Share on Facebook

Main News Page

ਗਿਆਨੀ ਗੁਰਬਚਨ ਸਿੰਘ ਜੀ ਸਿਧਾਂਤ ਦਾ ਪਾਠ ਪੜਾਉਣ ਦੀ ਬਜਾਏ, ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼ ਦੀ ਅਗਵਾਈ ਲਈ ਮੈਦਾਨ ਵਿੱਚ ਨਿੱਤਰੋ
-: ਗੁਰਚਰਨ ਸਿੰਘ ਗੁਰਾਇਆ

ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਲੰਮੇ ਸਮੇਂ ਤੋਂ ਹਿੰਦੁਸਤਾਨ ਦੀਆਂ ਜੇਲਾਂ ਵਿੱਚ ਕੈਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਰੱਖੀ ਗਈ ਭੁੱਖ ਹੜਤਾਲ 10ਵੇਂ ਦਿਨ ਵਿੱਚ ਪਹੁੰਚ ਗਈ ਹੈ । ਸਿੱਖ ਕੌਮ ਅੰਦਰ ਇਹਨਾਂ ਨੌਜਵਾਨਾਂ ਤੇ ਇਹਨਾਂ ਦੀ ਕੁਰਬਾਨੀ ਨਾਲ ਪਿਆਰ ਅਤੇ ਹਮਦਰਦੀ ਰੱਖਣ ਵਾਲੇ ਹਿੱਸਿਆਂ ਵਿੱਚ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ । ਜਿੱਥੇ ਹਿੰਦੁਸਤਾਨ ਦੀਆਂ ਜੇਲਾਂ ਵਿੱਚ ਦੋ ਦਹਾਕਿਆਂ ਤੋਂ ਬੰਦ ਸਿੰਘਾਂ ਦਾ ਮਸਲਾ ਸਿਆਸੀ ਅਤੇ ਕਾਨੂੰਨੀ ਮਹੱਤਤਾ ਰੱਖਦਾ ਹੈ ਉੱਥੇ ਇਹ ਮਸਲਾ ਇਨਸਾਨੀ ਕਦਰਾਂ ਕੀਮਤਾਂ ਦਾ ਵੀ ਹੈ। 20 20 ਸਾਲਾਂ ਤੋਂ ਜੇਲਾਂ ਵਿੱਚ ਡੱਕੇ ਗਏ ਸਿੰਘਾਂ ਦੇ ਮਾਂ ਬਾਪ, ਪਤਨੀਆਂ ਤੇ ਬੱਚੇ ਉਹਨਾਂ ਨੂੰ ਦੇਖਣ ਨੂੰ ਤਰਸ ਗਏ ਹਨ, ਪਰ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਆਪਣੇ ਜ਼ੁਲਮ ਤੋਂ ਜ਼ਰਾ ਵੀ ਟੱਸ ਤੋਂ ਮੱਸ ਨਹੀਂ ਹੈ । ਉਹ ਪੂਰੀ ਦ੍ਰਿੜਤਾ ਨਾਲ ਸਿੱਖ ਕੌਮ ਨੂੰ ਕੁਚਲਣ ਦਾ ਨਿਸਚਾ ਰੱਖਦੀ ਹੈ ਤੇ ਉਸ ਉੱਤੇ ਅਮਲ ਵੀ ਕਰ ਰਹੀ ਹੈ ।

ਇਸ ਦੇ ਉਲਟ ਸਿੱਖ ਕੌਮ ਦੀ ਅਖੌਤੀ ਅਕਾਲੀ ਪਾਰਟੀ ਸਿੱਖ ਕੌਮ ਦੇ ਹਿਤੈਸ਼ੀ ਹੋਣ ਨੂੰ ਛੱਡ ਕੇ ਜ਼ਾਲਮ ਹਿੰਦੁਸਤਾਨ ਸਰਕਾਰ ਦੀਆਂ ਖਾਹਿਸ਼ਾਂ ਨੂੰ ਹੀ ਪੂਰਾ ਕਰ ਰਹੀ ਹੈ । ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਅੱਜ ਅਗਰ ਭੁੱਖ ਹੜਤਾਲ ਰੱਖਣੀ ਪਈ ਹੈ, ਤਾਂ ਉਸਦੀ ਵਜ੍ਹਾ ਇਹ ਅਖੌਤੀ ਆਗੂ ਹੀ ਹਨ, ਜਿਨ੍ਹਾਂ ਦਾ ਫਰਜ਼ ਸੀ ਕਿ ਉਹ ਇਹਨਾਂ ਨੌਜਵਾਨਾਂ ਦੀ ਰਿਹਾਈ ਕਰਵਾਉਂਦੇ, ਪਰ ਪਹਿਲਾਂ ਲਾਰੇ ਲਾਉਂਦੇ ਰਹੇ ਤੇ ਫਿਰ ਆਪਣਾ ਅਸਲੀ ਚਿਹਰਾ ਦਿਖਾਉਂਦਿਆਂ ਜ਼ਾਲਮ ਹਿੰਦੁਸਤਾਨ ਦੀ ਸਰਕਾਰ ਦਾ ਹੀ ਪੱਖ ਪੂਰਨ ਲੱਗ ਗਏ । ਪੰਜਾਬ ਅੰਦਰ ਸਿੱਖ ਕੌਮ ਦੇ ਹੱਕਾਂ ਦੀ ਗੱਲ ਕਰਨ ਵਾਲੀ ਪੰਥਕ ਲੀਡਰਸ਼ਿੱਪ ਨੂੰ ਵੀ ਚੁੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਤਾਂ ਕਿ ਕੋਈ ਵੀ ਸਿੱਖ ਮਸਲਿਆਂ ਦੀ ਗੱਲ ਨਾ ਕਰ ਸਕੇ ।

ਇਹਨਾਂ ਹਾਲਾਤਾਂ ਵਿੱਚ ਕੌਮ ਦੀ ਧਾਰਮਿਕ ਲੀਡਰਸ਼ਿਪ ਦਾ ਫਰਜ਼ ਬਣਦਾ ਸੀ ਕਿ ਉਹ ਸਿੱਖ ਕੌਮ ਦੇ ਇਹਨਾਂ ਨੌਜਵਾਨਾਂ ਦੀ ਰਿਹਾਈ ਲਈ ਕੋਈ ਠੋਸ ਕਦਮ ਚੁੱਕਦੇ । ਜਥੇਦਾਰ ਨੂੰ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਤੇ ਪੰਥਕ ਜਥੇਬੰਦੀਆਂ ਨੇ ਬਹੁਤ ਵਾਰ ਮੰਗ ਪੱਤਰ ਦਿੱਤੇ ਕਿ ਕੌਮ ਦੇ ਨੌਜਵਾਨਾਂ ਬਾਰੇ ਕੋਈ ਗੱਲ ਕੀਤੀ ਜਾਵੇ । ਕੋਈ ਮੋਰਚਾ ਲਾਇਆਂ ਜਾਵੇ ਤਾਂ ਕਿ ਇਹਨਾਂ ਦੀ ਰਿਹਾਈ ਸੰਭਵ ਹੋ ਸਕੇ।

ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹ ਹੈ ਕਿ ਜਥੇਦਾਰ ਸਾਹਿਬਾਨ ਵੀ ਆਪਣੇ ਸਿਆਸੀ ਹਾਕਮਾਂ ਦੇ ਅਧੀਨ ਹੀ ਕੰਮ ਕਰਦੇ ਦੇਖੇ ਗਏ । ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਤੇ ਆਪਣੀ ਜ਼ਾਤ ਨੂੰ ਬਚਾਉਣ ਲਈ ਸਿੱਖੀ ਦੇ ਸੁਨਿਹਰੀ ਅਸੂਲਾਂ ਨੂੰ ਦਾਗ ਲਾ ਗਏ । ਅੱਜ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਬਾਰੇ ਦਸਵੇਂ ਦਿਨ ਜੇ ਉਹਨਾਂ ਕੋਈ ਬਿਆਨ ਦਿੱਤੇ ਹੀ ਤਾਂ ਉਸ ਵਿੱਚ ਵੀ ਜ਼ਾਲਮ ਸਰਕਾਰ ਦਾ ਹੀ ਪੱਖ ਪੂਰਿਆ । ਵਿਸ਼ਾ ਤਾਂ ਇੱਥੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਦੀ ਰਿਹਾਈ ਦਾ ਸੀ, ਪਰ ਉਹਨਾਂ ਇਸ ਵਿਸ਼ੇ ਬਾਰੇ ਇੱਕ ਵੀ ਨਾ ਗੱਲ ਕਹਿੰਦਿਆਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਸਿੱਖੀ ਸਿਧਾਂਤਾਂ ਦਾ ਪਾਠ ਪੜਾਉਂਦਿਆਂ ਭੁੱਖ ਹੜਤਾਲ ਖਤਮ ਕਰਨ ਦਾ ਆਦੇਸ਼ ਦਿੱਤਾ । ਸਿੱਖ ਕੌਮ ਦੀ ਤ੍ਰਾਸਦੀ ਦੇਖੋ ਕਿ ਆਪਣੇ ਆਪ ਨੂੰ ਕੌਮ ਦੇ ਧਾਰਮਿਕ ਆਗੂ ਕਹਾਉਣ ਵਾਲੇ ਜਥੇਦਾਰ ਸਿਆਸੀ ਆਕਾਂਵਾਂ ਦੇ ਗੁਲਾਮ ਬਣੇ ਨਜ਼ਰ ਆ ਰਹੇ ਹਨ ।

ਜੇ ਸਿਧਾਂਤਾਂ ਦੀ ਹੀ ਗੱਲ ਹੈ ਤਾਂ ਜਥੇਦਾਰ ਸਾਹਿਬਾਨ ਨੂੰ ਯਾਦ ਕਰਾਉਣਾ ਬਣਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜ਼ੁਲਮ ਦੇ ਅੱਗੇ ਸਿਰ ਨਾ ਨਿਵਾਂ ਕੇ ਉਸ ਦਾ ਟਾਕਰਾ ਕਰਨ ਦਾ ਉਪਦੇਸ਼ ਦਿੱਤਾ । ਗੁਰੂ ਸਾਹਿਬ ਸਾਨੂੰ ਬਾਬਰ ਨੂਂ ਜਾਬਰ ਕਹਿਣ ਵਾਲੀ ਜੁਅਰਤ ਦਾ ਸਿਧਾਂਤ ਦੇ ਕੇ ਗਏ ਹਨ । ਗੁਰੂ ਸਾਹਿਬ ਨੇ ਸਿੱਖੀ ਦੇ ਪ੍ਰਵੇਸ਼ ਵੇਲੇ ਸਿਰ ਤਲੀ ਦੇ ਰੱਖਣ ਦਾ ਸਿਧਾਂਤ ਦਿੱਤਾ ਸੀ ਤਾਂ ਕਿ ਗੁਰੂ ਨੂੰ ਭੇਂਟ ਕੀਤਾ ਹੋਇਆ ਸਿਰ ਫਿਰ ਕਿਸੇ ਅੱਗੇ ਨਾ ਝੁਕੇ ।

ਸੋ ਕਿਸੇ ਸੱਚੇ ਸੁੱਚੇ ਤੇ ਪੰਥ ਕੌਮ ਦੀ ਖਾਤਰ ਆਪਣੀ ਜਾਨ ਦੇਣ ਦਾ ਪ੍ਰਣ ਕਰਨ ਵਾਲੇ ਸਿੱਖ ਨੂੰ ਸਿਧਾਂਤਾਂ ਦਾ ਪਾਠ ਨਾ ਪੜਾਉ । ਜਥੇਦਾਰ ਸਾਹਿਬਾਨ ਸਿਧਾਂਤਾਂ ਦਾ ਪਾਠ ਪੜ੍ਹਾਉਣ ਤੋਂ ਪਹਿਲਾਂ ਆਪਣੀ ਜਮੀਰ ਜਗਾਉਣ ਤੇ ਕੌਮ ਦੀ ਸਹੀ ਅਗਵਾਈ ਕਰਨ ਲਈ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਨਿਰਭਉ ਨਿਰਵੈਰ ਦੇ ਸੰਕਲਪ ਨੂੰ ਦ੍ਰਿੜ ਕਰਨ ।ਕੌਮ ਦੀ ਸਿਆਸੀ ਅਤੇ ਧਾਰਮਿਕ ਲੀਡਰ ਦੇ ਸਿੱਖ ਕੌਮ ਪ੍ਰਤੀ ਸਮਰਪਿਤ ਨਾ ਹੋਣ ਦੀ ਸੂਰਤ ਵਿੱਚ ਸਿੱਖ ਕੌਮ ਨੂੰ ਆਪਣੇ ਤੌਰ ਤੇ ਹੀ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਤਰਾਂ ਜ਼ੁਲਮ ਦਾ ਟਾਕਰਾ ਕਰਨ ਲਈ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ । ਸ਼ਾਇਦ ਕੌਮ ਨੂੰ ਚੜ੍ਹਦੀ ਕਲਾ ਤੇ ਆਪਣੇ ਹੱਕਾਂ ਦੀ ਗੱਲ ਕਰਦਿਆਂ ਦੇਖ ਕੇ ਕੌਮ ਦੇ ਜਥੇਦਾਰ ਸਾਹਿਬਾਨਾਂ ਦੀ ਵੀ ਜਮੀਰ ਜਾਗ ਪਵੇ ਤੇ ਉਹ ਪੰਥ ਦਾ ਭਲਾ ਕਰਨ ਲਈ ਕੌਮ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦੇਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top