‘‘ਹੈਲੋ, ਤੁਸੀਂ ਬਿਜ਼ੀ ਤਾਂ ਨਹੀਂ ਜੀ ਇਸ ਵੇਲੇ?’’
‘‘ਨਹੀਂ ਜੀ, ਦੱਸੋ ਤੁਸੀਂ, ਮੈਂ ‘ਵਾਕ’ ਕਰ ਰਿਹਾ ਹਾਂ ਇਸ ਸਮੇਂ।’’
‘‘ਪੰਜ-ਸੱਤ ਕੁ ਮਿੰਟ ਲੈਣੇ ਨੇ ਤੁਹਾਡੇ।’’
‘‘ਹੁਕਮ ਕਰੋ ਵੀਰ ਜੀ।’’
ਸ਼ਾਮ ਦੀ ਸੈਰ ਵੇਲੇ ਮੈਨੂੰ ਆਪਣੀ ‘ਆਈ ਡੀ’ ਲੁਕਾ ਕੇ ਇੱਕ ਸੱਜਣ ਨੇ
ਫੋਨ ਕਰਦਿਆਂ ਉਕਤ ਸਵਾਲ ਪੁੱਛੇ। ਫੋਨ ਤਾਂ ਪਾਠਕਾਂ ਦੇ ਅਕਸਰ ਆਉਂਦੇ ਹੀ ਰਹਿੰਦੇ ਹਨ, ਪਰ
ਜਦੋਂ ਕੋਈ ਆਪਣੀ ਪਹਿਚਾਣ ਲੁਕਾ ਕੇ ਰਿੰਗ ਮਾਰਦਾ ਹੈ, ਤਦ ਉਸ ਵੇਲੇ ਜ਼ਰਾ ਦੀ ਜ਼ਰਾ ਦਿਮਾਗ਼
ਜ਼ਰੂਰ ‘ਅਲਰਟ’ ਹੋ ਜਾਂਦਾ ਹੈ, ਕਿਉਂਕਿ ਇੰਜ ਗੁਪਤ ਰਹਿ ਕੇ ਫੋਨ ਕਰਨ ਵਾਲਿਆਂ ਦੀਆਂ ਗੱਲਾਂ
ਕਈ ਵਾਰ ਕਸੂਤੀਆਂ ਜਾਂ ਖਰਵੀਆਂ ਜਿਹੀਆਂ ਹੁੰਦੀਆਂ ਹਨ। ਫਿਰ ਵੀ ਮੈਂ ‘ਕਾਇਮ’ ਜਿਹਾ ਹੋ
ਕੇ ਫੋਨ ਸੁਣਨ ’ਤੇ ਸਾਰਾ ਧਿਆਨ ਕੇਂਦਰਤ ਕਰ ਲਿਆ, ‘‘ਭਾਈ ਸਾਹਿਬ, ਤੁਹਾਨੂੰ ਤੁਰਿਆਂ
ਜਾਂਦਿਆਂ ਨੂੰ ਕੋਈ ਗੁੰਡਾ-ਬਦਮਾਸ਼ ਤੰਗ-ਪਰੇਸ਼ਾਨ ਕਰੇ ਜਾਂ ਤੁਹਾਡੇ ਉੱਪਰ ਹਮਲਾ ਹੀ ਕਰ
ਦੇਵੇ, ਤੁਸੀਂ ਕਰੋ ਪੁਲਸ ਨੂੰ ਕਾਲ, ਅੱਗਿਉਂ ਉੱਤਰ ਆਵੇ, ‘ਅਸੀਂ ਕੀ ਕਰੀਏ, ਸਾਨੂੰ ਖੁਦ
ਇੱਥੇ ਲੁਟੇਰਿਆਂ ਨੇ ਘੇਰਿਆ ਹੋਇਆ ਹੈ।’ ਜਾਂ ਕੋਈ ਆਪਣੇ ਘਰ ਲੱਗੀ ਅੱਗ ਤੋਂ ‘ਫਾਇਰ
ਸਰਵਿਸ’ ਵਾਲਿਆਂ ਨੂੰ ‘ਨਾਈਨ-ਵੰਨ-ਵੰਨ’ ਡਾਇਲ ਕਰੇ, ਉਹ ਮੋਹਰਿਉਂ ਕਹਿਣ ਕਿ ਸਾਡੇ ਦਫ਼ਤਰ
ਵਿੱਚ ਅੱਧ-ਅਸਮਾਨ ਤੱਕ ਅੱਗ ਦੀਆਂ ਲਾਟਾਂ ਬਲ ਰਹੀਆਂ ਨੇ, ਸਗੋਂ ਤੁਸੀਂ ਸਾਡੀ ਮਦਦ ਲਈ
ਇੱਥੇ ਪਹੁੰਚੋ।... ਅਜਿਹੀ ਹਾਲਤ ਵਿੱਚ ਤੁਹਾਡੇ ’ਤੇ ਕੀ ਬੀਤੇਗੀ? ਤੁਸੀਂ ਇਹਨਾਂ ਸਰਕਾਰੀ
ਸਹੂਲਤਾਂ ਬਾਰੇ ਕੀ ਸੋਚੋਗੇ?’’
ਕਾਲ
ਕਰਨ ਵਾਲੇ ਵੱਲੋਂ ਬੰਨ੍ਹੀ ਗਈ ਇਸ ਲੰਮੀ-ਚੌੜੀ ਭੂਮਿਕਾ ਤੋਂ ਮੈਂ ਏਨਾ ਕੁ ਅੰਦਾਜ਼ਾ ਲਾ
ਲਿਆ ਕਿ ਅਸਲ ਗੱਲ ਕੋਈ ‘ਖ਼ਾਸ’ ਹੀ ਹੋਵੇਗੀ।
‘‘ਵੀਰ ਜੀ, ਜ਼ਰਾ ਸਪੱਸ਼ਟ ਕਰ ਕੇ ਦੱਸੋਗੇ ਕਿ ਤੁਸੀਂ ਕਹਿਣਾ ਕੀ
ਚਾਹੁੰਦੇ ਹੋ?’’ ਆਜਜ਼ੀ ਨਾਲ ਮੈਂ ਉਸ ਸੱਜਣ ਨੂੰ ਬੇਨਤੀ ਕੀਤੀ।
‘‘ਸਰ, ਤੁਸੀਂ ਆਪਣੀਆਂ ਲਿਖਤਾਂ ਵਿੱਚ ਗਾਹੇ-ਬਗਾਹੇ ਸਿੱਖ ਧਰਮ ਦੇ
ਅਸੂਲਾਂ-ਸਿਧਾਂਤਾਂ ਬਾਬਤ ਚਰਚਾ ਕਰਦੇ ਰਹਿੰਦੇ ਹੋ। ਇਸ ਕਰ ਕੇ ਮੈਂ ਆਪਣੀ ਵੇਦਨਾ ਤੁਹਾਡੇ
ਨਾਲ ਸਾਂਝੀ ਕਰਨੀ ਚਾਹੁੰਦਾ ਹਾਂ।’’
ਵਿਸ਼ਾ ਗੰਭੀਰ ਹੋਣ ਕਰ ਕੇ ਮੈਂ ਪਾਰਕ ਵਿੱਚ ਬਣੇ ਬੈਂਚਾਂ ’ਤੇ ਬਹਿ
ਕੇ ਫੋਨ-ਕਰਤਾ ਦੀ ਗੱਲ ਤਫ਼ਸੀਲ ਨਾਲ ਸੁਣੀ। ਗੁਰਦੁਆਰੇ ਦੇ ਪੱਕੇ ਸ਼ਰਧਾਲੂ ਇਸ ਸੱਜਣ ਨੇ
ਬਦੇਸ਼ ਵਿੱਚ ਖੱਟੀ-ਕਮਾਈ ਕਰਨ ਤੋਂ ਬਾਅਦ ਕੋਈ ਆਪਣਾ ਬਿਜ਼ਨੈੱਸ ਸ਼ੁਰੂ ਕਰਨਾ ਸੀ। ਆਮ
ਸ਼ਰਧਾਵਾਨਾਂ ਵਾਂਗ ਇਹ ਆਪਣੇ ਨੇੜੇ ਦੇ ਗੁਰਦੁਆਰੇ ਚਲਾ ਗਿਆ। ਉੱਥੇ ਗ੍ਰੰਥੀ ਜੀ ਨੇ
‘ਅਰਦਾਸ-ਭੇਟ’ ਵਜੋਂ ਇੱਕ ਸੌ ਇੱਕ ਡਾਲਰ ਮੁੱਠੀ ’ਚ ਘੁੱਟ ਕੇ ਗੁਰੂ ਮਹਾਰਾਜ ਅੱਗੇ ਇਸ
ਜਗਿਆਸੂ ਦੀ ਮੰਗ-ਲੜੀ ਇੰਜ ਬਿਆਨ ਕੀਤੀ : ‘‘ਹੇ ਸੱਚੇ ਪਾਤਸ਼ਾਹ
ਜੀ, ਆਪ ਦੇ ਦਰੁ-ਘਰ ਦਾ ਸੇਵਕ ਸ੍ਰ: ...ਸਿੰਘ, ਨਵਾਂ ਕਾਰੋਬਾਰ ਆਰੰਭ ਕਰਨ ਤੋਂ ਪਹਿਲਾਂ
ਆਪ ਜੀ ਦੇ ਚਰਨ ਪਰਸ ਰਿਹਾ ਹੈ, ਸੇਵਕ ਦੇ ਕਾਰ-ਵਿਹਾਰ ਵਿੱਚ ਤਰੱਕੀਆਂ ਬਖਸ਼ਣੀਆਂ, ਵਾਧੇ
ਕਰਨੇ, ਨਉ ਨਿਧਾਂ ਸਿਧਾਂ ਦੀ ਬਖਸ਼ਿਸ਼ ਕਰ ਕੇ ਖ਼ਜ਼ਾਨੇ ਭਰਪੂਰ...ਕਿਰਤ-ਕਮਾਈਆਂ ਵਿੱਚ ਬਰਕਤਾਂ
ਪਾਉਣੀਆਂ, ਅੰਨ-ਧਨ ਦੇ ਖੁੱਲੇ ਗੱਫੇ ਬਖਸ਼ ਕੇ ਨਿਹਾਲ ਕਰਨਾ ਜੀ...।’’
ਭਾਈ ਜੀ ਦੀ ਮਨੋਹਰ ਸ਼ੈਲੀ ’ਚ ਕੀਤੀ ਗਈ ਅਰਦਾਸ ਤੋਂ ਮੰਤਰ-ਮੁਗਧ
ਹੋਇਆ ਇਹ ਸ਼ਰਧਾਲੂ, ਕੁਝ ਚਿਰ ਲਈ ਦੀਵਾਨ ਹਾਲ ਵਿੱਚ ਸਮਾਧੀ ਲਾ ਕੇ ਬਹਿ ਗਿਆ। ਕਥਾ-ਕੀਰਤਨ
ਹੋਇਆ, ਸੰਗਤ ਜੁੜ ਗਈ, ਭਰੀ ਸੰਗਤ ਵਿੱਚ ਗੁਰਦੁਆਰੇ ਦੇ ਪ੍ਰਬੰਧਕਾਂ ਵਿੱਚੋਂ ਇੱਕ ਸਟੇਜ
’ਤੇ ਆ ਕੇ ਇਕੱਠ ਨੂੰ ਸੰਬੋਧਨ ਹੋਇਆ : ‘‘ਗੁਰੂ ਪਿਆਰਿਉ, ਆਪ
ਸਭ ਦੇ ਆਰਥਿਕ ਸਹਿਯੋਗ ਨਾਲ ਗੁਰਦੁਆਰੇ ਦਾ ਵਿਸ਼ਾਲ ਕੰਪਲੈਕਸ ਸੰਪੂਰਨ ਤਾਂ ਹੋ ਚੁੱਕਾ ਹੈ,
ਪਰ ‘ਲੋਨ’ ਦੀ ਕਿਸ਼ਤ ਅਤੇ ਖ਼ਰਚੇ ਚਲਾਉਣ ਲਈ ਸਾਡੇ ਕੋਲ ਮਾਇਆ ਦੀ ਘਾਟ ਹੈ। ਆਪ ਭਲੀ-ਭਾਂਤ
ਜਾਣਦੇ ਹੋ ਕਿ ਮਹਿੰਗਾਈ ਕਾਰਨ ਖ਼ਰਚੇ ਵਧਦੇ ਹੀ ਜਾ ਰਹੇ ਹਨ, ਕ੍ਰਿਪਾ ਕਰ ਕੇ ਤੁਸੀਂ ਹੁਣ
ਇੱਕ ਨਹੀਂ, ਘੱਟੋ-ਘੱਟ ਪੰਜ ਡਾਲਰ ਦਾ ਮੱਥਾ ਟੇਕਿਆ ਕਰੋ।...ਸੰਗਤ ਜੀ, ਤੁਸੀਂ ਹੁਣ ਖੁੱਲੇ
ਦਿਲ ਨਾਲ ਗੁਰੂ-ਘਰ ਦੇ ਖ਼ਜ਼ਾਨੇ ਭਰ ਦਿਉ, ਤਾਂ ਕਿ ਅਸੀਂ ਰੋਜ਼ਾਨਾ ਦੇ ਖ਼ਰਚੇ ਚਲਾ ਸਕੀਏ।’’
ਫੋਨ-ਕਰਤਾ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਦੀ ਇਹ ‘ਅਨੋਖੀ
ਅਪੀਲ’ ਮੇਰੀ ਸ਼ਰਧਾ ਉੱਤੇ ਅਸਮਾਨੀ ਬਿਜਲੀ ਵਾਂਗ ਕੜਕ ਕੇ ਪੈ ਗਈ। ਮਨਾਂ, ਜਿਸ ਦਰ
ਤੋਂ ਮੇਰੇ ਵਰਗੇ ਹਜ਼ਾਰਾਂ ਆਪਣੀਆਂ ਝੋਲੀਆਂ ਭਰਨ ਦੀਆਂ ਮੰਗਾਂ ਲੈ ਕੇ ਆਉਂਦੇ ਹਨ, ਉੱਥੋਂ
ਦੇ ਪ੍ਰਬੰਧਕ ਮੰਗਣ ਆਇਆਂ ਅੱਗੇ ਬੇਨਤੀਆਂ ਕਰ ਰਹੇ ਨੇ ਕਿ ਸਾਡਾ ‘ਹੱਥ ਤੰਗ’ ਹੈ। ਇਹ ਕੀ
ਮਾਜਰਾ ਹੋਇਆ? ਗੁਰਦੁਆਰਿਆਂ ਵਿੱਚ ਤਾਂ ਕਦੇ ਨਹੀਂ ਸੁਣਿਆ ਕਿ ਸੰਗਤ ਨੂੰ ਇਹ ਸਲਾਹ ਦਿੱਤੀ
ਜਾਵੇ ਕਿ ਹੁਣ ਐਨੇ ਰੁਪਏ-ਡਾਲਰ ਦਾ ਮੱਥਾ ਟੇਕੋ ਜਾਂ ਗੋਲਕ ਭਰਪੂਰ ਕਰੋ! ਕਿਸੇ ਗੁਰੂ-ਘਰ
ਦੀ ਇੱਥੋਂ ਤੱਕ ਨੌਬਤ ਪਹੁੰਚਣ ਦਾ ਕੀ ਕਾਰਨ ਹੋ ਸਕਦਾ ਹੈ ਭਲਾ ਜੀ?
ਆਪਣੀ ਸ਼ਰਧਾ ਨੂੰ ਆਈ ਤਰੇੜ ਦੀ ਕਹਾਣੀ ਸੁਣਾਉਣ ਅਤੇ ਉਕਤ ਗੁਰੂ-ਘਰ
ਦੀ ਇੱਥੋਂ ਤੱਕ ਪਹੁੰਚੀ ਨੌਬਤ ਦਾ ਕਾਰਨ ਜਾਣਨ ਦੇ ਨਾਲ ਹੀ ਉਸ ਨੇ ਮੈਨੂੰ ਇਹ ਸਵਾਲ ਵੀ
ਕਰ ਦਿੱਤਾ, ਅਖੇ ਜੀ; ਹਰੇਕ ਗੁਰਦੁਆਰੇ ਵਿੱਚ ਪ੍ਰਬੰਧ ਨੂੰ ਲੈ ਕੇ ਲੜਾਈਆਂ ਕਿਉਂ ਪੈਂਦੀਆਂ
ਰਹਿੰਦੀਆਂ ਹਨ?
ਬਜਾਏ ਇਸ ਦੇ ਕਿ ਮੈਂ ਉਸ ਨੂੰ ਸਿੱਖ ਇਤਿਹਾਸ ਵਿੱਚੋਂ ਕੋਈ ਢੁੱਕਵਾਂ
ਪ੍ਰਸੰਗ ਸੁਣਾ ਕੇ ਉਸ ਦੀ ਤਸੱਲੀ ਕਰਵਾਉਂਦਾ ਜਾਂ ਗੁਰਬਾਣੀ ਦੀਆਂ ਮੌਕਾ-ਮੇਲ਼ ਨਾਲ ਸੰਬੰਧਤ
ਪੰਕਤੀਆਂ ਦੁਹਰਾਉਂਦਾ, ਅਚਾਨਕ ਮੈਨੂੰ ਆਪਣੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਹਿਣ ਸਮੇਂ ਦੀ
ਇੱਕ ਅੱਖੀਂ ਦੇਖੀ ਝਾਕੀ ਯਾਦ ਆ ਗਈ, ਜਿਸ ਵਿੱਚ ਫੋਨ-ਕਰਤਾ ਦੇ ਸਾਰੇ ਸਵਾਲਾਂ ਦੇ ਉੱਤਰ
ਆਪਣੇ ਆਪ ਮਿਲ ਜਾਣੇ ਸਨ। ਪਹਿਲਾਂ ਉਹ ਮੈਥੋਂ ‘ਪੰਜ-ਸੱਤ ਮਿੰਟ’ ਮੰਗ ਰਿਹਾ ਸੀ। ਫਿਰ ਮੈਂ
ਉਸ ਨੂੰ ‘ਕਾਹਲੀ ਤਾਂ ਨੀਂ ਕੋਈ?’ ਪੁੱਛ ਕੇ ਆਪਣੀ ਹੱਡ-ਬੀਤੀ ਛੋਹ ਲਈ :
ਸਾਡੇ ਗਵਾਂਢੀ ਜ਼ਿਲੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ
ਗੁਰਦੁਆਰਾ ਸਥਿਤ ਹੈ, ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਨੌਵੇਂ ਗੁਰੂ ਜੀ ਨੇ ਕਿਸੇ
ਸਮੇਂ ਚਰਨ ਪਾਏ ਸਨ। ਪਹਿਲਾਂ-ਪਹਿਲ ਇੱਥੇ ਸਿਰਫ਼ ਸੰਗਰਾਂਦ ਵਾਲੇ ਦਿਨ ਹੀ ਇਕੱਠ ਜੁੜਿਆ
ਕਰਦਾ ਸੀ। ਪਿੰਡ ਛੋਟਾ ਹੋਣ ਕਰ ਕੇ ਸੰਗਤ ਵੀ ਥੋੜੀ ਹੀ ਹੁੰਦੀ ਸੀ, ਪਰ ਆਪਸੀ ਇਤਫਾਕ
ਬਥੇਰਾ ਸੀ। ਪਿੰਡ ਵਾਸੀ ਰਲ-ਮਿਲ ਕੇ ਬਾਰਾਂਹਮਾਹ ਦਾ ਪਾਠ ਕਰ ਕੇ ਭੋਗ ਪਾ ਲਿਆ ਕਰਦੇ ਸਨ।
ਚੜਾਵੇ ਨਾਲ ਹੀ ਸਾਰੀ ਪਾਠ-ਪੂਜਾ ਹੋਈ ਜਾਂਦੀ ਸੀ।
ਕਿਸੇ ਸੰਗਰਾਂਦ ਮੌਕੇ ਉੱਥੇ ਇੱਕ ਪ੍ਰਸਿੱਧ ਸੰਤ ਆ ਗਿਆ। ਉਸ ਨੇ
ਪਿੰਡ ਵਾਲਿਆਂ ਨੂੰ ਉਤਸ਼ਾਹਤ ਕਰਦਿਆਂ ਉਪਦੇਸ਼ ਦਿੱਤਾ ਕਿ ਤੁਸੀਂ ਸੰਗਰਾਂਦ ਦੇ ਨਾਲ-ਨਾਲ
ਮੱਸਿਆ ਵੀ ਮਨਾਇਆ ਕਰੋ। ਸੰਤ ਦੇ ਕਹੇ-ਕਹਾਏ ਪਿੰਡ ਵਾਲਿਆਂ ਨੇ ਮੱਸਿਆ ਵੀ ‘ਮਨਾਉਣੀ’ ਸ਼ੁਰੂ
ਕਰ ਦਿੱਤੀ। ਹੌਲੀ-ਹੌਲੀ ਇਸ ਗੁਰਦੁਆਰੇ ਦੀ ਮੱਸਿਆ ਕਾਫ਼ੀ ਮਸ਼ਹੂਰ ਹੋ ਗਈ ਆਲੇ-ਦੁਆਲੇ ਦੇ
ਪਿੰਡਾਂ ਵਿੱਚ। ਦੇਖਦਿਆਂ-ਦੇਖਦਿਆਂ ਦੂਰ-ਦੁਰਾਡੇ ਦੇ ਸ਼ਰਧਾਲੂ ਵੀ ਇੱਥੇ ਹਾਜ਼ਰੀਆਂ ਭਰਨ
ਲੱਗ ਪਏ। ਹਰੇਕ ਮੱਸਿਆ ’ਤੇ ਰਾਗੀ-ਢਾਡੀ, ਕਵੀ-ਕਵੀਸ਼ਰ ਵੀ ਆਉਣ ਲੱਗ ਪਏ। ਮੁਮਕਿਨ ਹੈ ਕਿ
ਚੜਾਵਾ ਵਧਣਾ ਹੀ ਸੀ। ਜਦੋਂ ਗੁਰਦੁਆਰੇ ਦੇ ਖਾਤੇ ਵਿੱਚ ਬੈਂਕ-ਬੈਲੈਂਸ ਉਤਾਂਹ ਨੂੰ ਉਛਾਲੇ
ਮਾਰਨ ਲੱਗਾ ਤਾਂ ਪ੍ਰਧਾਨਗੀ-ਸਕੱਤਰੀ ਦੇ ਅਹੁਦਿਆਂ ਦੀ ‘ਸ਼ਾਨ’ ਵੀ ਦੂਣ-ਸਵਾਈ ਹੋ ਗਈ।
ਜਦੋਂ ਕੁ ਪਿੰਡਾਂ-ਸ਼ਹਿਰਾਂ ਵਾਲਿਆਂ ਦੇ ਸਿਰੀਂ ਅ-ਸੱਭਿਆਚਾਰਕ
ਮੇਲਿਆਂ ਦਾ ਭੂਤ ਸਵਾਰ ਹੋਇਆ, ਤਦੋਂ ਕੁ ਇੱਕ ਮੱਸਿਆ ’ਤੇ ਕੁਝ ‘ਅਗਾਂਹ-ਵਧੂ’ ਪ੍ਰਬੰਧਕ
ਕਹਿਣ ਲੱਗੇ ਕਿ ਐਤਕੀਂ ਇੱਕ ਗਾਉਣ ਵਾਲੀ ਨੂੰ ਵੀ ਸੱਦਣਾ ਹੈ, ਜੋ ‘ਧਾਰਮਿਕ ਪ੍ਰੋਗਰਾਮ’
ਕਰੇਗੀ। ਅੱਧੇ ਕੁ ਸਿਆਣੇ-ਬਿਆਣੇ ਪ੍ਰਬੰਧਕ ਇਸ ਗੱਲ ਦਾ ਵਿਰੋਧ ਕਰਦਿਆਂ ਕਹਿਣ ਲੱਗੇ ਕਿ
ਗੁਰਦੁਆਰਿਆਂ ਦੀਆਂ ਸਟੇਜਾਂ ਉੱਪਰ ਰਹਿਤ-ਬਹਿਤ ਦੇ ਧਾਰਨੀ ਰਾਗੀ-ਪ੍ਰਚਾਰਕ ਹੀ ਬੋਲ ਸਕਦੇ
ਹਨ। ਇਸ਼ਕ-ਮੁਸ਼ਕ ਦੇ ਗੀਤ ਗਾਉਣ ਵਾਲਿਆਂ ਦਾ ਇੱਥੇ ਕੀ ਕੰਮ? ਜਿੱਥੇ ਬਜ਼ੁਰਗ ਪ੍ਰਬੰਧਕ ਸਿੱਖ
ਸਿਧਾਂਤ ਦੀਆਂ ਮਿਸਾਲਾਂ ਦੇਣ, ਉੱਥੇ ਮਾਡਰਨ ਪ੍ਰਬੰਧਕ ਕਹਿਣ ਕਿ ਹੁਣ ਤਾਂ ਸਾਰੇ ਥਾਈਂ
‘ਗਾਉਣ ਵਾਲੀਆਂ’ ਬੁਲਾਈਆਂ ਜਾਂਦੀਆਂ ਹਨ। ਗੱਲ ਕੀ, ਮੱਸਿਆ ਦੇ ਦਿਨ ਤੱਕ ਉਹ ਗੁਰਦੁਆਰਾ
ਲੜਾਈ ਦਾ ਅਖੜਾ ਹੀ ਬਣ ਗਿਆ।
ਆਖ਼ਰ ਇਹ ਝਗੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ
ਦੇ ਦਫ਼ਤਰ ਵੀ ਪਹੁੰਚ ਗਿਆ। ਉਹਨਾਂ ਨੇ ਧਰਮ ਪ੍ਰਚਾਰ ਕਮੇਟੀ ਦੇ ਇੱਕ ਨੁਮਾਇੰਦੇ ਨਾਲ ਸਾਨੂੰ
ਦੋਂਹ ਮੈਂਬਰਾਂ ਨੂੰ ਉਕਤ ਗੁਰਦੁਆਰੇ ਦਾ ਰੌਲ਼ਾ ਮੁਕਾਉਣ ਲਈ ਭੇਜ ਦਿੱਤਾ। ਅਸੀਂ ਝਗੜੇ ਦੀ
ਅਸਲ ਜੜ ਲੱਭਣ ਲਈ ਗੁਰਦੁਆਰੇ ਦੇ ਖੁੱਲੇ ਵਿਹੜੇ ਵਿੱਚ ਹੀ ਪਿੰਡ ਵਾਸੀਆਂ ਦਾ ਇਕੱਠ ਕਰ
ਲਿਆ। ਇਸ ਭਰਵੇਂ ਇਕੱਠ ਵਿੱਚ ਇਸੇ ਪਿੰਡ ਦਾ ਵਸਨੀਕ ਇੱਕ ਸਾਬਕਾ ਫ਼ੌਜੀ ਬੈਠਾ ਸੀ, ਜਿਸ
ਨੂੰ ਸਾਰੇ ਜਣੇ ਅਦਬ ਨਾਲ ‘ਸੂਬੇਦਾਰ ਸਾਹਿਬ’ ਕਹਿ ਕੇ ਬੁਲਾਉਂਦੇ ਸਨ। ਸਾਡੀ ਟੀਮ ਵੱਲੋਂ
ਪੁੱਛੇ ਜਾਣ ’ਤੇ ਇਸ ਸੂਬੇਦਾਰ ਨੇ ਊੜੇ ਤੋਂ ਲੈ ਕੇ ੜਾੜੇ ਤੱਕ ਉਕਤ ਸਾਰਾ ਕਿੱਸਾ ਕਹਿ
ਸੁਣਾਇਆ। ਆਪਣੀ ਗੱਲ ਮੁਕਾਉਣ ਲੱਗਿਆਂ ਉਸ ਨੇ ਆਪਣੇ ਫ਼ੌਜੀ ਅੰਦਾਜ਼ ਵਿੱਚ ਬੜੀਆਂ ‘ਪਤੇ ਦੀਆਂ
ਗੱਲਾਂ’ ਕਹੀਆਂ, ਜਿਨਾਂ ਨੂੰ ਸੁਣ ਕੇ ਸਾਰੇ ਇਕੱਠ ਦੇ ਹੱਸ-ਹੱਸ ਢਿੱਡੀਂ ਪੀੜਾਂ ਪੈ ਗਈਆਂ!
ਪੂਰੀ ਕਹਾਣੀ ਦਾ ਨਿਚੋੜ ਕੱਢਣ ਵਾਂਗ ਉਹ ਸਾਨੂੰ ਮੁਖਾਤਬ ਹੋ ਕੇ ਬੋਲਿਆ, ‘‘ਸਾਹਬ ਬਹਾਦਰ,
ਹਮ ਪਿੰਡ ਵਾਸੀ ਤੋ ਬੜੇ ਸਾਲੋਂ ਸੇ ਪ੍ਰੇਮ-ਇਤਫ਼ਾਕ ਨਾਲ ਸੰਗਰਾਂਦ ਮਨਾਤੇ ਆ ਰਹੇ ਸੀ। ਆਪਨੇ
ਜੋਗਾ ਪ੍ਰਸ਼ਾਦ ਬਨਾ ਕੇ ਅਮਨ-ਚੈਨ ਸੋ ਗੁਰੂ ਕਾ ਨਾਮ ਲੈਤੇ ਥੇ। ਏਕ ਮਰਤਬਾ ਇੱਕ ਸੰਤ-ਬਾਬਾ
ਯਹਾਂ ਕਿਆ ਆਇਆ, ਉਸ ਨੇ ਯਿਹ ਮੱਸਿਆ ਕਾ ‘ਪੰਗਾ’ ਖੜਾ ਕਰ ਦੀਆ। ਨਾ ਇਹ ਸੁਸਰੀ ਮੱਸਿਆ
ਮਨਾਤੇ, ਨਾ ਚੜਾਵਾ ਚੜਤਾ, ਔਰ ਨਾ ਹੀ ਇਨਕੀ (ਪ੍ਰਬੰਧਕਾਂ ਵੱਲ ਇਸ਼ਾਰਾ ਕਰ ਕੇ) ਆਪਸ ਮੇਂ
ਲੜਾਈ-ਭਿੜਾਈ ਹੋਤੀ।’’ ਫਿਰ ਇਕੱਠ ਵੱਲ ਨੂੰ ਹੱਥ ਕਰ ਕੇ ਸਾਨੂੰ ਕਹਿੰਦਾ, ‘‘ਸਰ ਜੀ, ਆਪ
ਇਨਕੋ ਸਮਝਾਈਏ ਕਿ ਮੱਸਿਆ ਕਿਆ ਹੈ?...ਹਨੇਰਾ! ਹਨੇਰੇ ਕੋ ਮੱਸਿਆ ਕਹਿਤੇ ਹੈਂ। ਮੱਸਿਆ...ਹਨੇਰਾ
ਮਨਾਨੇ ਸੇ ‘ਸਮੱਸਿਆ’ ਤੋਂ ਆਏਗੀ ਹੀ!’’
ਫੋਨ-ਕਰਤਾ ਦੀ ਤਸੱਲੀ ਹੋਈ ਹੋਵੇਗੀ ਕਿ ਨਹੀਂ, ਇਹ ਤਾਂ ਉਹੋ ਜਾਣੇ,
ਪਰ ਜਦੋਂ ਵੀ ਮੈਂ ਧਰਮ ਦੇ ਨਾਂਅ ’ਤੇ ਹੁੰਦੇ ਫੋਕਟ-ਥੋਥੇ ਕਰਮ-ਕਾਂਡ ਦੇਖਦਾ-ਸੁਣਦਾ ਹਾਂ
ਤਾਂ ਮੈਨੂੰ ‘ਮੱਸਿਆ ਦੀ ਸਮੱਸਿਆ’ ਦੱਸਣ ਵਾਲਾ ਸੂਬੇਦਾਰ ਚੇਤੇ ਆ ਜਾਂਦਾ ਹੈ।