ਸਜ਼ਾ
ਪੂਰੀ ਕਰ ਚੁੱਕੇ ਜੇਲਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ
ਦੇ ਸੰਘਰਸ਼ ਨੂੰ ਵਿਸ਼ਾਲ ਬਨਾਉਣ ਲਈ, ਹਰ ਸਿੱਖ ਅੱਗੇ ਆਏ ਸਾਰੀਆਂ ਪੰਥਕ ਧਿਰਾਂ ਅਤੇ
ਫੈਡਰੇਸ਼ਨਾਂ ਦੇ ਆਗੂ ਵੀ ਨੀਂਦ ਚੋਂ ਬਾਹਰ ਆਉਣ, ਕੌਮ ਉਨ੍ਹਾਂ ਵੱਲ ਦੇਖ ਰਹੀ ਹੈ ਸਿੱਖ
ਕੌਮ ਮਰਜੀਵੜਿਆਂ ਦੀ ਕੌਮ ਹੈ। ਇਸ ਕੌਮ ਦੀ ਸਾਜਨਾ ਕਰਨ ਵਾਲੇ ਦਸਮੇਸ਼ ਪਿਤਾ ਨੇ ਕੌਮ ਦੀ
ਚੜ੍ਹਦੀ ਕਲਾ ਲਈ ਆਪਣਾ ਸਰਬੰਸ ਤੱਕ ਵਾਰ ਦਿਤਾ। ਇਤਿਹਾਸ ਗਵਾਹ ਹੈ ਕਿ ਦੇਸ਼ ਵਿਦੇਸ਼ ਵਿਚ
ਜਿਥੇ ਵੀ ਗੁਰੂ ਦੀ ਇਹ ਫੌਜ ਵਸਦੀ ਹੈ, ਉਥੇ ਕਿਸੇ ਤੇ ਵੀ ਬੇਇਨਸਾਫੀ ਹੇਣ ਸਮੇਂ ਅੱਗੇ ਵਧ
ਕੇ ਆਵਾਜ ਬੁਲੰਦ ਕੀਤੀ। ਪਰ ਅਫਸੋਸ ਇਹ ਹੈ ਕਿ ਸਿੱਖਾਂ ਦੇ ਆਪਣੇ ਘਰ ਪੰਜਾਬ ਵਿਚ ਵੀ
ਉਨ੍ਹਾਂ ਲਈ ਇਨਸਾਫ ਨਹੀਂ ਹੈ। ਦੇਸ਼ ਦੀ ਆਜਾਦੀ ਲਈ ਸਭ ਤੋਂ ਵਧ ਜਾਨਾਂ ਕੁਰਬਾਨ ਕਰਨ ਵਾਲੇ
ਸਿੱਖ ਅੱਜ ਆਪਣੇ ਲਈ ਇਨਸਾਫ ਹਾਸਲ ਕਰਨ ਵਾਸਤੇ ਕੇਂਦਰ ਵੱਲ ਦੇਖਦੇ ਹਨ ਅਤੇ ਕੇਂਦਰ ਵਿਚ
ਬੈਠੇ ਹਾਕਮ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਪਾ ਕੇ ਖੁਸ਼ ਹੁੰਦੇ ਹਨ। ਦੇਸ਼ ਨੂੰ ਅਜਾਦ
ਕਰਵਾਉਣ ਵਿਚ ਮੋਹਰੀ ਰੋਲ ਨਿਭਾਉਣ ਵਾਲੇ ਸਿੱਖ ਖੁਦ ਗੁਲਾਮ ਹੀ ਰਹਿ ਗਏ।
ਇਹੀ ਵਜਹ ਹੈ ਕਿ ਕੌਮ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ
ਯੋਧਿਆਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਜੇਲਾਂ ਵਿਚ ਧੱਕ ਦਿਤਾ ਅਤੇ ਉਨ੍ਹਾਂ ਨੂੰ ਦਿਲ
ਖੋਲ੍ਹ ਕੇ ਸਜ਼ਾਵਾਂ ਸੁਣਾਈਆਂ ਗਈਆਂ ਅਤੇ ਉਹ ਸਜ਼ਾਵਾਂ ਭੁਗਤ ਚੁੱਕਣ ਦੇ ਬਾਵਜੂਦ ਵੀ ਸਰਕਾਰਾਂ
ਉਨ੍ਹਾਂ ਨੂੰ ਜੇਲਾਂ ਤੋਂ ਰਿਹਾਅ ਕਰਨ ਲਈ ਤਿਆਰ ਨਹੀਂ ਹਨ। ਆਪਣੀਆਂ ਸਜ਼ਾਵਾਂ ਜੇਲਾਂ ਵਿਚ
ਭੁਗਤ ਚੁੱਕੇ ਸਿੰਘਾਂ ਦੀ ਰਿਹਾਈ ਲਈ ਪਿਛਲੀ 14 ਨਵੰਬਰ ਤੋਂ ਗੁਰਦੁਆਰਾ ਅੰਬ ਸਾਹਿਬ ਵਿਖੇ
ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਅੱਜ 17 ਦਿਨ ਹੋ ਗਏ ਹਨ ਕਿਸੇ
ਵੀ ਹਾਕਮ ਧਿਰ ਨੇ ਉਨ੍ਹਾਂ ਦੀ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਇਥੇ ਮੈਂ ਅੱਗੇ ਚੱਲਣ
ਤੋਂ ਪਹਿਲਾਂ ਸਪਸ਼ਟ ਕਰ ਦਿਆਂ ਕਿ ਮੇਰਾ ਕਿਸੇ ਵੀ ਧਿਰ ਨਾਲ ਵੈਰ ਵਿਰੋਧ ਨਹੀਂ ਹੈ। ਇਹ
ਲੋਕਾਂ ਦੇ ਵਲਵਲੇ ਹਨ ਜਿਨਾਂ ਨੂੰ ਮੈਂ ਆਪਣੀ ਕਲਮ ਦੀ ਨੋਕ ਨਾਲ ਤੁਹਾਡੇ ਤੱਕ ਪਹੁੰਚਾਉਣ
ਦਾ ਉਪਰਾਲਾ ਕਰ ਰਿਹਾ ਹਾਂ। ਹੋ ਸਕਦਾਹੈ ਕਿ ਮੇਰੇ ਸ਼ਬਦ ਕਿਸੇ ਨੂੰ ਪਸੰਦ ਨਾ ਆਉਣ ਪਰ ਆਪਣੀ
ਆਦਤ ਤੋਂ ਮਜਬੂਰ ਹਾਂ।
ਇਸ ਲਈ ਜੇਕਰ ਕਿਸੇ ਸੱਜਣ ਨੂੰ ਕੁਝ ਕੌੜਾ ਲੱਗ ਜਾਵੇ ਤਾਂ ਖਿਮਾ ਦਾ
ਜਾਚਕ ਹਾਂ। ਪੰਜਾਬ ਵਿਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਹੈ। ਇਹ ਸਰਕਾਰ ਖੁਦ ਨੂੰ ਪੰਥਕ
ਸਰਕਾਰ ਦੇ ਖਿਤਾਬ ਨਾਲ ਪ੍ਰਚਾਰਦੀ ਹੈ। ਦੂਸਰਾ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਅਤੇ ਦਿੱਲੀ ਦੋਵਾਂ 'ਤੇ ਹੀ ਸੱਤਾਧਾਰੀ ਪਾਰਟੀ ਦਾ
ਕਬਜ਼ਾ ਹੈ। ਸਜ਼ਾ ਭੁਗਤ ਚੁੱਕੇ ਪੰਜ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੇ ਗਏ ਸੰਘਰਸ਼ ਵਿਚ
ਹੁਣ ਤੱਕ ਸੱਤਾਧਾਰੀ ਪਾਰਟੀ ਜਾਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਅਤੇ ਫੈਡਰੇਸ਼੍ਵਾਂ ਵਿਚੋਂ
ਕਿਸੇ ਵੀ ਵੀ ਹਾਅ ਦਾ ਨਾਅਰਾ ਮਾਰਨ ਦੀ ਜਰੂਰਤ ਨਹੀਂ ਸਮਝੀ। ਸਿੱਖ ਸਟੂਡੈਂਟ ਫੈਡਰੇਸ਼ਨ ਜੋ
ਕਿ ਨੌਜਵਾਨਾਂ ਦੇ ਇਕ ਖਾਸ ਵਰਗ ਦੀ ਨੁਮਾਇੰਦਗੀ ਕਰਦੀ ਹੈ ਅਤੇ ਧਾਰਮਿਕ ਕਾਰਜਾਂ ਵਿਚ ਅੱਗੇ
ਹੋਣ ਲਈ ਵਚਨਵੱਧ ਹਨ। ਪਰ ਇਥੇ ਸਭ ਕੁਝ ਉਲਟਾ ਪੁਲਟਾ ਹੈ। ਭਾਵੇਂ ਕਿ ਹੁਣ ਸਿੱਖ ਸਟੂਡੈਂਟ
ਫੈਡਰੇਸ਼ਨਾਂ ਦੀ ਗਿਣਤੀ ਇਕ ਤੋਂ ਵਧ ਕੇ ਕਈ ਹੋ ਗਈ ਹੈ, ਪਰ ਉਨ੍ਹਾਂ ਵਿਚੋਂ ਇਕ ਨੂੰ ਛੱਡ
ਕੇ ਬਾਕੀ ਸਾਰੀਆਂ ਫੈਡਰੇਸ਼ਨਾਂ ਬਾਦਲ ਸਾਹਿਬ ਦੀਆਂ ਹੀ ਬਣ ਕੇ ਰਹਿ ਗਈਆਂ ਹਨ। ਜੋ ਫੁਰਮਾਨ
ਜਾਰੀ ਹੁੰਦਾ ਹੈ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ।
ਥੋੜਾ ਪਿੱਛੇ ਝਾਤ ਮਾਰੀ ਜਾਵੇ ਤਾਂ ਸਿੱਖਾਂ ਦੀ ਨੁਮਾਇੰਦਗੀ ਕਰਨ
ਦੇ ਦਮ ਭਰਨ ਵਾਲੀਆਂ ਜਥੇਬੰਦੀਆਂ ਜਾਂ ਫੈਡਰੇਸ਼ਨਾਂ ਦੇ ਆਗੂਆਂ ਵਲੋਂ ਸ੍ਰੀ ਅਕਾਲ ਤਖਤ
ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੱਕ ਸੰਗਤਾਂ 'ਚ ਲਾਗੂ ਕਰਵਾਉਣ ਲਈ ਕੋਈ ਯਤਨ ਨਹੀਂ
ਕੀਤੇ ਸਗੋਂ ਜਿਹੜੇ ਹੁਕਮਨਾਮੇ ਸਰਕਾਰ ਦੇ ਵਿਰੁੱਧ ਜਾਂਦੇ ਨਜਰ ਆਏ ਇਨ੍ਹਾਂ ਉਨ੍ਹਾਂ
ਹੁਕਮਨਾਮਿਆਂ ਤੋਂ ਹੀ ਮੂੰਹ ਮੋੜ ਲਏ। ਪੰਜਾਬ ਵਿਚ ਇਸ ਸਮੇਂ ਡੇਰਾ ਸਿਰਸਾ ਦੇ ਸਬੰਧ 'ਚ
ਅੱਗ ਮੱਚ ਰਹੀ ਹੈ। ਸਿੱਖ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ
ਪਾਲਣਾ ਕਰਨ ਲਈ ਆਪਾ ਤੱਕ ਵਾਰਨ ਲਈ ਤਿਆਰ ਹਨ ਪਰ ਕੌਮ ਦੇ ਅਖੌਤੀ ਲੀਡਰ, ਬਹੁਤੇ ਧਾਰਮਿਕ
ਜਥੇਬੰਦੀਆਂ ਦੇ ਆਗੂ ਅਤੇ ਫੈਡਰੇਸ਼ਨਾਂ ਵਾਲੇ ਕੋਈ ਵੀ ਡੇਰਾ ਵਿਰੋਧੀ ਹੁਕਮਨਾਮੇ ਦੀ ਪਾਲਣਾ
ਲਈ ਅੱਗੇ ਆਉਣ ਨੂੰ ਤਿਆਰ ਨਹੀਂ ਹੈ। ਇਸੇ ਤਰ੍ਹਾਂ ਹੀ ਜੋ ਕੰਮ ਅੱਜ ਭਾਈ ਗੁਰਬਖਸ਼ ਸਿੰਘ
ਕਰ ਰਹੇ ਹਨ ਇਹ ਕੰਮ ਸਾਡੀਆਂ ਧਾਰਮਿਕ ਜਥੇਬੰਦੀਆਂ ਦੇ ਆਗੂਆਂ, ਫੈਡਰੇਸ਼ਨਾਂ ਦੇ ਮੁਖੀਆਂ
ਅਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਸੀ। ਇਥੋਂ ਤੱਕ ਕਿ
ਉਨ੍ਹਾਂ ਦੀ ਪੈਰਵਾਈ ਕਰਕੇ ਰਿਕਹਾਈ ਲਈ ਪਹਿਲਾਂ ਹੀ ਯਤਨ ਕੀਤੇ ਜਾਣੇ ਚਾਹੀਦੇ ਸਨ ਤਾੰ ਜੋ
ਗੁਰਬਖਸ਼ ਸਿੰਘ ਵਰਗੇ ਸਿੰਘ ਨੂੰ ਭੁੱਖ ਹੜਤਾਲ ਕਰਕੇ ਸਾਨੂੰ ਹਲੂਣਾ ਨਾ ਦੇਣਾ ਪੈਂਦਾ।
ਮੈਂ ਇਥੇ ਹੋਰ ਵੀ ਸ਼ਰਮਸ਼ਾਰ ਮਹਿਸੂਸ ਕਰਦਾ ਹਾਂ, ਕਿ ਭਾਈ ਗੁਰਬਖਸ਼
ਸਿੰਘ ਦੀ ਭੁੱਖ ਹੜਤਾਲ ਨੂੰ 17 ਦਿਨ ਦਾ ਸਮਾਂ ਹੋਣ ਦੇ ਬਾਵਜੂਦ ਵੀ ਸਾਡੇ ਇਨ੍ਹਾਂ ਆਗੂਆਂ
ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਂ ਸਾਰਾ ਆਲਮ ਲੈ ਕੇ
ਦਿੱਲੀ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਦਿੱਲੀ ਬਿਰਾਜਮਾਨ ਹਨ। ਜਿਸ ਕਾਰਜ ਨਾਲ
ਗੁਰੂ ਸਾਹਿਬ ਨੇ ਹਰ ਮੋਰਚਾ ਫਤਹਿ ਕਰਨਾ ਹੈ, ਉਸ ਕੰਮ ਵੱਲ ਉਨ੍ਹਾਂ ਦਾ ਧਿਆਨ ਨਹੀਂ ਹੈ।
ਅਜੇ ਵੀ ਸਮਾਂ ਹੈ ਕੌਮ ਦੇ ਲੀਡਰੋ ਜਾਗੋ ! ਨਹੀਂ ਤਾਂ ਸਮਾਂ ਤੁਹਾਨੂੰ
ਕਦੇ ਵੀ ਮਾਫ ਨਹੀਂ ਕਰੇਗਾ। ਇਤਿਹਾਸ ਗਵਾਹ ਹੈ ਕਿ ਜੋ ਵਾਪਰਦਾ ਹੈ ਉਹ ਸਮੇਂ ਦੀ ਚਾਦਰ
'ਤੇ ਆਪਣੇ ਆਪ ਉਕਰ ਜਾਂਦਾ ਹੈ। ਉਸ ਲਈ ਸਾਨੂੰ ਦੱਸਣ ਦੀ ਜਰੂਰਤ ਨਹੀਂ ਪੈਂਦੀ। ਜੇਕਰ ਅਸੀਂ
ਚੰਗਾ ਕੀਤਾ ਹੋਵੇਗਾ ਤਾਂ ਕੋਈ ਲੱਖ ਮਾੜਾ ਕਹੀ ਜਾਏ ਪਰ ਸਮੇਂ ਦੇ ਇਤਿਹਾਸ ਦੇ ਪੰਨਿਆਂ
'ਤੇ ਚੰਗਾ ਹੀ ਲਿਖਿਆ ਜਾਵੇਗਾ ਅਤੇ ਜੇਕਰ ਮਾੜਾ ਕੀਤਾ ਹੋਵੇਗਾ ਤਾਂ ਅਸੀਂ ਭਾਵੇਂ ਜਿੰਨਾਂ
ਵੀ ਮਰਜੀ ਧਨ ਅਤੇ ਤਾਕਤ ਝੋਕ ਦੇਈਏ ਉਹ ਮਾੜਾ ਹੀ ਲਿਖਿਆ ਜਾਵੇਗਾ। ਇਸ ਲਈ ਆਪਣੀ ਤਕਦੀਰ
ਦੇ ਪੰਨਿਆਂ ਉੱਪਰ ਕੌਮ ਲਈ ਕੁਝ ਕੀਤੇ ਹੋਣ ਦਾ ਜ਼ਿਕਰ ਵੀ ਕਰ ਲਓ। ਬੀਤਿਆ ਸਮਾਂ ਕਦੇ
ਵਾਪਿਸ ਨਹੀਂ ਆਉੰਦਾ। ਸਿੱਖਾਂ ਲਈ ਬੇਇਨਸਾਫੀ ਦਾ ਆਲਮ ਅੱਜ ਤੋਂ ਨਹੀਂ ਸਗੋਂ ਸ਼ੁਰੂ ਤੋਂ
ਹੀ ਦੁਹਰਾਇਆ ਜਾਂਦਾ ਰਿਹਾ ਹੈ। ਇੰਦਰਾ ਗਾਂਧੀ ਦੇ ਕਤਲ ਸਮੇਂ 1984 ਦਾ ਸਮੂਹਿਕ ਕਤਲੇਆਮ
ਭਾਰਤ ਸਰਕਾਰ ਦੇ ਮੱਥੇ 'ਤੇ ਕਲੰਕ ਹੈ ਅਤੇ ਸਾਡੇ ਲਈ ਹਰ ਸਮੇਂ ਰਿਸਦਾ ਰਹਿਣ ਵਾਲਾ ਨਾਸੂਰ
ਹੈ। ਸਰਕਾਰਾਂ ਨੇ ਇਸ ਜ਼ਖਮ ਨੂੰ ਭਰਨ ਲਈ ਨਹੀਂ ਸਗੋਂ ਹਰੇ ਰੱਖਣ ਲਈ ਹੀ ਉਪਰਾਲੇ ਕੀਤੇ।
ਉਸ ਕਤਲੇਆਮ ਲਈ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਸਕਿਆ। ਜੇਕਰ ਬੰਬੇ ਬੰਬ ਧਮਾਕਿਆਂ
ਵਿਚ ਸੰਜੇ ਦੱਤ ਪਾਸੋਂ ਨਜਾਇਜ ਹਥਿਆਰ ਬ੍ਰਾਮਦ ਕੀਤੇ ਜਾਂਦੇ ਹਨ ਤਾਂ ਉਸ ਲਈ ਕਾਨੂੰਨ ਵੀ
ਵੱਖਰਾ ਅਤੇ ਸਜ਼ਾ ਵੀ ਵੱਖਰੀ ਅਤੇ ਜਿਹੜੇ ਸਿੱਖਾਂ ਤੋਂ ਹਥਿਆਰ ਬ੍ਰਾਮਦ ਹੋਏ ਉਨ੍ਹਾਂ ਲਈ
ਕਾਨੂੰਨ ਵੱਖਰਾ ਹੈ। ਸੰਜੇ ਦੱਤ ਨੂੰ ਸਜ਼ਾ ਮਿਲਣ ਤੇ ਉਸਨੂੰ ਕੁਝ ਸਮੇਂ ਬਾਅਦ ਛੁੱਟੀ ਵੀ
ਮਿਲਦੀ ਹੈ ਅਤੇ ਉਸਦੀ ਸਜ਼ਾ ਮਾਫ ਕਰਵਾਉਣ ਲਈ ਸਭ ਤਰਲੋਮੱਛੀ ਵੀ ਹੁੰਦੇ ਹਨ ਪਰ ਜੇਲਾਂ ਵਿਚ
ਬੰਦ ਸਿੱਖ ਜੋ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਹਨ ਉਨ੍ਹਾਂ ਦੀ ਰਿਹਾਈ ਲਈ ਸਾਨੂੰ ਸੰਘਰਸ਼
ਕਰਨੇ ਪੈ ਰਹੇ ਹਨ। ਕੌਮ ਦੇ ਹਾਕਮੋਂ ਜਾਗੋ, ਸਾਰੀ ਕੌਮ ਤੁਹਾਡੇ ਵੱਲ ਦੇਖ ਰਹੀ ਹੈ।
ਭਾਈ ਗੁਰਬਖਸ਼ ਸਿੰਘ ਵਲੋਂ ਇਸ ਮਸਲੇ ਨੂੰ ਲੈ ਕੇ ਜਦੋਂ ਭੁੱਖ ਹੜਤਾਲ
ਸ਼ੁਰੂ ਕੀਤੀ ਗਈ ਸੀ ਤਾਂ ਚਾਹੀਦਾ ਇਹ ਸੀ ਕਿ ਸਾਰੀਆਂ ਪੰਥਕ ਧਿਰਾਂ ਅਤੇ ਫੈਡਰੇਸ਼ਨਾਂ ਅੱਗੇ
ਆ ਕੇ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਵਿਚ ਸ਼ਾਮਲ ਹੁੰਦੀਆਂ ਅਤੇ ਇਸ ਸੰਘਰਸ਼ ਨੂੰ ਵਾਲ ਕਰਕੇ
ਕੌਮ ਲਈ ਇਨਸਾਫ ਦੀ ਲੜਾਈ ਵਿ ਸ਼ਾਮਲ ਹੁੰਦੀਆਂ ਪਰ ਸ਼ਾਇਦ ਸਾਡੀ ਕੌਮ ਦੀ ਤ੍ਰਾਸਦੀ ਹੀ ਇਹ
ਹੈ ਕਿ ਸਾਡੇ ਆਗੂ ਹੀ ਉਹ ਲੋਕ ਬਣ ਬੈਠੇ ਹਨ ਜੋ ਕੌਮ ਲਈ ਨਹੀਂ, ਸਗੋਂ ਨਿੱਜੀ ਸਵਾਰਥਾਂ ਦੀ
ਪੂਰਤੀ ਲਈ ਕੰਮ ਕਰਦੇ ਹਨ।