Share on Facebook

Main News Page

ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ
-: ਨਿਰਮਲ ਸਿੰਘ ਕੰਧਾਲਵੀ

ਖ਼ਾਲਸਾ ਨਿਊਜ਼ ‘ਤੇ ਸਿੱਖਾਂ ਨੂੰ ਇਸਾਈਆਂ ਦੇ ਇਕ ਸਮਾਗਮ ਵਿਚ ਧਰਮ ਤਬਦੀਲ ਕਰਦਿਆਂ ਦੀਆਂ ਤਸਵੀਰਾਂ ਦੇਖ ਕੇ ਤੇ ਰਿਪੋਰਟ ਪੜ੍ਹ ਕੇ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਪੰਜਾਬ ਦੇ ਹਾਲਾਤ ਹੀ ਇਹੋ ਜਿਹੇ ਬਣਾ ਦਿਤੇ ਗਏ ਹਨ, ਕਿ ਹੁਣ ਉੱਥੇ ਹਰ ਗੱਲ ਸੰਭਵ ਹੈ। ਸੰਸਾਰ ਦੇ ਤਕਰੀਬਨ ਸੱਤਰ ਉਹ ਦੇਸ਼ ਜਿੱਥੇ ਜਾਂ ਤਾਂ ਉਸ ਦੇਸ਼ ਦਾ ਧਰਮ ਈਸਾਈ ਹੈ ਜਾਂ ਵੱਡਾ ਧਰਮ ਹੈ, ਇਨ੍ਹਾਂ ਦੇਸ਼ਾਂ ਨੇ ਇਕ ਸਾਂਝਾ ਫੰਡ ਸਥਾਪਿਤ ਕੀਤਾ ਹੋਇਆ ਹੈ, ਜਿਸ ਨਾਲ਼ ਉਹ ਹਰੇਕ ਪ੍ਰਕਾਰ ਦੇ ਵਿਦਵਾਨ ਭਰਤੀ ਕਰਦੇ ਹਨ, ਜਿਨ੍ਹਾਂ ਦੀ ਡਿਊਟੀ ਹੁੰਦੀ ਹੈ, ਕਿ ਉਹ ਸੰਸਾਰ ਦੇ ਉਨ੍ਹਾਂ ਖਿੱਤਿਆਂ ਦੀ ਨਿਸ਼ਾਨਦੇਹੀ ਕਰਨ ਜਿੱਥੇ ਇਸਾਈਅਤ ਵਲ ਲੋਕਾਂ ਨੂੰ ਆਸਾਨੀ ਨਾਲ਼ ਖਿੱਚਿਆ ਜਾ ਸਕਦਾ ਹੈ। ਪੰਜਾਬ ਵਿਚ ਪਾਕਿਸਤਾਨ ਦੇ ਨਾਲ਼ ਲਗਦੀ ਸਰਹੱਦ ਦੇ ਨਾਲ਼ ਨਾਲ਼ ਰਹਿੰਦੇ ਲੋਕਾਂ ਦੀ ਗ਼ਰੀਬੀ ਨੂੰ ਈਸਾਈਆਂ ਵਲੋਂ ਬੜੀ ਦੇਰ ਤੋਂ ਕੈਸ਼ ਕੀਤਾ ਜਾ ਰਿਹਾ ਹੈ। ਇਹ ਇਸਾਈ ਮਿਸ਼ਨਰੀ ਪਹਿਲਾਂ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੇ ਅਸਰ ਹੇਠ ਕਰਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਜੇ ਅਧਿਆਪਕ ਈਸਾਈ ਬਣ ਗਿਆ ਤਾਂ ਉਹ ਬੱਚਿਆਂ ਨੂੰ ਆਪੇ ਬਣਾ ਲਵੇਗਾ। ਸਿੱਖੀ ਫੈਲਾਉਣ ਦੇ ਦਮਗਜੇ ਮਾਰਨ ਵਾਲ਼ੇ ਪਤਾ ਨਹੀਂ ਕਿੱਥੇ ਲੁਕੇ ਪਏ ਹਨ? ਬੂਬਨੇ ਸਾਧ ਲੰਮੀਆਂ ਲੰਮੀਆਂ ਲਿਸਟਾਂ ਚੁੱਕੀ ਫਿਰਦੇ ਹਨ ਕਿ ਇਤਨਿਆਂ ਨੂੰ ਅੰਮ੍ਰਿਤ ਛਕਾ ਦਿਤਾ ਹੈ।

ਅਜੇ ਕੱਲ੍ਹ ਦੀ ਹੀ ਖ਼ਬਰ ਹੈ ਕਿ ਫਗਵਾੜੇ ਦੇ ਨੇੜੇ ਇਕ ਪਿੰਡ ਵਿਚ ਨਗਰ ਕੀਰਤਨ ਲਈ ਪੰਜ ਅੰਮ੍ਰਿਤਧਾਰੀ ਵਿਅਕਤੀ ਨਹੀਂ ਲੱਭੇ ਤੇ ਉਨ੍ਹਾਂ ਨੇ ਨਕਲੀ ਪੰਜ ਪਿਆਰੇ ਬਣਾ ਕੇ ਨਗਰ ਕੀਰਤਨ ਦੇ ਮੂਹਰੇ ਤੋਰੇ। ਸ਼੍ਰੋਮਣੀ ਕਮੇਟੀ ਵੀ ਧਰਮ ਪ੍ਰਚਾਰ ਕਰੋੜਾਂ ਰੁਪਏ ਖ਼ਰਚਣ ਦੇ ਦਮਗ਼ਜ਼ੇ ਮਾਰਦੀ ਹੈ, ਪਰ ਜਿਹੜੇ ਸੱਜਣ ਸਹੀ ਮਾਅਨਿਆਂ ‘ਚ ਸਿੱਖੀ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਨੂੰ ਦਿਤਾ ਜਾਣ ਵਾਲ਼ਾ ਖ਼ਰਚ ਵੀ ਮੱਕੜ ਨੇ ਬੰਦ ਕਰ ਦਿਤਾ ਹੈ, ਮੇਰਾ ਭਾਵ ਭਾਈ ਬਲਦੇਵ ਸਿੰਘ ਜੀ ਤੋਂ ਹੈ ਜਿਨ੍ਹਾਂ ਨੇ ਧਰਮ ਪ੍ਰਚਾਰ ਦੇ ਖੇਤਰ ਵਿਚ ਭਰਪੂਰ ਯੋਗਦਾਨ ਪਾਇਆ ਤੇ ਕਮੇਟੀ ਦੇ ਜਿਹੜੇ ਚਹੇਤੇ ਪ੍ਰਚਾਰਕ ਘਰੇ ਬੈਠੇ ਹੀ ਤਨਖ਼ਾਹਾਂ ਤੇ ਸਫ਼ਰ ਭੱਤੇ ਲਈ ਜਾਂਦੇ ਹਨ ਉਨ੍ਹਾਂ ‘ਤੇ ਕਮੇਟੀ ਬੜੀ ਦਿਆਲ ਹੈ।

ਇਸਾਈਆਂ ਵਾਲ਼ੇ ਮਾਡਲ ‘ਤੇ ਹੀ ਆਰ.ਐੱਸ.ਐੱਸ. ਕੰਮ ਕਰਦੀ ਹੈ। ਉਸ ਪਾਸ ਵੀ ਘੱਟ ਗਿਣਤੀਆਂ, ਵਿਸ਼ੇਸ਼ ਕਰ ਸਿੱਖੀ ਸਿਧਾਂਤਾਂ ਦੇ ਖ਼ਾਤਮੇ ਲਈ ਅਰਬਾਂ ਦਾ ਫੰਡ ਪਿਆ ਹੈ। ਉਹ ਵੀ ਚੋਟੀ ਦੇ ਤਜਰਬੇਕਾਰ ਵਿਅਕਤੀਆਂ ਨੂੰ ਭਰਤੀ ਕਰਦੇ ਹਨ ਤੇ ਘੱਟ ਗਿਣਤੀਆਂ ਨੂੰ ਦਬਾਉਣ ਦੇ ਨਵੇਂ ਨਵੇਂ ਢੰਗ ਤਰੀਕੇ ਈਜਾਦ ਕਰਦੇ ਹਨ। ਅਕਾਲੀ ਸਰਕਾਰ ਉਨ੍ਹਾਂ ਦਾ ਪੂਰਾ ਪੂਰਾ ਸਾਥ ਦੇ ਰਹੀ ਹੈ, ਕਿਉਂਕਿ ਪੱਚੀ ਸਾਲ ਰਾਜ ਜੁ ਕਰਨਾ ਹੈ। ਦਾਸ ਹੁਣੇ ਹੀ ਪੰਜਾਬ ਤੋਂ ਵਾਪਿਸ ਆਇਆ ਹੈ, ਜੋ ਕੁਝ ਉੱਥੇ ਦੇਖਿਆ, ਉਸ ਨੂੰ ਦੇਖ ਕੇ ਰੋਣਾ ਆਉਂਦਾ ਹੈ ਕਿ ਜਿਸ ਨੂੰ ਪੂਰਨ ਸਿੰਘ ਕਹਿੰਦਾ ਸੀ ‘ਪੰਜਾਬ ਜੀਂਦਾ ਗੁਰਾਂ ਦੇ ਨਾਮ ‘ਤੇ’ ਅੱਜ ਉਸ ਪੰਜਾਬ ਦੇ ਸਕੂਲਾਂ ਵਿਚ ਦਸੰਬਰ ਦੇ ਮਹੀਨੇ ਕ੍ਰਿਸਮਸ ਤਾਂ ਖੂਬ ਧੜੱਲੇ ਨਾਲ ਮਨਾਈ ਜਾਂਦੀ ਹੈ, ਪਰ ਸਿੱਖ ਇਤਿਹਾਸ ਦੇ ਖ਼ੂਨੀ ਦਿਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਨਹੀਂ ਦੱਸਿਆ ਜਾਂਦਾ।

ਸਕੂਲਾਂ ਦੇ ਸਲੇਬਸ ਵਿਚੋਂ ਸਿੱਖ ਇਤਿਹਾਸ ਮਨਫ਼ੀ ਕੀਤਾ ਜਾ ਰਿਹਾ ਹੈ ਤੇ ਕਰਮਕਾਂਡੀ ਕਥਾ ਕਹਾਣੀਆਂ ਪਾਈਆਂ ਜਾ ਰਹੀਆਂ ਹਨ। ਪਿੰਡਾਂ ਵਿਚ ਦੇਵੀ ਦੀਆਂ ਜਗਰਾਤਾ ਕਮੇਟੀਆਂ ਦੇ ਅਹੁੱਦੇਦਾਰ ਨੌਜੁਆਨ ਅੰਮ੍ਰਿਤਧਾਰੀ ਮੁੰਡਿਆਂ ਨੂੰ ਬਣਾਇਆ ਜਾ ਰਿਹਾ ਹੈ। ਫੋਟੋ ਕਲਚਰ ਨੇ ਸਭ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰੱਖਿਆ ਹੈ। ਵੱਡੇ ਵੱਡੇ ਫਲੈਕਸ ਬੋਰਡਾਂ ਉੱਪਰ ਲੋਕ ਆਪਣੀਆਂ ਤਸਵੀਰਾਂ ਛਪੀਆਂ ਦੇਖ ਕੇ ਲੀਡਰ ਹੋਣ ਦੇ ਭੁਲੇਖੇ ਪਾਲ਼ੀ ਬੈਠੇ ਹਨ। ਸਭ ਹੁਕਮ ਉੱਪਰੋਂ ਹੀ ਆਉਂਦੇ ਹਨ। ਉਹੀ ਗੁਰਦੀਪ ਸਿੰਘ ਗੋਸ਼ਾ ਜੋ ਕਿ ਕਿਸੇ ਜ਼ਮਾਨੇ ‘ਚ ਲੁਧਿਆਣੇ ‘ਚ ਆਸ਼ੂਤੋਸ਼ ਦੇ ਜਲਸੇ ਨੂੰ ਰੋਕਣ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਸੀ, ਅੱਜ ਕਲ ਬਾਦਲ ਦੇ ਚਰਨਾਂ ‘ਚ ਬੈਠਾ ਹੈ ਤੇ ਹਜ਼ਾਰਾਂ ਹਿੰਦੂ ਬੱਚਿਆਂ ਵਲੋਂ ਕੀਤੇ ਜਾਣ ਵਾਲ਼ੇ ਹਨੂੰਮਾਨ ਚਾਲੀਸੇ ਦੇ ਪਾਠ ਲਈ ਸਾਰੇ ਪ੍ਰਬੰਧ ਕਰ ਰਿਹਾ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ ਹੈ। ਹੁਣ ਤਾਂ ਪੰਜਾਬ ਵਿਚ ਹੀ ਸਿੰਥੈਟਿਕ ਡਰੱਗ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਨ ਜਿਸ ਦੀਆਂ ਤਾਰਾਂ ਅਮਰੀਕਾ, ਕੈਨੇਡਾ ਨਾਲ ਜੁੜ ਰਹੀਆਂ ਹਨ।

ਹੋਰ ਵੀ ਬਹੁਤ ਕੁਝ ਹੈ ਕਹਿਣ ਲਈ। ਬਾਕੀ ਫਿਰ। ਵਾਹਿਗੁਰੂ ਭਲੀ ਕਰੇ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top