Share on Facebook

Main News Page

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਤਾਰਪੀਡੋ ਹੋਣ ਤੋਂ ਬਚਾਓ!!!
-: ਦਲਜੀਤ ਸਿੰਘ ਇੰਡੀਆਨਾ
(USA)
317 590 7448
ਪਿਛਲੇ  ਕਾਫੀ ਦਿਨਾਂ ਤੋਂ ਭੁਖ ਹੜਤਾਲ 'ਤੇ ਬੈਠੇ ਵੀਰ ਗੁਰਬਖਸ਼ ਸਿੰਘ ਖਾਲਸਾ ਨੂੰ ਦੇਖ ਕੇ ਸਹੀਦ ਭਾਈ ਦਰਸ਼ਨ ਸਿੰਘ ਫੇਰੂਮਾਨ ਯਾਦ ਆ ਜਾਂਦਾ ਹੈ। ਜੋ ਪੰਜਾਬੀ ਸੂਬੇ ਵਾਸਤੇ ਅਰਦਾਸ ਕਰਕੇ ਭੁਖ ਹੜਤਾਲ 'ਤੇ ਬੈਠਾ ਸੀ ਅਤੇ ਆਪਣੇ ਵਲੋਂ ਕੀਤੀ ਅਰਦਾਸ ਵਿਚ ਇਨਾ ਵਿਸ਼ਵਾਸ ਸੀ ਕਿ ਸਹੀਦ ਹੋ ਗਿਆ, ਪਰ ਅਰਦਾਸ ਕਰਕੇ ਪਿਛੇ ਨਹੀਂ ਹੱਟਿਆ, ਓਸ ਸਮੇਂ ਵੀ ਸਮੇ ਦੀਆਂ ਸਰਕਾਰਾਂ ਨੇ ਦਰਸ਼ਨ ਸਿੰਘ ਫੇਰੂਮਾਨ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਵਾਸਤੇ ਕਾਫੀ ਵਿਚੋਲੇ ਭੇਜੇ, ਸੰਤ ਫ਼ਤੇਹ ਸਿੰਘ ਵਰਗਿਆਂ ਨੇ ਵੀ ਡਰਾਮਾ ਕੀਤਾ ਸੀ, ਕਿ ਕਿਤੇ ਇਸ ਗੱਲ ਦਾ ਲਾਹਾ ਦਰਸ਼ਨ ਸਿੰਘ ਨਾ ਲੈ ਜਾਵੇ.. ਪਰ ਸੰਤ ਫ਼ਤੇਹ ਸਿੰਘ ਵਰਗੇ ਆਪਣੇ ਵਾਅਦੇ ਤੋਂ ਭੱਜ ਗਏ ਦਰਸ਼ਨ ਸਿੰਘ ਦਾ ਸਬੰਧ ਕਾਂਗਰਸ ਨਾਲ ਹੋਣ ਕਰਕੇ, ਓਸ ਨੂੰ ਕਾਂਗਰਸ ਨੇ ਵੀ ਨਕਾਰ ਦਿਤਾ ਅਤੇ ਅਕਾਲੀਆਂ ਨੇ ਵੀ, ਓਹ ਵਿਸ਼ਾ ਵੱਡਾ ਹੈ, ਇਸ ਦਾ ਜਿਕਰ ਮੈਂ ਤਾਂ ਕੀਤਾ ਕਿ ਹੁਣ ਵੀਰ ਗੁਰਬਖਸ ਸਿੰਘ ਵਲੋਂ ਜੋ ਸੰਘਰਸ਼ ਸ਼ੁਰੂ ਕੀਤਾ ਹੈ, ਇਸ ਨੂੰ ਤਾਰਪੀਡੋ ਕਰਨ ਦੀਆਂ ਕਈ ਕੋਸ਼ਿਸ਼ਾਂ ਹੋਣਗੀਆਂ ਅਤੇ ਸ਼ੁਰੂ ਹੋ ਵੀ ਗਈਆਂ ਹਨ ।

ਹੁਣ ਆਪਾਂ ਥੋੜੀ ਚਰਚਾ ਕਰਦੇ ਹਾਂ, ਪਿਛਲੇ ਕੁਝ ਕੁ ਸੰਘਰਸ਼ਾਂ ਦੀ ਜਿਹੜੇ ਸਰਕਾਰ ਨੇ ਆਪਣੇ ਮੋਹਰਿਆਂ ਰਾਹੀਂ ਖਤਮ ਕਰਵਾਏ ਹਨ, ਜਾਂ ਓਹਨਾ 'ਤੇ ਕਬਜਾ ਕਰਕੇ ਆਪਣਾ ਲਾਹਾ ਲਿਆ ਹੈ:

1. ਜਦੋਂ ਸਰਸੇ ਵਾਲੇ ਸਾਧ ਨੇ ਸਲਾਬਤਪੁਰਾ ਬਠਿੰਡਾ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ, ਤਾਂ ਇਕ ਦਮ ਸਿੱਖ ਹਿਰਦੇ ਵਲੂੰਧਰੇ ਗਏ ਅਤੇ ਹਰ ਸਿੱਖ ਚਹੁੰਦਾ ਸੀ ਕਿ ਸਰਸੇ ਵਾਲੇ ਨੂੰ ਸਬਕ ਸਿਖਾਇਆ ਜਾਵੇ ਅਤੇ ਸਰਸੇ ਵਾਲੇ ਸਾਧ ਦੇ ਖਿਲਾਫ਼ ਸੰਘਰਸ ਸ਼ੁਰੂ ਕਰਨ ਵਾਸਤੇ ਦਮਦਮਾ ਸਾਹਿਬ ਵਿਚ ਇਕਠ ਹੋਣਾ ਸ਼ੁਰੂ ਹੋ ਗਿਆ ਅਤੇ ਦਮਦਮਾ ਸਾਹਿਬ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਇਕਠੇ ਹੋਏ, ਕੀ ਅੰਮ੍ਰਿਤਧਾਰੀ, ਕੀ ਮੋਨੇ, ਇਨਾ ਜੋਸ਼ ਸੀ ਕਿ ਨੌਜਵਾਨ ਕਹਿੰਦੇ ਸਨ ਸਾਨੂੰ ਹੁਕਮ ਕਰੋ, ਆਪਾਂ ਇਥੋ ਤੁਰਦੇ ਹਾਂ ਸਲਾਬਤਪੁਰੇ ਤੱਕ ਜਿੰਨੇ  ਡੇਰੇ ਸਭ  ਹਨ ਢਾਹ ਦੇਣੇ ਹਨ। ਪਰ ਓਥੇ ਪਹੁੰਚ ਗਈ ਬਾਦਲ ਦੀ ਬੀ ਟੀਮ ਭਾਵ ਸੰਤ ਸਮਾਜ, ਜਿਸ ਦੀ ਅਗਵਾਈ ਧੁੰਮਾ ਕਰਦਾ ਹੈ, ਅਤੇ ਸ਼ਾਮ ਤੱਕ ਨੌਜਵਾਨਾਂ ਨੂੰ ਲਾਰੇ ਲਾਈ ਗਏ, ਕਿ ਆਪਾਂ ਓਨੀ ਦੇਰ ਤੱਕ ਅੱਗੇ ਨਹੀਂ ਤੁਰਨਾ, ਜਿੰਨੀ ਦੇਰ ਤੱਕ ਅਕਾਲ ਤਖ਼ਤ ਤੋਂ ਹੁਕਮਨਾਮਾ ਨਹੀਂ ਆਉਂਦਾ.. ਸ਼ਾਮ ਤੱਕ ਇਹ ਸੰਗਤਾਂ ਨੂੰ ਲਾਰੇ ਲਾਈ ਗਏ ਅਤੇ ਪਲ ਪਲ ਦੀ ਖਬਰ ਸਰਕਾਰ ਨੂੰ ਦਿੰਦੇ ਰਹੇ। ਜਦੋਂ ਤੱਕ ਹੁਕਮਨਾਮਾ ਆਉਣਾ ਸੀ, ਓਨੀ ਦੇਰ ਵਿਚ ਸਰਕਾਰ ਨੇ ਸਰਸੇ ਵਾਲੇ ਡੇਰੇ ਫੌਜ ਦੀ ਛਾਉਣੀ ਬਣਾ ਦਿਤੇ, ਭਾਵ ਓਹਨਾ ਦੀ ਸੁਰਖਿਆ ਕਰੜੀ ਕਰ ਦਿਤੀ। ਇਸ ਤਰਾਂ ਇਸ ਸੰਘਰਸ ਦੀ ਫੂਕ ਸਰਕਾਰ ਨੇ ਅਖੌਤੀ ਸੰਤ ਸਮਾਜ ਨੂੰ ਵਰਤਕੇ ਕੱਢ ਦਿਤੀ । ਇਸ ਸੰਘਰਸ ਨੂੰ ਵੱਡੇ ਪਧਰ 'ਤੇ ਚਲਾਉਣ ਵਿਚ ਭਾਈ ਦਲਜੀਤ ਸਿੰਘ ਬਿੱਟੂ ਦਾ ਬਹੁਤ ਵੱਡ ਹੱਥ ਸੀ, ਜਿਸ ਦਾ ਖਮਿਆਜਾ ਭਾਈ ਦਲਜੀਤ ਸਿੰਘ ਬਿੱਟੂ ਅਜ ਤਕ ਭੁਗਤ ਰਿਹਾ ਹੈ ਅਤੇ ਜਿਸ ਤੇ ਹਰ ਰੋਜ  ਝੂਠੇ ਕੇਸ ਪਾਏ ਜਾ ਰਹੇ ਹਨ ।

2. ਜਦੋਂ ਆਸ਼ੁਤੋਸ਼ ਦਾ ਲੁਧਿਆਣੇ ਪ੍ਰੋਗ੍ਰਾਮ ਸੀ, ਤਾਂ ਸਿੱਖਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਅਤੇ ਸਰਕਾਰ ਨੂੰ ਫੇਰ ਹੱਥਾ ਪੈਰਾਂ ਦੀ ਪੈ ਗਈ, ਜਦੋਂ ਸਿਖਾਂ ਅਤੇ ਆਸ਼ੁਤੋਸ਼ ਦੇ ਚੇਲਿਆਂ ਵਿਚ ਝੜਪ ਹੋਈ, ਤਾਂ ਭਾਈ ਦਰਸ਼ਨ ਸਿੰਘ ਲੁਹਾਰਾ ਸਹੀਦ ਹੋ ਗਿਆ, ਸਿੱਖ ਹੋਰ ਗਰਮ ਹੋ ਗਏ। ਸਰਕਾਰ ਨੇ ਫੇਰ ਆਪਣੀ ਬੀ ਟੀਮ ਭਾਵ ਸੰਤ ਸਮਾਜ ਭੇਜਿਆ, ਜਿਹਨਾ ਨੇ ਫੇਰ ਇਹ ਸੰਘਰਸ਼ ਨੂੰ ਹਾਈਜੈਕ ਕਰ ਲਿਆ, ਕਿਓਂਕਿ ਸਿੱਖ  ਭੋਲੇ ਹਨ, ਜੋ ਇਹਨਾ ਚੋਲੇ ਵਾਲਿਆਂ ਨੂੰ ਹੀ ਸਿੱਖ  ਦਰਦੀ ਸਮਝੀ ਜਾਂਦੇ ਹਨ । ਇਸ ਵਾਰ ਇਹਨਾ ਦੇ ਨਾਲ ਰਣਜੀਤ ਸਿੰਘ ਢੱਡਰੀਆਂ ਵਾਲ ਵੀ ਸੀ, ਇਹ ਸਾਰੇ ਕਹਿੰਦੇ ਅਸੀਂ ਸੰਸਕਾਰ ਨਹੀਂ ਹੋਣ ਦੇਣਾ, ਅਸੀਂ ਚੰਡੀਗੜ ਜਾਂਦੇ ਹਾਂ, ਸਰਕਾਰ ਨਾਲ ਗੱਲ ਕਰਦੇ ਹਾਂ, ਪਰ ਲੋਕਾਂ ਦਾ ਗੁੱਸਾ ਠੰਡਾ ਕਰਕੇ ਲੋਕਾਂ ਨੂੰ ਘਰਾਂ ਨੂੰ ਤੋਰਕੇ, ਆਪ ਸਾਹਨੇਵਾਲ ਤੋਂ ਆਪੋ ਆਪਣੇ ਡੇਰਿਆਂ ਨੂੰ ਵਾਪਿਸ ਆ ਗਏ ਅਤੇ ਸਿੱਖਾਂ ਵਲੋਂ ਡੋਲਿਆ ਖੂਨ ਫੇਰ ਅਜਾਂਈ ਗਿਆ, ਇਸ ਤਰਾਂ ਇਹ ਸੰਘਰਸ਼ ਵੀ ਸਰਕਾਰ ਨੇ ਤਾਰਪੀਡੋ ਕਰਕੇ ਖਤਮ ਕਰਵਾ ਦਿਤਾ।

3. ਇਸ ਤੋਂ ਅੱਗੇ ਚਲਦੇ ਹਾਂ, ਜਦੋਂ ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿਤਾ ਸੀ, ਤਾਂ ਦਿੱਲੀ ਕਤਲੇਆਮ ਦੀ ਸ਼ਿਕਾਰ ਬੀਬੀ ਨਿਰਪ੍ਰੀਤ ਕੌਰ  ਨੇ ਦਿੱਲੀ ਵਿਚ ਭੁੱਖ ਹੜਤਾਲ ਕਰ ਦਿਤੀ ਅਤੇ  ਜੋ ਇਕ ਲਹਿਰ ਬਣਦੀ ਜਾ ਰਹੀ ਸੀ, ਪਰ ਇਹ ਬਾਦਲ ਜੁੰਡਲੀ ਫੇਰ ਹਰਕਤ ਵਿਚ ਆਈ, ਇਥੋਂ ਤਕ ਅਖੌਤੀ ਜਥੇਦਾਰ ਨੇ ਤਾਂ ਹੁਕਮਨਾਮਾ ਜਾਰੀ ਕਰ ਦਿਤਾ ਅਤੇ ਬੀਬੀ ਨੂੰ ਆਪ ਜਾਕੇ ਜੂਸ ਪਿਲਾਇਆ ਅਤੇ ਬੀਬੀ ਦਾ ਮਰਨ ਵਰਤ ਤੁੜਵਾ ਦਿਤਾ।

ਇਥੇ ਕਹਾਣੀ ਥੋੜੀ ਗੁੰਜਲਦਾਰ ਹੈ, ਗੱਲ ਇਹ ਵੀ ਬੀਬੀ ਨੇ ਹੜਤਾਲ ਤਾਂ ਕਾਂਗਰਸ ਦੇ ਖਿਲਾਫ਼ ਕੀਤੀ ਸੀ, ਫੇਰ ਅਕਾਲੀਆਂ ਨੂੰ ਕੀ ਦੁਖ ਸੀ, ਓਹ ਇਹ ਜਿਹੜੀ  ਸੈਂਟਰ ਵਿਚ ਸਿੱਖ ਵਿਰੋਧੀ ਲਾਬੀ ਹੈ, ਭਾਂਵੇ ਓਹ ਕਾਂਗਰਸ ਦੇ ਰੂਪ ਵਿਚ, ਭਾਂਵੇ ਓਹ ਭਾਜਪਾ ਦੇ ਰੂਪ ਵਿਚ, ਓਹ ਨਹੀਂ ਚਾਹੁੰਦੇ ਕਿ ਘੱਟ  ਗਿਣਤੀਆਂ ਨੂੰ ਇਨਸਾਫ਼ ਮਿਲੇ। ਓਹਨਾ ਦਾ ਏਜੰਡਾ ਘਟ ਗਿਣਤੀਆਂ ਨੂੰ ਦਬਾ ਕੇ ਰਖਣਾ, ਓਹਨਾ ਦਾ ਇਹ ਕੰਮ ਭਾਂਵੇ ਬਾਦਲ ਕਰੇ, ਭਾਂਵੇ ਕੋਈ ਹੋਰ, ਓਹਨਾ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਇਹ ਸੰਘਰਸ਼ ਵਿਚ ਸਰਕਾਰਾਂ ਨੇ ਆਪਣੇ ਮੋਹਰੇ ਜਿਵੇਂ ਅਖੌਤੀ ਜਥੇਦਾਰ, ਮੱਕੜ, ਸੰਤ ਸਮਾਜ ਹੋਰ ਵੀ ਸਭ ਵਰਤਕੇ, ਇਹ ਸੰਘਰਸ਼ ਖਤਮ ਕਰ ਦਿੱਤਾ।

4. ਹੁਣ ਚਰਚਾ ਕਰਦੇ ਹਾਂ, ਭਾਈ ਬਲਵੰਤ ਸਿੰਘ ਰਾਜੋਆਣਾ ਵਾਲੇ ਮਸਲੇ ਦੀ। ਪਹਿਲਾਂ ਤਾਂ ਸਰਕਾਰ ਨੇ ਆਪਣੇ ਮੋਹਰੇ ਪਰਮਜੀਤ ਸਿੰਘ ਖਾਲਸਾ, ਹਰਨਾਮ ਸਿੰਘ ਧੁੰਮਾ, ਭਾਈ ਬਲਵੰਤ ਸਿੰਘ ਰਾਜੋਆਣਾ ਦੇ ਆਲੇ ਦੁਆਲੇ ਫਿੱਟ ਕੀਤੇ, ਜੋ ਬਲਵੰਤ ਸਿੰਘ ਰਾਜੋਆਣਾ ਨੂੰ ਵਰਤਨ ਵਿਚ ਕਾਮਯਾਬ ਵੀ ਰਹੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਨੂੰ ਵੋਟਾਂ ਪਵਾਉਣ ਵਾਸਤੇ ਅਪੀਲ ਵੀ ਕਰਵਾ ਦਿਤੀ। ਭਾਈ ਬਲਵੰਤ ਸਿੰਘ ਰਾਜੋਆਣਾ ਵਾਲਾ ਮਸਲਾ ਜਿਸ ਤੋਂ ਸਾਰੀ ਕੌਮ ਜਾਣੀ ਜਾਣ ਹੈ, ਕਿ ਕਿਵੇਂ ਇਹ ਲਹਿਰ ਬਣੀ ਅਤੇ ਕਿਵੇ ਸਰਕਾਰ ਨੇ ਇਸ  ਨੂੰ ਹਾਈਜੈਕ ਕਰਕੇ ਖਤਮ ਕੀਤਾ। ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਾ ਐਲਾਨ ਹੋਇਆ ਤਾਂ ਸਾਰੀ ਸਿੱਖ ਕੌਮ ਸੜਕਾਂ 'ਤੇ ਉਤਰ ਆਈ। ਵਿਦੇਸ਼ਾਂ ਵਿੱਚ ਸਾਰੇ ਇੰਡੀਆਂ ਦੀਆਂ ਅਮਬੈਸੀਆਂ ਦੇ ਅੱਗੇ ਸਿੱਖਾਂ ਨੇ ਧਰਨੇ ਦਿੱਤੇ ਅਤੇ ਧੜਾਧੜ ਅੰਨੇਵਾਹ ਰਾਜੋਆਣਾ ਦੀ ਭੈਣ ਨੂੰ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ, ਹਾਲਾਂਕਿ ਇਹਨਾਂ ਨੂੰ ਪੈਸੇ ਦੀ ਕੀ ਲੋੜ ਸੀ, ਜਦੋਂ ਕੋਈ ਕੇਸ ਨਹੀਂ ਲੜਨਾ, ਕੋਈ ਵਕੀਲ ਨਹੀਂ ਕਰਨਾ, ਫੇਰ ਇਨਾ ਪੈਸਾ ਕਾਹਦੇ ਵਾਸਤੇ?

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਉਣ ਦੀ ਮੰਗ ਉਠੀ, ਲੋਕਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਿਰ ਉਪਰ ਬਿਠਾ ਲਿਆ। ਸਰਕਾਰ ਫੇਰ ਹਰਕਤ ਵਿਚ ਆਈ ਅਤੇ ਸਰਕਾਰ ਨੇ ਫੇਰ ਆਪਣੇ ਮੋਹਰੇ ਭੇਜੇ, ਪਰ ਗੱਲ ਨਾ ਬਣੀ ਕਿਓਂ ਕਿ ਇਨੀ ਦੇਰ ਤੱਕ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਰਕਤ ਵਿਚ ਆ ਚੁਕੀ ਸੀ, ਕਿ ਮਲਾਈ ਮਲਾਈ ਤਾਂ ਹੋਰ ਖਾ ਜਾਣਗੇ। ਭੈਣ ਨੇ ਰਾਜੋਆਣਾ ਦੇ ਕੰਨ ਭਰੇ ਅਤੇ ਰਾਜੋਆਣਾ ਨੇ ਸੰਤ ਸਮਾਜ ਵਾਲਿਆਂ ਨੂੰ ਉਥੋਂ ਭਜਾ ਦਿਤਾ ਅਤੇ ਮਿਲਣ ਤੋਂ ਮਨਾ ਕਰ ਦਿਤਾ। ਇਸ ਦੌਰਾਨ ਸਰਕਾਰ ਨੇ ਦਾਦੂਵਾਲ ਨੂੰ ਨੇੜੇ ਕਰ ਦਿਤਾ, ਪਰ ਦਾਦੂਵਾਲ ਨੂੰ  ਵੀ ਨੇੜੇ ਨਹੀਂ ਲਗਣ ਦਿਤਾ ਭੈਣ ਜੀ ਨੇ। ਫੇਰ ਸਰਕਾਰ ਨੇ ਭੈਣ ਜੀ ਨਾਲ ਪਤਾ ਨਹੀਂ ਕੀ ਗੰਢ ਤੁੱਪ ਕੀਤੀ, ਕਿ ਸਾਰੀ ਬਾਜ਼ੀ ਪਲਟ ਗਈ ਅਤੇ ਰਾਜੋਆਣਾ ਅਤੇ ਓਸ ਦੀ ਭੈਣ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੀ ਹੀਰੋ ਬਣਾਉਣਾ ਸ਼ੁਰੂ ਕਰ ਦਿਤਾ ਅਤੇ ਸਰਕਾਰ ਨਾਲ ਗੰਡਤੁੱਪ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਬਾਦਲ  ਨੂੰ ਹੁਕਮਨਾਮਾ ਜਾਰੀ ਕਰਵਾ ਦਿਤਾ ਕਿ ਦਿੱਲੀ ਜਾਕੇ ਗੱਲ ਕਰੇ  ਸਰਕਾਰ ਨਾਲ। ਹਾਲਾਂਕਿ ਜਥੇਦਾਰ ਬਾਦਲ ਦਾ ਮੁਲਾਜਮ ਹੈ। ਕੀ ਮੁਲਾਜਮ ਕਦੇ ਆਪਣੇ ਮਲਿਕ ਨੂੰ ਹੁਕਮ ਕਰਦਾ ਹੁੰਦਾ? ਨਹੀਂ।

ਪਰ ਇਸ ਡਰਾਮੇ ਨਾਲ ਸਾਰੇ ਸਿੱਖ ਦਰਦੀ ਜ਼ੀਰੋ ਕਰ ਦਿਤੇ ਅਤੇ ਬਾਦਲ ਅਤੇ ਜਥੇਦਾਰ ਇਸ ਵਿੱਚ ਹੀਰੋ ਬਣ ਗਏ । ਇਸ ਨਾਲ ਸਾਰੇ ਪੰਥ ਦਰਦੀਆਂ ਨੂੰ ਬਹੁਤ ਠੇਸ ਪਹੁਚੀ ਅਤੇ ਇਸੇ ਦੌਰਾਨ ਰਾਜੋਆਣਾ ਨੇ ਦੀ ਭੈਣ ਨੇ ਵਿਦੇਸ਼ਾਂ ਅਤੇ ਸਰਕਾਰ ਤੋਂ ਮਿਲਿਆ ਪੈਸਾ, ਪੰਥਕ ਆਗੂਆਂ ਦੇ ਵਿਰੁਧ ਵਰਤਣਾ ਸ਼ੁਰੂ ਕਰ ਦਿਤਾ। ਅਖਬਾਰਾਂ ਵਿਚ ਹਰ ਰੋਜ ਰਾਜੋਆਣਾ ਦੇ ਨਾਮ ਥੱਲੇ ਚਿੱਠੀਆਂ ਛਾਪ ਛਾਪ ਕੇ, ਸਿੱਖ ਸੰਘਰਸ ਦੌਰਾਨ ਜੇਲਾਂ ਕੱਟ ਚੁਕੇ ਜਾਂ ਜੇਲਾਂ ਵਿੱਚ ਰੁਲ ਰਹੇ ਸਿਘਾਂ ਖਿਲਾਫ਼ ਜੋ ਅੱਗ ਉਗਲੀ, ਓਸ ਤੋਂ ਸਭ ਭਲੀ ਭਾਂਤ ਜਾਣੂ ਨੇ। ਬੇਸ਼ਕ ਰਾਜੋਆਣਾ ਦੀ ਕੁਰਬਾਨੀ ਛੋਟੀ ਨਹੀਂ, ਪਰ ਜਿਸ ਤਰਾਂ ਸਰਕਾਰਾਂ ਕਿਸੇ ਸੰਘਰਸ਼ ਨੂੰ ਹਾਈਜੈਕ ਕਰਦੀਆਂ  ਹਨ, ਓਸ ਦੀ ਇਹ ਵੀ ਇਕ ਉਧਾਰਨ ਸੀ। ਜੋ ਲੱਖਾਂ ਲੋਕ ਰਾਜੋਆਣਾ ਦੇ ਉਪਰ ਦੀ ਜਾਨ ਛਿੜਕਦੇ ਸਨ, ਜੇਕਰ ਅਜ ਰਾਜੋਆਣਾ ਨੂੰ ਫਾਂਸੀ ਹੁੰਦੀ ਹੈ, ਤਾਂ ਕੁੱਝ ਸੈਕੜੇ ਲੋਕਾਂ ਨੂੰ ਛਡ ਕੇ, ਕਿਸੇ ਨੇ ਰਾਜੋਆਣਾ ਦੇ ਮਗਰ ਨਹੀਂ ਜਾਣਾ।

5. ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਗੱਲ ਚੱਲੀ, ਤਾਂ ਨੌਜਵਾਨ ਸ਼ੜਕਾਂ ਉਪਰ ਆਏ ਸਨ, ਜਿਸ ਦੋਰਾਨ ਗੁਰਦਾਸਪੁਰ ਵਿਚ ਇਕ ਨੌਜਵਾਨ ਜਸਪਾਲ ਸਿੰਘ ਸਹੀਦ ਹੋ ਗਿਆ, ਤਾਂ ਸਿੱਖਾਂ ਵਿਚ ਗੁੱਸਾ ਹੋਰ ਵਧਿਆ, ਜਿਸ ਨੂੰ ਕਾਬੂ ਕਰਨ ਵਾਸਤੇ ਫੇਰ ਬਾਦਲਾ ਦੀ ਬੀ ਟੀਮ ਸੰਤ ਸਮਾਜ ਅਤੇ ਅਖੌਤੀ ਜਥੇਦਾਰ ਹਰਕਤ ਵਿਚ ਆਏ ਅਤੇ ਜਸਪਾਲ ਸਿੰਘ ਦੇ ਘਰ ਵਾਲੇ ਅਤੇ ਸਿੱਖ ਕਹਿੰਦੇ ਕਿ ਅਸੀਂ ਸੰਸਕਾਰ ਨਹੀਂ ਹੋਣ ਦੇਣਾ, ਜਿੰਨੀ ਦੇਰ ਦੋਸ਼ੀ ਪੋਲਿਸ ਵਾਲਿਆਂ 'ਤੇ ਕੇਸ ਦਰਜ ਨਹੀਂ ਹੁੰਦਾ। ਤਾਂ ਢੱਡਰੀਆਂ ਵਾਲੇ ਨੇ ਲਾਰਾ ਲਗਵਾ ਕੇ ਸੰਸਕਾਰ ਕਰਵਾ ਦਿਤਾ ਅਤੇ ਬੀ ਟੀਮ ਹੋਣ ਦਾ ਫਰਜ ਅਦਾ ਕੀਤਾ। ਫੇਰ ਜਸਪਾਲ ਸਿੰਘ ਦੇ ਭੋਗ ਦੇ ਸਮਾਗਮ ਵੀ ਬਾਦਲ ਦਲੀਆਂ ਅਤੇ ਸੰਤ ਸਮਾਜ ਨੇ ਹਾਈਜੈਕ ਕਰ ਲਏ ਸਨ, ਤਾਂ ਕਿ ਕੋਈ ਵੀ ਪੰਥ ਬੁਲਾਰਾ ਬਾਦਲ ਸਰਕਾਰ ਦੇ ਖਿਲਾਫ਼ ਨਾ ਬੋਲ ਸਕੇ, ਪਰ ਜਸਪਾਲ ਸਿੰਘ ਦੇ ਦਾਦੇ ਦੇ ਕਹਿਣ 'ਤੇ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਸਮਾਂ ਮਿਲਿਆ, ਜਿਸ ਨੇ ਥੋੜੇ ਸਮੇਂ ਵਿਚ ਹੀ ਜਥੇਦਾਰ ਦੀ ਅਤੇ ਸਰਕਾਰ ਦੀ ਚੰਗੀ ਮੰਜੀ ਠੋਕੀ, ਤਾਂ ਜਥੇਦਾਰ ਸਟੇਜ ਛੱਡ ਕੇ ਭਜ ਗਿਆ। ਸੋ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ।
6. ਇਸ ਤਰਾਂ ਹੀ ਰਾਧਾ ਸਵਾਮੀਆਂ ਨੇ ਜਿਹੜਾ ਬਿਆਸ ਡੇਰੇ ਦੇ ਨੇੜੇ ਪਿੰਡ ਵਾਲਾ ਗੁਰਦਵਾਰਾ ਢਾਇਆ ਸੀ, ਸਿੱਖ ਫੇਰ ਹਰਕਤ ਵਿਚ ਆਏ, ਪਰ ਰਾਧਾ ਸਵਾਮੀ ਨੇ ਦਾਦੂਵਾਲ ਨਾਲ ਐਸੀ ਯਾਰੀ ਪਾਈ, ਕਿ ਓਹ ਮਾਮਲਾ ਵੀ ਵਿਚੇ ਰਫ਼ਾ ਦਫ਼ਾ ਹੋ ਗਿਆ ।
7. ਹੁਣ ਗੱਲ ਕਰਦੇ ਹਾਂ ਵੀਰ  ਗੁਰਬਖਸ ਸਿੰਘ ਖਾਲਸਾ ਵਲੋਂ ਸ਼ੁਰੂ ਕੀਤੇ ਮਰਨ ਵਰਤ ਦੀ

ਜਦੋਂ ਇਹ ਸੰਘਰਸ਼ ਸ਼ੁਰੂ ਕੀਤਾ, ਓਸ ਤੋਂ ਪਹਿਲਾਂ ਗੁਰਬਖਸ ਸਿੰਘ ਨੇ ਜਥੇਦਾਰ ਅਕਾਲ ਤਖ਼ਤ, ਧੁੰਮਾ, ਢੱਡਰੀਆਂ ਵਾਲਾ ਅਤੇ ਮੱਕੜ ਨਾਲ ਸੰਪਰਕ ਕੀਤਾ, ਪਰ ਕਿਸੇ ਨੇ ਇਸ ਸਿੰਘ ਦੀ ਨਹੀਂ ਸੁਣੀ, ਕਿਓੁਂਕਿ ਇਹਨਾ ਨੂੰ ਲਗਦਾ ਸੀ, ਇਸ ਨੇ ਕੀ ਕਰ ਲੈਣਾ ਹੈ? ਪਰ  ਜਦੋਂ ਕਿਸੇ ਨੇ ਲੜ ਸਿਰਾ ਨਾ ਫੜਾਇਆ, ਤਾਂ ਗੁਰਬਖਸ ਸਿੰਘ ਨੂੰ ਇਹ ਕਦਮ ਪੁੱਟਣਾ ਪਿਆ ਅਤੇ ਅਰਦਾਸ ਕਰਕੇ ਸਿੰਘ ਇਸ ਭੁਖ ਹੜਤਾਲ ਵਿਚ ਕੁੱਦ ਪਿਆ। ਸਿੰਘ ਦਾ ਵਿਸਵਾਸ ਪੂਰਨ ਗੁਰੂ 'ਤੇ ਸੀ ਅਤੇ ਅਰਦਾਸ 'ਤੇ ਹੈ ਅਤੇ ਸਿੰਘ ਡੱਟਿਆ ਹੋਇਆ ਹੈ।

ਪਹਿਲਾਂ ਕਾਫ਼ੀ ਦਿਨ ਸਿੱਖ ਚਿੰਤਕ ਇਸ ਲਹਿਰ ਤੋਂ ਦੂਰ ਰਹੇ, ਕਿਓੁਂਕਿ ਓਨ੍ਹਾਂ ਨੂੰ ਡਰ ਸੀ ਕਿ ਕਿਤੇ ਰਾਜੋਆਣਾ ਵਾਲੀ ਨਾ ਹੋਵੇ, ਇਸ ਗੱਲ ਤੋਂ ਡਰਦੇ ਥੋੜੇ ਦੂਰ ਰਹੇ, ਪਰ ਜਿਓੁਂ ਜਿਓੁਂ ਇਸ ਗੱਲ ਨੂੰ ਸ਼ੋਸ਼ਲ ਮੀਡੀਏ ਅਤੇ ਬਾਹਰਲੇ ਮੀਡੀਏ ਨੇ ਚੁਕਿਆ, ਤਾਂ ਪੰਥਕ ਆਗੂ ਵੀ ਓਥੇ ਪਹੁੰਚਣੇ ਸ਼ੁਰੂ ਹੋ ਗਏ ਹਨ। ਹੁਣ ਇਹ ਸੰਘਰਸ਼ ਪੂਰੇ ਜੋਰਾਂ 'ਤੇ ਹੈ ਅਤੇ ਬਾਦਲ ਦੀ ਬੀ ਟੀਮ ਭਾਵ ਸੰਤ ਸਮਾਜ ਅਤੇ ਅਖੌਤੀ ਜਥੇਦਾਰ ਵੀ ਤਿਆਰ ਬੈਠੇ ਹਨ, ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਵਾਸਤੇ। ਇਸ ਦੀ ਤਾਜ਼ਾ ਉਧਾਰਨ ਇਹ ਹੈ, ਕਿ ਸਾਰੀਆਂ ਜਥੇਬੰਦੀਆਂ ਨੇ ਅਕਾਲ ਤਖ਼ਤ ਤੋਂ ਮਾਰਚ ਕਢਣ ਦੀ ਤਿਆਰੀ ਕੀਤੀ ਹੈ, ਪਰ ਸੰਤ ਸਮਾਜ ਭਾਵ ਬਾਦਲ ਦੀ ਬੀ ਟੀਮ ਅਜ ਓਥੇ ਮੀਟਿੰਗ ਕਰ ਰਹੀ ਹੈ, ਜਿਥੇ ਭਾਈ ਗੁਰਬਖਸ ਸਿੰਘ ਭੁਖ ਹੜਤਾਲ 'ਤੇ ਬੈਠੇ ਹਨ।

ਸੋ, ਸਾਡੀ ਭਾਈ ਗੁਰਬਖਸ਼ ਸਿੰਘ ਖਾਲਸਾ ਅੱਗੇ ਬੇਨਤੀ ਹੈ, ਕਿ ਕਿਤੇ  ਇਹਨਾ ਚਿੱਟੇ ਚੋਲਿਆਂ  ਵਾਲਿਆਂ ਦੇ ਜਾਲ ਵਿਚ ਨਾ ਫੱਸ ਜਾਣ, ਇਹਨਾ ਤੋਂ ਸੁਚੇਤ ਰਹਿਣ, ਜੇਕਰ ਹੁਣ ਤੁਸੀਂ ਡਟੇ ਰਹੇ ਤਾਂ ਸਰਕਾਰ ਕੋਲ ਬਿਨਾ ਸਿੰਘਾ ਦੀ ਰਿਹਾਈ ਤੋਂ ਕੋਈ ਰਾਹ ਨਹੀਂ ਹੈ। ਕਿਓੁਂਕਿ ਕਾਨੂੰਨੀ ਤੌਰ 'ਤੇ ਜਿਹੜਾ ਬੰਦਾ ਸਜ਼ਾ ਪੂਰੀ ਕਰ ਲਵੇ, ਉਸ ਨੂੰ ਕੋਈ ਕਾਨੂੰਨ ਜੇਲ ਵਿਚ ਨਹੀਂ ਰਖ ਸਕਦਾ। ਸੋ, ਮੈਨੂੰ ਵਾਰ ਵਾਰ ਇਹ ਚਿੰਤਾ ਸਤਾਂਉਂਦੀ ਹੈ, ਕਿ ਇਸ ਸੰਘਰਸ ਨੂੰ ਵੀ ਸਰਕਾਰ ਪਹਿਲੇ ਸੰਘਰਸ਼ਾਂ ਦੀ ਤਰਾਂ ਹਾਈਜੈਕ ਨਾ ਕਰ ਲਵੇ।

ਸੋ, ਮੇਰੀ ਬੇਨਤੀ ਵੀਰ ਗੁਰਬਖਸ ਸਿੰਘ ਅੱਗੇ ਇਹੀ ਹੈ, ਕਿ ਸਿਰਫ ਗੁਰੂ 'ਤੇ ਭਰੋਸਾ ਕਰਕੇ ਡਟੇ ਰਹੋ, ਸਾਰੀ ਸਿੱਖ ਕੌਮ ਤੁਹਾਡੇ ਨਾਲ ਹੈ, ਪਰ ਭੁੱਲ ਕੇ ਵੀ ਬਾਦਲ ਦੇ ਕਰਿੰਦਿਆਂ ਸੰਤ ਸਮਾਜ, ਧੁੰਮਾ, ਮੱਕੜ, ਜਥੇਦਾਰ.. ਇਹਨਾ 'ਤੇ ਭਰੋਸਾ ਨਾ ਕਰਿਓ, ਇਹਨਾ 'ਤੇ  ਭਰੋਸਾ ਕਰਨ ਤੋਂ ਪਹਿਲਾਂ, ਸੌ ਵਾਰ ਸੋਚਿਓ ਅਤੇ ਜਿਹੜੇ ਸਿੰਘ ਤੁਹਾਡੇ ਨਾਲ ਸੰਘਰਸ਼ ਵਿੱਚ ਡਟੇ ਹੋਏ ਹਨ, ਓਹਨਾ ਨਾਲ ਮਸ਼ਵਰਾ ਕਰੇ ਬਿਨਾ ਕੋਈ ਫੈਸਲਾ ਨਾ ਕਰਨਾ। ਕਿਉਂਕਿ ਇਹ ਹੁਣ ਤੁਹਾਡੇ ਆਲੇ ਦੁਆਲੇ ਬਹੁਤ ਜਾਲ ਵਿਛਾਉਣਗੇ, ਪਰ ਫੱਸ ਨਾ ਜਾਇਆ ਜੇ, ਨਹੀਂ ਤਾਂ ਸਿੱਖ ਕੌਮ ਬਹੁਤ ਨਿਰਾਸ਼ ਹੋ ਜਾਵੇਗੀ। ਬੱਸ ਇਕੋ ਫੈਸਲੇ 'ਤੇ ਡਟੇ ਰਹੋ, ਬੱਸ ਰਿਹਾਈ, ਬੇਦੋਸ਼ੇ ਸਿੱਖਾਂ ਦੀ ਰਿਹਾਈ, ਜੋ ਜਾਇਜ਼ ਮੰਗ ਹੈ ਅਤੇ ਕਾਨੂੰਨੀ ਵੀ ਹੈ।

ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ, ਕਿ ਤੁਹਾਨੂੰ ਕਾਮਯਾਬੀ ਬਖਸ਼ੇ ਅਤੇ ਸਾਰੀਆਂ ਓਨ੍ਹਾਂ ਜਥੇਬੰਦੀਆ ਅਤੇ ਸਿੱਖਾਂ ਅਤੇ ਓਨ੍ਹਾਂ ਗੈਰ ਸਿੱਖਾਂ ਦਾ ਵੀ ਧੰਨਵਾਦ, ਜਿਹੜੇ ਸਿਰਫ ਇਨਸਾਨੀਅਤ ਦੇ ਨਾਮ 'ਤੇ ਇਸ ਸੰਘਰਸ਼ ਵਿਚ ਯੋਗਦਾਨ ਪਾ ਰਹੇ ਹਨ। ਪ੍ਰਮਾਤਮਾ ਕਰੇ ਸਿੱਖ ਕੌਮ ਨੂੰ ਇਸ ਕਾਰਜ ਵਿਚ ਕਾਮਯਾਬੀ ਮਿਲੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top