Share on Facebook

Main News Page

ਬਾਦਲ ਜੀ, ਕੀ ਤੁਹਾਡੇ ਰਾਜ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਕੁਚਲਣ ਦੀ ਕੋਸ਼ਿਸ਼ ਨਹੀਂ ਹੋਈ ?
-: ਬਲਦੇਵ ਸਿੰਘ ਝੱਲੀ

ਅੱਜ ਦੁਨੀਆਂ ਭਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਬੱਸ ਉਹੋ ਰਟੇ-ਰਟਾਏ ਬਿਆਨ ਅਤੇ ਸ਼ਬਦ ਕੀਰਤਨ ਦੀਆਂ ਦੀਆਂ ਧੁੰਨਾਂ ਉੱਤੇ ਸਾਰਾ ਸਿੱਖ ਸਮਾਜ ਗੁਰੂ ਦੇ ਨਾਮ ਉੱਤੇ ਲੰਗਰ ਲਗਾਏਗਾ। ਗੁਰੂ ਦੀ ਗੋਲਕ ਗਰੀਬ ਦਾ ਮੂੰਹ ਵਾਲੇ ਸ਼ਬਦ ਪੜੇ ਜਾਣਗੇ।

ਇਸੇ ਕੜੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੰਜਾਬੀਆਂ ਦੇ ਨਾਮ ਜਾਰੀ ਸ਼ੰਦੇਸ਼ ਵਿੱਚ ਗੁਰੂ ਨਾਨਕ ਸਾਹਿਬ ਜੀ  ਦੇ ਪ੍ਰਕਾਸ਼ ਦਿਵਸ ਉੱਤੇ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ  ਅਕਾਲ ਪੁਰਖ ਦੇ ਭੇਜੇ ਅਧਿਆਤਮਕ ਦੂਤ ਸਨ ਜੋ ਦੁਨੀਆਂ ਨੂੰ ਮੁਕਤੀ ਦਾ ਰਾਹ ਵਿਖਾਉਣ ਲਈ ਪੈਦਾ ਹੋਏ। ਜਿਨਾਂ ਨੇ ਮਨੁੱਖਤਾ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਜਾਤ-ਪਾਤ ਅਤੇ ਵਹਿਮਾਂ-ਭਰਮਾਂ ਤੋਂ ਨਿਰਲੇਪ ਸਮਾਜ ਦੀ ਰਚਨਾ ਕੀਤੀ।

ਸ. ਬਾਦਲ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ  ਵਲੋਂ 'ਸੰਗਤ ਤੇ ਪੰਗਤ' ਦੇ ਸੰਕਲਪ ਰਾਹੀਂ ਲੋਕਾਂ ਵਿੱਚ ਇਕ ਨਵੀਂ ਰੂਹ ਫੂਕਦਿਆਂ ਉਨ੍ਹਾਂ ਨੂੰ ਸਮਾਜਿਕ ਕੁਰੀਤੀਆਂ ਅਤੇ ਮਨੁੱਖੀ ਔਗੁਣਾਂ ਦਾ ਤਿਆਗ ਕਰਨ ਦੀ ਪ੍ਰੇਰਨਾ ਦਿੱਤੀ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਨ ਗੁਰੂ ਸਾਹਿਬ ਜੀ ਦੇ ਦਰਸਾਏ ਗਏ ਮਾਰਗ 'ਤੇ ਚਲਦੇ ਹੋਏ ਮਨੁੱਖਤਾ ਦੀ ਰਾਖੀ ਲਈ ਸਮਾਜ ਵਿੱਚ ਸ਼ਾਂਤੀ, ਤਰੱਕੀ ਅਤੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਹੋਏ, ਗੁਰੂ ਨਾਨਕ ਸਾਹਿਬ ਜੀ  ਦੇ ਇਸ ਪ੍ਰਕਾਸ਼ ਉਤਸਵ ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਉਣ। ਮੁੱਖ ਮੰਤਰੀ ਸਾਹਿਬ ਤੋਂ ਦੋ ਕਦਮ ਅੱਗੇ ਉਨਾਂ ਦੇ ਲਾਡਲੇ ਸ. ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ  ਨੇ ਮਾਨਵਤਾ ਨੂੰ ਨਵੇਂ ਵਿਚਾਰਾਂ ਤੇ ਉਦੇਸ਼ਾਂ ਨਾਲ ਜੋੜਦਿਆਂ ਸਮਾਜਿਕ ਅਲਾਮਤਾਂ ਦੇ ਖਾਤਮੇ ਦਾ ਸੱਦਾ ਦਿੱਤਾ।

ਇਨਾਂ ਬਿਆਨਾਂ ਦੀ ਪੜਚੋਲ ਕਰਨ ਤੋਂ ਬਾਅਦ ਸਿੱਟਾ ਇਹੋ ਨਿਕਲਦਾ ਹੈ ਕਿ ਅਕਾਲੀ ਦਲ ਦੇ ਰਾਜ ਵਿੱਚ ਭਾਜਪਾਈਆਂ ਅਤੇ ਨਿੱਕਰਧਾਰੀਆਂ ਨੂੰ ਖੁਸ਼ ਕਰਨ ਦੀ ਪਾਲਿਸੀ ਤੋਂ ਸਿਵਾਏ ਪੰਜਾਬੇ ਦੇ ਮੁੱਖ ਮੰਤਰੀ ਬਾਦਲ ਸਾਹਿਬ ਦਾ ਕੋਈ ਵੀ ਯੋਗਦਾਨ ਨਹੀਂ ਹੈ। ਸਿਰਫ ਤੇ ਸਿਰਫ ਪੰਜਾਬ ਵਾਸੀਆਂ ਨੂੰ ਲਾਰੇਪੌਪ ਰਾਹੀਂ ਖੁਸ਼ ਕੀਤਾ ਜਾ ਰਿਹਾ ਹੈ।

- ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਜੀ, ਕੀ ਗੁਰੂ ਨਾਨਕ ਸਾਹਿਬ ਨੇ ਜਿਸ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ, ਬਰਾਬਰਤਾ ਨਹੀਂ ਦਿੱਤੀ?

- ਜੇ ਬਰਾਬਰਤਾ ਦਿੱਤੀ ਤਾਂ ਫਿਰ ਤੁਹਾਡੀ ਪਾਰਟੀ ਦੇ ਅਕਾਲੀ ਸਰਪੰਚ ਕਿਸ ਹੈਸੀਅਤ ਨਾਲ ਔਰਤ ਅਧਿਆਪਕਾ ਨੂੰ ਤੁਹਾਡੀ ਬਹੂ ਦੀ ਹਾਜਰੀ ਵਿੱਚ ਚਪੇੜ ਮਾਰ ਕੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਲੀਰੋ-ਲੀਰ ਕਰ ਰਹੇ ਹਨ? ਕੀ ਗੁਰੂ ਇਹੋ ਨਾਨਕ ਸਾਹਿਬ ਦਾ ਮਿਸ਼ਨ ਹੈ?

- ਸ: ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਵਲੋਂ ਚਲਾਈ ਨੰਨੀ ਛਾਂ ਮੁਹਿੰਮ ਦੇ ਨਾਲ ਹੁੰਦੇ ਨਿਤਾ ਪ੍ਰਤੀ ਬਲਾਤਕਾਰ ਕਿਸ ਵਿਚਾਰਧਾਰਾ ਦੀ ਰਾਖੀ ਕਰਦੇ ਹਨ? ਕੀ ਭਰੂਣ ਹੱਤਿਆਵਾਂ ਪੰਜਾਬ ਵਿੱਚੋਂ ਬੰਦ ਹੋ ਗਈਆਂ ਹਨ? ਕੀ ਤੁਹਾਡੇ ਰਾਜ ਵਿੱਚ ਧੀਆਂ ਭੈਣਾਂ ਨੂੰ ਸ਼ਰੇਆਮ ਬਜਾਰਾਂ ਵਿੱਚ ਘੜੀਸ ਕੇ ਪੁਲੀਸ ਮਾਰ ਕੁਟਾਈ ਨਹੀਂ ਕਰਦੀ?

- ਕੀ ਤਰਨਤਾਰਨ ਵਿੱਚ ਦਲਿਤ ਲੜਕੀ ਨੂੰ ਤੁਹਾਡੀ ਪੰਜਾਬ ਪੁਲੀਸ ਦੇ ਬਹਾਦਰ ਸਿਪਾਹੀਆਂ ਦੁਆਰਾ ਚਾੜਿਆ ਕੁਟਾਪਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਖਾਂਦਾ ਹੈ?

- ਜਿਸ ਸੰਗਤ ਅਤੇ ਪੰਗਤ ਦੀ ਤੁਸੀਂ ਗੱਲ ਕਰਦੇ ਹੋ, ਉਸਦੀ ਗੁਰੂ ਸਾਹਿਬ ਨੇ ਤਾਂ ਪ੍ਰੋੜਤਾ ਕੀਤੀ, ਪ੍ਰੰਤੂ ਤੁਸੀਂ ਆਪਣੇ ਜਨਮ ਦਿਨ ਉੱਤੇ ਸੰਗਤ ਅਤੇ ਪੰਗਤ ਨੂੰ ਭੁੱਲ ਜਾਂਦੇ ਹੋ, ਤੇ ਲੱਖਾਂ ਰੁਪਏ ਤਰਾਂ-ਤਰਾਂ ਦੇ ਸਵਾਦਲੇ ਪਦਾਰਥਾਂ ਉੱਤੇ ਖਰਚ ਕੇ ਆਪਣੀ ਰਜਵਾੜਾਸ਼ਾਹੀ ਦਾ ਪ੍ਰਦਰਸ਼ਨ ਕਰਦੇ ਹੋ?

- ਰਹੀ ਗੱਲ ਸਮਾਜਿਕ ਕੁਰੀਤੀਆਂ ਅਤੇ ਮਨੁੱਖੀ ਔਗੁਣਾਂ ਦਾ ਤਿਆਗ ਕਰਨ ਦੀ ਪ੍ਰੇਰਨਾ ਦੀ, ਇੱਥੇ ਵੀ ਤੁਹਾਡੀ ਮਨੂੰਵਾਦੀ ਸੋਚ ਦਾ ਚਿਹਰਾ ਨੰਗਾ ਹੁੰਦਾ ਹੈ। ਕਿਉਂਕਿ ਬੁੱਤ ਪ੍ਰਸਤੀ ਗੁਰੂ ਸਾਹਿਬ ਲਈ ਸਮਾਜਿਕ ਕੁਰੀਤੀ ਸੀ ਅਤੇ ਤੁਸੀਂ ਮੰਦਰਾਂ ਵਿੱਚ ਜਾ ਜੇ ਬੁੱਤ ਹੀ ਨ੍ਹੀਂ ਪੂਜੇ ਸਗੋਂ ਸ਼ਰੇਆਮ ਤਿਲਕ ਲਗਾ ਕੇ ਆਪਣੇ ਬ੍ਰਾਹਮਣ ਸਿੱਖ ਹੋਣ ਦਾ ਸਬੂਤ ਦਿੱਤਾ।

- ਜਾਤ-ਪਾਤ ਅਤੇ ਵਹਿਮ ਭਰਮਾਂ ਦੀ ਭਰਮਾਰ ਵੀ ਤੁਹਾਡੇ ਰਾਜ ਵਿੱਚ ਘਟੀ ਨਹੀਂ ਸਗੋਂ ਪੂਰੇ ਜੌਬਨ ਉੱਤੇ ਹੈ। ਵੋਟਾਂ ਦੇ ਟੁਕੜੇ ਲਈ ਤੁਸੀਂ ਅਖੌਤੀ ਸੰਤ ਕਹੇ ਜਾਣ ਵਾਲੇ ਮਨੁੱਖ ਦੀ ਲਾਸ਼ ਲੈਣ ਲਈ ਵਿਸ਼ੇਸ਼ ਜਹਾਜ ਨੂੰ ਵਿਆਨਾ ਭੇਜਦੇ ਹੋ। ਕੀ ਇਹ ਜਾਤਪ੍ਰਸਤੀ ਰਾਹੀਂ ਵੋਟਾਂ ਬਟੋਰਨ ਵਾਲੀ ਕਾਰਵਾਈ ਨਹੀਂ ਸੀ?

- ਰਹੀ ਗੱਲ ਵਹਿਮਾਂ ਭਰਮਾਂ ਤੋਂ ਨਿਰਲੇਪ ਸਮਾਜ ਦੀ, ਕੀ ਤੁਸੀ ਦੱਸ ਸਕਦੇ ਹੋ ਕਿ ਤੁਹਾਡੇ ਅਤੇ ਲਾਡਲੇ ਸੁਖਵੀਰ ਦੇ ਹੱਥਾਂ ਦੀਆਂ ਉੰਗਲੀਆਂ ਵਿੱਚ ਪਾਏ ਨਗਾਂ ਵਾਲੀਆਂ ਮੁੰਦਰੀਆਂ ਵਹਿਮਾਂ ਭਰਮਾਂ ਤੋਂ ਨਿਰਲੇਪ ਹੋਣ ਦੀ ਨਿਸ਼ਾਨੀ ਹਨ?

ਮਨੁੱਖਤਾ ਦੀ ਰਾਖੀ ਵਾਲੀ ਗੱਲ ਵੀ ਤੁਹਾਡੇ ਮੁੰਹੋਂ ਫਬਦੀ ਨਹੀਂ ਕਿਉਂਕਿ ਬ੍ਰਾਹਮਣੀ ਢਾਂਚੇ ਦੇ ਝਰੀਟ ਆਉਣ ਤੇ ਤਾਂ ਤੁਸੀਂ ਝੱਟ ਜਨਸ਼ੰਘੀਆਂ ਦੇ ਹੱਕ ਵਿੱਚ ਖਲੋ ਜਾਂਦੇ ਹੋ, ਤੇ ਸੱਚਾ ਸੌਦਾ ਸਾਧ ਅਖਵਾਉਣ ਵਾਲੇ ਝੂਠੇ ਸਾਧ ਦਾ ਵਿਰੋਧ ਕਰਨ ਉੱਤੇ, ਜਾਗਰੂਕ ਸਿੱਖਾਂ ਦਾ ਬਜੰਤਰ ਅਤੇ ਗੋਲੀਆਂ ਤੁਹਾਡੇ ਰਾਜ ਵਿੱਚ ਨਹੀਂ ਚੱਲੀਆਂ? ਜਾਂ ਫਿਰ ਤੁਸੀ ਸਿੱਖਾਂ ਨੂੰ ਮਨੁੱਖ ਹੀ ਨਹੀਂ ਮੰਨਦੇ? ਕੀ ਰਾਜੋਆਣਾ ਨੂੰ ਫਾਂਸੀ ਦੇਣ ਦੇ ਵਿਰੋਧ ਵਿੱਚ ਭਾਈ ਜਸਪਾਲ ਸਿੰਘ ਨੂੰ ਸ਼ਰੇਆਮ ਕਤਲ ਕਰਨ ਵਾਲੇ ਭਗਵੇਂ ਬ੍ਰਿਗੇਡ ਨੂੰ ਤੁਸੀਂ ਖੁੱਲਾ ਨਹੀਂ ਛੱਡਿਆ? ਇਸ ਦੋਗਲੀ ਨੀਤੀ ਨੂੰ ਤੁਸੀਂ ਸ਼ਾਂਤੀ, ਤਰੱਕੀ ਅਤੇ ਭਾਈਚਾਰਕ ਸਾਂਝ ਆਖਦੇ ਹੋ? ਬਲਿਊ ਸਟਾਰ ਅਪਰੇਸ਼ਨ ਵੇਲੇ ਤੁਹਾਡੇ ਵਲੋਂ ਹੱਥ ਖੜੇ ਕਰਕੇ ਬਾਹਰ ਆਉਣਾ ਕਿਸ ਮਨੁੱਖਤਾ ਦੀ ਨਿਸ਼ਾਨੀ ਹੈ? ਬਲੀਊ ਸਟਾਰ ਕਾਟਵਾਈ ਨੂੰ ਜਾਇਜ ਠਹਿਰਾਉਣ ਵਾਲੇ ਅਡਵਾਨੀ ਨਾਲ ਗਲਵਕੜੀ ਕਿਸ ਡਰੋਂ? ਜਿਸ ਨਰਿੰਦਰ ਮੋਦੀ ਦੇ ਰਾਜ ਵਿੱਚ ਹਜਾਰਾਂ ਹੀ ਨਿਰਦੋਸ਼ ਘੱਟ ਗਿਣਤੀ ਲੋਕਾਂ ਦੇ ਕਤਲ ਹੋਏ ਉਸੇ ਮੋਦੀ ਦੇ ਮੌਰਾਂ ਉੱਤੇ ਚੜਕੇ ਤੁਸੀ ਫਿਰ ੨੨ ਨਵੰਬਰ ੨੦੧੩ ਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਵਿਰੋਧ ਪ੍ਰਗਟ ਕਰਨ ਲਈ ਮੋਗਾ ਵਿੱਚ ਰੈਲੀ ਕਰਨ ਨਹੀਂ ਜਾ ਰਹੇ?

ਜੇ ਇਹ ਸੱਚ ਹੈ, ਤਾਂ ਫਿਰ ਸੁਣੋ ਗੁਰੂ ਨਾਨਕ ਸਾਹਿਬ ਜੀ  ਨੇ ਤਾਂ ਮਲਕ ਭਾਗੋ ਦੀ ਬਜਾਏ, ਭਾਈ ਲਾਲੋ ਨਾਲ ਆਪਣੀ ਸਾਂਝ ਪ੍ਰਗਟ ਕੀਤੀ, ਜਦਕਿ ਤੁਸੀਂ ਤਾਂ ਸਿੱਖੀ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਸਿਰਫ ਤੇ ਸਿਰਫ ਹਿੰਦੂ ਵਿਚਾਰਧਾਰਾ ਨੂੰ ਅਪਣਾਅ ਕੇ, ਗੁਰੂ ਗ੍ਰੰਥ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਖੜੇ ਹੋ। ਜਾਤ-ਪਾਤ ਵਾਲੇ ਢਾਂਚੇ ਜਿਸ ਵਿੱਚ ਤਰੁੱਟੀਆਂ ਹੋਣ ਕਾਰਨ ਗੁਰੂ ਨਾਨਕ ਸਾਹਿਬ ਜੀ  ਨੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਸਿੱਖ ਮੱਤ ਦੀ ਨੀਹ ਰੱਖੀ, ਤੁਸੀਂ ਉਸੇ ਢਾਂਚੇ ਦੇ ਢਹੇ ਚੜ ਕੇ ਖੁਦ ਹੀ ਸਿੱਖੀ ਸਿਧਾਂਤਾਂ ਦੀਆਂ ਜੜਾਂ ਖੋਖਲੀਆਂ ਕਰ ਰਹੇ ਹੋ। ਕੀ ਇਹ ਚੰਗੇ ਮਨੁੱਖ ਹੋਣ ਦੀ ਨਿਸ਼ਾਨੀ ਹੈ?

ਜਿੱਥੋਂ ਤੱਕ ਸੁਖਬੀਰ ਬਾਦਲ ਵਲੋਂ ਗੁਰੂ ਨਾਨਕ ਸਾਹਿਬ ਜੀ  ਦੁਆਰਾ ਮਾਨਵਤਾ ਨੂੰ ਨਵੇਂ ਵਿਚਾਰਾਂ ਤੇ ਉਦੇਸ਼ਾਂ ਨਾਲ ਜੋੜਦਿਆਂ ਸਮਾਜਿਕ ਅਲਾਮਤਾਂ ਦੇ ਖਾਤਮੇ ਦਾ ਸੱਦਾ ਦੇਣ ਦੀ ਗੱਲ ਹੈ, ਉਸ ਬਾਰੇ ਤੁਸੀਂ ਕੀ ਕਹੋਗੇ। ਕੀ ਨਸ਼ੇ ਸਮਾਜਿਕ ਅਲਾਮਤ ਦੇ ਘੇਰੇ ਵਿੱਚ ਨਹੀਂ ਆਉਂਦੇ?

ਹਾਲੇ ਤਾਂ ਕੱਲ ਦੀ ਗੱਲ ਹੈ ਜਦੋਂ ਡਰੱਗ ਮਾਫੀਆ ਦੇ ਸਰਤਾਜ ਜਗਦੀਸ਼ ਭੋਲਾ ਨਾਲ ਤੁਹਾਡੀ ਪਾਰਟੀ ਦੇ ਸਬੰਧ ਅਖਬਾਰਾਂ ਦੀਆਂ ਸੁਰਖੀਆ ਬਣੇ ਹਨ। ਨਸ਼ੇ, ਅਸ਼ਲੀਲਤਾ, ਬਲਾਤਕਾਰ, ਵਹਿਮ ਭਰਮ, ਬੇਰੁਜਗਾਰੀ, ਮਹਿੰਗਾਈ, ਭਰੂਣ ਹੱਤਿਆ, ਗੁੰਡਾਗਰਦੀ, ਡਾਕੇ ਅਤੇ ਕਤਲ ਸਮਾਜਿਕ ਕੁਰੀਤੀਆਂ ਹੀ ਤਾਂ ਹਨ। ਬਾਦਲ ਸਾਹਿਬ ਬਹੁਤ ਆਸਾਨ ਹੈ, ਲਿਖੇ-ਲਿਖਾਏ ਵਧਾਈ ਸ਼ੰਦੇਸ਼ ਦੇਣਾ ਕਿ ਗੁਰੂ ਨਾਨਕ ਸਾਹਿਬ ਜੀ  ਨੇ ਮਨੁੱਖਤਾ ਦੀ ਭਲਾਈ ਅਤੇ ਜਾਤ-ਪਾਤ ਅਤੇ ਵਹਿਮਾਂ ਭਰਮਾਂ ਤੋਂ ਨਿਰਲੇਪ ਸਮਾਜ ਦੀ ਰਚਨਾ ਕੀਤੀ। ਵੋਟਾਂ ਵਾਲੀ ਬੋਟੀ ਬਟੋਰਨ ਵਾਲੇ ਤੁਹਾਡੇ ਵਲੋਂ ਕਹੇ ਗਏ ਇਹ ਸ਼ਬਦ ਕਰਮਕਾਂਡੀ ਲੋਕਾਂ ਨੂੰ ਭਰਮਾਉਣ ਤੋਂ ਸਿਵਾ ਕੁੱਝ ਵੀ ਨਹੀਂ ਹਨ। ਹੈ ਕਿ ਨਾਂ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top