Share on Facebook

Main News Page

ਬਾਦਲ ਦੇ ਗੁਲਾਮ ਜਥੇਦਾਰਾਂ ਤੇ ਝੋਲੀ ਚੁੱਕਾਂ ਤੋਂ ਕਿਨਾਰਾਂ ਕੀਤੇ ਬਿਨ੍ਹਾਂ ਪੰਥਕ ਧਿਰਾਂ ਦਾ, ਕੌਮੀ ਹਿੱਤਾਂ ਲਈ ਸੰਘਰਸ਼ ਨੂੰ ਸਫਲ ਬਣਾਉਣਾ ਮੁਸ਼ਕਲ
-: ਗੁਰਚਰਨ ਸਿੰਘ ਗੁਰਾਇਆ​

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜਤ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਆਜ਼ਾਦ ਸੋਚ ਨੂੰ ਰੂਪਮਾਨ ਕਰਦੀ ਪ੍ਰਭੂਸਤਾ ਸੰਪੰਨ ਸੰਸਥਾ ਹੈ । ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸ਼ਕਤੀ ਦਾ ਸਿਰਮੌਰ ਕੇਂਦਰ ਹੈ । ਇਸਦੀ ਸਥਾਪਨਾ ਮਨੁੱਖੀ ਸਵੈਮਾਣ ਅਤੇ ਅਜ਼ਾਦੀ ਦੇ ਸੁਨਿਹਰੇ ਅਸੂਲਾਂ ਅਤੇ ਨਿਰਭੈਤਾ ਦਾ ਜਜ਼ਬਾ ਮਨੁੱਖਤਾ ਵਿੱਚ ਭਰਨ ਲਈ ਕੀਤੀ ਗਈ ਸੀ । ਸ੍ਰੀ ਅਕਾਲ ਤਖਤ ਸਾਹਿਬ ਮੀਰੀ-ਪੀਰੀ ਭਾਵ ਭਗਤੀ ਅਤੇ ਸ਼ਕਤੀ ਦੇ ਸੁਮੇਲ ਦਾ ਪ੍ਰਤੀਕ ਹੈ । ਇਸਦੀ ਦੀ ਸਥਾਪਨਾ ਦਾ ਮਕਸਦ ਸੀ ਕਿ ਕੋਈ ਮਨੁੱਖ ਕਿਸੇ ਮਨੁੱਖ ਨੂੰ, ਕੋਈ ਜਾਤ ਕਿਸੇ ਜਾਤ ਨੂੰ, ਕੋਈ ਮਜ਼ਹਬ ਕਿਸੇ ਮਜ਼ਹਬ ਨੂੰ, ਕੋਈ ਦੇਸ਼ ਕਿਸੇ ਦੇਸ਼ ਨੂੰ ਆਪਣੇ ਅਧੀਨ ਨਾ ਬਣਾ ਸਕੇ ਅਤੇ ਹਰੇਕ ਨੂੰ ਆਪਣੀ ਵਿਚਾਰਧਾਰਾ ਅਨੁਸਾਰ ਜੀਵਨ ਜੀਉਣ ਦਾ ਹੱਕ ਹੈ।

ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਵੀ ਮਨੁੱਖੀ ਅਜ਼ਾਦੀ ਤੇ ਸਵੈ-ਮਾਣ ਖਤਰੇ ਵਿੱਚ ਪਏ ਤਾਂ ਸੱਚੇ ਧਰਮ ਦਾ ਜ਼ਜ਼ਬਾ ਲੈ ਕੇ ਉਸਦੀ ਰਾਖੀ ਲਈ 'ਗੁਰੂ ਕੇ ਸਿੱਖਾਂ' ਨੇ ਸਦਾ ਇਥੋਂ ਅਗਵਾਈ ਪ੍ਰਾਪਤ ਕੀਤੀ। 'ਖ਼ਾਲਸਾ ਜੀ ਕੇ ਬੋਲਬਾਲੇ ਤੇ ਰਾਜ ਕਰੇਗਾ ਖਾਲਸਾ' ਦੇ ਬੋਲਿਆˆ ਦੀ ਗੂੰਜ ਵੀ ਇਥੋਂ ਹੀ ਪੈਂਦੀ ਹੈ। ਜਦੋਂ ਜਦੋਂ ਵੀ ਸਿੱਖ ਕੌਮ ਉੱਤੇ ਜ਼ਾਲਮ ਨੇ ਹਮਲਾ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਤੇ ਹੁਕਮਨਾਮਿਆ ਤੋਂ ਅਗਵਾਈ ਲੈਂਦਿਆਂ ਸਿੱਖ ਕੌਮ ਨੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ । ਸਮੇਂ ਦੀਆਂ ਸਰਕਾਰਾਂ ਇਸ ਸੁਤੰਤਰ ਤੇ ਨਿਧੜਕ ਅਵਾਜ਼ ਤੋਂ ਹਮੇਸ਼ਾਂ ਡਰਦੀਆਂ ਰਹੀਆਂ ਹਨ ।ਇਸੇ ਲਈ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦਰਸ਼ਾਂ, ਸਿਧਾਂਤਾਂ 'ਤੇ ਜਜ਼ਬਿਆਂ ਨੂੰ ਕੁਚਲਣ ਲਈ ਹਰ ਹਰਬਾ ਵਰਤਿਆ ਹੈ ਤੇ ਇਹ ਵਰਤਾਰਾ ਅੱਜ ਤੱਕ ਵੀ ਜਾਰੀ ਹੈ 

ਪੰਜਾਬ ਅੰਦਰ ਸਿੱਖ ਕੌਮ ਦੀ ਅਜ਼ਾਦ ਹਸਤੀ ਤੋਂ ਭੈਅ ਖਾਂਦੀ ਮੌਜੂਦਾ ਬ੍ਰਾਹਮਣਵਾਦੀ ਸਰਕਾਰ ਨੇ ਹਰ ਨਾਜਾਇਜ਼ ਹਰਬਾ ਵਰਤ ਕੇ ਸਿੱਖਾਂ ਨੂੰ ਅਧੀਨ ਬਣਾਇਆ ਹੋਇਆ ਹੈ । ਜਦੋਂ ਸਿੱਖ ਕੌਮ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਭੂਸਤਾ ਸੰਪੰਨ ਖਾਲਸਾ ਰਾਜ ਦੇ ਸਿਧਾਂਤ ਉੱਤੇ ਪਹਿਰਾ ਦਿੰਦਿਆਂ ਹੱਕ, ਸੱਚ ਤੇ ਅਜ਼ਾਦੀ ਦੀ ਅਵਾਜ਼ ਬੁਲੰਦ ਕੀਤੀ ਤਾਂ ਜਿੱਥੇ ਜ਼ਾਲਮ ਸਰਕਾਰ ਨੇ ਸਿੱਖ ਕੌਮ ਦਾ ਘਾਣ ਕੀਤਾ ਉੱਥੇ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਜ਼ੁਲਮ ਦਾ ਨਿਸ਼ਾਨਾ ਬਣਾ ਕੇ ਢਹਿ ਢੇਰੀ ਕਰ ਦਿੱਤਾ । ਜ਼ਾਲਮ ਸਰਕਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕਰਨ ਵਿੱਚ ਤਾਂ ਕਾਮਯਾਬ ਹੋ ਗਈ ਪਰ ਸਿੱਖ ਕੌਮ ਅੰਦਰੋਂ ਅਜ਼ਾਦੀ ਦਾ ਜਜ਼ਬਾ ਖਤਮ ਨਾ ਕਰ ਸਕੀ ਤੇ ਅਜ਼ਾਦੀ ਦਾ ਸੰਘਰਸ਼ ਜਾਰੀ ਰਿਹਾ । ਸਿੱਖਾਂ ਦੇ ਅਜ਼ਾਦੀ ਪ੍ਰਾਪਤੀ ਦੇ ਜਜ਼ਬੇ ਤੋਂ ਭੈਅਭੀਤ ਹਿੰਦੁਸਤਾਨ ਸਰਕਾਰ ਸਿੱਖ ਕੌਮ ਨੂੰ ਗੁਲਾਮ ਬਣਾਈ ਰੱਖਣ ਲਈ ਚਾਣਕੀਆ ਨੀਤੀ ਵਰਤ ਕੇ ਸਿਆਸੀ ਆਗੂਆਂ ਨੂੰ ਆਪਣੇ ਅਧੀਨ ਕਰਨ ਵਿੱਚ ਕਾਮਯਾਬ ਹੋ ਗਈ । ਇਹਨਾਂ ਬੇਜ਼ਮੀਰੇ ਸਿਆਸੀ ਆਗੂਆਂ ਰਾਹੀਂ ਫਿਰ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੁੱਖ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਗਲਬਾ ਪਾਉਣ ਵਿੱਚ ਕਾਮਯਾਬ ਹੋ ਗਈ । ਬਦਕਿਸਮਤੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਆਪਣੀ ਆਜ਼ਾਦ ਸੋਚ ਤਿਆਗ ਕੇ ਹਿੰਦੁਵਾਦੀ ਸੋਚ ਦੇ ਗੁਲਾਮ ਹੋ ਗਏ ਹਨ । ਉਹਨਾਂ ਨੇ ਬਚਨਾਂ ਤੇ ਕਰਮਾਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੁਨਿਆਵੀ ਰਾਜ ਸਤਾ ਦੇ ਅਧੀਨ ਕਰ ਦਿੱਤਾ ਹੈ । ਜਦ ਕੌਮ ਤੇ ਮੁਸ਼ਕਲ ਸਮਾਂ ਆ ਜਾਵੇ ਤਾਂ ਜਥੇਦਾਰ ਤੋਂ ਸਿਧਾਂਤਕ ਅਤੇ ਯੋਗ ਅਗਵਾਈ ਦੀ ਉਮੀਦ ਕੀਤੀ ਜਾਂਦੀ ਹੈ ਪਰ ਮੌਜੂਦਾ ਜਥੇਦਾਰ ਗੁਰਬਚਨ ਸਿੰਘ ਨੇ ਕੌਮ ਦੀ ਸੰਕਟ ਦੀ ਘੜੀ ਵਿੱਚ ਜੋ ਰੋਲ ਨਿਭਾਇਆ ਉਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਭੰਗ ਕੀਤਾ ਹੈ।

ਲੰਮੇਂ ਸਮੇਂ ਤੋਂ ਬ੍ਰਾਹਮਣਵਾਦੀ ਸਰਕਾਰ ਦੀਆਂ ਜੇਲ੍ਹਾਂ ਵਿੱਚ ਕੈਦ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਰੱਖੀ ਭੁੱਖ ਹੜਤਾਲ ਦੌਰਾਨ ਮੌਜੂਦਾ ਜਥੇਦਾਰ ਸਾਹਿਬ ਦਾ ਰੋਲ ਬਹੁਤ ਹੀ ਨਾਂਹ ਪੱਖੀ ਰਿਹਾ ਤੇ ਜ਼ਾਲਮ ਸਰਕਾਰ ਦਾ ਪੱਖ ਪੂਰਦਾ ਰਿਹਾ । ਪੰਥਕ ਜਥੇਬੰਦੀਆਂ ਦੇ ਆਗੂ ਤੇ ਆਮ ਸਿੱਖ ਇਹ ਆਸ ਰੱਖਦੇ ਸਨ ਕਿ ਜਥੇਦਾਰ ਕੌਮ ਦੀ ਅਗਵਾਈ ਕਰਦਿਆਂ ਨਜਾਇਜ਼ ਤੌਰ ਤੇ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਚੁੱਕਣਗੇ । ਇਸ ਗੱਲ ਲਈ ਉਹਨਾਂ ਵਾਰ ਵਾਰ ਜਥੇਦਾਰ ਸਾਹਿਬ ਕੋਲ ਬੇਨਤੀਆਂ ਵੀ ਕੀਤੀਆਂ ਪਰ ਉਹਨਾਂ ਨੇ ਕੌਮ ਦੇ ਦਰਦ ਤੇ ਜਜ਼ਬਾਤਾਂ ਨੂੰ ਅੱਖੋਂ ਪਰੋਖੇ ਕਰਦਿਆਂ ਆਪਣੇ ਸਿਆਸੀ ਆਕਾਵਾਂ ਦਾ ਹੁਕਮ ਹੀ ਵਜਾਇਆ ।

ਸਿੱਖ ਕੌਮ ਦੇ ਸੁਨਿਹਰੀ ਧਾਰਮਿਕ ਅਸੂਲਾਂ ਦਾ ਸਹਾਰਾ ਲੈ ਕੇ ਜਿੱਥੇ ਉਹਨਾਂ ਦਾ ਫਰਜ਼ ਕੌਮ ਨੂੰ ਜ਼ਾਲਮ ਸਰਕਾਰਾਂ ਖਿਲਾਫ ਲਾਮਬੰਦ ਕਰਨਾ ਸੀ ਉੱਥੇ ਉਹਨਾਂ ਨੇ ਧਰਮ ਦਾ ਸਹਾਰਾ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਿਸ਼ਨ ਨੂੰ ਤਾਰਪੀਡੋ ਕਰਨ ਲਈ ਵਰਤਿਆ । ਹੁਣ ਜਦੋਂ ਬਾਦਲ ਸਰਕਾਰ ਨੇ ਜ਼ਾਲਮ ਹਥਕੰਡਿਆਂ ਤੇ ਉੱਤਰਦਿਆਂ ਭਾਈ ਗੁਰਬਖਸ਼ ਸਿੰਘ ਨੂੰ ਨਜਾਇਜ਼ ਤੌਰ ਤੇ ਅਗਵਾ ਕਰਕੇ ਜੇਹਲ ਵਿੱਚ ਸੁੱਟ ਦਿੱਤਾ ਹੈ ਤਾਂ ਜਥੇਦਾਰ ਸਾਹਿਬ ਦੀ ਅਵਾਜ਼ ਨੂੰ ਤਾਲਾ ਲੱਗ ਗਿਆ ਹੈ । ਇੱਕ ਬੋਲ ਵੀ ਹਮਦਰਦੀ ਦਾ ਮੂੰਹਂੋ ਨਹੀਂ ਨਿਕਲਿਆ, ਕੌਮ ਨੂੰ ਅਗਵਾਈ ਤਾਂ ਕੀ ਦੇਣੀ ਸੀ ।

ਇਹ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਪਹਿਲਾ ਮੌਕਾ ਨਹੀਂ ਹੈ ਜਦੋਂ ਉਹਨਾਂ ਆਪਣੇ ਕੰਮਾਂ ਤੇ ਹੁਕਮਨਾਮਿਆਂ ਨਾਲ ਕੌਮ ਨੂੰ ਨਿਰਾਸ਼ ਕੀਤਾ ਤੇ ਬ੍ਰਾਹਮਣਵਾਦ ਦੀ ਗੁਲਾਮੀ ਵੱਲ ਧੱਕਿਆ । ਇਸ ਤੋਂ ਪਹਿਲਾਂ ਸੌਦਾ ਸਾਧ ਦਾ ਮਸਲਾ, ਲੁਧਿਆਣਾ ਗੋਲੀ ਕਾਂਡ, ਭਾਈ ਜਸਪਾਲ ਸਿੰਘ ਦੀ ਸ਼ਹੀਦੀ, ਤੇ ਹੋਰ ਮਸਲਿਆਂ ਵਿੱਚ ਵੀ ਜ਼ਾਲਮ ਸਰਕਾਰ ਦਾ ਪੱਖ ਪੂਰਦੀ ਭੁਮਿਕਾ ਨਿਭਾਈ । ਸਿੱਖ ਦੁਸ਼ਮਣ ਬਾਦਲ ਨੂੰ ਫਖਰ ਏ ਕੌਮ ਦਾ ਖਿਤਾਬ ਇਹਨਾਂ ਦੀ ਦੁਨਿਆਵੀ ਤਖਤ ਦੀ ਅਧੀਨ ਸੋਚ ਨੂੰ ਰੂਪਮਾਨ ਕਰਦਾ ਹੈ ।

ਇਸ ਲਈ ਅੱਜ ਪੰਥਕ ਜਥੇਬੰਦੀਆਂ ਜੇ ਕੌਮ ਦਾ ਭਲਾ ਚਾਹੁੰਦੀਆਂ ਹਨ ਤਾਂ ਉਹ ਸਿੱਖ ਕੌਮ ਦੇ ਮਸਲਿਆਂ ਦੇ ਹੱਲ ਲਈ ਮੌਜੂਦਾ ਜਥੇਦਾਰਾਂ ਤੋਂ ਆਸ ਨਾ ਰੱਖਣ । ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਭੂਸਤਾ ਸੰਪੰਨ ਖਾਲਸਾ ਰਾਜ ਦੇ ਸੰਕਲਪ ਅਤੇ ਸਿੱਖੀ ਦੇ ਸੁਨਿਹਰੀ ਅਸੂਲਾਂ ਨੂੰ ਸਮਰਪਿਤ ਹੋ ਕੇ ਕੌਮ ਨੂੰ ਇਕਮੁੱਠ ਕਰਨ । ਜਥੇਦਾਰਾਂ ਨੂੰ ਕੌਮ ਦੇ ਫੇਸਲਿਆਂ ਵਿੱਚ ਸ਼ਾਮਲ ਕਰਨ ਦੀ ਥਾਂ ਨਜ਼ਰਅੰਦਾਜ਼ ਕਰਨ ਕਿਉਂਕਿ ਉਹ ਹਰ ਫੈਸਲਾ ਸਰਕਾਰ ਦਾ ਪੱਖ ਪੂਰਨ ਵਾਲਾ ਲੈਦੇ ਹਨ । ਕੌਮ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਲਈ ਜਥੇਦਾਰਾਂ ਤੋਂ ਟੇਕ ਲੈਣ ਦੀ ਜਗ੍ਹਾ ਕੌਮ ਨੂੰ ਜ਼ਾਲਮ ਸਰਕਾਰ ਤੋਂ ਅਜ਼ਾਦੀ ਦੀ ਪ੍ਰਾਪਤੀ ਲਈ ਲਾਮਬੰਦ ਕਰਨ । ਸਿੱਖੀ ਸਿਧਾਂਤਾਂ 'ਤੇ ਟੇਕ ਰੱਖਦਿਆਂ ਜ਼ੁਲਮ ਦੇ ਖਿਲਾਫ ਅਵਾਜ਼ ਉਠਾਉਣ । ਇੱਕ ਦਿਨ ਅਜਿਹਾ ਜਰੂਰ ਆਵੇਗਾ ਜਦੋਂ ਸਿੱਖ ਕੌਮ ਨੂੰ ਅਜ਼ਾਦੀ ਦੀ ਦਾਤ ਪ੍ਰਾਪਤ ਹੋਵੇਗੀ ਤੇ ਅਕਾਲ ਤਖਤ ਵੀ ਦੁਨਿਆਵੀ ਗਲਬੇ ਤੋਂ ਅਜ਼ਾਦ ਹੋਵੇਗਾ ਤੇ ਮਨੁੱਖੀ ਸਵੈਮਾਣ ਅਤੇ ਅਜ਼ਾਦੀ ਦੇ ਸੁਨਿਹਰੇ ਅਸੂਲਾਂ ਅਲੰਬਰਦਾਰ ਬਣੇਗਾ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top