Share on Facebook

Main News Page

ਪੰਜਾਬ ਪੁਲਿਸ ਵੱਲੋਂ ਭਾਈ ਗੁਰਬਖ਼ਸ਼ ਸਿੰਘ ਨੂੰ ਰਾਤ ਨੂੰ ਚੁੱਕਣਾ ਪੰਜਾਬ ਸਰਕਾਰ ਦੀ ਸ਼ਰਮਨਾਕ ਅਤੇ ਅਤਿ ਨਿੰਦਣਯੋਗ ਕਾਰਵਾਈ
-: ਭਾਈ ਪੰਥਪ੍ਰੀਤ ਸਿੰਘ

* ਅੱਜ ਦੀਆਂ ਇਹ ਸਰਕਾਰਾਂ ਸਾਡੇ ਲਈ ਅੰਗਰੇਜਾਂ ਦੀ ਸਰਕਾਰ ਤੋਂ ਵੀ ਮਾੜੀਆਂ ਸਿੱਧ ਹੋਈਆਂ ਹਨ; ਕਿਉਂਕਿ ਇਸ ਤਰ੍ਹਾਂ ਤਾਂ ਅੰਗਰੇਜ ਸਰਕਾਰ ਨੇ ਵੀ ਕਦੀ ਮਹਾਤਮਾਂ ਗਾਂਧੀ ’ਤੇ ਆਤਮ ਹੱਤਿਆ ਦਾ ਦੋਸ਼ ਲਾ ਕੇ ਉਨ੍ਹਾਂ ਨੂੰ ਜੇਲ੍ਹ ਨਹੀਂ ਸੀ ਭੇਜਿਆ

* ਜੇ ਸਿੱਖ ਆਤਮ ਸਨਮਾਨ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਅਪਣਾ ਕੇ ਮੰਨੂੰ ਰਾਹੀਂ ਫੈਲਾਏ ਬ੍ਰਾਹਮਣਵਾਦ ਤੋਂ ਛੁਟਕਾਰਾ ਪਾਉਣਾ ਪਏਗਾ।

ਬਠਿੰਡਾ, 6 ਦਸੰਬਰ (ਕਿਰਪਾਲ ਸਿੰਘ): ਪੰਜਾਬ ਪੁਲਿਸ ਵੱਲੋਂ ਭਾਈ ਗੁਰਬਖ਼ਸ਼ ਸਿੰਘ ਨੂੰ ਰਾਤ ਨੂੰ ਜ਼ਬਰਦਸਤੀ ਚੁੱਕ ਕੇ ਪਹਿਲਾਂ ਹਸਪਤਾਲ ਅਤੇ ਫਿਰ ਜੇਲ੍ਹ ਭੇਜਣਾ; ਪੰਜਾਬ ਸਰਕਾਰ ਦੀ ਸ਼ਰਮਨਾਕ ਅਤੇ ਅਤਿ ਨਿੰਦਣਯੋਗ ਕਾਰਵਾਈ ਹੈ। ਇਸ ਲਈ ਸਰਕਾਰ ਦੀ ਇਸ ਘਟੀਆ ਕਾਰਵਾਈ ਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਇਹ ਸ਼ਬਦ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਕਹੇ। ਉਨ੍ਹਾਂ ਕਿਹਾ ਜੇ ਅਦਾਲਤਾਂ ਅਤੇ ਸਰਕਾਰ ਤੋਂ ਇਨਸਾਫ ਨਾ ਮਿਲੇ ਤਾਂ ਲੋਕਤੰਤਰ ਵਿੱਚ ਇਨਸਾਫ ਦੀ ਮੰਗ ਕਰਨ ਲਈ ਰੋਸ ਮੁਜਾਹਰੇ ਕੀਤੇ ਜਾਂਦੇ ਹਨ। ਪਰ ਜੇ ਇਹ ਰੋਸ ਮੁਜਾਹਰਿਆਂ ਦੀ ਅਵਾਜ਼ ਵੀ ਸਰਕਾਰ ਦੇ ਬੋਲ਼ੇ ਕੰਨਾਂ ਤੱਕ ਨਾਂ ਪੁੱਜੇ ਤਾਂ ਸਰਕਾਰਾਂ ਤੇ ਦੁਨੀਆਂ ਦਾ ਧਿਆਨ ਆਪਣੀਆਂ ਜਾਇਜ਼ ਮੰਗਾਂ ਵੱਲ ਖਿੱਚਣ ਲਈ ਭੁੱਖ ਹੜਤਾਲਾਂ ਕੀਤੀਆਂ ਜਾਂਦੀਆਂ ਹਨ। ਮਹਾਤਮਾਂ ਗਾਂਧੀ ਕੋਲ ਵੀ ਭੁੱਖ ਹੜਤਾਲ ਦਾ ਇੱਕ ਵੱਡਾ ਹਥਿਆਰ ਸੀ ਜੋ ਉਸ ਨੇ ਅਜਾਦੀ ਦੀ ਲੜਾਈ ਦੌਰਾਨ ਕਈ ਵਾਰ ਵਰਤਿਆ ਸੀ।

ਸੋ ਲੋਕਤੰਤਰ ਵਿੱਚ ਵਰਤੇ ਜਾਂਦੇ ਇਸ ਆਮ ਢੰਗ ਨੂੰ ਅਪਨਾਉਂਦੇ ਹੋਏ ਭਾਈ ਗੁਰਬਖ਼ਸ਼ ਸਿੰਘ ਨੇ ਪੰਜਾਬ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਤਕਰੀਬਨ ਦੋ ਦਹਾਕਿਆਂ ਤੋਂ ਬੰਦ ਕੈਦੀਆਂ ਨੂੰ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ 14 ਨਵੰਬਰ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕੀਤੀ ਸੀ। ਭਾਈ ਪੰਥਪੀਤ ਸਿੰਘ ਨੇ ਕਿਹਾ ਲੋਕਤੰਤਰ ਦਾ ਨਕਾਬ ਪਹਿਨੀਆਂ ਇਸ ਦੇਸ਼ ਦੀਆਂ ਸਰਕਾਰਾਂ ਮਹਾਤਮਾਂ ਗਾਂਧੀ ਦੇ ਗੁਣ ਗਾਇਨ ਕਰਦੀਆਂ ਦਾਅਵੇ ਤਾਂ ਇਹ ਕਰਦੀਆਂ ਹਨ ਕਿ ਉਨ੍ਹਾਂ ਨੇ ਸਿਰਫ ਭੁੱਖ ਹੜਤਾਲਾਂ ਰਾਹੀਂ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਸਾਨੂੰ ਅਜਾਦੀ ਲੈ ਕੇ ਦਿੱਤੀ ਪਰ ਉਹੀ ਢੰਗ ਸਿੱਖਾਂ ਵੱਲੋਂ ਵਰਤੇ ਜਾਣ ’ਤੇ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਆਤਮ ਹੱਤਿਆ ਦੇ ਦੋਸ਼ ਅਧੀਨ ਜੇਲ੍ਹ ਭੇਜਣ ਦੀ ਕੀਤੀ ਕਾਰਵਾਈ ਦਸਦੀ ਹੈ ਕਿ ਸਾਡੀਆਂ ਅੱਜ ਦੀਆਂ ਇਹ ਸਰਕਾਰਾਂ ਸਾਡੇ ਲਈ ਅੰਗਰੇਜਾਂ ਦੀ ਸਰਕਾਰ ਤੋਂ ਵੀ ਮਾੜੀਆਂ ਸਿੱਧ ਹੋਈਆਂ ਹਨ; ਕਿਉਂਕਿ ਇਸ ਤਰ੍ਹਾਂ ਤਾਂ ਅੰਗਰੇਜ ਸਰਕਾਰ ਨੇ ਵੀ ਕਦੀ ਮਹਾਤਮਾਂ ਗਾਂਧੀ ’ਤੇ ਆਤਮ ਹੱਤਿਆ ਦਾ ਦੋਸ਼ ਲਾ ਕੇ ਉਨ੍ਹਾਂ ਨੂੰ ਜੇਲ੍ਹ ਨਹੀਂ ਸੀ ਭੇਜਿਆ।

ਭਾਈ ਪੰਥਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਦੇਸ਼ ਜਿਸ ਦੀ ਅਜਾਦੀ ਵਿੱਚ ਸਿੱਖਾਂ ਨੇ 80% ਤੋਂ ਵੱਧ ਯੋਗਦਾਨ ਪਾਇਆ, ਅੱਜ ਉਸੇ ਦੇਸ਼ ਵਿੱਚ ਸਿੱਖਾਂ ਨਾਲ ਦੂਸਰੇ ਦਰਜੇ ਦਾ ਵਰਤਾਉ ਕਰਕੇ ਹਿੰਦੂਆਂ ਵਿੱਚ ਹੀ ਜ਼ਜ਼ਬ ਹੋਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜੋ ਕਿ ਕਿਸੇ ਵੀ ਤਰ੍ਹਾਂ ਔਰੰਗਜ਼ੇਬ ਦੀ ਹਿੰਦੂਆਂ ਦੇ ਜ਼ਬਰੀ ਜਨੇਊ ਉਤਾਰਨ ਦੀ ਨੀਤੀ ਨਾਲੋਂ ਘੱਟ ਨਹੀਂ ਹੈ। ਸਿੱਖਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਉਣ ਦੀ ਮਿਸਾਲ ਦਿੰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ, ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਵਿਰੁੱਧ ਸਰਕਾਰ ਵੱਲੋਂ ਪੇਸ਼ ਕੀਤੀ 132 ਗਵਾਹਾਂ ਦੀ ਸੂਚੀ ਵਿੱਚੋਂ ਇੱਕ ਵੀ ਗਵਾਹ ਨੇ ਅਦਾਲਤ ਵਿੱਚ ਉਸ ਵਿਰੁੱਧ ਗਵਾਹੀ ਨਹੀਂ ਦਿੱਤੀ; ਤਿੰਨ ਜੱਜਾਂ ਦੇ ਪੈੱਨਲ ਵਿੱਚੋਂ ਇਕ ਸੀਨੀਅਰ ਜੱਜ ਨੇ ਉਸ ਨੂੰ ਦੋਸ਼ ਮੁਕਤ ਕਰਕੇ ਸਾਫ ਬਰੀ ਕੀਤਾ, ਪਰ ਤਾਂ ਵੀ ਉਸ ਨੂੰ ਫਾਂਸੀ ਦੀ ਸਜਾ ਦਿੱਤੀ ਜਾ ਰਹੀ ਹੈ। ਪਰ ਦੂਸਰੇ ਪਾਸੇ ਦਿੱਲੀ ਵਿੱਚ ਹਜਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਿਰੁੱਧ ਬੀਬੀ ਜਗਦੀਸ਼ ਕੌਰ ਅਤੇ ਨ੍ਰਿਪਜੀਤ ਕੌਰ ਆਦਿਕ ਅਨੇਕਾਂ ਗਵਾਹ ਕਮਸ਼ਿਨਾਂ ਅੱਗੇ ਤੇ ਅਦਾਲਤਾਂ ਵਿੱਚ ਗਵਾਹੀਆਂ ਦੇ ਰਹੀਆਂ ਹਨ, ਤਾਂ ਵੀ ਉਨ੍ਹਾਂ ਨੂੰ ਕੋਈ ਸਜਾ ਨਹੀਂ ਹੈ।

ਆਮ ਤੌਰ ’ਤੇ ਉਮਰ ਕੈਦ ਵਾਲਾ ਕੈਦੀ 14 ਸਾਲਾਂ ਦੀ ਸਜਾ ਕੱਟਣ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ। ਕਿਸ਼ੌਰੀ ਰਾਮ, ਜਿਸ ਨੇ ਬੇਰਿਹਮੀ ਨਾਲ 30 ਸਿੱਖਾਂ ਨੂੰ ਟੋਕੇ ਨਾਲ ਟੁਕੜੇ ਟੁਕੜੇ ਕਰਕੇ ਕਤਲ ਕੀਤਾ ਉਸ ਨੂੰ ਤਾਂ 9 ਸਾਲ ਦੀ ਸਜਾ ਉਪ੍ਰੰਤ ਹੀ ਜੇਲ੍ਹ ਵਿੱਚ ਚੰਗੇ ਚਾਲ ਚੱਲਣ ਦਾ ਬਹਾਨਾ ਦੱਸ ਕੇ ਰਿਹਾਅ ਕਰਨ ਲਈ ਦਿੱਲੀ ਦੀ ਸ਼ੀਲਾ ਦਿਕਸ਼ਤ ਸਰਕਾਰ ਸਿਫਾਰਸ਼ ਕਰ ਰਹੀ ਹੈ ਪਰ ਸਿੱਖ ਜਿਹੜੇ 18 ਤੋਂ 23 ਸਾਲ ਦੀ ਸਜਾ ਭੁਗਤ ਚੁੱਕੇ ਹਨ ਤੇ ਉਨ੍ਹਾਂ ਨੂੰ ਆਮ ਕੈਦੀਆਂ ਵਾਂਗ ਇੱਕ ਵੀ ਦਿਨ ਲਈ ਪੈਰੋਲ ’ਤੇ ਛੁੱਟੀ ਨਹੀਂ ਦਿੱਤੀ ਗਈ; ਨੂੰ ਰਿਹਾਅ ਨਹੀਂ ਕਰ ਰਹੀ ਅਤੇ ਉਨ੍ਹਾਂ ਦੀ ਰਿਹਾਈ ਦੀ ਜਾਇਜ਼ ਮੰਗ ਲਈ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਨੂੰ ਜ਼ਬਰੀ ਚੁੱਕ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੀ ਇਹ ਕਾਰਵਾਈ ਦੋ ਗੱਲਾਂ ਸਿੱਧ ਕਰਦੀ ਹੈ। ਪਹਿਲੀ ਤਾਂ ਇਹ ਕਿ ਸਰਕਾਰ ਸਿੱਖਾਂ ਲਈ ਮੁੜ 1982 ਵਾਲੇ ਹਾਲਾਤ ਪੈਦਾ ਕਰਕੇ ਹਥਿਆਰ ਚੁੱਕਣ ਲਈ ਮਜ਼ਬੂਰ ਕਰ ਰਹੀ ਹੈ ਤਾਂ ਕਿ ਮੁੜ 1984 ਵਾਲੇ ਸਾਕੇ ਵਰਤਾ ਕੇ ਸਿੱਖਾਂ ਦਾ ਨਸਲਘਾਤ ਕਰਨ ਲਈ ਰਾਹ ਪੱਧਰਾ ਕੀਤਾ ਜਾ ਸਕੇ। ਦੂਸਰੀ ਇਹ ਕਿ ਸਿੱਖਾਂ ਲਈ ਕਾਂਗਰਸ ਸਰਕਾਰ ਅਤੇ ਅਕਾਲੀ-ਭਾਜਪਾ ਸਰਕਾਰਾਂ ਵਿੱਚ ਕੋਈ ਅੰਤਰ ਨਹੀਂ ਹੈ। ਜਿਹੜੇ ਕਹਿੰਦੇ ਹਨ ਕਿ ਭੁੱਖ ਹੜਤਾਲ ਸਿੱਖੀ ਸਿਧਾਂਤ ਨਹੀਂ ਹੈ, ਉਹ ਦੱਸਣ ਕਿ ਕੀ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਬਚਨ : "ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ" ॥22॥ (ਜ਼ਫ਼ਰਨਾਮਾ) ਤੋਂ ਸੇਧ ਲੈ ਕੇ ਖ਼ੁਦ ਤਲਵਾਰ ਹੱਥ ਵਿੱਚ ਫੜ ਕੇ ਸਿੱਖਾਂ ਦੀ ਅਗਵਾਈ ਕਰਨ ਲਈ ਤਿਆਰ ਹਨ?

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਦੀ ਇਸ ਸਿੱਖ ਮਾਰੂ ਸਾਜਿਸ਼ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਲੰਬੇ ਸਮੇਂ ਦੀ ਕੂਟ ਨੀਤਕ ਨੀਤੀ ਅਪਨਾਉਣ ਦੀ ਲੋੜ ਹੈ, ਪਰ ਸਿੱਖ ਵਕਤੀ ਤੌਰ ’ਤੇ ਜ਼ਜ਼ਬਾਤ ਵਿੱਚ ਆ ਕੇ ਫੈਸਲੇ ਲੈਂਦੇ ਹਨ, ਜਿਸ ਕਾਰਣ ਸਰਕਾਰ ਮੋਰਚੇ ਨੂੰ ਫੇਲ੍ਹ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ। ਸਿੱਟੇ ਵਜੋਂ ਜ਼ਜ਼ਬਾਤ ਹੋਣ ਦੇ ਬਾਵਯੂਦ ਸਿੱਖ ਇਸ ਸਮੇਂ ਨਿਰਾਸ਼ਤਾ ਵਿੱਚ ਹਨ। ਉਨ੍ਹਾਂ ਕਿਹਾ ਕਿ ਕੂਟਨੀਤੀ ਬਣਾਉਣ ਵਿੱਚ ਸਿੱਖਾਂ ਦੇ ਅਸਫਲ ਰਹਿਣ ਦੇ ਦੋ ਮੁਖ ਕਾਰਣ ਹਨ:

- ਇੱਕ ਤਾਂ ਇਹ ਕਿ ਸਿੱਖ ਜਥੇਦਾਰਾਂ ਤੋਂ ਅਗਵਾਈ ਦੀ ਆਸ ਲਾਈ ਬੈਠੇ ਹਨ, ਪਰ ਇਹ ਜਥੇਦਾਰ ਆਪਣੀਆਂ ਜਥੇਦਾਰੀਆਂ ਬਚਾਉਣ ਲਈ ਪੂਰੀ ਤਰ੍ਹਾਂ ਸਤਾਧਾਰੀ ਅਤੇ ਪੰਥ ਵਿਰੋਧੀ ਧਿਰ ਆਰ.ਐੱਸ.ਐੱਸ ਕੋਲ ਵਿਕੇ ਹੋਣ ਕਾਰਣ ਸੰਘਰਸ਼ ਨੂੰ ਫੇਲ੍ਹ ਕਰਨ ਦਾ ਰੋਲ ਨਿਭਾ ਰਹੇ ਹਨ। ਜਿਵੇਂ ਕਿ ਅਸੀਂ ਵੇਖ ਚੁੱਕੇ ਹਾਂ ਕਿ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਬੀਬੀ ਨ੍ਰਿਪਜੀਤ ਕੌਰ ਦਾ ਵਰਤ ਤੁੜਵਾਉਣਾ ਤੇ ਹੁਣ ਉਹੀ ਰੋਲ ਭਾਈ ਗੁਰਬਖ਼ਸ਼ ਸਿੰਘ ਵੱਲੋਂ ਵਿੱਢੇ ਸੰਘਰਸ਼ ਦੌਰਾਨ ਨਿਭਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

- ਦੂਸਰਾ ਕਾਰਣ ਹੈ ਕਿ ਅਸੀਂ ਇਤਿਹਾਸ ਤੋਂ ਕੋਈ ਸਿਖਿਆ ਨਹੀਂ ਲੈ ਰਹੇ। ਭਾਰਤ ਦਾ ਇਤਿਹਾਸ ਦੱਸਦਾ ਹੈ ਕਿ ਮੰਨੂੰ ਵੰਡ ਕਾਰਣ ਭਾਰਤੀ ਸਮਾਜ ਅਨੇਕਾਂ ਜਾਤਾਂ ਪਾਤਾਂ ਤੇ ਵਰਣਾਂ ਵਿੱਚ ਵੰਡਿਆ ਹੋਇਆ ਕਾਰਣ ਇੱਕ ਦੂਸਰੇ ਤੋਂ ਇੰਨੀ ਦੂਰੀ ਬਣਾ ਬੈਠੇ ਸਨ ਕਿ ਉਹ ਇੱਕ ਥਾਂ ਇਕੱਠੇ ਬੈਠ ਕੇ ਖਾਣਾ ਵੀ ਨਹੀਂ ਖਾ ਸਕਦੇ ਸਨ। ਇਸ ਵੰਡ ਕਾਰਣ ਉਹ ਵਿਦੇਸ਼ੀ ਹਮਲਾਵਰਾਂ ਦਾ ਇੱਕਜੁਟ ਹੋ ਕੇ ਮੁਕਾਬਲਾ ਨਾ ਕਰ ਸਕੇ ਤੇ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜੇ ਗਏ। ਗੁਰੂ ਸਾਹਿਬ ਜੀ ਨੇ ਇਸ ਜਾਤੀ ਤੇ ਵਰਣ ਵੰਡ ਨੂੰ ਖਤਮ ਕਰਨ ਲਈ ਸਾਰਿਆਂ ਲਈ ਇੱਕੋ ਸਾਂਝੀ ਪੰਕਤ ਵਿੱਚ ਬੈਠ ਕੇ ਲੰਗਰ ਛਕਣ ਦਾ ਉਪਦੇਸ਼ ਦੇ ਕੇ ਏਕਤਾ ਦੀ ਲੜੀ ਵਿੱਚ ਪ੍ਰੋਅ ਦਿੱਤਾ; ਜਿਸ ਏਕਤਾ ਦੇ ਬਲ ਨਾਲ ਸਿੱਖਾਂ ਨੇ ਸਿਰਫ ਆਪਣੇ ਆਪ ਨੂੰ ਹੀ ਨਹੀਂ ਸਗੋਂ, ਸਮੁੱਚੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜ਼ੀਰਾਂ ਵਿੱਚੋਂ ਅਜਾਦ ਕਰਵਾਇਆ।

ਪਰ ਅੱਜ ਸਿੱਖ ਗੁਰੂ ਸਾਹਿਬ ਜੀ ਦੇ ਉਸ ਸੁਨਹਿਰੀ ਉਪਦੇਸ਼ ਨੂੰ ਭੁੱਲ ਕੇ ਮੰਨੂੰ ਵੰਡ ਦੀ ਉਸੇ ਦਲਦਲ ਵਿੱਚ ਫਸ ਕੇ ਵੱਖ ਵੱਖ ਟਕਸਾਲਾਂ, ਸੰਪ੍ਰਦਾਵਾਂ ਤੇ ਜਥਿਆਂ ਵਿੱਚ ਵੰਡੇ ਜਾ ਚੁੱਕੇ ਹਨ ਤੇ ਉਹ ਇੱਕ ਸਾਂਝੀ ਪੰਕਤ ਵਿੱਚ ਬੈਠ ਕੇ ਲੰਗਰ ਵੀ ਨਹੀਂ ਛਕ ਸਕਦੇ ਤਾਂ ਉਹ ਇਕੱਠੇ ਹੋ ਕੇ ਸੰਘਰਸ਼ ਕਿਵੇਂ ਲੜ ਸਕਦੇ ਹਨ? ਸੋ ਜੇ ਸਿੱਖ ਆਤਮ ਸਨਮਾਨ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਅਪਣਾ ਕੇ, ਮੰਨੂੰ ਰਾਹੀਂ ਫੈਲਾਏ ਬ੍ਰਾਹਮਣਵਾਦ ਤੋਂ ਛੁਟਕਾਰਾ ਪਾਉਣਾ ਪਏਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top