Share on Facebook

Main News Page

ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ
-:
ਕੁਲਵਿੰਦਰ ਸਿੰਘ (ਤੇਜੀ), ਸ਼ਿਕਾਗੋ

ਪਿਛਲੇ ਦਿਨੀਂ ਸਾਰੀ ਦੁਨੀਆ ਵਿੱਚ ਜਿਥੇ ਵੀ ਕੋਈ ਨਾਨਕ ਨਾਮ ਲੇਵਾ ਸਿੱਖ ਵਸਦਾ, ਅਸੀਂ ਬੜੇ ਉਤਸਾਹ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਮਨਾਇਆ। ਲਗਭਗ ਸਾਰੇ ਗੁਰੁਦਵਾਰਿਆਂ ਵਿਚ ਇਹ ਵੀ ਪੜਿਆ ਗਿਆ ਹੋਣਾ "ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ"। ਹੁਣ ਜੇ ਇਸ ਵੱਲ ਥੋੜਾ ਧਿਆਨ ਦਈਏ ਕਿ ਭਾਈ ਗੁਰਦਾਸ ਜੀ ਨੇ ਸ਼ਬਦ "ਧੁੰਦ" ਵਰਤਿਆ, "ਹਨੇਰਾ" ਨਹੀਂ। ਸ਼ਾਯਦ ਇਸ ਕਰਕੇ ਕੀ ਜੇ ਹਨੇਰਾ ਹੋਵੇ ਤਾਂ ਓਸਨੂੰ ਇਕ ਛੋਟੇ ਜਿਹੇ ਦੀਵੇ ਨਾਲ ਵੀ ਦੂਰ ਕੀਤਾ ਜਾ ਸਕਦਾ, ਪਰ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਗਹਰੀ ਧੁੰਦ ਪਈ ਹੁੰਦੀ ਹੈ, ਉਹ ਕਈ ਵਾਰ ਸੂਰਜ ਦੇ ਪ੍ਰਕਾਸ਼ ਨਾਲ ਵੀ ਦੂਰ ਨਹੀਂ ਹੁੰਦੀ। ਭਾਵ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਆ, ਉਦੋਂ ਇਸ ਲੁਕਾਈ ਦਾ ਜੋ ਹਾਲ ਸੀ, ਉਹ ਭਾਈ ਗੁਰਦਾਸ ਜੀ ਨੇ ਆਪਣੀ ਇਕ ਵਾਰ ਵਿਚ ਦਸਿਆ ਕੀ "ਕਲਿ ਆਈ ਕੁਤੇ ਮੁਹੀ ਖਾਜ ਹੋਇਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ"। ਧਰਮ ਦੇ ਠੇਕੇਦਾਰ ਕਾਜੀ ਮੁਲਾਣੇ ਤੇ ਪੰਡਿਤ ਲੋਕ, ਰਾਜਨੀਤਿਕ ਲੋਕਾਂ ਨਾਲ ਮਿਲਕੇ ਗਿਆਨ ਤੋਂ ਵਿਹੂਣੀ ਲੁਕਾਈ ਨੂੰ ਲੁੱਟੀ ਜਾ ਰਹੇ ਸੀ। ਜਦੋਂ ਮਹਤਾ ਕਾਲੁ ਜੀ ਦੇ ਘਰ ਤੇ ਮਾਤਾ ਤ੍ਰਿਪਤਾ ਦੀ ਕੁਖੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਬਾਲ ਅਵਸਥਾ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਇਹਨਾ ਦੇ ਕਰਮਕਾਂਡਾਂ ਦੇ ਵਿਰੁੱਧ ਆਵਾਜ ਬੁਲੰਦ ਕਰਨੀ ਸ਼ੁਰੂ ਕਰ ਦਿਤੀ। ਉਹਨਾ ਦੇ ਗਿਆਨ ਦੇ ਪ੍ਰਕਾਸ਼ ਨੇ, ਇਹਨਾ ਧਰਮ ਦੇ ਠੇਕੇਦਾਰਾਂ ਨੂੰ ਭਾਜੜਾਂ ਪਾ ਦਿਤੀਆਂ। ਇਸ ਕਰਕੇ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ "ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ"। ਗੁਰੂ ਨਾਨਕ ਦੇ ਨਿਰਮਲ ਪੰਥ ਦੇ ਵਾਰਿਸਾਂ ਦੇ ਘਰਾਂ ਵਿਚ ਇਹ ਚਾਨਣ ਅੱਜ ਨਜਰ ਕਿਉਂ ਨਹੀਂ ਆਉਂਦਾ?

ਮੈਨੂੰ ਯਾਦ ਹੈ ਕੀ ਆਪਣੇ ਘਰਾਂ ਵਿਚ ਇਕ ਗਲ ਅਕਸਰ ਸੁਣਦੇ ਹੁੰਦੇ ਸੀ, ਕੀ ਜੇ ਚਿੱਟਾ ਦਿਨ ਚੜਿਆ ਹੋਵੇ ਤਾਂ ਸੂਰਜ ਦਾ ਪੂਰਾ ਪ੍ਰਕਾਸ਼ ਹੋਵੇ, ਜੇ ਫੇਰ ਵੀ ਕਿਸੇ ਦੇ ਘਰ ਮੂਹਰੇ ਦੀਵੇ ਜਗਦੇ ਹੋਣ, ਤੇ ਕਿਹਾ ਜਾਂਦਾ ਸੀ ਕੀ ਇਹਨਾ ਦਾ ਦਿਵਾਲਾ ਨਿਕਲ ਗਿਆ। ਅਸੀਂ ਵੀ ਅੱਜ ਗੁਰਬਾਣੀ ਦੇ ਸਬਦ ਰੂਪੀ ਪ੍ਰਕਾਸ਼ ਹੋਣ ਦੇ ਬਾਵਜੂਦ ਵੀ, ਜੇ ਅਸੀਂ ਉਹਨਾਂ ਦਿਵਿਆਂ ਦੀ ਨਿਆਈਂ ਦੇਹਧਾਰੀ ਗੁਰੂਆਂ ਜਾਂ ਡੇਰੇਦਾਰਾਂ ਤੋਂ ਪ੍ਰਕਾਸ਼ ਭਾਲਦੇ ਫਿਰਦੇ ਹੈ,  ਤੇ ਮਾਫ਼ ਕਰਨਾ ਫੇਰ ਇਹ ਕਹਿਣਾ ਪਵੇਗਾ ਕੀ ਸਾਡਾ ਵੀ ਦਿਵਾਲਾ ਨਿਕਲ ਗਿਆ। ਉਹ ਕੇਹੜਾ ਵਹਿਮ ਭਰਮ ਹੈ, ਜਿਸਨੂੰ ਕਰਨ ਤੋਂ ਗੁਰਬਾਣੀ ਸਾਨੂੰ ਰੋਕਦੀ ਹੋਵੇ, ਪਰ ਅਸੀਂ ਨਾ ਕਰਦੇ ਹੋਈਏ। ਜੇ ਗੁਰੂ ਨਾਨਕ ਸਾਹਿਬ ਜੀ ਨੇ "ਗਗਨ ਮੈਂ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ" ਸ਼ਬਦ ਰਾਹੀਂ ਪੰਡਤਾਂ ਵਲੋਂ ਮੂਰਤੀਆਂ ਅਗੇ ਕੀਤੀ ਜਾਂਦੀ ਨਕਲੀ ਆਰਤੀ ਦਾ ਖੰਡਨ ਕੀਤਾ, ਪਰ ਅਸੀਂ ਗੁਰਦੁਆਰਿਆਂ ਵਿਚ ਇਹੀ ਸਬਦ ਪੜਕੇ ਆਰਤੀ ਕਰਨੀ ਸ਼ੁਰੂ ਕਰ ਦਿੱਤੀ। ਗੁਰਬਾਣੀ ਦਾ ਫੁਰਮਾਨ ਹੈ ਕਿ "ਥਿਤੀ ਵਾਰ ਸੇਵਹਿ ਮੁਗਧ ਗਵਾਰ", ਪਰ ਅਸੀਂ ਜੇ ਪਾਠ ਵੀ ਆਰੰਭ ਕਰਨਾ ਹੋਵੇ, ਓਹ ਵੀ ਦਿਨ ਵਿਚਾਰ ਕੇ ਸ਼ੁਰੂ ਕਰਦੇ ਹਾਂ, ਸਮਾਂ ਦੇਖਦੇ ਹਾਂ  ਕੀ ਕਿੰਨੇ ਵਜੇ ਭੋਗ ਪਾਈਏ। ਮੇਰਾ ਬਾਬਾ ਨਾਨਕ ਤੇ ਕਹਿੰਦਾ ਕਿ ਦਿਨ ਕੋਈ ਸ਼ੁਭ ਅਸ਼ੁਭ ਹੁੰਦਾ ਹੀ ਨਹੀਂ, ਪਰ ਅਸੀਂ ਅੱਜ ਤਕ ਵੀ ਮੱਸਿਆ ਤੇ ਸੰਗਰਾਂਦ ਵਰਗੇ ਦਿਨਾ ਨੂੰ ਸ਼ੁਭ ਮੰਨੀ ਜਾ ਰਹੇ ਹਾਂ। ਉਦੋਂ ਪੰਡਤ ਲੋਕ ਲੁਕਾਈ ਨੂੰ ਮੰਤਰ ਲਿਖ ਲਿਖ ਕੇ ਦਿੰਦੇ ਸੀ ਤੇ ਬਦਲੇ ਵਿਚ ਓਹਨਾ ਨੂੰ ਚੰਗੀ ਚੋਖੀ ਕਮਾਈ ਹੁੰਦੀ ਸੀ, ਜਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਸਖ਼ਤ ਸਬਦਾਂ ਵਿਚ ਤਾੜਨਾ ਕੀਤੀ ਕੀ "ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖ ਲਿਖ ਵੇਚਹਿ ਨਾਉ", ਭਾਵ ਲਾਹਨਤ ਹੈ, ਉਹਨਾ ਲੋਕਾਂ ਦੇ ਜੀਵਨ 'ਤੇ ਜੋ ਪਰਮਾਤਮਾ ਦਾ ਨਾਮ ਲਿਖ ਲਿਖ ਕੇ ਵੇਚਦੇ ਹਨ, ਪਰ ਕੀ ਅੱਜ ਸਾਡੇ ਬਾਬਿਆਂ ਨੇ ਗੁਰਬਾਣੀ ਨੂੰ ਲਿਖ ਲਿਖ ਕੇ ਸਬਦਾਂ ਦੇ ਰੂਪ ਵਿਚ, ਸੰਪਟ ਪਾਠਾਂ ਜਾ ਫੇਰ ਇਕੋਤਰੀਆਂ ਦੇ ਰੂਪ ਵਿਚ ਵੇਚਣਾ ਸ਼ੁਰੂ ਨਹੀਂ ਕੀਤਾ। ਜੋ ਇਹ ਡੇਰੇਦਾਰ ਤੇ ਧੇਹ੍ਧਾਰੀ ਗੁਰੂ ਬਣ ਬੈਠੇ ਹਨ, ਕੀ ਇਹ ਗੁਰਬਾਣੀ ਨੂੰ ਮੰਤਰਾਂ ਦੇ ਰੂਪ ਵਿਚ ਆਪਣੇ ਸ਼ਰਧਾਲੂਆਂ ਨੂੰ ਨਹੀ ਦਿੰਦੇ? ਮੇਰਾ ਬਾਬਾ ਨਾਨਕ ਤੇ ਕਹਿੰਦਾ ਕੀ ਲਾਹਨਤ ਹੈ ਇਹਨਾ ਲੋਕਾਂ 'ਤੇ, ਪਰ ਅਸੀਂ ਇਹਨਾ ਨੂੰ ਸੰਤ, ਮਹਾਂਪੁਰਸ਼, ਬ੍ਰਹਮਗਿਆਨੀ ਤੇ ਹੋਰ ਪਤਾ ਨਹੀਂ ਕੀ ਕੀ ਡਿਗਰੀਆਂ ਦਿੰਦੇ ਹਾਂ ।

ਹੋਰ ਤੇ ਹੋਰ, ਜਿਹੜੀ ਸੰਪਰਦਾ ਚਲਦੀ ਬਾਬੇ ਨਾਨਕ ਦੇ ਨਾਮ 'ਤੇ ਹੈ, ਜਿਹਨਾ ਦੇ ਪ੍ਰਚਾਰਕ ਇਹ ਦਾਅਵਾ ਕਰਦੇ ਹਨ, ਕਿ ਉਹਨਾਂ ਦੀ ਸੰਪਰਦਾ ਦੇ ਬਾਨੀ ਬਾਬਾ ਜੀ ਦੀ ਤੇ ਸਿੱਧੀ ਗੁਰੂ ਨਾਨਕ ਸਾਹਿਬ ਜੀ ਨਾਲ ਗਲ ਬਾਤ ਸੀ, ਉਹਨਾ ਨੇ ਤਾਂ ਅੱਜਕਲ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ, ਉਹ ਤੇ ਨਗਰ ਕੀਰਤਨ ਵੀ ਆਪਣੇ ਬਾਬੇ ਦੀ ਫੋਟੋ ਰਖਕੇ ਕੱਢਦੇ ਹਨ, ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ, ਫੇਰ ਉਹਨਾ ਨਗਰ ਕੀਰਤਨਾਂ ਉੱਪਰ ਜਹਾਜ ਰਾਹੀਂ ਫੁਲਾਂ ਦੀ ਵਰਖਾ ਵੀ ਕੀਤੀ ਜਾਂਦੀ ਹੈ, ਕੀ ਉਹਨਾ ਦਾ ਬਾਬਾ ਆਪਣੇ ਵਾਰਿਸਾਂ ਨੂੰ ਇਹ ਨਹੀਂ ਦਸਕੇ ਗਿਆ, ਕਿ ਗੁਰਬਾਣੀ ਵਿਚ ਲਿਖਿਆ ਹੈ "ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ, ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ"। ਕੀ ਇਹ ਸਬਦ ਸਿਰਫ ਪਥਰ ਦੀਆਂ ਮੂਰਤੀਆਂ ਲਈ ਹੈ, ਇਹਨਾ ਮਨਘੜਤ ਤਸਵੀਰਾਂ ਲਈ ਨਹੀਂ?

ਕਾਸ਼ ਅਸੀਂ ਗੁਰਬਾਣੀ ਨੂੰ ਆਪ ਵਿਚਾਰਿਆ ਹੁੰਦਾ ਤੇ ਸ਼ਾਯਦ ਅਸੀਂ ਫੇਰ ਇਹਨਾ ਪਖੰਡੀਆਂ ਤੇ ਧੇਹ੍ਧਾਰੀਆਂ ਪਿਛੇ ਨਾ ਭਜਦੇ, ਜੇ ਹੁਣ ਵੀ ਆਪਾਂ ਗੁਰਬਾਣੀ ਨੂੰ ਵਿਚਾਰਨਾ ਸ਼ੁਰੂ ਕਰੀਏ ਤੇ ਫੇਰ ਸਾਡੀ ਵੀ ਇਹ ਵਹਮਾ ਭਰਮਾ ਵਾਲੀ ਧੁੰਦ ਦੂਰ ਹੋ ਸਕਦੀ ਹੈ, ਤਾਂਹੀ ਫੇਰ ਆਪਣੇ ਇਹ ਗੁਰਪੁਰਬ ਮਨਾਏ ਸਫਲੇ ਹੋਣਗੇ।

ਨਹੀਂ ਤੇ ਜੇ ਇਸੇ ਤਰਾਂ ਆਪਾਂ ਇਸ ਬਿਪਰਵਾਦ ਦੀ ਬੁੱਕਲ ਵਿਚ ਬੈਠੇ ਰਹੇ ਤਾਂ ਸਾਡਾ ਵੀ ਉਹੀ ਹਾਲ ਹੋਵੇ, ਜੋ ਬੁਧ ਧਰਮ ਦਾ ਇਸ ਬਿਪਰਵਾਦ ਨੇ ਕੀਤਾ, ਜਿਸ ਬਾਰੇ ਇਕ ਵਿਦਵਾਨ ਡਾ. ਰਾਧਾ ਕ੍ਰਿਸ਼ਨਨ ਲਿਖਦਾ ਹੈ "
It is said, not without truth that Brahmnaism killed Budhism by a fraternal embrace ਅਰਥਾਤ "ਕਹਿੰਦੇ ਹਨ ਤੇ ਇਹ ਹੈ ਵੀ ਸਚ, ਕੀ ਬ੍ਰਾਹਮਣਵਾਦ ਨੇ ਬੁਧ ਮੱਤ ਨੂੰ ਬਾਪੂ ਵਾਲੀ ਗਲਵਕੜੀ ਵਿਚ ਲੈ ਕੇ ਉਹਦਾ ਗਲਾ ਘੁਟ ਦਿਤਾ"। ਸਿੱਖ ਧਰਮ ਬਾਰੇ ਵੀ ਇਕ ਵਿਦਵਾਨ ਮਿਸਟਰ ਮਿਕਾਲਿਫ਼ ਨੇ ਅੱਜ ਤੋਂ ਲਗਭਗ ਇਕ ਸਦੀ ਪਹਲਾਂ ਇਹ ਗਲ ਕਹੀ ਸੀ ਕੀ "Hinduism has embraced Sikhism in its fold" ਅਰਥਾਤ "ਹਿੰਦੂ ਮੱਤ ਨੇ ਸਿੱਖ ਧਰਮ ਨੂੰ ਆਪਣੀ ਗਲਵਕੜੀ ਵਿਚ ਲੈ ਲਿਆ ਹੈ"।

ਹੁਣ ਇਸ ਗਲ ਦੀ ਵਿਚਾਰ ਅਸੀਂ ਕਰਨੀ ਹੈ, ਕਿ ਉਸ ਬਿਪਰਵਾਦ ਦੀ ਗਲਵਕੜੀ ਚੋਂ ਨਿਕਲਣਾ ਹੈ, ਜਾਂ ਫਿਰ ਬੁਧ ਮੱਤ ਵਾਂਗੂ ਅਸੀਂ ਵੀ ਆਪਣਾ ਗਲਾ ਘੁਟਾਉਣਾ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top