Share on Facebook

Main News Page

ਜੰਗਲਾਂ ਚ ਰਹਿ ਕੇ ਕੁਰਬਾਨੀ ਕਰਨ ਵਾਲੇ ਸਿੱਖ” ਬਨਾਮ “ਰਜਾਈਆਂ ਵਿਚ ਬੈਠ ਕੇ ਪ੍ਰੈਸ ਨੋਟ ਲਿਖਣ ਵਾਲੇ ਸਿੱਖ
-: ਜਗਸੀਰ ਸਿੰਘ  ਮੋਬਾ: 98764-16009
http://www.punjabspectrum.com/2013/11/29832

* ਸਿੱਖ ਕੌਮ ਲਈ ਕੁੱਝ ਕਰ ਗੁਜਰਨ ਦਾ ਸਮਾਂ
* 16 ਦਿਨ੍ਹਾਂ ਤੋਂ ਮਰਨ ਵਰਤ ਦੇ ਬੈਠੇ ਭਾਈ ਗੁਰਬਖ਼ਸ ਸਿੰਘ ਖਾਲਸਾ ਦਾ ਸਾਥ ਸਿਰਫ ਬਿਆਨਬਾਜੀ ਨਾਲ ਨਹੀਂ ਦਿੱਤਾ ਜਾ ਸਕਣਾ

ਵੱਖੋ ਵੱਖਰੇ ਕੇਸਾਂ ਵਿੱਚ ਮਿਲੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਭਾਰਤੀ ਨਿਜ਼ਾਮ ਵੱਲੋਂ ਜ਼ੇਲਾਂ ਵਿੱਚ ਬੰਦ ਕੀਤੇ ਹੋਏ ਸਿੱਖਾਂ ਨੌਜਵਾਨਾਂ ਦੀ ਰਿਹਾਈ ਲਈ ਮਰਨ ਵਰਤ ’ਤੇ ਬੈਠੇ ਭਾਈ ਗੁਰਬਖ਼ਸ ਸਿੰਘ ਖਾਲਸਾ ਦੀ ਭੁੱਖ ਹੜਤਾਲ ਅੱਜ 16ਵਾਂ ਦਿਨ ਵੀ ਪਾਰ ਕਰ ਗਈ ਹੈ ਅਤੇ ਭਾਈ ਸਾਹਿਬ ਦਾ ਸਰੀਰ ਨਿਢਾਲ ਹੁੰਦਾ ਜਾ ਰਿਹਾ ਹੈ, ਪਰ ਸਿੱਖ ਕੌਮ ਅਜੇ ਤੱਕ ਸੁੱਤੀ ਪਈ ਹੈ। ਕੁਝ ਲੋਕ ਸਿਰਫ਼ ਅਖਬਾਰੀ ਬਿਆਨਬਾਜ਼ੀ ਕਰਨ ਤੱਕ ਸੀਮਤ ਹਨ ਅਤੇ ਰਜਾਈਆਂ ’ਚ ਬੈਠੇ ਸਿਰਫ ਪ੍ਰੈਸ ਨੋਟ ਜਾਰੀ ਕਰਕੇ ਕੌਮ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ। ਲੱਗ ਇਹ ਰਿਹਾ ਹੈ ਕਿ ਅਖਬਾਰਾਂ ਵਿੱਚ ਫੋਟੋਆਂ ਛਪਵਾਉਣ ਅਤੇ ਆਪਣੇ ਨਾਮ ਲਿਖਵਾਉਣ ਦੇ ਸ਼ੌਕੀਨ ਇਹ ਲੋਕ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਜਾਨ ਲੈਣ ਤੱਕ ਆਪਣਾ ਇਹ ਵਰਤਾਰਾ ਚਾਲੂ ਰੱਖਣਗੇ।

ਪੰਜਾਬ ਵਿਚਲੇ ਸਿੱਖ ਆਗੂ ਤਾਂ ਅਖਬਾਰੀ ਬਿਆਨਬਾਜ਼ੀ ਤੋਂ ਬਿਨਾਂ ਕੁਝ ਕਰਨ ਦੇ ਕਾਬਲ ਹੀ ਨਹੀਂ ਰਹੇ ਹਨ, ਕਿਉਂਕਿ ਜੇਕਰ ਪੰਜਾਬ ਦੇ ਸਿੱਖ ਆਗੂਆਂ ਵਿੱਚ ਕੁਝ ਕਰਨ ਦੀ ਸਮਰੱਥਾ ਹੁੰਦੀ ਤਾਂ ਭਾਈ ਗੁਰਬਖ਼ਸ ਸਿੰਘ ਖਾਲਸਾ ਨੂੰ ਮਰਤ ਵਰਤ ’ਤੇ ਬੈਠਣ ਦੀ ਲੋੜ ਹੀ ਨਾ ਪੈਂਦੀ, ਪਰ ਬਾਹਰਲੇ ਮੁਲਕਾਂ ’ਚ ਬੈਠੇ ਸਿੱਖ ਵੀ ਕੁਝ ਕਰਨ ਦੀ ਬਿਜਾਏ ਸਿਰਫ ਪ੍ਰੈਸ ਨੋਟ ਜਾਰੀ ਕਰਨ ’ਤੇ ਹੀ ਜ਼ੋਰ ਅਜਮਾਈ ਕਰਨ ਤੱਕ ਸੀਮਤ ਹੋ ਗਏ ਹਨ।

ਇਥੇ ਵੀ ਵਰਨਣਯੋਗ ਹੈ ਕਿ ਭਾਈ ਗੁਰਬਖਸ਼ ਸਿੰਘ ਵੱਲੋਂ ਵਿੱਢੇ ਸੰਘਰਸ਼ ਦੀ ਕਵਰੇਜ ਵੀ ਭਾਰਤ ਵਿੱਚ ਇੱਕ ਦੋ ਪੰਜਾਬੀ ਅਖਬਾਰਾਂ ਹੀ ਕਰ ਰਹੀਆਂ ਹਨ, ਜਦਕਿ ਸਾਰੇ ਭਾਰਤੀ ਮੀਡੀਆ ਨੇ ਇਸ ਮਸਲੇ ’ਤੇ ਚੁੱਪ ਧਾਰੀ ਹੋਈ ਹੈ, ਪਰ ਬਾਹਰਲੇ ਮੁਲਕਾਂ ’ਚ ਰਹਿੰਦੇ ਸਿੱਖ ਆਗੂ ਇਸ ਮਾਮਲੇ ’ਤੇ ਵੱਡੀ ਮੁਹਿੰਮ ਖੜੀ ਕਰ ਸਕਦੇ ਹਨ, ਕਿਉਂਕਿ ਬਾਹਰਲੇ ਮੁਲਕਾਂ ਦੀ ਮੀਡੀਆ ਵੀ ਪੱਖਪਾਤੀ ਨਹੀਂ ਹੈ। ਬਾਹਰਲੇ ਸਿੱਖ ਇਸ ਮਾਮਲੇ ’ਤੇ ਉਥੋਂ ਦੀਆਂ ਸਰਕਾਰਾਂ ਅੱਗੇ ਗੁਹਾਰ ਕਰ ਸਕਦੇ ਹਨ ਕਿ ਵਿਦੇਸ਼ਾਂ ਦੀਆਂ ਸਰਕਾਰ ਭਾਰਤ ਦੀ ਸਰਕਾਰ ’ਤੇ ਇਸ ਮਾਮਲੇ ਨੂੰ ਹੱਲ ਕਰਨ ਦਬਾਅ ਬਣਾਉਣ। ਰਜਾਈਆਂ ਵਿੱਚ ਬੈਠ ਕੇ ਪੰਜਾਬੀ ਵਿੱਚ ਪ੍ਰੈਸ ਨੋਟ ਲਿਖਕੇ ਅਖਬਾਰਾਂ ਨੂੰ ਜਾਰੀ ਕਰਨ ਦੀ ਥਾਂ ਅੰਗਰੇਜੀ ਵਿੱਚ ਲਿਖੇ ਬੈਨਰ ਲੈ ਕੇ ਹਰ ਦੇਸ਼ ਦੀਆਂ ਸੜਕਾਂ ’ਤੇ ਨਿਕਲਣ ਤਾਂ ਯਕੀਕਨ ਹੀ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਤੌਰ ’ਤੇ ਭਾਰਤ ਉਪਰ ਦਬਾਅ ਬਣਾਉਣਗੀਆਂ। ਪੰਜਾਬ ਵਿੱਚ ਵੀ ਇਸ ਮਾਮਲੇ ’ਤੇ ਆਮ ਸਿੱਖਾਂ ਵਿੱਚ ਜਨਤਕ ਲਹਿਰ ਪੈਦਾ ਕਰਨੀ ਪਵੇਗੀ। ਚਾਹੀਦਾ ਤਾਂ ਇਹ ਸੀ ਕਿ ਇਹ ਭੁੱਖ ਹੜਤਾਲ ਸੁਰੂ ਕਰਨ ਤੋਂ ਪਹਿਲਾਂ ਪੰਜਾਬ ਵਿੱਚ ਇਸ ਮਾਮਲੇ ’ਤੇ ਜਨਤਕ ਲਹਿਰ ਬਣਾਈ ਜਾਂਦੀ।

ਅੱਜ ਜੋ ਲੋਕ ਅੰਨਾ ਹਜ਼ਾਰੇ ਅਤੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੀ ਤੁਲਨਾ ਕਰਕੇ ਇਹ ਗੱਲ ਕਹਿ ਰਹੇ ਹਨ, ਉਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਅੰਨਾ ਹਜ਼ਾਰੇ ਨਾਲ ਭਾਰਤੀ ਮੀਡੀਆ ਵੀ ਖੜਾ ਸੀ, ਜਦਕਿ ਸਿੱਖਾਂ ਕੋਲ ਆਪਣਾ ਕੋਈ ਮੀਡੀਆ ਹੈ ਹੀ ਨਹੀਂ ਹੈ। ਦੂਸਰੀ ਗੱਲ ਅੰਨਾ ਹਜ਼ਾਰੇ ਨੇ ਪੂਰੇ ਦੇਸ਼ ਵਿੱਚ ਆਪਣੇ ਗੱਲ ਨੂੰ ਪ੍ਰਚਾਰ ਕੇ ਇੱਕ ਮਾਹੌਲ ਤਿਆਰ ਕਰ ਲਿਆ ਸੀ, ਜਿਸ ਦੇ ਕਾਰਨ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਦੇ ਨਾਲ ਨਾਲ ਦੇਸ਼ ਦੇ ਤਕਰੀਬਨ ਹਰ ਵੱਡੇ ਛੋਟੇ ਸ਼ਹਿਰ ਕਸਬੇ ਵਿੱਚ ਲੋਕਾਂ ਵੱਲੋਂ ਲੜੀਵਾਰ ਭੁੱਖ ਹੜਤਾਲਾਂ ਦਾ ਸਿਲਸਿਲਾ ਸੁਰੂ ਕਰ ਦਿੱਤਾ ਗਿਆ।

ਇਸ ਲਈ ਅੱਜ ਸਿੱਖ ਕੌਮ ਨੂੰ ਵੀ ਇਸ ਪਾਸੇ ਸੋਚਣ ਦੀ ਲੋੜ ਹੈ ਅਤੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੇ ਹੱਕ ਵਿੱਚ ਹਰ ਵੱਡੇ ਛੋਟੇ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਲੜੀਵਾਰ ਭੁੱਖ ਹੜਤਾਲਾਂ ਰੱਖਣ ਦਾ ਸਿਲਸਿਲਾ ਸੁਰੂ ਕਰ ਦੇਣਾ ਚਾਹੀਦਾ ਹੈ। ਇਸ ਨਾਲ ਜਿਥੇ ਆਮ ਲੋਕਾਂ ਵਿੱਚ ਇਹ ਜਨਤਕ ਲਹਿਰ ਬਣੇਗੀ ਅਤੇ ਭਾਰਤੀ ਮੀਡੀਆ ਨੂੰ ਵੀ ਮਜਬੂਰੀ ਵੱਸ ਇਸ ਮਾਮਲੇ ਦੀ ਕਵਰੇਜ ਕਰਨੀ ਪਵੇਗੀ। ਇਸ ਨਾਲ ਇਹ ਮਾਮਲਾ ਪੂਰੀ ਦੁਨੀਆਂ ਦੀਆਂ ਨਜ਼ਰਾਂ ਵਿੱਚ ਆ ਜਾਵੇਗਾ। ਭਾਈ ਗੁਰਬਖਸ਼ ਸਿੰਘ ਵੱਲੋਂ ਆਪਣੀ ਜਾਨ ਦਾਅ ’ਤੇ ਲਾ ਕੇ ਇਹ ਮੁਹਿੰਮ ਇੰਨਸਾਫ ਲੈਣ ਲਈ ਵਿੱਢੀ ਗਈ ਹੈ ਅਤੇ ਇਸ ਲਈ ਕੌਮ ਇਸ ਮੁਹਿੰਮ ਨੂੰ ਇੱਕਲੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ’ਤੇ ਵੀ ਕੇਂਦਰਿਤ ਨਾ ਕਰੇ, ਸਗੋਂ ਦੇਸ਼ ਵਿਦੇਸ਼ ਵਿੱਚ ਵਸਦੀ ਸਮੁੱਚੀ ਕੌਮ ਕੇਸਰੀ ਨਿਸ਼ਾਨ ਸਾਹਿਬ ਹੇਠ ਇੱਕਤਰ ਹੋ ਕੇ ਇਹ ਮੁਹਿੰਮ ਨੂੰ ਜਨਤਕ ਲਹਿਰ ਦਾ ਰੂਪ ਦੇ ਦੇਵੇ।

ਪੰਜਾਬ ਦੇ ਜਿੰਨੇ ਕੁ ਸਿੱਖ ਮੋਹਾਲੀ ਪੁਹੰਚ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਭੁੱਖ ਹੜਤਾਲ ’ਤੇ ਬੈਠ ਸਕਦੇ ਹਨ, ਉਹ ਉਥੇ ਜਾ ਕੇ ਮੋਰਚਾ ਸੁਰੂ ਕਰਨ ਅਤੇ ਬਾਕੀ ਸੰਗਤਾਂ ਹਰ ਸ਼ਹਿਰ, ਹਰ ਕਸਬੇ ਅਤੇ ਹਰ ਪਿੰਡ ਵਿੱਚ ਭੁੱਖ ਹੜਤਾਲਾਂ ਦਾ ਸਿਲਸਿਲਾ ਸੁਰੂ ਕਰਕੇ ਭਾਈ ਸਾਹਿਬ ਦਾ ਸਾਥ ਦੇਣ। ਬਾਹਰਲੇ ਸਿੱਖ ਵੀ ਅਖਬਾਰੀ ਬਿਆਨਬਾਜੀ ਦੀ ਥਾਂ ਆਪੋ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਤੱਕ ਇਹ ਗੱਲ ਪੁਹੰਚਾਉਣ ਦਾ ਯਤਨ ਕਰਨ। ਇਸ ਨਾਲ ਉਥੋਂ ਦੀਆਂ ਸਰਕਾਰਾਂ ਵੀ ਭਾਰਤੀ ਸਰਕਾਰ ’ਤੇ ਦਬਾਅ ਬਣਾਉਣਗੀਆਂ। ਕਿਤੇ ਇਹ ਨਾ ਹੋਵੇ ਕਿ ਸਿੱਖ ਕੌਮ ਇੱਕ ਵਾਰ ਵੇਰ ਆਪਣਾ ਦਰਸ਼ਨ ਸਿੰਘ ਫੇਰੂਮਾਨ ਸ਼ਹੀਦ ਵੀ ਕਰਵਾ ਲਵੇ ਅਤੇ ਕੋਈ ਪ੍ਰਾਪਤੀ ਵੀ ਨਾ ਕਰ ਸਕੇ। ਜਿਥੇ ਕੌਮ ਨੇ ਆਪਣੇ ਜੁਝਾਰੂ ਯੋਧੇ ਭਾਰਤੀ ਜ਼ੇਲਾਂ ’ਚੋਂ ਰਿਹਾਅ ਕਰਵਾਉਣੇ ਹਨ, ਉਥੇ ਭਾਈ ਗੁਰਬਖਸ਼ ਸਿੰਘ ਖਾਲਸਾ ਵਰਗੇ ਜਾਂਬਾਜ਼ ਸੂਰਮੇ ਵੀ ਅਜ਼ਾਈ ਨਹੀਂ ਗੁਵਾਉਣੇ ਚਾਹੀਦੇ, ਕਿਉਂਕਿ ਕੌਮ ਦੀ ਚੜਦੀ ਕਲਾ ਲਈ ਅਜਿਹੇ ਸੂਰਬੀਰਾਂ ਦੀ ਬੇਹੱਦ ਲੋੜ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top