕੀਤੇ ਤਾਂ ਅਸੀ ਸਾਰੇ ਸੰਤ 9 ਦਸੰਬਰ ਤੋਂ ਮਰਨਵਰਤ 'ਤੇ ਬੈਠ ਜਾਵਾਂਗੇ। ਜਿਸ ਨਾਲ ਕੌਮ ਦਾ ਭਲਾ ਹੋ ਜਾਂਦਾ ਤੇ ਸੰਤਾਂ ਦੇ ਵੱਡੇ ਢਿੱਡ ਵੀ ਕੁਝ ਘਟਕੇ ਬੰਦਿਆਂ ਵਰਗੇ ਦਿਖਾਈ ਦੇਣ ਲਗ ਪੈਂਦੇ। ਸਾਨੂੰ ਰੋਜ਼ ਸਵਰਗ ਨਰਕ ਦਾ ਡਰ ਦੇ ਕੇ ਸੱਚਖੰਡ ਦਾ ਪਰਮਿਟ ਦੇਣ ਬਾਰੇ ਇਹ ਪਖੰਡੀ, ਕੌਮ ਲਈ ਖੁਦ ਕੁਰਬਾਨੀ ਕਰਕੇ ਸੱਚ ਖੰਡ ਜਾਂ ਬੈਕੁੰਠ ਜਾਣ ਤੋਂ ਕਿਉਂ ਡਰਦੇ ਹਨ? ਜਦੋਂ ਕਿ ਇਨ੍ਹਾਂ ਦੇ ਸਾਰੇ ਵੱਡੇ ਮਹਾਂਪੁਰਖ ਇਨ੍ਹਾਂ ਦੇ ਕਹਿਣ ਅਨੁਸਾਰ ਪਹਿਲਾਂ ਹੀ ਬੈਕੁੰਠਾਂ ਵਿੱਚ ਬੈਠੇ ਇਨ੍ਹਾਂ ਨੂੰ ਉਡੀਕ ਰਹੇ ਹਨ। ਪਰ ਇਹ ਸਭ ਡਰਾਮੇਬਾਜ ਅਤੇ ਆਰ.ਐਸ.ਐਸ ਦੇ ਪਿੱਠੂ ਹਨ ਤੇ ਸਿੱਖ ਪੰਥ ਨੂੰ ਚਿੱਟੀ ਸਿਉਂਕ ਵਾਂਗੂ ਚਿੰਬੜੇ ਪਏ ਹਨ।

ਭਾਵੇਂ ਪ੍ਰਬੰਧਕਾਂ ਵੱਲੋਂ ਇੱਕ ਚਾਰ ਮੈਂਬਰੀ ਕਮੇਟੀ ਦੀ ਗੱਲਬਾਤ ਲਈ ਬਣਾਈ ਗਈ ਸੀ। ਪਰ ਜਦੋਂ ਭਾਈ ਗੁਰਬਖਸ ਸਿੰਘ ਨੇ ਇਹ ਕਹਿ ਦਿੱਤਾ ਕਮੇਟੀ ਸਿਰਫ ਗੱਲਬਾਤ ਹੀ ਕਰੇਗੀ ਪਰ ਅੰਤਮ ਫੈਸਲਾ ਮੈਂ ਆਪਣੀ ਜੁਬਾਨ ਨਾਲ ਸੁਣਾਵਾਂਗਾ। ਇਸ ਮੌਕੇ ਜੱਥੇਦਾਰ ਅਕਾਲ ਤਖ਼ਤ ਸਾਹਿਬ ਤਿੰਨ ਦਿੱਨਾਂ ਦੇ ਸਮਾਂ ਲੈਕੇ ਆਪਣਾ ਪੱਲਾ ਛੁਡਾਕੇ ਰਫੂ ਚੱਕਰ ਹੋ ਗਿਆ ਕਿ ਮੈਂ ਪਰਸੋ ਤੱਕ ਕੋਈ ਜਵਾਬ ਦੇਵਾਂਗਾ ਤਾਂ ਫਖਰੇ ਕੌਮ ਨੇ ਆਪਣੀ ਯਾਰੀ ਪੁਗਾਉਂਦਿਆਂ ਭਾਈ ਸਾਹਿਬ ਨੂੰ ਚੁੱਕਕੇ ਜਥੇਦਾਰ ਨੂੰ ਸੁਰਖੁਰੂ ਕਰ ਦਿੱਤਾ ਤਾਂ ਕਿ ਜਵਾਬ ਨਾ ਦੇਣਾ ਪਵੇ। ਇਥੇ ਵੀ ਵਰਣਨਯੋਗ ਹੈ ਕਿ 06-11-13 ਨੂੰ ਬਾਦਲ ਸਰਕਾਰ ਨੇ ਇੱਕ ਪੱਤਰ ਡੀ.ਜੀ.ਪੀ ਜੇਲ੍ਹਨੂੰ ਲਿੱਖਕੇ ਬੰਦੀ ਸਿੰਘਾ ਨੂੰ ਰਿਹਾ ਨਾ ਕਰਨ ਬਾਰੇ ਹਦਾਇਤ ਕੀਤੀ ਹੈ।

ਜਥੇਦਾਰ ਨੂੰ ਲੇਲੜੀਆਂ ਨਹੀਂ ਕੱਢਣੀਆਂ ਚਾਹੀਦੀ ਹੈ, ਸਗੋਂ ਬਾਦਲ ਨੂੰ ਆਦੇਸ਼ ਦੇਣਾ ਚਾਹੀਦਾ ਸੀ ਕਿ ਭਾਈ ਗੁਰਬਖਸ ਸਿੰਘ ਦੀ ਜਾਨ ਜੋ ਹੁਣ ਪੰਥ ਦੀ ਜਾਨ ਬਣ ਚੁੱਕੀ ਹੈ, ਨੂੰ ਬਚਾਉਣ ਲਈ ਯਤਨ ਕੀਤਾ ਜਾਵੇ, ਜੇ ਅਜਿਹਾ ਨਾ ਹੋਇਆ ਤਾਂ ਉਹ ਜੱਥੇਦਾਰ ਆਪਣੇ ਅਸਤੀਫੇ ਦੇ ਦੇਣਗੇ ਜਾਂ ਮਰਨਵਰਤ ਤੇ ਬੈਠ ਜਾਣਗੇ ? ਪਰ ਅਜਿਹਾ ਤਾਂ ਤਦ ਕਰਨ ਜੇ ਅੰਦਰ ਤਿਆਗ ਹੋਵੇ ਜਾਂ ਪੰਥਕ ਭਾਵਨਾ ਹੋਵੇ। ਪਰ ਜਥੇਦਾਰ ਤਾਂ ਖੁਦ ਪੰਜਾਬ ਸਰਕਾਰ ਅਤੇ ਪ੍ਰਕਾਸ਼ ਸਿੰਹੁ ਬਾਦਲ ਦੇ ਬੁਲਾਰੇ ਬਣਕੇ ਕਾਨੂੰਨੀ ਨੁਕਤੇ ਸਮਝਾਕੇ ਬਾਦਲ ਦੇ ਵਕੀਲ ਵਜੋਂ ਸਿੱਖਾਂ ਨੂੰ ਕਾਨੂੰਨ ਦਾ ਪਾਠ ਪੜਾ ਰਹੇ ਹਨ।

ਲੀਡਰਾਂ ਵਿੱਚੋਂ ਵੀ ਬਹੁਤੇ ਆਪਣੇ ਆਪਣੇ ਦਾਅ ਤੇ ਹੀ ਹੁੰਦੇ ਹਨ। ਮੇਰਾ ਕੌੜਾ ਤਜ਼ਰਬਾ ਹੈ ਕਿ ਕੁਝ ਤਾਂ ਸਮਾਂ ਵੇਖਕੇ ਆਪ ਖੁਦ ਸੀ.ਆਈ.ਡੀ ਨੂੰ ਫੋਨ ਕਰਕੇ ਗ੍ਰਿਫਤਾਰ ਹੋ ਜਾਂਦੇ ਹਨ, ਤਾਂ ਕਿ ਕੰਮ ਨਾ ਕਰਨਾ ਪਵੇ ਤੇ ਸੋਭਾ ਵੀ ਮਿਲ ਜਾਵੇ। ਕੁਝ ਲੀਡਰ ਇਸ ਤਾਕ ਤੇ ਵੀ ਹਨ ਕਿ ਕਦੋਂ ਭਾਈ ਗੁਰਬਖਸ ਸਿੰਘ ਦਾ ਸਿਵਾ ਬਲੇ ਅਤੇ ਅਸੀ ਆਪਣਾ ਰਾਜਨੀਤਿਕ ਪਰੌਠਾ ਸੇਕ ਲਈਏ। ਹਰ ਕੋਈ ਆਪਣੇ ਦਾਅ 'ਤੇ ਹੀ ਬੈਠਾ ਹੈ। ਸਾਰਾ ਦਿਨ ਘੰਟਿਆਂ ਬੱਧੀ ਉਥੇ ਬੈਠ ਉਥੋਂ ਦੇ ਹਾਲਾਤ ਵੇਖਕੇ ਕੁਝ ਸਮਝ ਆਇਆ ਹੈ ਕਿ ਕਿਵੇਂ ਮੀਡੀਆਂ ਨੂੰ ਖਾਸ-ਖਾਸ ਬੰਦਿਆਂ ਨਾਲ ਗੱਲ ਕਰਵਾਈ ਜਾਂਦੀ ਹੈ ਤੇ ਕੁਝ ਬੰਦਿਆਂ ਦੀ ਗੱਲ ਇਸ ਕਰਕੇ ਵੀ ਵਿੱਚੋਂ ਕੱਟ ਕਰ ਦਿੱਤੀ ਜਾਂਦੀ ਸੀ ਕਿ ਉਹ ਬੰਦੇ ਆਪਣੇ ਨਹੀਂ ਹਨ। ਬੇਸ਼ਕ ਬਹੁਤਾ ਮੀਡੀਆਂ ਉਥੇ ਨਹੀਂ ਆਇਆ`, ਲੇਕਿਨ ਜਿਨ੍ਹਾਂ ਵੀ ਆਇਆ ਉਸ ਨੂੰ ਆਪਣੇ ਹਿਸਾਬ ਨਾਲ ਵਰਤਨ ਦਾ ਯਤਨ ਹੋ ਰਿਹਾ ਸੀ।

ਸਿਰਫ ਬਾਦਲ ਨੂੰ ਜਾਂ ਹਿੰਦੂਸਤਾਨੀ ਸਿਸਟਮ ਨੂੰ ਦੋਸ਼ ਦੇਕੇ ਅਸੀਂ ਬਰੀ ਨਹੀਂ ਹੋ ਸਕਦੇ, ਕਿਉਂਕਿ ਘੱਟ ਅਸੀਂ ਵੀ ਨਹੀਂ ਹਾਂ। ਕੌਣ ਹਨ ਇਹ ਪੰਥਕ ਜਥੇਬੰਦੀਆਂ? ਇਨ੍ਹਾਂ ਨੂੰ ਕੌਮ ਦੀ ਠੇਕੇਦਾਰੀ ਦਾ ਅਧਿਕਾਰ ਕਿਸਨੇ ਦਿੱਤਾ ਹੈ? ਸਿੱਖਾਂ ਦੀ ਵੱਡੀ ਜਮਾਤ ਅਖਵਾਉਣ ਵਾਲੀ ਦਮਦਮੀ ਟਕਸਾਲ ਵੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਨੂੰ ਕਾਨ੍ਹੀ ਲੱਗੀ ਨਜ਼ਰ ਆ ਰਹੀ ਹੈ। ਇਨ੍ਹਾਂ ਚਾਰ ਕਾਨ੍ਹੀਆਂ ਵਿੱਚੋਂ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਬਾਬਾ ਰਾਮ ਸਿੰਘ ਸੰਗਰਾਵਾਂ ਦਾ ਤਾਂ ਪੱਗ ਦਾ ਝਗੜਾ ਹੈ। ਪਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਅਜੀਤ ਸਿੰਘ ਦਿਆਲਪੁਰਾ ਕਿਉਂ ਵਖਰੀ ਵਖਰੀ ਟਕਸਾਲ ਬਣਾ ਕੇ ਵਿਚਰ ਰਹੇ ਹਨ। ਕੀ ਇੱਕਠੇ ਹੋਕੇ ਬਾਬਾ ਜਰਨੈਲ ਸਿੰਘ ਦੀ ਸੋਚ ਨੂੰ ਅੱਗੇ ਨਹੀਂ ਤੋਰ ਸਕਦੇ? ਏਵੇਂ ਹੀ ਇੱਕ ਇੱਕ ਟਾਂਗੇ ਦੀਆਂ ਸਵਾਰੀਆਂ ਲੈਕੇ ਹਰ ਕੋਈ ਪੰਥਕ ਜਥੇਬੰਦੀ ਬਣਾਈ ਫਿਰਦਾ ਹੈ। ਕੁਝ ਚਿਰ ਪਿੱਛੋਂ ਟਾਂਗੇ ਵਿੱਚੋਂ ਉਤਰਕੇ ਦੋ ਜਣੇ ਘੋੜੀ ਤੇ ਸਵਾਰ ਹੋਕੇ ਆਪਣੇ ਵੱਖਰੀ ਪੰਥਕ ਜਥੇਬੰਦੀ ਬਣਾ ਲੈਂਦੇ ਹਨ ਤੇ ਫਿਰ ਇੱਕ ਦੂਜੇ ਨੂੰ ਨਿੰਦਕੇ ਤੇ ਖੁਦ ਨੂੰ ਸਲਾਹ ਕੇ ਕੌਮ ਦਰਦੀ ਬਨਣ ਦਾ ਯਤਨ ਕਰਦੇ ਹਨ। ਕਿਉਂ ਨਹੀਂ ਇਹ ਜਥੇਬੰਦੀਆਂ ਆਪਸ ਵਿੱਚ ਏਕਾ ਕਰਕੇ ਪੰਥ ਨੂੰ ਸਮਰਪਤ ਹੋ ਰਹੀਆਂ? ਇਨ੍ਹਾਂ ਨੂੰ ਹਰ ਰੋਜ ਈਰਖਾ ਦੇ ਨਵੇਂ ਕੰਡੇ ਕਿਉਂ ਉੱਗ ਰਹੇ ਹਨ? ਇੱਕ ਦੂਜੇ ਦਾ ਨਾਮ ਲੈਣ ਲੱਗਿਆਂ ਜੀਭ ਤੇ ਛਾਲੇ ਕਿਉਂ ਹੋ ਜਾਂਦੇ ਹਨ। ਇੱਕ ਦੂਜੇ ਨੂੰ ਵੇਖਕੇ ਅੱਖਾਂ ਵਿੱਚ ਕਾਲਾ ਮੋਤੀਆ ਕਿਉਂ ਉੱਤਰ ਆਉਂਦਾ ਹੈ। ਕੋਈ ਸ਼ੱਕ ਨਹੀਂ ਭਾਈ ਗੁਰਬਖਸ ਸਿੰਘ ਦ੍ਰਿੜ ਇਰਾਦੇ ਨਾਲ ਸ਼ਹਾਦਤ ਦੇ ਦੇਵੇਗਾ। ਗੂੜੀ ਨੀਂਦੇ ਸੁਤੀ ਪਈ ਕੌਮ ਵਾਸਤੇ ਅਤੇ ਉਨ੍ਹਾਂ ਸਿੱਖਾ ਲਈ ਜਿਹੜੇ ਅੰਬ ਸਾਹਿਬ ਮੱਥਾ ਟੇਕਣ ਗਏ ਜਾਂਦੇ ਆਉਂਦੇ ਟੇਢੀ ਅੱਖ ਨਾਲ ਭਾਈ ਸਾਹਿਬ ਵੱਲ ਵੇਖਕੇ ¦ਘ ਜਾਂਦੇ ਹਨ ਪਰ ਅੰਦਰਲਾ ਨਹੀਂ ਪਸੀਜ਼ਦਾ?

ਇਹ ਕੌੜਾ ਸੱਚ ਹੈ ਕਿ ਇਹ ਜਥੇਬੰਦੀਆਂ ਵੀ ਆਪਣਾ ਸਵਾਰਥ ਵੇਖ ਰਹੀਆਂ ਹਨ। ਹਰ ਕੋਈ ਮੌਕੇ ਦੀ ਤਾਕ ਵਿੱਚ ਹੈ। ਇਹ ਅਖੌਤੀ ਪੰਥਕ ਧਿਰਾਂ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਬਜਾਏ ਭਾਈ ਗੁਰਬਖਸ ਸਿੰਘ ਨਾਂ ਦਾ ਸੌਦਾ ਵੇਚਣ ਲਈ ਤਿਆਰ ਬੈਠੀਆਂ ਹਨ। ਜਿਸ ਨਾਲ ਡਾਲਰ ਅਤੇ ਪੌਂਡ ਹੋਰ ਆਉਣ ਦੀ ਆਸ ਦਿੱਸ ਰਹੀ ਹੈ। ਇਹ ਵੀ ਪਾਲਾ ਹੈ ਕਿ ਜੇ ਅਸੀਂ ਆਪਣਾ ਫੱਟਾ ਲਾਹ ਲਿਆ ਤਾਂ ਸ਼ਾਇਦ ਆਪਣੀ ਪੁੱਛ ਹੀ ਖਤਮ ਹੋ ਜਾਵੇਗੀ। ਇਸ ਸੰਘਰਸ਼ ਦਾ ਕੁਝ ਮੂੰਹ ਸਿਰ ਨਾ ਬਨਣ ਦਾ ਇੱਕ ਠੋਸ ਕਾਰਣ ਇਹ ਹੀ ਹੈ ਕਿ ਪੰਥਕ ਜਥੇਬੰਦੀਆਂ ਦੀ ਫੁੱਟ ਤੋਂ ਆਮ ਸਿੱਖ ਬਹੁਤ ਨਿਰਾਸ਼ ਹਨ ਤੇ ਜਿਥੇ ਕੋਈ ਕੌਮੀ ਮੁਸ਼ਕਿਲ ਹੁੰਦੀ ਹੈ ਫਿਰ ਉਹੀ ਘਸੇ ਪਿਟੇ ਚਿਹਰੇ ਜਿਹੜੇ ਆਪਣੀ ਪਾਇਦਾਰੀ ਅਤੇ ਭਰੋਸੇਯੋਗਤਾ ਗਵਾਂ ਚੁੱਕੇ ਹਨ, ਅੱਗੇ ਆ ਜਾਂਦੇ ਹਨ। ਸੌਦਾ ਸਾਧ, ਭਨਿਆਰਾਵਾਲਾ ਆਸ਼ੁਤੋਸ਼ ਜਾਂ ਕੁਝ ਹੋਰ ਮਾਮਲਿਆਂ ਵਿੱਚ ਖਾਲਸਾ ਐਕਸ਼ਨ ਕਮੇਟੀ ਅਖੌਤੀ ਸੰਤ ਸਮਾਜ, ਨਿਰਾਰਥਕ ਪੰਥਕ ਜਥੇਬੰਦੀਆਂ ਅਤੇ ਅਕਾਲ ਤਖਤ ਦੇ ਜਥੇਦਾਰ ਪ੍ਰਤੀ ਸਿਖਾਂ ਦਾ ਕੌੜਾ ਤੇ ਤਲਖ ਤਜ਼ਰਬਾ ਹੈ ਕਿ ਅੱਜ ਤੱਕ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਦਰਸ਼ਨ ਸਿੰਘ ਲੁਹਾਰਾ ਤੇ ਭਾਈ ਜਸਪਾਲ ਸਿੰਘ ਚੌੜ ਸਿਧਵਾਂ ਦੀ ਸ਼ਹੀਦੀ ਦੇ ਮਾਮਲੇ ਵਿੱਚ ਕੀ ਨਤੀਜੇ ਸਾਹਮਣੇ ਆਏ ਹਨ। ਉਪਰੋਕਤ ਸਾਰਿਆਂ ਨੇ ਹੀ ਕੌਮੀ ਜਜ਼ਬਾਤਾ ਦੀ ਖਿੱਲੀ ਉਡਾਈ ਹੈ।

ਸਾਰੇ ਸਿੱਖਾਂ ਨੂੰ ਪਤਾ ਹੈ ਕਿ ਇਸ ਸਾਧ ਲਾਣੇ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲ ਦੀ ਮਦਦ ਕਰਕੇ ਬਾਦਲ ਪਰਿਵਾਰ ਦਾ ਗੁਰਦੁਆਰਿਆਂ ਉਪਰ ਸਿੱਧੇ ਤੌਰ 'ਤੇ ਕਬਜਾ ਕਰਵਾਇਆ ਹੈ। ਅੱਜ ਵੀ ਜਦੋਂ ਕੌਮੀ ਮੁੱਦਾ ਉਠਦਾ ਹੈ, ਤਾਂ ਇਹ ਲੋਕ ਅੱਗੇ ਹੋਕੇ ਸੰਘਰਸ਼ ਦੀ ਵਾਗਡੋਰ ਸਾਂਭ ਲੈਂਦੇ ਹਨ ਅਤੇ ਥੋੜੇ ਸਮੇਂ ਵਿੱਚ ਸੰਘਰਸ਼ ਦੀ ਹਵਾ ਕੱਢਕੇ ਕੌਮ ਨਾਲ ਧ੍ਰੋਹ ਕਰਕੇ ਬਾਦਲ ਦੇ ਕੁੱਛੜ ਚੜ ਜਾਂਦੇ ਹਨ। ** ਕੱਲ ਦੀ ਸਾਂਝੀ ਮੀਟਿੰਗ ਵਿੱਚ ਵੀ ਪ੍ਰੋਫੈਸ਼ਰ ਦਰਸ਼ਨ ਸਿੰਘ ਦੀ ਹਾਜ਼ਰੀ ਨੂੰ ਲੈਕੇ ਸੰਤ ਸਮਾਜ ਤਰਫ਼ ਉਠਿਆ ਤੇ ਆਖਿਰ ਉਨ੍ਹਾਂ ਨੂੰ ਮੀਟਿੰਗ ਵਿੱਚ ਸ਼ਾਮਲ ਨਾ ਕਰਨ ਦਾ ਫੈਸਲਾ ਲੈਕੇ ਹੀ ਸਾਹ ਲਿਆ। ਏਵੇਂ ਹੀ ਕੁਝ ਆਗੂ ਸ. ਸਿਮਰਨਜੀਤ ਸਿੰਘ ਮਾਨ ਦੀ ਕਾਰਗੁਜਾਰੀ ਨੂੰ ਲੈਕੇ ਕਈ ਤਰਾਂ ਦੇ ਹਨੋਰੇ ਕਸਦੇ ਰਹਿੰਦੇ ਹਨ। ਫਿਰ ਕੌਮ ਦਾ ਭਲਾ ਕਿਵੇਂ ਹੋ ਸਕਦਾ ਹੈ?

** ਨੋਟ: ਸੱਪ ਸਮਾਜ ਦੇ ਵਿਰੋਧ ਦੇ ਬਾਵਜੂਦ ਸ. ਹਰਪਾਲ ਸਿੰਘ ਚੀਮਾ ਪ੍ਰੋ. ਦਰਸ਼ਨ ਸਿੰਘ ਨੂੰ ਸਨਮਾਨ ਸਹਿਤ ਪੰਡਾਲ ਵਿੱਚ ਲੈ ਕੇ ਗਏ। ਸ. ਮਨਜੀਤ ਸਿੰਘ ਮੁਹਾਲੀ ਇਸ ਮੌਕੇ 'ਤੇ ਮੌਜੂਦ ਸੀ , ਜਿਨ੍ਹਾਂ ਨੇ ਸ. ਹਰਪਾਲ ਸਿੰਘ ਚੀਮਾ ਨੂੰ ਕਿਹਾ ਕਿ ਜਦੋਂ ਇਹ ਸਾਧ ਲਾਣਾ ਪ੍ਰੋ. ਸਾਹਿਬ ਦਾ ਵਿਰੋਧ ਕਰ ਰਿਹਾ ਸੀ, ਤਾਂ ਉਹ ਚੁੱਪ ਕਿਉਂ ਸੀ। ਪਰ ਪ੍ਰੋ. ਸਾਹਿਬ ਦੇ ਪੰਡਾਲ 'ਚ ਪਹੁੰਚਣ 'ਤੇ ਸਭ ਨੇ ਉਨ੍ਹਾਂ ਦਾ ਆਦਰ ਕੀਤਾ ਅਤੇ ਜੋ ਤਕਰੀਰ ਉਨ੍ਹਾਂ ਨੇ ਕੀਤੀ, ਉਹ ਸਭ ਨੇ ਸੁਣੀ / ਦੇਖੀ ਹੈ। ਇਹ ਸਾਧ ਲਾਣਾ ਆਪਣੇ ਆਪ ਨੂੰ ਕੌਮ ਦਾ ਖੈਰ ਖਵਾਹ ਸਮਝਦਾ ਹੈ, ਪਰ ਹੈ ਅਸਲ 'ਚ ਇਹ ਬੁੱਕਲ ਦੇ ਸੱਪ, ਇਸੇ ਲਈ ਇਨ੍ਹਾਂ ਨੂੰ ਸੱਪ ਸਮਾਜ ਆਖਿਆ ਜਾਂਦਾ ਹੈ। ਸੰਪਾਦਕ ਖ਼ਾਲਸਾ ਨਿਊਜ਼

ਉਂਝ ਵੇਖੀਏ ਤਾਂ ਕੌਮ ਵੀ ਬਲਹੀਣ ਅਤੇ ਸਤਹੀਣ ਹੋਈ ਪਈ ਹੈ। ਪੰਜਾਬ ਦੇ 12 ਹਜ਼ਾਰ ਤੋਂ ਵਧੇਰੇ ਪਿੰਡ ਹਨ। ਪੰਜਾਬ ਵਿੱਚ ਜੇਕਰ ਹਰ ਪਿੰਡ ਵਿੱਚੋਂ ਹਰ ਰੋਜ ਇੱਕ ਗੁਰੂ ਦਾ ਪਿਆਰਾ ਅੰਬ ਸਾਹਿਬ ਭਾਈ ਸਾਹਿਬ ਦੀ ਹੌਸਲਾ ਅਫਜਾਈ ਲਈ ਆਉਂਦਾ ਤਾਂ ਰੋਜ 10 ਤੋਂ 12 ਹਜ਼ਾਰ ਸੰਗਤਾਂ ਨੇ ਆਉਣਾ ਸੀ। ਜਿਸ ਨਾਲ ਸਰਕਾਰ ਪਾਣੀ ਧਾਣੀ ਹੋ ਜਾਂਦੀ ਤੇ ਖੁਦ ਗੋਡੇ ਟੇਕਕੇ ਨਜ਼ਰ ਬੰਦਾਂ ਦੀ ਰਿਹਾਈ ਕਰਦੀ।

ਹੁਣ ਤਾਂ ਇਹ ਗੱਲ ਸਮਝ ਆਉਂਦੀ ਹੈ ਕਿ ਨਾ ਤਾਂ ਅਸੀਂ ਨਜਰਬੰਦਾਂ ਦੀ ਰਿਹਾਈ ਚਾਹੁੰਦੇ ਹਾਂ ਅਤੇ ਨਾਂ ਹੀ ਭਾਈ ਗੁਰਬਖਸ ਸਿੰਘ ਦੀ ਸਲਾਮਤੀ। ਕੁਝ ਆਗੂ ਪ੍ਰਕਾਸ਼ ਸਿੰਹੁ ਬਾਦਲ ਦਾ ਪਿਛਲਾ ਦਰਵਾਜਾ ਆਪਣੇ ਵਾਸਤੇ ਖੁੱਲਾ ਰਖਵਾਉਣ ਲਈ ਜਥੇਦਾਰ ਅਤੇ ਸੰਤ ਸਮਾਜ ਦੀ ਚਮਚੀ ਵੀ ਮਾਰਦੇ ਹਨ। ਜੇ ਕੋਈ ਸਿੱਖ ਉਨ੍ਹਾਂ ਤੇ ਕਿੰਤ ਪ੍ਰੰਤੂ ਕਰਦਾ ਹੈ ਤਾਂ ਉਸਦੀ ਟੋਕਾ ਟੁਕਾਈ ਵੀ ਕੀਤੀ ਜਾਂਦੀ ਹੈ। ਜਦੋਂ ਕਿ ਸੰਤ ਬਲਜੀਤ ਸਿੰਘ ਦਾਦੂਵਾਲ ਤੋਂ ਬਿਨਾਂ ਕੋਈ ਸੰਤ ਇਸ ਵੇਲੇ ਬਾਦਲ ਸਰਕਾਰ ਨਾਲ ਟੱਕਰ ਨਹੀ ਲੈ ਰਿਹਾ। ਜਾਂ ਕੁੱਝ ਦਿਨਾਂ ਤੋਂ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਵੀ ਪੰਥਕ ਸਘੰਰਸ਼ ਵੱਲ ਰੁਖ ਕੀਤਾ ਹੈ। ਪਰ ਬਾਕੀ ਸਾਧ ਲਾਣਾ ਬਾਦਲ ਦੀਆ ਟਿੱਕਟਾਂ ਤੇ ਆਪਣੇ ਪੁੱਤਰਾਂ ਜਾਂ ਰਿਸ਼ਤੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਂ ਹੋਰ ਅਹੁਦੇ ਦਿਵਾ ਰਹੇ ਹਨ।

ਅਖੀਰ ਵਿੱਚ ਇਹੀ ਕਹਿਣਾ ਵਾਜਿਬ ਹੈ ਕਿ ਭਾਈ ਗੁਰਬਖਸ਼ ਸਿੰਘ ਵੱਲੋਂ ਵਾਰ-ਵਾਰ ਪੰਥਕ ਏਕਤਾ ਦੀ ਕੀਤੀ ਅਪੀਲ ਦਾ ਅਖੌਤੀ ਪੰਥਕ ਜਥੇਬੰਦੀਆਂ ਮਖੌਲ ਉਡਾ ਰਹੀਆਂ ਹਨ। ਕਿਸੇ ਦਾ ਵੀ ਹਿਰਦਾ ਨਹੀਂ ਪਿਘਲਿਆ ਸਿਰਫ ਆਪਣੀ ਆਪਣੀ ਹੀ ਪਈ ਹੈ। ਭਾਈ ਗੁਰਬਖਸ ਸਿੰਘ ਖਾਲਸਾ ਦਾ ਬਦਲ ਤਾਂ ਭਾਈ ਦਮਨਦੀਪ ਸਿੰਘ ਅਕਾਲ ਪੁਰਖ ਨੇ ਭੇਜ ਦਿੱਤਾ ਹੈ। ਪਰ ਹੁਣ ਸਾਨੂੰ ਅਖੌਤੀ ਪੰਥਕ ਜਥੇਬੰਦੀਆਂ ਜਾਂ ਆਪੂ ਬਣੇ ਪੰਥਕ ਲੀਡਰਾਂ ਦਾ ਬਦਲ ਲੱਭਣ ਦੀ ਜਰੂਰਤ ਹੈ। ਇਸ ਵਿੱਚ ਕੋਈ ਖਾਸ ਧਿਰ ਇਨ੍ਹਾਂ ਸਤਰਾਂ ਨੂੰ ਆਪਣੇ ਵਿਰੁੱਧ ਨਾ ਸਮਝੇ ਦਾਸ ਲੇਖਕ ਆਪਣੇ ਆਪ ਨੂੰ ਉਨ੍ਹਾਂ ਅਖੌਤੀ ਪੰਥਕ ਜਥੇਬੰਦੀਆਂ ਦਾ ਹਿੱਸਾ ਸਮਝਕੇ ਹੀ ਬਿਆਨ ਕਰ ਰਿਹਾ ਹੈ।

ਚੰਗਾ ਹੋਵੇਗਾ ਜੇ ਮੇਰੇ ਸਮੇਤ ਇਹ ਸਾਰੇ ਆਗੂ ਕੌਮ ਤੇ ਰਹਿਮ ਕਰਕੇ ਮੌਤ ਦੇ ਮੁਕਾਮ ਪਰ ਖੜੇ ਭਾਈ ਗੁਰਬਖਸ ਸਿੰਘ ਖਾਲਸਾ ਦੀ ਅਪੀਲ ਮੰਨਕੇ ਜਾਂ ਤਾ ੲੈਕਤਾ ਕਰ ਲੈਣ ਜਾਂ ਫਿਰ ਕੌਮ ਦਾ ਖਹਿੜਾ ਛੱਡ ਕੇ ਸਿੱਖਾਂ ਨੂੰ ਆਪਣੀ ਅਗਵਾਈ ਖੁਦ ਕਰਨ ਕਰਕੇ, ਜਿਵੇਂ ਸਿੰਘ ਸਭਾ ਲਹਿਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਹੋਂਦ ਵਿੱਚ ਆਇਆ ਸੀ, ਓਵੇਂ ਨਵੇਂ ਸਿਰਿਓ ਇੱਕ ਠੋਸ ਪੰਥਕ ਜਥੇਬੰਦੀ ਬਣਾਉਣ ਦਾ ਮੌਕਾ ਦੇਣ ਤਾਂ ਕਿ ਭਾਈ ਗੁਰਬਖਸ ਸਿੰਘ ਵਰਗੇ ਵੀਰਾਂ ਦੀ ਕੁਰਬਾਨੀ ਦਾ ਮੁੱਲ ਪਾਇਆ ਜਾ ਸਕੇ ਅਤੇ ਕੌਮ ਨੂੰ ਦਰਪੇਸ਼ ਸਮਸਿਆਵਾਂ ਦਾ ਠੋਸ ਹਲ ਨਿਕਲ ਸਕੇ। ਅੱਜ ਹਰ ਥਾਂ ਤੇ ਫੇਲ੍ਹ ਹੋ ਰਹੇ ਕੌਮੀ ਸੰਘਰਸ਼ ਨੂੰ ਤੱਕ ਕੇ ਇਹੀ ਕਹਿਣਾ ਬਣਦਾ ਹੈ ਕਿ "ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।"


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top