ਅੱਜ
ਫੇਸਬੂਕ ਅਤੇ ਅਖਬਾਰ ਭਰੇ ਹੋਏ ਹਨ ਵਧਾਈਆਂ ਨਾਲ। ਕਈ ਵੀਰਾਂ ਨੇ ਅਖਬਾਰ ਵਿੱਚ ਬਾਬੇ ਨਾਨਕ
ਦੀਆਂ ਕਹੀਆਂ ਜਾਂਦੀਆਂ ਫੋਟੋਆਂ ਲਗਵਾ ਕੇ, ਪੂਰੇ ਪੂਰੇ ਪੇਜ ਦੀਆਂ ਮਸ਼ਹੂਰੀਆਂ ਦਿੱਤੀਆਂ
ਹੋਈਆਂ ਹਨ ... ਅਤੇ ਕਈਆਂ ਨੇ ਤਾਂ ਚਾਪਲੂਸੀ ਵਾਸਤੇ, ਗੁਰੂ ਨਾਨਕ ਸਾਹਿਬ ਦੀ ਕਹੀ ਜਾਂਦੀ
ਫੋਟੋ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ ਲੀਡਰਾਂ ਦਿਆ ਫੋਟੋਆਂ ਵੀ ਦਿਤੀਆਂ ਹਨ। ਬੇਸ਼ਕ ਇਹ
ਫੋਟੋਆਂ ਮਨੋਕਲਪਿਤ ਹਨ, ਗੁਰੂ ਨਾਨਕ ਸਾਹਿਬ ਨੇ ਕਿਤੇ ਨਹੀਂ ਕਿਹਾ ਤੁਸੀਂ ਮੂਰਤੀ ਪੂਜਾ
ਕਰੋ। ਇਹ ਇਕ ਤਰਾਂ ਨਾਲ ਮੂਰਤੀ ਪੂਜਾ ਹੈ।
ਦੂਸਰਾ ਜਨਮ ਓਸ ਦਾ ਹੁੰਦਾ ਹੈ ਜੋ ਮਰਦਾ ਹੈ, ਪਰ ਗੁਰੂ ਨਾਨਕ ਸਾਹਿਬ ਤਾਂ ਗੁਰੂ ਗਰੰਥ
ਸਾਹਿਬ ਜੀ ਦੇ ਰੂਪ ਵਿੱਚ ਅੱਜ ਵੀ ਸਾਡੇ ਵਿਚ ਮੌਜੂਦ ਹਨ।ਗੁਰੂ ਨਾਨਕ ਸਾਹਿਬ ਦਾ ਨਿਵੇਕਲਾ
ਧਰਮ ਚਲਾਉਣ ਦਾ ਮੰਤਵ ਇਹ ਸੀ, ਕਿ ਮਨੁੱਖਤਾ ਨੂੰ ਭਰਮਾਂ, ਭੁਲੇਖਿਆਂ ਤੇ ਵਹਿਮਾਂ ਵਿਚੋਂ
ਬਾਹਰ ਕਢਿਆ ਜਾਵੇ, ਪਰ ਲਗਦਾ ਇਹ ਹੈ, ਅੱਜਕਲ ਦੇ ਕਈ ਸਿੱਖ ਅਖਵਾਉਣ ਵਾਲੇ ਖੁਦ ਹੀ ਇਨ੍ਹਾਂ
ਭਰਮਾਂ ਵਿੱਚ ਫਸੇ ਪਏ ਹਨ ਤੇ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਰਹੇ ਹਨ। ਜਿਹੜੇ ਆਪ ਹੀ
ਭਰਮਾਂ ਭੁਲੇਖਿਆਂ ਵਿੱਚ ਫਸੇ ਪਏ ਹੋਣ, ਉਹ ਦੂਸਰਿਆਂ ਨੂੰ ਕੀ ਬਾਹਰ ਕੱਢ ਸਕਣਗੇ।
ਐਸੇ ਭਰਮਿ ਭੁਲੇ ਸੰਸਾਰਾ॥ ਜਨਮੁ ਪਦਾਰਥੁ ਖੋਇ ਗਵਾਰਾ॥
ਰਹਾਉ॥ (੬੭੬)
ਗੁਰੂ ਨਾਨਕ ਸਾਹਿਬ ਨੇ ਤਾਂ ਵਰਤਮਾਨ ਸੁਧਾਰਨ 'ਤੇ ਜਿਆਦਾ ਜੋਰ ਦਿੱਤਾ। ਭੂਤਕਾਲ ਤੇ
ਭਵਿੱਖ ਕਰਕੇ ਭਰਮਾਂ ਤੇ ਵਹਿਮਾਂ ਵਿੱਚ ਨਹੀਂ ਪੈਣਾ ਚਾਹੀਦਾ। ਇਹ ਆਮ ਕਹਾਵਤ ਹੈ ਕਿ
ਬੰਦੂਕ ਵਿਚੋਂ ਨਿਕਲੀ ਗੋਲੀ, ਕਮਾਂਨ ਵਿਚੋਂ ਨਿਕਲਿਆ ਤੀਰ, ਤੇ ਮੂੰਹ ਵਿਚੋਂ ਨਿਕਲੇ ਬੋਲ
ਵਾਪਿਸ ਨਹੀਂ ਆ ਸਕਦੇ ਹਨ। ਕਹਿਣ ਦਾ ਮੰਤਵ ਇਹੀ ਹੈ, ਕਿ ਅਸੀਂ ਭੂਤਕਾਲ ਨੂੰ ਬਦਲ ਨਹੀਂ
ਸਕਦੇ ਹਾਂ। ਪਰੰਤੂ, ਵਰਤਮਾਨ ਵਿੱਚ ਜਰੂਰ ਸੁਚੇਤ ਹੋ ਸਕਦੇ ਹਾਂ। ਭਵਿੱਖ ਵਿੱਚ ਕੀ ਹੋਣਾ
ਹੈ । ਅਜ ਜਿਹੜੇ ਵਧਾਈਆਂ ਦੇ ਰਹੇ ਹਨ, ਕੀ ਓਹ ਪੂਰੀ ਤਰ੍ਹਾਂ ਗੁਰੂ ਨਾਨਕ ਦੀ ਗੱਲ ਨਾਲ
ਸਹਿਮਤ ਹਨ, ਕਿ ਬੱਸ ਫੋਕੀ ਸ਼ੋਹਰਤ ਵਾਸਤੇ ਫੋਟੋਆਂ ਪਾ ਪਾ ਕੇ, ਫੋਕੀਆਂ ਵਧਾਈਆਂ ਦੇ ਰਹੇ
ਹਨ । ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ ਅਤੇ ਅਸੀਂ ਗੁਰੂ ਨਾਨਕ
ਸਾਹਿਬ ਦੀਆਂ ਮਨੋਕਲਪਿਤ ਫੋਟੋਆਂ ਪਾਕੇ ਗੁਰੂ ਨਾਨਕ ਸਾਹਿਬ ਦੇ ਜਨਮ ਦੀਆਂ ਵਧਾਈਆਂ ਨਹੀਂ
ਦੇ ਰਹੇ, ਸਗੋਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋਂ ਬਾਗੀ ਹੋਏ ਹਾਂ। ਮੇਰਾ ਸਵਾਲ ਇਥੇ
ਤੁਹਾਡੇ ਅੱਗੇ ਹੈ ਕਿ ਅੱਜ ਜਗਤ ਰਹਿਬਰ, ਜਾਹਰ ਪੀਰ ਜਗਤ ਗੁਰ ਬਾਬਾ ਨਾਨਕ ਜੀ ਦਾ ਰੱਬੀ
ਧਰਮ ਕਿੱਥੇ ਹੈ? ਗੁਰਦੁਆਰਿਆਂ ਵਿੱਚ ਜਾਂ ਬਾਬੇ ਦੇ ਉਪਦੇਸ਼ ਧਾਰਨ ਵਾਲਿਆਂ ਵਿੱਚ?
- ਕੀ ਬਾਬੇ ਨਾਨਕ ਨੂੰ ਸਤਿਗੁਰੂ ਕਹਿ ਕੇ ਪੂਜਣ ਵਾਲੇ,
ਬਾਬੇ ਦੇ ਅਧੁਨਿਕ ਸਰਬ ਸਾਂਝੇ ਰੱਬੀ ਧਰਮ ਨੂੰ ਜੀਵਨ ਵਿੱਚ ਅਪਣਾਅ ਰਹੇ ਹਨ?
- ਕੀ ਅਜ ਅਸੀਂ ਗੁਰਦਵਾਰਿਆਂ ਜਾਂ ਆਪਣੇ ਘਰਾਂ ਵਿਚ ਗੁਰੂ
ਨਾਨਕ ਦੀ ਸਿੱਖੀ ਆਪਣਾ ਸਕੇ ਹਾਂ?
- ਜਿਨ੍ਹਾਂ ਕਰਮਕਾਂਡਾਂ ਅਤੇ ਵਹਿਮਾਂ ਭਰਮਾਂ ਅਤੇ ਅੰਧ
ਵਿਸ਼ਵਾਸ਼ਾਂ ਤੋਂ ਗੁਰਬਾਣੀ ਵਰਜਦੀ ਹੈ, ਕੀ ਸਾਡੇ ਧਰਮ ਅਸਥਾਨਾਂ ਗੁਰਦੁਆਰਿਆਂ ਆਦਿਕ
ਵਿੱਚ ਦੂਜਿਆਂ ਦੀ ਦੇਖ-ਦੇਖੀ ਨਹੀਂ ਕੀਤੇ ਕਰਵਾਏ ਜਾ ਰਹੇ?
- ਆਰਤੀਆਂ, ਮੱਸਿਆ-ਪੁੰਨਿਆਂ, ਪੰਚਕਾਂ, ਸੰਗਰਾਂਦਾਂ,
ਲੋਹੜੀਆਂ, ਦੀਵਾਲੀਆਂ, ਵਰੀਨੇ, ਸਰਾਧ, ਕੱਚੀ ਲੱਸੀ ਜਾਂ ਦੁੱਧ ਨਾਲ ਥੱੜਿਆਂ ਤੇ
ਨਿਸ਼ਾਨਾਂ ਦੀ ਧੁਲਾਈ, ਗੁਰਬਾਣੀ ਦੇ ਮੰਤਰ ਪਾਠ (ਅਖੰਡ ਪਾਠਾਂ ਦੀਆਂ ਲੜੀਆਂ) ਕੁੰਭ
ਨਾਰੀਅਲ ਜੋਤਾਂ, ਸੰਖ ਵਜਾਉਣੇ, ਅਖੌਤੀ ਸਾਧਾਂ ਦੀਆਂ ਬਰਸੀਆਂ, ਹਵਨ ਸਮੱਗਰੀਆਂ, ਯੋਗਾ
ਅਭਿਆਸ ਅਤੇ ਵਿਸ਼ਵਕਰਮਾ ਡੇ, ਜਿਨ੍ਹਾਂ ਨਾਲ ਬਾਬੇ ਨਾਨਕ ਜਾਂ ਉਨ੍ਹਾਂ ਦੇ ਅਨੁਯਾਈ
ਗੁਰੂਆਂ ਅਤੇ ਭਗਤਾਂ ਦਾ ਕੋਈ ਸਬੰਧ ਨਹੀਂ, ਫੇਰ ਵੀ ਅਸੀਂ ਦੇਖਾ ਦੇਖੀ ਇਹ ਕਰਮ ਕਾਂਡ
ਕਰ ਰਹੇ ਹਾਂ, ਫੇਰ ਵੀ ਅਸੀਂ ਬਾਬੇ ਨਾਨਕ ਦੇ ਜਨਮ ਦੀਆਂ ਵਧਾਈਆਂ ਦੇਈ ਜਾ ਰਹੇ ਹਾਂ।
- ਕੀ ਅੱਜ ਸਾਡੇ ਧਾਰਮਿਕ ਅਸਥਾਨ ਅਤੇ ਅਸੀਂ ਜਾਤ ਪਾਤ
ਭੇਦਭਾਵ ਤੋਂ ਮੁਕਤ ਹਾਂ।
ਪਰ ਸਦਾ ਯਾਦ ਰੱਖੋ, ਸੱਚ ਕਦੇ ਖਤਮ ਨਹੀਂ ਹੁੰਦਾ ਅਤੇ ਕੂੜ ਨਿਖੁੱਟ
ਜਾਂਦਾ ਹੈ- "ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥੨॥"
(੯੫੩)
ਹਾਂ, ਅੱਜ ਵੀ ਕਿਤੇ-ਕਿਤੇ ਬਾਬੇ ਨਾਨਕ ਦਾ ਰੱਬੀ ਧਰਮ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਅਤੇ ਉਸ ਬਾਣੀ ਨੂੰ ਦਿਲੋਂ ਪੜ੍ਹਨ, ਵਿਚਾਰਨ, ਧਾਰਨ ਅਤੇ ਪ੍ਰਚਾਰਨ ਵਾਲੇ ਕਿਰਤੀ ਸਿੱਖਾਂ
ਸੇਵਕਾਂ ਵਿੱਚ ਵੇਖਿਆ ਜਾ ਸਕਦਾ ਹੈ, ਪਰ ਉਹ - "ਹੈਨਿ ਵਿਰਲੈ
ਨਾਹੀ ਘਣੇ, ਫੈਲ ਫਕੜੁ ਸੰਸਾਰ॥" (੧੪੧੧)
ਕੀ ਸਾਡੇ ਵਿਚ ਹਿੰਮਤ ਹੈ ਮੌਜੂਦਾ ਹਾਕਮਾਂ ਨੂੰ ਇਹ ਗੱਲ ਕਹਿਣ ਦੀ, "ਰਾਜੇ
ਸ਼ੀਂਹ ਮੁਕਦਮ ਕੁਤੇ॥ ਜਾਇ ਜਗਾਇਨ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ
ਕੁਤਿਹੋ ਚਟਿ ਜਾਹੁ॥" (੧੨੮੮) ਹਨ।
ਜੇਕਰ ਅਸੀਂ ਸੱਚੀ ਮੁਚੀ ਦਿਲੋਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦੇ
ਹਾਂ, ਤਾਂ ਪਹਿਲਾਂ ਓਹਨਾਂ ਵਲੋਂ ਦੱਸੇ ਰਸਤੇ 'ਤੇ ਚਲਣਾ ਹੋਵੇਗਾ, ਗੁਰਬਾਣੀ ਨਾਲ ਜੁੜੋ
ਗੁਰੂ ਗ੍ਰੰਥ ਵਿਚੋਂ ਗੁਰੂ ਨਾਨਕ ਦੀ ਤਸਵੀਰ ਦੇਖੋ, ਇਸ ਤਰਾਂ ਦਿਖਾਵੇ ਨਾਲ ਕੁਝ ਨਹੀਂ
ਹੋਣਾ ।