Share on Facebook

Main News Page

ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਤੋਂ ਬੰਦੀ ਛੋੜ ਮਾਰਚ ਸਫਲਤਾ ਪੂਰਵਕ ਸੰਪੰਨ
ਅੰਮ੍ਰਿਤਸਰ, 4 ਦਸੰਬਰ (ਚਰਨਜੀਤ ਸਿੰਘ ) : ਜੇਲਾਂ 'ਚ ਬੰਦ ਸਿੰਘਾਂ ਦੀ ਰਿਹਾਈ ਲਈ ਇਥੋਂ ਮੁਹਾਲੀ ਲਈ ਚੱਲੇ ਬੰਦੀ ਛੋੜ ਮਾਰਚ ਦੌਰਾਨ ਪੰਥਕ ਜਥੇਬੰਦੀਆਂ ਅਤੇ ਪੁਲਿਸ ਦਰਮਿਆਨ ਟਕਰਾਅ ਹੋ ਗਿਆ। ਧੱਕਾ-ਮੁੱਕੀ ਦੌਰਾਨ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਪੰਜ ਸਿੰਘਾਂ ਵਿਚੋਂ ਇਕ ਮਨਪ੍ਰੀਤ ਸਿੰਘ ਦੀ ਦਸਤਾਰ ਲੱਥ ਗਈ ਜਿਸ ਤੋਂ ਬਾਅਦ ਹਾਲਾਤ ਤਣਾਅ-ਪੂਰਨ ਬਣ ਗਏ। ਇਸ ਦੌਰਾਨ ਪੁਲਿਸ ਨੇ ਮਾਰਚ ਨੂੰ ਦਰਬਾਰ ਸਾਹਿਬ ਲਾਗੇ ਦੋ ਘੰਟੇ ਤਕ ਰੋਕੀ ਰਖਿਆ ਅਤੇ ਨਾਅਰੇਬਾਜ਼ੀ ਨਾ ਕਰਨ ਦਾ ਭਰੋਸਾ ਲੈਣ ਪਿੱਛੋਂ ਹੀ ਅੱਗੇ ਜਾਣ ਦਿਤਾ। 

ਜਾਣਕਾਰੀ ਮੁਤਾਬਕ ਅਕਾਲ ਤਖ਼ਤ ਸਾਹਿਬ  ਤੋਂ ਇਹ ਮਾਰਚ ਜਿਉਂ ਹੀ ਸ਼ੁਰੂ  ਹੋਇਆ ਤਾਂ ਪੰਥਕ ਸੇਵਾ ਲਹਿਰ  ਦੇ ਬਾਬਾ ਬਲਜੀਤ ਸਿੰਘ ਦਾਦੂਵਾਲ  ਨੂੰ  ਦਰਬਾਰ ਸਾਹਿਬ ਵਿਖੇ ਮੌਜੂਦ  ਯਾਦਗਾਰ ਵਾਲੇ ਰਾਹ ਤੋਂ ਬਾਹਰ  ਨਿਕਲਦੇ ਸਾਰ ਹੀ ਪੁਲੀਸ ਨੇ ਗ੍ਰਿਫ਼ਤਾਰ  ਕਰ ਲਿਆ।

ਦਾਦੂਵਾਲ ਦੀ ਗ੍ਰਿਫ਼ਤਾਰੀ ਦਾ ਪਤਾ ਲਗਦੇ ਸਾਰ ਹੀ ਮਾਰਚ ਕੱਢ ਰਹੀਆਂ ਧਿਰਾਂ ਨੇ ਰਣਨੀਤੀ ਬਦਲਦਿਆਂ ਮਾਰਚ ਨੂੰ ਸ੍ਰੀ ਗੁਰੂ ਰਾਮ ਦਾਸ ਸਰਾਂ ਵਾਲੇ ਪਾਸੇ ਤੋਂ ਬਾਹਰ ਲੈ ਜਾਣ ਦਾ ਫ਼ੈਸਲਾ ਕੀਤਾ। ਜਿਉਂ ਹੀ ਇਹ ਮਾਰਚ ਸਰਾਂ ਦੇ ਰਸਤੇ ਤੋਂ ਬਾਹਰ ਆਇਆ ਤਾਂ ਭਾਰੀ ਪੁਲੀਸ ਫ਼ੋਰਸ ਨੇ ਇਸ ਮਾਰਚ ਨੂੰ ਇਥੇ ਹੀ ਖ਼ਤਮ ਕਰਨ ਲਈ ਕਿਹਾ ।  ਇਹ ਗੱਲ ਸੁਣਦੇ ਸਾਰ ਭਾਈ ਹਰਪਾਲ ਸਿੰਘ ਚੀਮਾ ਤੇ ਡੀ ਐਸ ਪੀ ਵਿਚਾਲੇ ਤਲਖ਼-ਕਲਾਮੀ ਹੋਈ ਜਿਸ ਤੋਂ ਬਾਅਦ ਪੁਲੀਸ ਤੇ ਸਿੰਘਾਂ ਵਿਚਾਲੇ ਹੋਏ ਟਕਰਾਅ ਕਾਰਨ ਹਾਲਾਤ ਵਿਗੜਦੇ ਗਏ। ਟਕਰਾਅ ਤੋਂ ਬਾਅਦ ਜਿਉਂ ਹੀ  ਮਾਰਚ ਦਰਬਾਰ ਸਾਹਿਬ ਸਰਾਂ ਤਂੋ ਨਿਕਲ ਕੇ ਨੇੜਲੇ ਰਸਤੇ ਮਾਹਣਾਂ ਸਿੰਘ ਰੋਡ ਨੇੜੇ ਪੁੱਜਾ ਤਾਂ ਐਸ.ਐਸ.ਪੀ ਹਰਜੀਤ ਸਿੰਘ ਅਤੇ ਐਸ.ਪੀ ਪਰਮਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਬਲ ਨੇ ਰੋਕਾਂ ਲਾ ਕੇ ਇਸ ਮਾਰਚ ਨੂੰ ਅੱਗੇ ਵਧਣ ਤੋਂ ਰੋਕ ਦਿਤਾ। 

ਫਿਰ ਮੌਕੇ 'ਤੇ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ, ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ,  ਕੀਰਤਨੀਏ ਭਾਈ ਪੰਥਪ੍ਰੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਤੇ ਹੋਰ ਪੰਥਕ ਸ਼ਖ਼ਸੀਅਤਾਂ ਨੇ ਸੜਕ 'ਤੇ ਹੀ ਕਰੀਬ ਦੋ ਘੰਟੇ ਤਕ ਧਰਨਾ ਦਿਤਾ। ਅਖ਼ੀਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ  ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਸ. ਹਰਪਾਲ ਸਿੰਘ ਚੀਮਾ ਕੋਲੋਂ ਅਮਨ-ਕਾਨੂੰਨ ਕਾਇਮ ਰਖਣ ਅਤੇ ਕਿਸੇ ਦੇ ਵੀ ਵਿਰੁਧ  ਨਾਅਰੇਬਾਜ਼ੀ ਨਾ ਕਰਨ ਦਾ ਵਿਸ਼ਵਾਸ ਲੈਣ ਪਿੱਛੋਂ ਪੁਲੀਸ ਨੇ  ਮਾਰਚ ਨੂੰ ਅਗੇ ਤੋਰ ਦਿਤਾ। ਮੁੱਖ ਸੇਵਾਦਾਰ ਨੇ ਮਾਰਚ ਕੱਢ ਰਹੀਆਂ ਧਿਰਾਂ ਨਾਲ ਅਪਣੇ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਸੁਖਚੈਨ ਸਿੰਘ ਧਰਮਪੁਰਾ ਅਤੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਵੀ ਨਾਲ ਲੈ ਜਾਣ ਲਈ ਕਿਹਾ ਜਿਸ 'ਤੇ ਕੁੱਝ ਪੰਥਕ ਆਗੂਆਂ ਦੇ ਇਤਰਾਜ਼ ਕਰਨ 'ਤੇ ਉਨ੍ਹਾਂ ਜ਼ਿਆਦਾ ਜ਼ੋਰ ਨਾ ਦਿਤਾ।

ਜ਼ਿਕਰਯੋਗ ਹੈ ਕਿ ਮੁਹਾਲੀ ਦੇ ਗੁਰਦਵਾਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਦੇ ਸਮਰਥਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਮਾਰਚ ਕਢਿਆ ਗਿਆ। ਮਾਰਚ ਨੂੰ ਸਮਰਥਨ ਦੇਣ ਲਈ ਵੱਖ ਵੱਖ ਧਾਰਮਕ, ਰਾਜਨੀਤਕ ਅਤੇ ਸਮਾਜਕ ਜਥੇਬੰਦੀਆਂ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜੇ ਹੋਏ ਸਨ। ਮਾਰਚ ਦੀ ਅਰੰਭਤਾ ਦੀ ਅਰਦਾਸ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਆ ਭਾਈ ਕੁਲਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਵੱਖ ਵੱਖ ਜੇਲਾਂ ਵਿਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁਕੀਆਂ ਹਨ, ਉਨ੍ਹਾਂ ਦੀ ਰਿਹਾਈ ਲਈ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਪਣੇ ਤੌਰ 'ਤੇ ਇਨ੍ਹਾਂ ਸਿੰਘਾਂ ਦੀ ਰਿਹਾਈ ਲਈ ਯਤਨ ਕਰ ਰਹੇ ਹਨ।  

ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਜੇਲਾਂ ਵਿਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਵਲੋ ਰਖੀ ਭੁੱਖ ਹੜਤਾਲ ਦੇ ਮਾਮਲੇ 'ਤੇ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਹਰਪਾਲ ਸਿੰਘ  ਚੀਮਾ, ਦਰਸ਼ਨ ਸਿੰਘ ਘੋਲੀਆ, ਮਨਜਿੰਦਰ  ਸਿੰਘ ਗਿਆਸਪੁਰਾ, ਭਾਈ ਸੁਖਵਿੰਦਰ  ਸਿੰਘ ਭਤੀਜਾ ਭਾਈ ਸਤਵੰਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸੁਖਚੈਨ ਸਿੰਘ  ਧਰਮਪੁਰਾ, ਭਾਈ ਗੁਰਪ੍ਰੀਤ ਸਿੰਘ  ਰੰਧਾਵਾ, ਚਰਨਜੀਤ ਸਿੰਘ ਜਸੋ, ਭਾਈ  ਜਸਬੀਰ ਸਿੰਘ ਰੋਡੇ, ਬੀਬੀ ਸੰਦੀਪ ਕੌਰ, ਬਲਵਿੰਦਰ ਸਿੰਘ ਕਾਲਾ, ਦਲ ਖ਼ਾਲਸਾ ਦੇ ਬਲਦੇਵ ਸਿੰਘ ਗ੍ਰੰਥਗੜ, ਅਵਤਾਰ ਸਿੰਘ ਜਲਾਲਾਬਾਦ , ਜਗਮੋਹਨ ਸਿੰਘ ਸ਼ਾਤ, ਕੰਵਰਬੀਰ ਸਿੰਘ ਗਿੱਲ ਪ੍ਰਧਾਨ ਐਸ ਓ ਆਈ, ਪ੍ਰਿਤਪਾਲ ਸਿੰਘ ਆਦਿ ਤੋਂ ਇਲਾਵਾ ਸੈਂਕੜੇ ਸਿੰਘ ਹਾਜ਼ਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top