Share on Facebook

Main News Page

ਤਖਤਾਂ ਦੇ ਜਥੇਦਾਰ ਡੇਰਾਵਾਦ ਦੇ ਪ੍ਰਚਾਰਕ ਬਣੇ!
-:
ਅਵਤਾਰ ਸਿੰਘ ਮਿਸ਼ਨਰੀ (5104325827)

ਥੋੜੇ ਦਿਨ ਪਹਿਲੇ ਬਾਦਲ ਦਲ ਵੱਲੋਂ ਅਕਾਲ ਤਖਤ ਦੇ ਬਣਾਏ ਗਏ ਜਥੇਦਾਰ ਗੁਰਬਚਨ ਸਿੰਘ ਜੀ ਨੇ ਸ੍ਰੀ ਚੰਦੀਆਂ ਦੇ ਡੇਰੇ ਤੇ ਸਿਰੋਪਾ ਲੈਂਦੇ ਹੋਏ ਸਿੱਖ ਸੰਗਤਾਂ ਨੂੰ ਕਿਹਾ ਕਿ ਸਾਨੂੰ ਬਾਬਾ ਸ੍ਰੀ ਚੰਦ ਉਦਾਸੀ ਦੇ ਉਪਦੇਸ਼ਾਂ ਤੋਂ ਸੇਧ ਲੈਣੀ ਚਾਹੀਦੀ ਹੈ। ਪੰਥ ਦਰਦੀ ਗੁਰਸਿੱਖੋ ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ! ਕੀ ਸਿੱਖ ਹੁਣ ਸ੍ਰੀਚੰਦ ਉਦਾਸੀ ਤੋਂ ਸੇਧ ਲੈ ਕੇ ਪਹਿਲਾਂ ਨੰਗੇ ਪਿੰਡੇ ਰਹਿਣਾ ਸਿੱਖਣ ਫਿਰ ਜਟਾਂ ਵਧਾਕੇ ਸਿਰ ਵਿੱਚ ਸਵਾਹ ਪਾਉਣ, ਕਿਰਤ ਵਿਰਤ ਦਾ ਤਿਆਗ ਕਰਨ ਅਤੇ ਸਭ ਤੋਂ ਵੱਡੀ ਬੇਸ਼ਰਮੀ ਕਿ ਮਾਤਾ ਪਿਤਾ ਦਾ ਕਹਿਆ ਨਾਂ ਮੰਨਣ। ਕੀ ਹੁਣ ਜਥੇਦਾਰਾਂ ਦੇ ਹੁਕਮ ਨਾਲ, ਗੁਰੂ ਨਾਨਕ ਦੇ ਨਾਲਾਇਕ ਪੁੱਤਰ ਸ੍ਰੀ ਚੰਦ ਉਦਾਸੀ ਜਿਸ ਨੇ ਸਾਰੀ ਉਮਰ ਗੁਰੂ ਦਾ ਹੁਕਮ ਨਹੀਂ ਮੰਨਿਆਂ- ਪੁਤ੍ਰੀਂ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰੱਟੀਐ॥(੯੬੭) ਗ੍ਰਿਹਸਤ ਤੋਂ ਭਗੌੜਾ ਹੋ, ਨਾਂਗਾ ਸਾਧ ਬਣ, ਜਟਾਂ ਵਧਾ ਕੇ, ਸਿਰ ਅਤੇ ਪਿੰਡੇ ਤੇ ਸਵਾਹ ਮਲਣ ਅਤੇ ਕਿਰਤ ਤੋਂ ਭੱਜ ਕੇ, ਵਿਹਲੜ ਹੋ, ਭੋਜਣ ਪਾਣੀ ਗ੍ਰਿਹਸਤੀਆਂ ਦੇ ਘਰੋਂ ਮੰਗਦਾ ਰਿਹਾ ਜਿਨ੍ਹਾਂ ਨੂੰ ਨਿੰਦਦਾ ਸੀ। ਸੋ ਸੋਚੋ ਸਿੱਖਾਂ ਨੇ ਕਹਿਆ ਅਜਿਹੇ- ਦਿਲਿ ਖੋਟੈ ਆਕੀ ਫਿਰਨ੍ਹਿ ਬੰਨ੍ਹਿ ਭਾਰੁ ਉਚਾਇਨ੍ਹਿ ਛਟੀਐ॥(੯੬੭) ਵਾਲੇ ਨਾਂਗੇ ਸਾਧ ਸ੍ਰੀ ਚੰਦ ਉਦਾਸੀ ਜਾਂ ਬੇਜ਼ਮੀਰੇ ਜਥੇਦਾਰਾਂ ਦਾ ਮੰਨਣਾ ਹੈ ਜਾਂ ਬਚਨ ਕੇ ਬਲੀ ਗੁਰੂ ਦਾ?

ਜਿਹੜੇ ਕਪੁੱਤਰ ਗੁਰੂ ਘਰ ਤੋਂ ਬਾਗੀ ਹੋ, ਗੁਰਮਤਿ ਵਿਰੋਧੀਆਂ ਅਤੇ ਸਰਕਾਰਾਂ ਨਾਲ ਰਲ ਗਏ ਜਿਵੇਂ ਸ੍ਰੀ ਚੰਦ, ਦਾਤੂ, ਪਿਰਥੀਆ, ਰਾਮਰਾਇ ਅਤੇ ਧੀਰਮੱਲ ਆਦਿਕ। ਗੁਰੂਆਂ ਨੇ ਤਾਂ ਇਨ੍ਹਾਂ ਨੂੰ ਮੂੰਹ ਨਹੀਂ ਲਾਇਆ ਅਤੇ ਸਿੱਖਾਂ ਨੂੰ ਵੀ ਹਦਾਇਤ ਕੀਤੀ ਕਿ ਬਾਬਾ ਨਾਨਕ ਦੇ ਨਿੰਦਕਾਂ ਨੂੰ ਮੂੰਹ ਨਾਂ ਲਾਉਣ। ਗੁਰੂ ਘਰ ਵਿੱਚ ਭਾਈ ਭਤੀਜਾਵਾਦ ਨਹੀਂ ਬਲਕਿ ਸਿਧਾਂਤਵਾਦ ਪ੍ਰਧਾਨ ਹੈ। ਹੁਕਮ ਮੰਨ ਪ੍ਰਵਾਣ ਹੋਣ ਵਾਲੇ, ਗੁਰਮੁਖ ਸਿੱਖ ਹੀ ਗੁਰੂ ਦੇ ਅਸਲੀ ਨਾਦੀ ਪੁੱਤਰ ਹਨ। ਸਿੱਖ ਗੁਰੂ ਸਾਹਿਬਾਨ ਦੁਨਿਆਵੀ ਮੋਹ ਤੋਂ ਮੁਕਤ ਸਨ ਇਸ ਲਈ ਉਨ੍ਹਾਂ ਨੇ ਗੁਰਤਾ ਭਾਈ ਲਹਿਣੇ ਵਰਗੇ ਯੋਗ ਵਿਅਕਤੀਆਂ ਨੂੰ ਦਿੱਤੀ ਨਾਂ ਕਿ ਆਪਣੇ ਨਲਾਇਕ ਪੁੱਤਰਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਗੁਰਸਿੱਖਾਂ ਨੂੰ ਆਪਣੀ ਅੰਸ-ਬੰਸ ਸਮਝਦੇ ਹੋਏ ਬਿੰਦੀ ਅੰਸ-ਬੰਸ ਦੀ ਪ੍ਰਵਾਹ ਨਾਂ ਕਰਦੇ ਹੋਏ, ਆਪਣੇ ਚਾਰੇ ਪੁੱਤਰ (ਸਾਹਿਬਜ਼ਾਦੇ) ਸੱਚ ਧਰਮ ਦੀ ਖਾਤਰ ਪੰਥ ਤੋਂ ਵਾਰ ਦਿੱਤੇ ਅਤੇ ਸਦੀਵੀ ਗੁਰਤਾ ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ) ਨੂੰ ਦੇ ਕੇ, ਸਭ ਸਿੱਖਾਂ ਨੂੰ ਹੁਕਮ ਕੀਤਾ ਕਿ- ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਗੁਰੂ ਗ੍ਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਬੋ ਚਹੈ ਖੋਜਿ ਸ਼ਬਦ ਮੇ ਲੇਹ॥

ਸੋ ਸਿੱਖਾਂ ਨੇ ਵੀ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ ਨਾਂ ਕਿ ਕਿਸੇ ਉਦਾਸੀ, ਨਿਰਮਲੇ, ਸੰਪ੍ਰਦਾਈ, ਡੇਰੇਦਾਰ ਜਾਂ ਅਖੌਤੀ ਪਾਰਟੀਬਾਜ ਜਥੇਦਾਰ ਦਾ। ਹਾਂ ਕੋਈ ਉਦਾਸੀ, ਨਿਰਮਲਾ, ਸੰਪ੍ਰਦਾਈ ਜਾਂ ਡੇਰੇਦਾਰ ਗੁਰੂ ਸ਼ਰਣ ਆ ਜਾਵੇ ਤਾਂ ਗੁਰੂ ਉਸ ਨੂੰ ਬਖਸ਼ ਦਿੰਦਾ ਹੈ- ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥(੫੪੪) ਉਹ ਸਿੱਖਾਂ ਦਾ ਭਾਈ ਬਣ ਜਾਂਦਾ ਹੈ ਨਾਂ ਕਿ ਪੂਜਣਯੋਗ ਜਾਂ ਗੁਰੂ। ਜਦ ਦਸਵੇਂ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਦੀ ਤਾਬਿਆ ਇੱਕ ਖਾਲਸਾ ਪੰਥ ਸਾਜ ਦਿੱਤਾ ਫਿਰ ਸ੍ਰੀ ਚੰਦੀਏ ਉਦਾਸੀ, ਨਿਰਮਲੇ, ਪਿਰਥੀ ਚੰਦੀਏ, ਧੀਰਮੱਲੀਏ, ਨਾਮਧਾਰੀ, ਟਕਸਾਲੀ ਅਤੇ ਨੀਲਧਾਰੀ ਆਦਿਕ ਸੰਪ੍ਰਦਾਈ ਵੱਖਰੇ ਵੱਖਰੇ ਪੰਥਾਂ ਵਾਲੇ ਕਿਵੇਂ ਰਹਿ ਗਏ?

ਅਜੋਕੇ ਡੇਰੇਦਾਰ ਸੰਪ੍ਰਦਾਈ ਟਕਸਾਲੀ ਵੀ ਹੁਣ ਗੁਰੂ ਤੋਂ ਆਕੀ ਹੋ ਕੇ, ਆਪੋ ਆਪਣੇ ਵੱਖਰੇ ਪੰਥ ਤੇ ਮਰਯਾਦਾਵਾਂ ਚਲਾਈ ਫਿਰਦੇ ਹਨ। ਗੁਰਸਿੱਖਾਂ ਨੂੰ ਬੁੱਧੂ ਬਨਾਉਣ ਵਾਸਤੇ ਆਪੋ ਆਪਣੇ ਡੇਰਿਆਂ ਜਾਂ ਟਕਸਲਾਂ ਵਿੱਚ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਹਨ ਪਰ ਹੁਕਮ ਆਪਣੇ ਵੱਡੇ ਵਡੇਰੇ "ਸੰਤ" ਦਾ ਹੀ ਮੰਨਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ।

ਸਿੱਖਾਂ ਦੇ ਅਜੋਕੇ ਜਥੇਦਾਰ ਜਾਂ ਬਹੁਤੇ ਆਗੂ ਇਨ੍ਹਾਂ ਡੇਰਿਆਂ ਚੋਂ ਹੀ ਪੜ੍ਹੇ ਹਨ। ਦੂਜਾ ਅੱਜ ਵੋਟ ਸਿਸਟਮ ਹੈ ਇਸ ਲਈ ਸ਼੍ਰੋਮਣੀ ਕਮੇਟੀ ਵੀ ਗੁਰਮਤਿ ਸਿਧਾਂਤਾਂ ਤੋਂ ਬਾਗੀ ਹੋ, ਵੋਟਾਂ ਦੀ ਖਾਤਰ ਇਨ੍ਹਾਂ ਗੁਰੂ ਦੋਖੀ, ਗੁਰੂ ਦੇ ਸ਼ਰੀਕ ਡੇਰੇਦਾਰਾਂ ਦੀ ਪੁਸ਼ਤ ਪਨਾਹੀ ਕਰਨ ਲੱਗ ਪਈ ਹੈ। ਗੁਰਦੁਆਰਿਆਂ ਦੇ ਬਹੁਤੇ ਪ੍ਰਬੰਧਕ ਵੀ ਡੇਰਿਆਂ ਨਾਲ ਸਬੰਧਤ ਹਨ ਤਾਂ ਹੀ ਡੇਰਾਵਾਦ ਖਾਲਸਾ ਪੰਥ ਤੇ ਹਾਵੀ ਹੁੰਦਾ ਜਾ ਰਿਹਾ ਹੈ। ਧਰਮ ਅਸਥਾਨ ਗੁਰਦੁਆਰੇ ਵੀ ਕਮਰਸ਼ੀਆਲ ਬਣਾ ਦਿੱਤੇ ਗਏ ਹਨ। ਇਸ ਲਈ ਪੈਸਾ, ਗੋਲਕ, ਨੋਟ ਤੇ ਵੋਟ ਦਾ ਸਿਧਾਂਤ ਪ੍ਰਧਾਨ ਹੋ ਗਿਆ ਹੈ। ਸ਼ਰਧਾਲੂ ਸਿੱਖਾਂ ਨੂੰ ਪ੍ਰਬੰਧਕ ਤੇ ਪੁਜਾਰੀ ਕਰਮਕਾਂਡਾਂ ਵਿੱਚ ਲਾ ਕੇ, ਦੋਹੀਂ ਹੱਥੀਂ ਲੁੱਟ ਰਹੇ ਹਨ। ਗੁਰਬਾਣੀ ਸਮਝ ਵਿਚਾਰ ਅਤੇ ਜੀਵਨ ਵਿੱਚ ਧਾਰ ਕੇ ਚੱਲਣ ਦੀ ਬਜਾਏ ਕੇਵਲ ਪੂਜਾ ਪਾਠ ਕਰਨ ਕਰਾਉਣ ਤੱਕ ਸੀਮਤ ਕਰ ਦਿੱਤੀ ਗਈ ਹੈ। ਗੁਰ-ਸ਼ਬਦ ਨਾਲੋਂ ਅਖੌਤੀ ਸਾਧਾਂ ਸੰਤਾਂ ਦੀਆਂ ਝੂਠੀਆਂ ਮਨਘੜਤ ਸਾਖੀਆਂ ਕਥਾਂ ਕੀਰਤਨਾਂ ਵਿੱਚ ਸੁਨਾਈਆਂ ਜਾ ਰਹੀਆਂ ਹਨ। ਸਿੱਖਾਂ ਨੂੰ ਆਪ ਬਾਣੀ ਪੜ੍ਹਨ ਵਿਚਾਰਨ ਤੋਂ ਹਟਾ ਦਿੱਤਾ ਗਿਆ ਹੈ ਕਿ ਵੇਖਣਾ ਬਾਣੀ ਗਲਤ ਪੜ੍ਹਨ ਨਾਲ ਪਾਪ ਲੱਗੂਗਾ ਅਤੇ ਮੂੰਹ ਤੇ ਚਪੇੜਾਂ ਪੈਣਗੀਆਂ। ਇਸ ਲਈ ਪੁਜਾਰੀਆਂ ਦੇ ਡਰਾਏ, ਉਨ੍ਹਾਂ ਦਾ ਹਰ ਹੁਕਮ ਮੰਨਦੇ ਹੋਏ ਆਮ ਸਿੱਖ ਸਭ ਪੂਜਾ ਪਾਠ ਪੁੰਨ ਦਾਨ ਆਦਿਕ ਕਰਮਕਾਂਡ ਕਰੀ ਕਰਾਈ ਜਾ ਰਹੇ ਹਨ।

ਪਾਠਕ ਜਨੋ ਅਤੇ ਸਤਸੰਗੀਓ! ਸੁਚੇਤ ਹੋਵੋ, ਅਖੌਤੀ ਜਥੇਦਾਰਾਂ, ਸਾਧਾਂ-ਸੰਤਾਂ, ਡੇਰੇਦਾਰ ਸੰਪ੍ਰਦਾਈਆਂ ਦਾ ਡਰ ਅਤੇ ਖਹਿੜਾ ਛੱਡ ਕੇ ਆਪ ਗੁਰਬਾਣੀ, ਗੁਰ ਇਤਿਹਾਸ, ਫਿਲਾਸਫੀ ਅਤੇ ਮਰਯਾਦਾ ਪੜ੍ਹੋ, ਵਿਚਾਰੋ ਅਤੇ ਉਸ ਤੇ ਅਮਲ ਕਰੋ। ਹੁਕਮ ਮੰਨਣਾਂ ਹੈ ਤਾਂ ਕੇਵਲ ਗੁਰੂ ਦਾ ਮੰਨੋ ਕਿਉਂਕਿ ਜੋ ਸਿੱਖ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ ਉਸ ਬਾਰੇ ਫੁਰਮਾਨ ਹੈ- ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ॥(੩੦੩)

ਇਸ ਵੇਲੇ ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬਹੁਤੇ ਅਕਾਲੀ ਆਰ. ਐੱਸ. ਐੱਸ. ਭਾਜਪਾ ਦੀ ਭਾਈਵਾਲ ਪਾਰਟੀ ਬਾਦਲ ਅਕਾਲੀ ਦਲ ਦੀ ਗ੍ਰਿਫਤ ਵਿੱਚ ਹਨ। ਉਨ੍ਹਾਂ ਨੂੰ ਜੋ ਹੁਕਮ ਜਾਂ ਨਸੀਹਤਾਂ ਭਾਜਪਾਂ ਰਾਹੀਂ ਬਾਦਲ ਪ੍ਰਵਾਰ ਵੱਲੋਂ ਆਉਂਦੀਆਂ ਹਨ ਉਹ ਹੀ ਸਿੱਖ ਜਨਤਾ ਨੂੰ ਹੁਕਮਨਾਮਿਆਂ ਦੇ ਰੂਪ ਵਿੱਚ ਸੁਣਾਈਆਂ ਜਾਂਦੀਆਂ ਹਨ ਜੋ ਬ੍ਰਾਹਮਣਵਾਦ ਅਤੇ ਭਗਵਾਂਕਰਨ ਨਾਲ ਭਰੀਆਂ ਹੁੰਦੀਆਂ ਹਨ। ਨਹੀਂ ਤਾਂ ਜਰਾ ਸੋਚੋ ਅਕਾਲ ਤਖਤ ਦਾ ਜਥੇਦਾਰ ਹੋਵੇ ਤੇ ਉਹ ਪੰਥ ਦੋਖੀ ਟਕੇ ਟਕੇ ਦੇ ਸਾਧਾਂ ਦੇ ਡੇਰਿਆਂ ਤੇ ਸਿਰੋਪੇ ਤੇ ਲਫਾਫੇ ਲੈਣ ਲਈ ਤੁਰਿਆ ਫਿਰੇ ਅਤੇ ਹੁਕਮ ਕਰੇ ਕਿ ਸਾਨੂੰ ਸ੍ਰੀ ਚੰਦ ਮਹਾਂਰਾਜ ਦੇ ਉਪਦੇਸ਼ਾਂ ਤੋਂ ਸੇਧ ਲੈਣੀ ਚਾਹੀਦੀ ਹੈ, ਜੋ ਸਾਰੀ ਉਮਰ ਗੁਰੂ ਨਾਨਕ ਦੇ ਰੱਬੀ ਸਿਧਾਂਤ ਤੋਂ ਭਗੌੜਾ ਤੇ ਆਕੀ ਰਿਹਾ- ਦਿਲਿ ਖੋਟੈ ਆਕੀ ਫਿਰਨ੍ਹਿ ਬੰਨ੍ਹਿ ਭਾਰੁ ਉਚਾਇਨ੍ਹਿ ਛਟੀਐ॥(੯੬੭)

ਅਜੋਕੇ ਬਾਦਲ ਦਲੀਏ ਜਥੇਦਾਰ ਧੜਾ-ਧੜ ਡੇਰਿਆਂ ਨੂੰ ਮਾਨਤਾ ਦਿੱਤੀ ਜਾ ਰਹੇ ਹਨ ਅਤੇ ਗੁਰੂ ਪਿਆਰੇ ਪੰਥਕ ਵਿਦਵਾਨਾਂ ਤੇ ਸਿੱਖਾਂ ਨੂੰ ਪੰਥ ਚੋਂ ਛੇਕੀ ਜਾ ਰਹੇ ਜਾਂ ਛੇਕਣ ਦੇ ਡਰਾਵੇ ਦੇ ਰਹੇ ਹਨ। ਗੁਰੂ ਦੇ ਸਿੱਖੋ ਜਰਾ ਸੋਚੋ ਅਸੀਂ- ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵਿਚਾਰਿ॥(੬੪੬) ਦੇ ਸਿਧਾਂਤ ਅਨੁਸਾਰ ਇੱਕ ਗ੍ਰੰਥ, ਇੱਕ ਪੰਥ, ਇੱਕ ਮਰਯਾਦਾ, ਇੱਕ ਨਿਸ਼ਾਂਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਦੇ ਅਨੁਯਾਈ ਹਾਂ ਨਾਂ ਕਿ ਡੇਰੇਦਾਰੀ ਸੋਚ ਵਾਲੇ ਅਕਾਲੀਆਂ, ਟਕਸਾਲੀਆਂ ਜਾਂ ਤਖਤਾਂ ਦੇ ਜਥੇਦਾਰਾਂ ਦੇ, ਜੋ ਗੁਰਮਤਿ ਨੂੰ ਪਿੱਠ ਦੇ, ਡੇਰਾਵਾਦੀ ਸੋਚ ਦੇ ਪ੍ਰਚਾਰਕ ਬਣ ਗਏ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top