Share on Facebook

Main News Page

 ‘ਬੰਦੀ ਛੋਡ ਰਿਹਾਈ ਮਾਰਚ’ ਨੂੰ ਰੋਕਣ ਲਈ ਪੁਲੀਸ ਵੱਲੋ ਕੀਤੀ ਧੱਕਾਮੁੱਕੀ ਵਿੱਚ, ਪੰਜ ਪਿਆਰੇ ਦੀ ਦਸਤਾਰ ਲੱਥੀ

ਸਿੱਖ ਸੰਗਤਾਂ ਵਿੱਚ ਰੋਸ, ਜਥੇਦਾਰ ਨੇ ਦਿੱਤੇ ਜਾਂਚ ਕਰਾਉਣ ਦੇ ਆਦੇਸ਼

ਅੰਮ੍ਰਿਤਸਰ 4 ਦਸੰਬਰ (ਜਸਬੀਰ ਸਿੰਘ ਪੱਟੀ) ਪੰਥਕ ਜੈਕਾਰਿਆ ਤੇ ਖਾਲਸਾਈ ਨਾਅਰਿਆ ਦੀ ਗੂੰਜ ਵਿੱਚ ਸ਼ੁਰੂ ਹੋਏ ‘ਬੰਦੀ ਛੋਡ ਰਿਹਾਈ ਮਾਰਚ’ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਚੰਡੀਗੜ ਦੇ ਨਜ਼ਦੀਕ ਗੁਰੂਦੁਆਰਾ ਅੰਬ ਸਾਹਿਬ ਦੇ ਬਾਹਰ ਜੇਲਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਪਿਛਲੇ 21 ਦਿਨਾਂ ਤੋ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀ ਹੌਸਲਾ ਅਫਸਾਈ ਲਈ ਰਵਾਨਾ ਹੋਇਆ ਜਿਸ ਨੂੰ ਸ੍ਰੀ ਦਰਬਾਰ ਸਾਹਿਬ ਤੋ ਬਾਹਰ ਨਿਕਲਦਿਆ ਹੀ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਨੇ ਰੋਕ ਲਿਆ ਤੇ ਢਾਈ ਘੰਟੇ ਧਰਨਾ ਦੇਣ ਉਪਰੰਤ ਇਸ ਮਾਰਚ ਨੂੰ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੀ ਦਖਲਅੰਦਾਜੀ ਤੋ ਬਾਅਦ ਹੀ ਅੱਗੇ ਜਾਣ ਦੀ ਆਗਿਆ ਦਿੱਤੀ ਗਈ।

Êਪੰਥਕ ਸੇਵਾ ਲਹਿਰ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਦਮਦਮੀ ਟਕਸਾਲ ਸੰਗਰਾਵਾਂ ਦੇ ਮੁੱਖੀ ਬਾਬਾ ਰਾਮ ਸਿੰਘ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਵੱਲੋ ਅਰਦਾਸ ਕਰਨ ਉਪਰੰਤ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਵੱਲੋ ਰਵਾਨਾ ਕੀਤੇ ਗਏ ਮਾਰਚ ਨੂੰ ਸ੍ਰੀ ਗੁਰੂ ਰਾਮਦਾਸ ਸਰਾਂ ਵਾਲੇ ਪਾਸਿਉ ਬਾਹਰ ਨਿਕਲਿਦਆ ਹੀ ਰੋਕ ਲਿਆ ਗਿਆ ਅਤੇ ਪੁਲੀਸ ਵੱਲੋ ਧੱਕਾ ਮੁੱਕੀ ਕਰਨ ‘ਤੇ ਪੰਜ ਪਿਆਰਿਆ ਵਿੱਚ ਸ਼ਾਮਲ ਭਾਈ ਮਨਪ੍ਰੀਤ ਸਿੰਘ ਦੀ ਦਸਤਾਰ ਲੱਥ ਗਈ ਜਿਸ ਨੂੰ ਲੈ ਕੇ ਪੰਥਕ ਜਥੇਬੰਦੀਆ ਵਿੱਚ ਰੋਹ ਦੀ ਲਹਿਰ ਦੌੜ ਗਈ ਤੇ ਮਾਰਚ ਵਿੱਚ ਸ਼ਾਮਲ ਸਿੰਘਾਂ ਨੇ ਪੰਥਕ ਨਾਅਰਿਆ ਤੇ ਖਾਲਸਾਈ ਜੈਕਾਰਿਆ ਦੀ ਝੜੀ ਲਗਾ ਦਿੱਤੀ। ਇੱਕ ਵਾਰੀ ਤਾਂ ਪੁਲੀਸ ਪਿੱਛੇ ਹੱਟ ਗਈ ਪਰ ਥੋੜਾ ਅੱਗੇ ਜਾ ਕੇ ਬੈਰੀਕੇਡ ਲਗਾ ਕੇ ਇਸ ਮਾਰਚ ਨੂੰ ਫਿਰ ਰੋਕ ਲਿਆ ਗਿਆ। ਇੱਕ ਵਾਰੀ ਫਿਰ ਮਾਹੌਲ ਪੂਰੀ ਤਰਾ ਤਨਾਅਪੂਰਨ ਹੋ ਗਿਆ ਅਤੇ ਇੱਕ ਪਾਸੇ ਪੰਥਕ ਜਥੇਬੰਦੀਆ ਦੇ ਕਾਰਰੁੰਨ ਖੜੇ ਸਨ ਤੇ ਦੂਸਰੇ ਤੇ ਪੰਜਾਬ ਪੁਲੀਸ ਦੇ ਡੰਡਾਧਾਰੀ ਜਵਾਨ ਤਿਆਰ ਬਰ ਖੜੇ ਸਨ।

ਪੰਥਕ ਜਥੇਬੰਦੀਆ ਦੇ ਆਗੂਆ ਨੇ ਜਦੋਂ ਅੱਗੇ ਜਾਣ ਜਾਂ ਫਿਰ ਗ੍ਰਿਫਤਾਰ ਕਰਨ ਦੀ ਜੋਰਦਾਰ ਮੰਗ ਕੀਤੀ ਤਾਂ ਪੁਲੀਸ ਨੇ ਬੈਰੀਕੇਡਸ ਹੋਰ ਮਜਬੂਤੀ ਨਾਲ ਲਗਾ ਦਿੱਤੇ। ਇਥੇ ਹੀ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਐਲਾਨ ਕਰ ਦਿੱਤਾ ਕਿ ਜੇਕਰ ਮਾਰਚ ਨੂੰ ਅੱਗੇ ਨਾ ਵੱਧਣ ਦਿੱਤਾ ਗਿਆ ਤਾਂ ਉਹ ਇਥੇ ਹੀ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਭਾਈ ਗੋਪਾਲਾ ਬੈਠ ਗਏ ਤਾਂ ਬਾਕੀ ਸੰਗਤ ਨੇ ਵੀ ਨਾਲ ਹੀ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਇਸ ਮੌਕੇ ਤੇ ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ ਨੇ ਪੁਲੀਸ ਦੀ ਧੱਕੇਸ਼ਾਹੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਪੁਲੀਸ ਨੂੰ ਪੰਜ ਪਿਆਰਿਆ ਵਿੱਚੋ ਇੱਕ ਦੀ ਦਸਤਾਰ ਲਾਹੁਣ ਦੀ ਮੁਆਫੀ ਮੰਗਣ ਲਈ ਕਿਹਾ ਤਾਂ ਏ.ਡੀ.ਸੀ ਪੀ ਪਰਮਪਾਲ ਸਿੰਘ ਨੇ ਤਿੰਨ ਵਾਰੀ ਇਸ ਘਟਨਾ ਦੀ ਹੱਥ ਜੋੜ ਕੇ ਮੁਆਫੀ ਮੰਗੀ। ਭਾਈ ਅਮਰੀਕ ਸਿੰਘ ਨੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਔਰੰਗਜੇਬ ਨਾਲ ਕਰਦਿਆ ਕਿਹਾ ਕਿ ਬਾਦਲ ਸਰਕਾਰ ਨੇ ਅਜਿਹਾ ਕਰਕੇ ਸਾਬਤ ਕਰ ਦਿੱਤਾ ਕਿ ਪੰਜਾਬ ਵਿੱਚ ਕੋਈ ਲੋਕਤਾਂਤਰਿਕ ਸਰਕਾਰ ਨਹੀ ਸਗੋ ਬਾਦਲਾ ਦਾ ਤਾਨਾਸ਼ਾਹੀ ਪ੍ਰਬੰਧ ਚੱਲਦਾ ਹੈ।

ਰੋਹ ਵਿੱਚ ਆਈਆ ਪੰਥਕ ਜਥੇਬੰਦੀਆ ਨੇ ਸਰਕਾਰ ਦੇ ਨਾਲ ਨਾਲ ਜਥੇਦਾਰ ਅਕਾਲ ਤਖਤ ਨੂੰ ਕੋਸਣਾ ਸ਼ੁਰੂ ਕਰ ਦਿੱਤਾ। ਇਸੇ ਤਰ•ਾ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਗ੍ਰਿਫਤਾਰ ਕਰਕੇ ਪੁਲੀਸ ਨੇ ਸਰਹੱਦੀ ਥਾਣਾ ਲੋਪੇਕੇ ਵਿਖੇ ਬੰਦ ਕਰ ਦਿੱਤਾ। ਪੰਥਕ ਜਥੇਬੰਦੀਆ ਜਿਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕਤੱਰ ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸਖੀਰਾ, ਬਲਵਿੰਦਰ ਸਿੰਘ ਕਾਲਾ, ਭਾਈ ਧਰਮ ਸਿੰਘ ਖਾਲਸਾ ਟਰੱਸਟ ਦੀ ਮੁੱਖੀ ਬੀਬੀ ਸੰਦੀਪ ਕੌਰ ਖਾਲਸਾ, ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਸ੍ਰ. ਹਰਪਾਲ ਸਿੰਘ ਚੀਮਾ, ਹਜੂਰੀ ਰਾਗੀ ਸਭਾ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਨਾਗੋਕੇ ਤੇ ਭਾਈ ਬਲਦੇਵ ਸਿੰਘ ਵਡਾਲਾ, ਪੰਜ ਪਿਆਰੇ ਭਾਈ ਸਤਨਾਮ ਸਿੰਘ ਝੰਜੀਆ, ਭਾਈ ਬਲਵੰਤ ਸਿੰਘ ਗੋਪਾਲਾ ਮੁੱਖੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ, ਕਰਨੈਲ ਸਿੰਘ ਪੀਰ ਮੁਹੰਮਦ ਮੁੱਖੀ ਆਲ ਇੰਡੀਆ ਸਿੱਖ ਸਡੂਡੈਂਟਸ ਫੈਡਰੇਸ਼ਨ, ਪੰਥਜੀਤ ਸਿੰਘ ਖਾਲਸਾ ਬਠਿੰਡਾ, ਭਾਈ ਗੁਰਮੇਜ ਸਿੰਘ ਲੋਪੋਕੇ, ਭਾਈ ਮਨਵਿੰਦਰ ਸਿੰਘ ਗਿਆਸਪੁਰਾ ਲੁਧਿਆਣਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਨਿਰਵੈਰ ਖਾਲਸਾ ਦਲ ਪੰਜਰੁੱਖਾ ਦਾ ਜੱਥਾ ਆਦਿ ਸ਼ਾਮਲ ਸਨ ਨੇ ਸਰਕਾਰ ਵੱਲੋ ਸ਼ਾਤਮਈ ਢੰਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ੁਰੂ ਕੀਤੇ ਗਏ ਮਾਰਚ ਨੂੰ ਰੋਕਣ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਆਹੁਦੇ ਤੋ ਤੁਰੰਤ ਅਸਤੀਫਾ ਦੇਵੇ।

ਬਾਬਾ ਰਾਮ ਸਿੰਘ ਮੁੱਖੀ ਦਮਦਮੀ ਟਕਸਾਲ ਸੰਗਰਾਵਾਂ ਕਿਹਾ ਕਿ ਇੱਕ ਪਾਸੇ ਜਥੇਦਾਰ ਅਕਾਲ ਤਖਤ ਵੱਲੋ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਕ ਨੰਬਰਦਾਰ ਹੋਣ ਦਾ ਖਿਤਾਬ ਦਿੰਦਿਆ ‘ਫਖਰੇ-ਏ- ਕੌਮ’ ਅਵਾਰਡ ਨਾਲ ਨਿਵਾਜਿਆ ਗਿਆ ਹੈ ਤੇ ਦੂਸਰੇ ਪਾਸੇ ਇਸੇ ਹੀ ਫਖਰੇ ਕੌਮ ਵੱਲੋਂ ਪੰਥਕ ਮਾਰਚ ਤੋ ਰੋਕ ਲਗਾ ਕੇ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਨੂੰ ਚਾਹੀਦਾ ਹੈ ਕਿ ਬਾਦਲ ਕੋਲ ‘ਫਖਰ-ਏ-ਕੌਮ’ ਦਾ ਅਵਾਰਡ ਬਿਨਾਂ ਕਿਸੇ ਦੇਰੀ ਤੋ ਵਾਪਸ ਲੈਣ। ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਸ੍ਰ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਤੋ ਅਰਦਾਸ ਕਰਕੇ ਸ਼ੁਰੂ ਕੀਤੇ ਗਏ ਮਾਰਚ ਨੂੰ ਰੋਕਣਾ ਪੰਥਕ ਕਦਰਾਂ ਕੀਮਤਾਂ ਦਾ ਕਤਲ ਕਰਨਾ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਬਾਦਲ ਵਿੱਚ ਕੋਈ ਵੀ ਫਰਕ ਨਹੀ ਹੈ। ਉਹਨਾਂ ਕਿਹਾ ਕਿ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਮੌਕੇ ‘ਤੇ ਪੁੱਜ ਕੇ ਕੀਤੀ ਗਈ ਅਰਦਾਸ ਵਾਪਸ ਲੈਣ ਜਾਂ ਫਿਰ ਮਾਰਚ ਨੂੰ ਅੱਗੇ ਜਾਣ ਲਈ ਖੁਦ ਅਗਵਾਈ ਕਰਨ। ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਵਾਪਸ ਨਹੀ ਮੁੜਨਗੇ ਅਤੇ ਗੁਰੂਦੁਆਰਾ ਅੰਬ ਸਾਹਿਬ ਤੱਕ ਜਿਥੇ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠੇ ਹਨ ਉਹਨਾਂ ਕੋਲ ਹਰ ਹਾਲਤ ਵਿੱਚ ਪੁੱਜਣਗੇ ਜਾਂ ਫਿਰ ਗ੍ਰਿਫਤਾਰੀਆ ਦੇਣਗੇ । ਉਹਨਾਂ ਵੱਲੋਂ ਅਜਿਹੇ ਐਲਾਨ ਦਾ ਸੰਗਤਾਂ ਤੇ ਪੰਥਕ ਜੈਕਾਰਿਆ ਤੇ ਖਾਲਸਾਈ ਨਾਅਰਿਆ ਦੀ ਗੂੰਜ ਵਿੱਚ ਜ਼ੋਰਦਾਰ ਸੁਆਗਤ ਕੀਤਾ।

ਕਰੀਬ ਢਾਈ ਘੰਟੇ ਬੈਰੀਕੈਡਸ ਦੇ ਇੱਕ ਪਾਸੇ ਭਾਰੀ ਗਿਣਤੀ ਵਿੱਚ ਪੁਲੀਸ ਖੜੀ ਸੀ ਤੇ ਦੂਸਰੇ ਪਾਸੇ ਖਾਲਸਾ ਮਾਰਚ ਵਿੱਚ ਸ਼ਾਮਲ ਸਿੰਘ ਨੀਲੀਆ ਪੀਲੀਆ ਦਸਤਾਰਾਂ ਸਜਾਈ ਬੈਠੇ ਸਨ ਜਿਹਨਾਂ ਦੀ ਅਗਵਾਈ ਪੰਜ ਨਿਸ਼ਾਨਚੀ ਕਰ ਰਹੇ ਸਨ। ਬਾਰ ਬਾਰ ਜਥੇਦਾਰ ਅਕਾਲ ਤਖਤ ਨੂੰ ਅਪੀਲ ਕਰਨ ਤੇ ਜਥੇਦਾਰ ਗਿਆਨ ਗੁਰਬਚਨ ਸਿੰਘ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਤੇ ਬਾਬਾ ਹਰੀ ਸਿੰਘ ਰੰਧਾਵੇਵਾਲੇ ਧਰਨੇ ਵਾਲੇ ਸਥਾਨ ਤੇ ਪੁੱਜੇ ਜਿਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਮਾਰਚ ਨੂੰ ਅੰਬ ਸਾਹਿਬ ਤੱਕ ਜਾਣ ਦੀ ਆਗਿਆ ਦਿੱਤੀ ਗਈ ਹੈ ਪਰ ਮਾਰਚ ਪੂਰਣ ਰੂਪ ਵਿੱਚ ਸ਼ਾਤਮਈ ਹੋਵੇਗਾ ਤੇ ਸਰਕਾਰ ਅਤੇ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਖਿਲਾਫ ਕਿਸੇ ਵੀ ਕਿਸਮ ਦੀ ਨਾਅਰੇਬਾਜੀ ਨਹੀ ਕੀਤੀ ਜਾਵੇਗੀ। ਜਥੇਦਾਰ ਨੇ ਭਾਈ ਹਰਪਾਲ ਸਿੰਘ ਚੀਮਾ ਨੂੰ ਇਹ ਜਿੰਮੇਵਾਰੀ ਸੋਪੀ ਕਿ ਉਹ ਮਾਰਚ ਦੀ ਅਗਵਾਈ ਕਰਕੇ ਸ਼ਾਂਤਮਈ ਢੰਗ ਨਾਲ ਲੈ ਕੇ ਜਾਣ। ਜਥੇਦਾਰ ਜੀ ਵੱਲੋ ਫੈਸਲਾ ਸੁਣਾਉਣ ਉਪਰੰਤ ਇੱਕ ਵਾਰੀ ਫਿਰ ਖਾਲਸਾਈ ਨਾਅਰਿਆ ਨਾਲ ਅਸਮਾਨ ਗੂੰਜ ਉਠਿਆ। ਪੁਲੀਸ ਨੇ ਉਪਰੋ ਆਏ ਹੁਕਮਾਂ ਅਨੁਸਾਰ ਬੈਰੀਕੇਡ ਹਟਾ ਦਿੱਤੇ ਤੇ ਨਗਾਰਾ ਵਜਾਉਦਿਆ ਹੋਇਆ ਮਾਰਚ ਮੋਹਾਲੀ ਵੱਲ ਵੱਧਣਾ ਸ਼ੁਰੂ ਹੋ ਗਿਆ। ਬਾਬਾ ਦਾਦੂਵਾਲ ਨੂੰ ਲੋਪੋਕੇ ਤੋ ਰਿਹਾਅ ਕਰ ਦਿੱਤਾ ਗਿਆ ਤੇ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਦੀ ਹੌਸਲਾ ਅਫਸਾਈ ਕਰਦਿਆ ਮੋਹਾਲੀ ਵੱਧ ਆਪਣੇ ਰੱਥ ਦੀਆ ਮੋਹਰਾਂ ਮੋੜ ਲਈਆ।

ਬਾਬਾ ਦਾਦੂਵਾਲ ਨੇ ਕਿਹਾ ਕਿ ਸਿੱਖਾਂ ਵੱਲੋ ਆਪਣੇ ਹੱਕਾਂ ਲਈ ਕੱਢੇ ਜਾ ਰਹੇ ਸ਼ਾਤਮਈ ਮਾਰਚ ਨੂੰ ਰੋਕਣਾ ਸਰਕਾਰ ਦੀ ਸਿੱਖ ਕੌਮ ਨੂੰ ਗੁਲਾਮੀ ਦੇ ਅਹਿਸਾਸ ਕਰਾਉਣ ਦੇ ਤੁਲ ਹੈ ਅਤੇ ਬਾਦਲ ਨੇ ਇਹ ਸਭ ਤੇ ਕੇਂਦਰ ਦੀ ਕਾਂਗਰਸ ਸਰਕਾਰ ਤੇ ਆਰ.ਐਸ.ਐਸ ਨੂੰ ਖੁਸ਼ ਕਰਨ ਲਈ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਹੁਣ ਵੱਖਰਾ ਹੋਮਲੈਂਡ ਲੈਣਾ ਜਰੂਰੀ ਹੋ ਗਿਆ ਹੈ। ਭਾਈ ਧਰਮ ਸਿੰਘ ਖਾਲਸਾ ਟਰੱਸਟ ਦੀ ਬਾਨੀ ਬੀਬੀ ਸੰਦੀਪ ਕੌਰ ਖਾਲਸਾ ਨੇ ਵੀ ਮੁੱਖ ਮੰਤਰੀ ਤੋ ਤੁਰੰਤ ਅਸਤੀਫੇ ਮੰਗ ਕਰਦਿਆ ਕਿ ਬਾਦਲ ਨੂੰ ਪੰਥ ਦਾ ਬੁਰਕਾ ਪਾ ਕੇ ਸਿੱਖਾਂ ਦੀਆ ਵੋਟਾਂ ਲੈਣ ਦਾ ਹੁਣ ਕੋਈ ਅਧਿਕਾਰ ਨਹੀ ਰਿਹਾ।

ਇਸ ਸਬੰਧੀ ਜਦੋ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਕੁਝ ਵਾਪਰਿਆ ਹੈ ਮੰਦਭਾਗਾ ਹੈ ਪਰ ਅਜਿਹਾ ਸਿਰਫ ਗਲਤ ਫਹਿਮੀ ਕਾਰਨ ਹੋਇਆ ਹੈ। ਉਹਨਾਂ ਕਿਹਾ ਕਿ ਮਾਰਚ ਸ਼ੁਰੂ ਕਰਨ ਤੋ ਪਹਿਲਾਂ ਉਹਨਾਂ ਨੂੰ ਕੋਈ ਕੰਕਰੀਟ ਜਾਣਕਾਰੀ ਨਹੀ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਤਾਂ ਹਮੇਸ਼ਾਂ ਮੰਗ ਰਹੀ ਹੈ ਕਿ ਜੇਲਾਂ ਵਿੱਚ ਜਿਹੜੇ ਵੀ ਨੌਜਵਾਨ ਲੰਮੇ ਸਮੇਂ ਤੋ ਬੰਦ ਹਨ ਜਾਂ ਫਿਰ ਜਿਹੜੇ ਆਪਣੀਆ ਸਜਾਵਾ ਪੂਰੀਆ ਕਰ ਚੁੱਕੇ ਹਨ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਖੁਦ ਵੀ ਨੌਜਵਾਨ ਦੀ ਰਿਹਾਈ ਲਈ ਗੰਭੀਰ ਹਨ ਅਤੇ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਨੂੰ ਰਿਹਾਅ ਕਰਨ ਵਾਲੇ ਨੌਜਵਾਨਾਂ ਦੀ ਲਿਸਟ ਮੰਗੀ ਹੈ ਜਿਹੜੀ ਉਹਨਾਂ ਨੇ 6 ਦਸੰਬਰ ਨੂੰ ਸਰਕਾਰ ਨੂੰ ਸੋਪਣੀ ਹੈ। ਉਹਨਾਂ ਭਾਈ ਗੁਰਬਖਸ ਸਿੰਘ ਨੂੰ ਇੱਕ ਵਾਰੀ ਫਿਰ ਅਪੀਲ ਕੀਤੀ ਕਿ ਸਿੱਖ ਧਰਮ ਵਿੱਚ ਭੁੱਖ ਹੜਤਾਲ ਦਾ ਕੋਈ ਵੀ ਸੰਕਲਪ ਨਹੀ ਹੈ ਅਤੇ ਆਪਣਾ ਰੋਸ ਜ਼ਾਹਿਰ ਕਰਨ ਦੇ ਹੋਰ ਵੀ ਕਈ ਤਰੀਕੇ ਹਨ। ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਨੂੰ ਭੁੱਖ ਹੜਤਾਲ ਖਤਮ ਕਰ ਦੇਣੀ ਚਾਹੀਦੀ ਹੈ। ਪੰਜ ਪਿਆਰਿਆ ਵਿੱਚ ਸ਼ਾਮਲ ਭਾਈ ਮਨਪ੍ਰੀਤ ਸਿੰਘ ਦੀ ਪੁਲੀਸ ਵੱਲੋ ਦਸਤਾਰ ਲਾਹੇ ਜਾਣ ਦਾ ਗੰਭੀਰ ਨੋਟਿਸ ਲੈਦਿਆ ਜਥੇਦਾਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀ ਪੁਲੀਸ ਅਧਿਕਾਰੀ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top