
ਭਾਰਤੀ
ਰਾਜਨੀਤੀ ਵਿਚ ਆਪਣੀਆਂ ਸੇਵਾਵਾਂ ਦੇਣ ਲਈ ਜਿਹੜੇ ਸਿੱਖ ਨੇਤਾ ਜਾਂ ਲੋਕ ਧਰਮ ਨਿਰਪੱਖਤਾ
ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹਨ ਜਾਂ ਉਹ ਬਾਹਰ ਤੋਂ
ਸਮਰਥਨ ਕਰਦੇ ਹਨ। ਉਹਨਾ ਨੂੰ ਸਮਝ ਲੈਣ ਚਾਹੀਦਾ ਹੈ ਕਿ ਹਿੰਦੂ ਵਰਗ ਦੇ ਵਡੇ ਕਾਂਗਰਸੀ
ਨੇਤਾ, ਘਟ-ਗਿਣਤੀਆਂ ਚੋਂ ਆਏ ਆਗੂਆਂ ਨੂੰ ਲਗਦੀ ਵਾਹ ਹਮੇਸ਼ਾਂ ਨੁਕਰੇ ਲਗਾਈ ਰਖਣ ਵਿਚ ਪੱਕਾ
ਵਿਸ਼ਵਾਸ਼ ਰਖਦੇ ਹਨ। ਜੇਕਰ ਕਿਸੇ ਸਿੱਖ ਨੂੰ ਕਦੇ ਮਜਬੂਰੀ ਵੱਸ ਕੋਈ ਵਡਾ ਔਹਦਾ ਦੇਣਾ ਵੀ
ਪੈਂਦਾ ਹੈ ਤਾਂ ਕੁਝ ਸਮੇਂ ਪਿੱਛੋਂ ਹੀ ਤੇਂਦੂਏ ਵਾਂਗ ਉਸ ਦੀ ਸਖਸ਼ੀਅਤ ਦਾ ਸਾਰਾ
ਪੰਥਕ-ਖੂਨ ਨਿਚੋੜ ਕੇ ਇਸ ਕਦਰ ਬਿਕਾਰ ਕਰ ਦਿੱਤਾ ਜਾਂਦਾ ਹੈ ਕਿ ਉਹ ਨਾ ਘਰ ਦਾ ਰਹਿ ਸਕੇ
ਤੇ ਨਾ ਘਾਟ ਦਾ।
ਇਹ ਤਥ 1920 ਤੋਂ 2013 ਤੱਕ ਦੇ ਪ੍ਰਮੁੱਖ ਰਾਜਸੀ ਘਟਨਾਕ੍ਰਮ ਬਿਆਨ
ਕਰਨ ਵਾਲੀਆਂ ਇਤਿਹਾਸਕ ਪੁਸਤਕਾਂ ਚੋਂ ਭਲੀ ਪ੍ਰਕਾਰ ਪਰਗਟ ਹੁੰਦਾ ਹੈ। ਬੇਸ਼ਕ ਮਹੰਤਾਂ ਜਾਂ
ਅੰਗਰੇਜਾਂ ਖਿਲਾਫ ਲੜਾਈ ਹੋਵੇ, ਅਜਾਦੀ ਦੇ ਕੰਢੇ ਖੜੇ ਹੋਈਏ, ਅਜਾਦੀ ਮਿਲਣ ਪਿੱਛੋਂ ਦਾ
ਸਮਾਂ ਹੋਵੇ, ਪੰਜਾਬੀ ਸੂਬੇ ਦਾ ਮੋਰਚਾ, ਧਰਮ ਯੁੱਧ ਮੋਰਚਾ, ਸਾਕਾ ਨੀਲਾ ਤਾਰਾ ਹੋਵੇ,
ਦਿਲੀ ਸਿੱਖ ਕਤਲੇਆਮ, ਦਿੱਲੀ ਕਮੇਟੀ ਚੋਣਾਂ ‘ਚ ਅਕਾਲੀ ਦਲ ਦਿਲੀ ਦੀ ਹਾਰ ਦਾ ਮੁਲਅੰਕਣ,
ਇਹਨਾ ਸਭ ਮੌਕਿਆਂ ਤੇ ਕਾਂਗਰਸ ‘ਚ ਸ਼ਾਮਲ ਸਿੱਖ ਨਿਤਾਵਾਂ ਦਾ ਰੋਲ, ਤੁਹਾਨੂੰ ਉਪਰੋਕਤ ਤੱਥ
ਦੀ ਪੁਸ਼ਟੀ ਕਰਦਾ ਨਜਰ ਆਵੇਗਾ।
ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਾਂਗਰਸੀ ਸਿੱਖ ਨੇਤਾਵਾਂ ਨੂੰ
ਬੜਾ ਸੰਭਲ ਕੇ ਚਲਣਾਂ ਚਾਹੀਦਾ ਹੈ। ਕਿਤੇ ਐਸਾ ਨਾ ਹੋਵੇ ਕਿ ਉਨ੍ਹਾਂ ਦਾ ਨਾਂ ਵੀ ਸਿੱਖ
ਕੌਂਮ ਦੇ ਕਾਲੇ ਅਧਿਆਏ ਵਿਚ ਸ਼ਾਮਲ ਹੋ ਜਾਵੇ। ਇਤਿਹਾਸ ਜਾਨਣ ਦਾ ਇਹੀ ਲਾਭ ਹੁੰਦਾ ਹੈ ਕਿ
ਬੀਤ ਚੁੱਕੇ ਸਮੇਂ ਤੋਂ ਕੁਝ ਸਿਖਿਆ ਪ੍ਰਾਪਤ ਕੀਤੀ ਜਾਵੇ ਅਤੇ ਅਗਾਂਹ ਲਈ ਸਾਵਧਾਨ ਰਿਹਾ
ਜਾਵੇ। ਗੁਰੁ ਨਾਨਕ ਸਾਹਿਬ ਦਾ ਫੁਰਮਾਣ ਹੈ:-
ਅਗੋ ਦੇ ਜੇ ਚੇਤੀਐ ਤਾ ਕਾਇਤ ਮਿਲੇ
ਸਜਾਇ॥
ਕਾਂਗਰਸ ਤੋਂ ਇਲਾਵਾ ਭਾਰਤੀਯ ਜਨਤਾ ਪਾਰਟੀ (ਭਾਜਪਾ) ਦੇਸ਼ ਦੀ ਦੂਜੀ
ਵੱਡੀ ਰਾਸ਼ਟਰੀ ਪਾਰਟੀ ਹੈ। ਇਹ ਧਰਮ ਨਿਰਪਖਤਾ ਦਾ ਲਿਬਾਸ ਪਹਿਨਣਾ ਗਲਤ ਸਮਝਦੀ ਹੈ। ਇਸ ਦੀ
ਸਿੱਕੇ-ਬੰਧ ਪੱਕੀ ਵਿਚਾਰਧਾਰਾ ਇਹ ਹੈ ਕਿ ਸਿਖਾਂ ਸਮੇਤ ਹੋਰ ਸੱਭ ਵਰਗਾਂ ਨੂੰ ਆਪਣੇ ਮਨਾਂ
ਵਿਚੋ ਵੱਖਰੇ ਤੇ ਨਿਆਰੇ ਹੋਣ ਦਾ ਖਿਆਲ ਪੂਰੀ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ ਅਤੇ ਇਹ
ਜਿਤਨੀ ਛੇਤੀ ਹੋ ਸਕੇ ਆਪਣੇ ਆਪ ਨੂੰ ਹਿੰਦੂ ਹੋਣਾ ਪ੍ਰਵਾਨ ਕਰ ਲੈਣ, ਵਰਨਾ ਉਹ ਸੁਖੀ ਨਹੀਂ
ਰਹਿ ਸਕਦੇ। ਇਸ ਕੰਮ ਨੂੰ ਅਮਲੀ ਰੂਪ ਦੇਣ ਲਈ ਸੰਘ-ਪਰਿਵਾਰ, ਚਾਣਕਿਆ ਦੀ ਸ਼ਾਮ, ਦਾਮ, ਦੰਡ,
ਭੇਦ ਨੀਤੀ ਰਾਹੀਂ ਲਗਾਤਾਰ ਆਪਣੇ ਖੂਫੀਆ ਇਜੰਡੇ ‘ਤੇ ਬੜੀ ਮੁਸ਼ਤੈਦੀ ਨਾਲ ਕੰਮ ਕਰ ਰਿਹਾ
ਹੈ। ਜਿਸ ਨੇ ਇਹ ਨਿਸਚਿਤ ਬਣਾਉਣਾ ਹੈ ਕਿ ਹਿੰਦੁਸਤਾਨ ਹਿੰਦੂਆਂ ਦਾ ਹੈ ਤੇ ਇਸ ਦੀ ਬੋਲੀ
ਹਿੰਦੀ ਹੈ, ਇਹ ਸਭ ਵਰਗਾਂ ਨੂੰ ਹਰ ਹਾਲਤ ਵਿੱਚ ਸਵੀਕਾਰ ਕਰਨੀ ਪਵੇਗੀ..।
ਇਨ੍ਹਾਂ ਲੋਕਾਂ ਦੀਆਂ ਨਜਰਾਂ ਵਿੱਚ ਸਾਰਾ ਦੇਸ਼ ਹਿੰਦੂ, ਸਿੱਖ,
ਈਸਾਈ, ਮੁਸਲਮਾਨ ਤੇ ਹੋਰਾਂ ਦਾ ਸਾਂਝਾ ਨਹੀਂ ਬਲਕਿ ਇਸ ਦੇ ਅਸਲੀ ਮਾਲਕ ਹਿੰਦੂ ਹਨ। ਜਿਹੜਾ
ਭਾਰਤ ਵਾਸੀ ਇਸ ਗੱਲ ਨੂੰ ਨਹੀਂ ਮੰਨਦਾ, ਉਹ ਅਣ-ਲੁੜੀਦਾ ਤੱਤ ਹੈ ਜਾਂ ਦੁਸਮਣ । ਐਸੇ ਲੋਕਾਂ
ਨੂੰ ਸਿੱਧੇ ਰਾਹੇ ਪਾਉਣ ਲਈ ਆਰ.ਐਸ.ਐਸ ਨੇ ਕਈ ਸੰਗਠਨ ਤਿਆਰ ਕੀਤੇ ਹੋਏ ਹਨ, ਜਿਹੜੇ ਇਸ਼ਾਰਾ
ਮਿਲਦੇ ਸਾਰ, ਅਕਲ-ਟਿਕਾਣੇ ਲਿਆਉਣ ਤਿਆਰ ਹੋ ਜਾਂਦੇ ਹਨ।
1984 ਵਿੱਚ ਅੰਮ੍ਰਿਤਸਰ, ਪੰਜਾਬ, ਦਿੱਲੀ ਸਮੇਤ ਦੇਸ਼ ਦੇ ਹੋਰ
ਸੂਬਿਆਂ ਵਿੱਚ ਵਾਪਰੀਆਂ ਘਟਨਾਵਾਂ ਸਿੱਖਾਂ ਦੀ ਅਕਲ-ਟਿਕਾਣੇ ਲਿਆਉਣ ਦੀਆਂ ਵੱਡੀਆਂ ਮਿਸਾਲਾਂ
ਹਨ। ਜਦ ਇੱਕ (ਕਾਂਗਰਸ) ਨੇ ਸਿੱਖਾਂ ਨੂੰ ਟੈਂਕਾਂ, ਤੋਪਾਂ ਤੇ ਮਸ਼ੀਨ ਗੰਨਾਂ ਨਾਲ ਭੁੱਨਿਆਂ
ਤਾਂ ਦੂਜੇ (ਭਾਜਪਾ) ਨੇ ਸਿੱਖਾਂ ਦੇ ਮਰਨ ਦੀ ਖੁਸ਼ੀ ਵਿੱਚ ਭੰਗੜੇ ਪਾਏ, ਲੱਡੂ ਵੰਡੇ,
ਵਧਾਈਆਂ ਦਿਤੀਆਂ ਤੇ ਮੂਹ ਅੱਡ ਅੱਡ ਕੇ ਰੌਲਾ ਪਾਇਆ ਕਿ ਚੰਗਾ ਹੋਇਆ- ! ਚੰਗਾ ਹੋਇਆ-!!
ਇਥੇ ਹੀ ਬੱਸ ਨਹੀਂ, ਪਹਿਲੇ ਨੇ ਕਿਹਾ ਹੁਣ ਮਲਮ ਲਗਾਵਾਂਗੇ ਦੂਜੇ ਨੇ ਕਿਹਾ ਹੁਣ ਹਿੰਦੂ
ਸਿੱਖ ਰਿਸ਼ਤੇ ਹੋਰ ਮਜਬੂਤ ਕਰਾਂਗੇ। ਇਥੇ ਦੋਹਾਂ ਧਿਰਾਂ ਦੀ ਰੂਹ ਵਿਚਲੇ ਸਾਂਝੇ ਤੱਤ ਨੂੰ
ਕਿਹੜਾ ਮੂਰਖ ਹੈ, ਜੋ ਪਛਾਣ ਨਹੀਂ ਸਕਦਾ!
ਕਾਂਗਰਸ ਦੇ ਨਿਤਾਵਾਂ ਨੇ ਦੁਨੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ
ਲਈ ਦੱਸਿਆ ਕਿ ਇਹ ਸੱਭ ਕੁਝ ਕਰਨਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣ ਲਈ ਜਰੂਰੀ ਸੀ।
ਇਸ ਦੇ ਨਾਲ ਹੀ ਭਾਜਪਾ ਨੇ ਵੀ ਇਹ ਸੋਚ ਕੇ ਕਿ ਕਿਤੇ ਐੈਸਾ ਨਾ ਹੋਵੇ ਕਿ ਇਕੱਲੀ ਕਾਂਗਰਸ
ਹੀ ਸਾਰੇ ਹਿੰਦੂ ਜਗਤ ਦੀ ਖੁਸ਼ੀ ਹਾਸਲ ਕਰਨ ਦਾ ਰਾਜਸੀ ਲਾਹਾ ਖੱਟ ਜਾਵੇ, ਉਨ੍ਹਾਂ ਨੇ ਬਿਨਾਂ
ਸੰਕੋਚ ਤੋਂ ਗੱਜ ਕੇ ਬਿਆਨ ਜਾਰੀ ਕਰ ਦਿਤਾ ਕਿ ਇਹ ਸੱਭ ਕੁਝ ਤਾਂ ਇਕ ਸਾਲ ਪਹਿਲਾਂ ਕਰ
ਦੇਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤਾਂ ਅਜੇ ਵੀ ਡਰਦੀ ਸੀ, ਅਸੀ (ਭਾਜਪਾ)
ਨੇ ਹੀ ਉਸ ਨੂੰ ਹੌਂਸਲਾ ਦਿੱਤਾ ਕਿ ਤੁਸੀ ਹਮਲਾ ਕਰੋ, ਅਸੀ ਤੁਹਾਡੇ ਨਾਲ ਹਾਂ।
ਸਿੱਖਾਂ ਨੂੰ ਕੋਹ ਕੋਹ ਕੇ ਮਾਰਨ ਵਿੱਚ ਕੋਈ ਮੁਸਲਮਾਨ ਜਾਂ ਈਸਾਈ
ਸ਼ਾਮਲ ਨਹੀਂ ਸੀ ਹੋਇਆ। ਕੇਵਲ ਹਿੰਦੂ ਵਰਗ ਹੀ ਸੀ, ਜਿਸ ਨੇ ਬੇਕਿਰਕੀ ਨਾਲ ਇਸ ਕਤਲੋ-ਗਾਰਤ
ਵਿੱਚ ਸ਼ਾਮਲ ਹੋਣ ਨੂੰ ਗਨੀਮਤ ਸਮਝਿਆ। ਪਰ ਰਾਜਸੀ ਨੇਤਾਵਾਂ ਦਾ ਝੂਠਾ ਕਿਰਦਾਰ ਦੇਖੋ!
ਭਾਜਪਾ ਨੇ ਸਿੱਖ ਜਗਤ ਨੂੰ ਬੁੱਧੂ ਬਨਾਉਣ ਲਈ ਦੋਹਾਂ ਪਾਰਟੀਆਂ ਵਲੋਂ ਆਪਸੀ ਸਹਿਮਤੀ ਨਾਲ
ਕੀਤੇ ਗਏ ਸਾਂਝੇ ਕਾਰੇ ਦਾ ਸਾਰਾ ਠੀਕਰਾ ਇਕਲੀ ਕਾਂਗਰਸ ਦੇ ਸਿਰ ਭੰਨਣ ਦੀ ਚਾਲ ਖੇਡੀ ਅਤੇ
ਅੱਜ ਵੀ ਖੇਡੀ ਜਾ ਰਹੀ ਹੈ।ਜਿਸ ਦੀ ਗਰਿੱਫਤ ਵਿੱਚ ਜਜਬਾਤੀ ਤੇ ਧੜੇਬੰਦੀ ਦੇ ਰੋਗ ਵਾਲਾ
ਸਿੱਖ ਆ ਚੱਕਾ ਹੈ।
ਇਹ ਸਭ ਕਹਿਣ ਦਾ ਤਾਤਪਰਜ ਕੇਵਲ ਇਨ੍ਹਾ ਹੈ ਕਿ ਦੋਹਾਂ ਪਾਰਟੀਆਂ
ਵਿੱਚ ਸ਼ਾਮਲ ਸਿੱਖ ਨਿਤਾਵਾਂ ਦਾ ਰਾਜਸੀ ਮਕਸਦ, ਸਵਾਰਥ ਜਾਂ ਸਿਖ ਕੌਂਮ ਦੇ ਮੁਫਾਦ ਵਿਚੋਂ
ਕਿਹੜਾ ਅੱਵਲ ਹੋਣਾ ਚਾਹੀਦਾ ਹੈ? ਦੇਸ਼ ਦੀਆਂ ਦੋਹਾਂ ਵੱਡੀਆਂ ਰਾਜਸੀ ਧਿਰਾਂ ਦੀ ਸਿੱਖਾਂ
ਪ੍ਰਤੀ ਨੀਤੀ-ਅੰਤਰ ਕੇਵਲ ਇਨ੍ਹਾਂ ਹੈ ਕਿ ਕਾਂਗਰਸ ਸਿੱਖ ਪੰਥ ਰੂਪੀ ਦਰਖਤ ਦੇ ਸਾਰੇ ਫਲ
ਖਾ ਜਾਂਦੀ ਹੈ ਤਾਂਕਿ ਇਸ ਦੀ ਸਿਹਤ ਨਾ ਬਣ ਸਕੇ ਅਤੇ ਭਾਜਪਾ, ਇਸ ਦਰਖਤ ਦੀਆਂ ਜੜ੍ਹਾਂ
ਨੂੰ ਹੀ ਕੱਟ ਰਹੀ ਹੈ ਤਾਂਕਿ ਫਲ ਲਗਣ ਹੀ ਨਾ।
ਇਹ ਗੱਲਾਂ ਇਸ ਲਈ ਕੀਤੀਆਂ ਜਾ ਰਹਿਆਂ ਹਨ ਕਿ ਜੇ ਦੋਨੋ ਪਾਰਟੀਆਂ
ਵਿਚਲੇ ਹਿੰਦੂ ਆਗੂ, ਸਿੱਖਾਂ ਨੂੰ ਮਾਰਨ ਜਾਂ ਕਮਜੋਰ ਕਰਨ ਲਈ ਹਮੇਸ਼ਾ ਇਕਠੇ ਹੋ ਜਾਂਦੇ ਹਨ
ਤਾਂ ਇਹਨਾ ਵਿੱਚਲੇ ਸਿੱਖ ਆਪਣੀ ਕੌਂਮ ਦੇ ਬਚਾਅ ਲਈ ਇਕਠੇ ਕਿਉਂ ਨਹੀਂ ਹੁੰਦੇ? ਇਸ ਵਰਤਾਰੇ
ਨੂੰ ਕੁਦਰਤ ਦੀ ਕਰੋਪੀ ਕਿਹਾ ਜਾਵੇ ਜਾਂ ਸਿੱਖਾਂ ਦੀ ਅਕਲ ਵਿੱਚ ਫਰਕ, ਅੰਦਾਜਾ ਲਗਾਉਣਾ
ਬੜਾ ਕਠਨ ਹੈ। ਰਾਜਸੀ ਪਾਰਟੀਆਂ ਵਿਚਲੇ ਸਾਡੇ ਸਿੱਖ ਨੇਤਾਵਾਂ ਨੂੰ ਆਪਣੀ ਕੌਂਮ ਦੀ ਤਰੱਕੀ,
ਵਿਕਾਸ ਜਾਂ ਭਲਾਈ ਨੂੰ ਯਕੀਨੀ ਬਣਾਉਣ ਦਾ ਕੋਈ ਇਜੰਡਾ ਹੀ ਨਜਰ ਨਹੀਂ ਆਉਦਾ । ਜੇਕਰ ਕਿਸੇ
ਇਕ ਅੱਧ ਦੇ ਦਿੱਲ ਵਿਚ ਥੋਹੜਾ ਪੰਥਕ ਪਿਆਰ ਹੋਵੇ ਵੀ ਤਾਂ ਉਸ ਨੂੰ ਖਾਮੋਸ਼ ਰਹਿਣ ਲਈ
ਮਜਬੂਰ ਕਰ ਦਿਤਾ ਜਾਂਦਾ ਹੈ।
ਕਾਂਗਰਸੀ ਸਿੱਖ ਜਾਂ ਭਾਜਪਾ ਸਮਰਥਕ ਸਿੱਖ, ਆਪਣੀ ਪਾਰਟੀ ਦੀਆਂ
ਸਿੱਖਾਂ ਸਬੰਧੀ ਗਲਤ ਨੀਤੀਆਂ ਜਾਂ ਕੰਮਾਂ ਵਿਰੁੱਧ, ਨਾ ਕਦੇ ਆਵਾਜ ਉਠਾਉਦੇ ਹਨ, ਨਾ ਆਪਣਾ
ਪ੍ਰਭਾਵ ਪਾਉਣ ਦੀ ਕੋਈ ਲੋੜ ਸਮਝਦੇ ਹਨ, ਮਤਾਂ ਉਨ੍ਹਾਂ ਦੇ ਆਪਣੇ ਰੁੱਤਬੇ ਜਾਂ ਸਵਾਰਥ
ਨੂੰ ਕੋਈ ਹਾਨੀ ਹੋ ਜਾਵੇ। ਹਾਂ, ਇਸ ਦੀ ਭੜਾਸ ਆਪਣੀ ਪਾਰਟੀ ਦੇ ਹਿੰਦੂ ਆਗੂਆਂ ਉੱਪਰ
ਕੱਢਣ ਦੀ ਬਜਾਏ, ਉਹ ਹੋਰ ਹੋਰ ਮੁੱਦੇ ਉਠਾ ਕੇ, ਵਿਰੋਧੀ ਪਾਰਟੀ ਵਿੱਚਲੇ ਆਪਣੇ ਸਿੱਖ
ਭਰਾਵਾਂ ਵਿਰੁੱਧ ਹੀ ਜਹਾਦ ਖੜਾ ਕਰਕੇ, ਆਪਣੀ ਪਾਰਟੀ ਦੇ ਹਿੰਦੂ ਆਗੂਆਂ ਨੂੰ ਬਚਾਉਣ ਲਗਦੇ
ਹਨ।
ਪਰ ਚਾਹੀਦਾ ਇਹ ਹੈ ਕਿ ਜੇ ਕਾਂਗਰਸ ਗਲਤ ਕਰੇ ਤਾਂ ਭਾਜਪਾਈ ਸਿੱਖ,
ਆਪਣੀ ਪਾਰਟੀ ਦੇ ਸਾਰੇ ਵੱਡੇ ਹਿੰਦੂ ਆਗੂਆਂ ਨੂੰ ਅੱਗੇ ਕਰ ਕੇ, ਕਾਂਗਰਸ ਵਿਰੁੱਧ ਪ੍ਰਚਾਰ
ਕਰਵਾੳਣ ‘ਤੇ ਹੋਣ ਵਾਲੇ ਧੱਕੇ ਨੂੰ ਰੋਕਣ। ਇਸੇ ਤਰ੍ਹਾਂ ਜੇ ਭਾਜਪਾ ਗਲਤ ਕਰੇ ਤਾਂ
ਕਾਂਗਰਸੀ ਸਿੱਖ ਕਰਨ। ਅੱਜ ਹਾਲਾਤ ਇਹ ਹਨ ਕਿ ਬੇਸ਼ੱਕ ਕੋਈ ਧਾਰਮਿਕ ਮਸਲਾ ਹੋਵੇ ਜਾਂ ਸਿਆਸੀ,
ਚਾਰੇ ਪਾਸੇ ਸਿੱਖ ਹੀ ਸਿੱਖਾਂ ਨਾਲ ਲੜ ਰਹੇ ਹਨ। ਕੀ ਇਹ ਰੁਝਾਨ ਸਿੱਖਾਂ ਵਰਗੀ ਛੋਟੀ ਜਿਹੀ
ਕੌਂਮ ਲਈ ਲਾਭਕਾਰੀ ਹੈ?
ਕੇਂਦਰ ਵਿਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਸਿੱਖਾਂ ਦੀਆਂ ਮੰਗਾਂ
ਜਾਂ ਸਮੱਸਿਆਵਾਂ ਪ੍ਰਤੀ ਕਿਸੇ ਨੂੰ ਕੋਈ ਹਮਦਰਦੀ ਨਹੀਂ ਹੈ। ਇਹ ਸਿਲਸਲਾ 1947 ਤੋਂ
ਚੱਲਿਆ ਆ ਰਿਹਾ ਹੈ। ਦੇਸ਼ ਦੇ ਸਮੱਚੇ ਹਿੰਦੂ ਜਗਤ ਦੀ ਸੋਚ ਸਿੱਖਾਂ ਪ੍ਰਤੀ ਬੜੀ ਸੰਕੀਰਣ
ਹੈ। ਇਸ ਗੱਲ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹਨ ਕਿ ਹਰ ਰਾਜਸੀ ਪਾਰਟੀ ਦੇ ਹਿੰਦੂ ਆਗੂ,
ਸਿੱਖਾਂ ਦੀ ਹਰ ਉਸ ਮੰਗ ਜਾਂ ਖਾਹਸ਼ ਦੇ ਸਦਾ ਤੋਂ ਵਿਰੋਧੀ ਚਲੇ ਆ ਰਹੇ ਹਨ, ਜਿਸ ਦਾ ਸਬੰਧ
ਸਿੱਖਾਂ ਦੇ ਸਵੈਮਾਨ ਜਾਂ ਪੰਜਾਬ ਨੂੰ ਮਜਬੂਤ ਕਰਨ ਨਾਲ ਜੁੜਿਆ ਹੋਇਆ ਹੋਵੇ।
ਸਿੱਖ ਆਗੂ ਵਿਸ਼ਵ ਪਧਰ ‘ਤੇ ਹੋ ਰਹੀਆਂ ਤਬਦੀਲੀਆਂ ਤੋ ਬੇਖਬਰ ਰਹਿ
ਕੇ ਖੂਹ ਦੇ ਡਡੂ ਨਾ ਬਣੇ ਰਹਿਣ ਸਗੋਂ ਵਡੇਰਾ ਸੋਚਣ ਦੀ ਆਦਤ ਪਾਉਣ। 1950 ਤਕ, ਪੰਜਾਬ ਦੇ
ਸਾਡੇ ਅਕਾਲੀ ਭਰਾ, ਅਨੇਕਾ ਵਾਰੀ ਬੇਇੱਜਤ ਹੋ ਕੇ ਵੀ ਕਾਂਗਰਸ ਨਾਲ ਇਸੇ ਤਰ੍ਹਾਂ ਘਿਉ
ਖਿਚੜੀ ਹੋਏ ਰਹੇ ਸਨ, ਜਿਸ ਤਰ੍ਹਾਂ ਅੱਜ ਭਾਜਪਾ ਨਾਲ ਹਨ। ਉਦੋਂ ਇਹਨਾ ਨੇ ਕਾਂਗਰਸ ਦੀਆਂ
ਚਾਲਾ ਨੂੰ ਨਾ ਸਮਝਿਆ, ਅੱਜ ਭਾਜਪਾ ਦੀਆਂ ਨੂੰ ਨਹੀਂ ਸਮਝ ਪਾ ਰਹੇ। ਹਾਂ, ਇਕ ਖੂਬੀ ਬੜੀ
ਵਿਸ਼ੇਸ਼ ਹੈ ਕਿ ਜੇ ਕਦੇ ਆਪਸ ਵਿੱਚ ਲੜਨਾ ਹੋਵੇ, ਪੱਗਾਂ ਲਾਉਣੀਆਂ ਹੋਣ, ਗਾਲੀ ਗਲੋਚ ਕਰਨਾਂ
ਹੋਵੇ ਤਾਂ ਸ਼ਾਇਦ ਦੇਸ਼ ਵਿਚ ਹੋਰ ਕੋਈ ਇਹਨਾ ਦਾ ਸਾਨੀ ਨਹੀਂ ਲਭੇਗਾ! ਅਫਸੋਸ!!
ਅਜਾਦੀ ਸਮੇਂ ਕੀਤੇ ਇਕਰਾਰਾਂ ਦੀ ਪੂਰਤੀ, ਸਿੱਖ ਇਕ ਵਖਰੀ ਕੌਂਮ,
ਅਨੰਦ ਪੁਰ ਸਾਹਿਬ ਦਾ ਮਤਾ, ਆਲ ਇੰਡੀਆ ਗੁਰਦਵਾਰਾ ਐਕਟ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ
ਤੇ ਭਾਖੜਾ ਡੈਮ ਪੰਜਾਬ ਵਿੱਚ ਸ਼ਾਮਲ ਕਰਨਾ, ਪੰਜਾਬੀ ਭਾਸ਼ਾ ਨਾਲ ਵਿਤਕਰਾ ਬੰਦ ਕਰਾੳਣਾਂ,
84 ਦੇ ਸੰਤਾਪ ਦਾ ਇਨਸਾਫ, ਸਿੱਖ ਰੈਫਰੈਂਸ ਲਾਇਬਰੇਰੀ ਦੇ ਕੀਮਤੀ ਖਜਾਨੇ ਨੂੰ ਵਾਪਸ ਲੈਣ
ਦਾ ਮਸਲਾ, ਫੌਜ, ਪੁਲਿਸ ਤੇ ਸੁਰੱਖਿਆ ਇਜੰਸੀਆਂ ‘ਚ ਸਿੱਖ ਨੌਜਵਾਨਾ ਲਈ ਰੋਜਗਾਰ ਪ੍ਰਾਪਤੀ
ਦਾ ਮਸਲਾ ਆਦਿ ਕਿਸੇ ਮਸਲੇ ਤੇ ਕਾਂਗਰਸ ਜਾਂ ਭਾਜਪਾ ਸਮੇਤ ਕੋਈ ਵੀ ਪਾਰਟੀ ਸਿੱਖਾਂ ਨਾਲ
ਖੜੀ ਨਹੀਂ ਹੁੰਦੀ। ਸਿੱਖ ਜਗਤ ਨੂੰ ਆਪਣੀ ਏਕਤਾ ਤੇ ਸੰਗਠਨ ਦੇ ਬਲ ਨਾਲ ਇਹ ਮਸਲੇ ਹਲ
ਕਰਾਉਣੇ ਪੈਣੇ ਹਨ।
ਦੇਸ਼ ਦੇ ਹਿੰਦੂ ਹਾਕਮ ਵਰਗ ਦੀਆਂ ਨਜਰਾਂ ਵਿੱਚ ਸਿਖਾਂ ਦਾ ਰੁਤਬਾ
ਉਹੀ ਹੈ ਜਿਹੜਾ ਮੁਗਲ ਹਾਕਮਾਂ ਦੀ ਨਜਰ ਵਿਚ ਹਿੰਦੂ ਜਨਤਾ ਦਾ ਹੋਇਆ ਕਰਦਾ ਸੀ। ਦਾਸ ਆਪਣੇ
ਦਿਲ ਦੀਆਂ ਗਹਿਰਾਈਆਂ ਵਿਚੋ ਸਮੂਹ ਸਿੱਖ ਜਗਤ ਨੂੰ ਅਪੀਲ ਕਰਦਾ ਹੈ ਕਿ ਪੰਥਕ ਭਲਾਈ ਨੂੰ
ਸਾਹਮਣੇ ਰਖ ਕੇ ਕੋਈ ਸਾਂਝੀ ਕੌਂਮੀ ਨੀਤੀ ਬਣਾਉਣ ਲਈ ੳੱਦਮ ਕਰੋ, ਵਰਨਾ ਪਛਤਾਉਗੇ! ਮਿਟ
ਜਾਉਗੇ!! ਕੋਈ ਅਫਸੋਸ ਕਰਨ ਵਾਲਾ ਵੀ ਨਹੀਂ ਹੋਵੇਗਾ!!!
ਸਮਾਪਤ