ਅੱਜ
ਦਾ ਸ਼ਬਦ ਜਿਸਦੀ ਅਸਾਂ ਵਿਚਾਰ ਸਾਂਝੀ ਕਰਨੀ ਹੈ, ਉਹ "ਗਜ"
ਹੈ। ਇਹ ਸ਼ਬਦ ਬਹੁ ਆਰਥਕ ਸ਼ਬਦ ਹੈ। ਕਿਸੇ ਵਿਅਕਤੀ ਦਾ ਨਾਮ ਭੀ ਹੁੰਦ ਹੈ, ਜਿਵੇਂ ਗੱਜ
ਸਿੰਘ ਜਾਂ ਪਿਛੇਤਰ ਲਗ ਕੇ ਭੀ ਨਾਮ ਬਣਦਾ ਹੈ। ਜਿਵੇਂ ਗੜਗੱਜ ਸਿੰਘ। ਗਜ ਦਾ ਅਰਥ
ਗੱਜਨਾਂ ਭੀ ਹੈ, ਜਿਵੇਂ ਅੱਜ ਬੱਦਲ ਬਹੁਤ ਗੱਜ ਰਿਹਾ
ਹੈ। ਗਜ, ਗਣੇਸ਼ ਨੂੰ ਭੀ ਕਿਹਾ ਜਾਦਾ ਹੈ। ਰਾਜੇ
ਸੁਗ੍ਰੀਵ ਦੇ ਇਕ ਮੰਤਰੀ ਦਾ ਭੀ ਨਾਮ ਸੀ। ਗਜ ਇਕ
ਮਿਣਤੀ ਦਾ ਭੀ ਪੈਮਾਨਾ ਹੈ ਜੋ ਅਠਤਾਲੀ ਉਗਲਾਂ, ਜਾਂ
ਬਾਰਾਂ ਚਪੇ, ਜਾਂ ਤੇਰਾਂ ਗਿਰਹਾ ਜਾਂ ਦੋ ਹੱਥ ਦਾ ਇਕ ਦਾ ਇਕ ਪੈਮਾਨਾ ਜੋ ਇਕ ਗਜ
ਅਖਵਾਉਂਦਾ ਹੈ। ਅੱਜ ਕੱਲ ਇਸਦੀ ਵਰਤੋਂ ਅਮਰੀਕਾ ਕਨੈਡਾ ਅਤੇ ਯੂ ਕੇ ਵਿੱਚ ਤਾਂ ਕਾਇਮ ਹੈ,
ਪਰ ਭਾਰਤ ਵਿੱਚ ਇਸਦੀ ਥਾਂ ਮੀਟਰ ਨੇ ਲੈ ਲਈ ਹੈ, ਜੋ ਗਜ ਤੋਂ ਥੋੜਾ ਜਿਹਾ ਲੰਬਾਈ ਵਿੱਚ
ਲੰਮੇਰਾ ਹੈ। ਸਰੰਗੀ ਜਾਂ ਸਰੰਦੇ ਨੂੰ ਵਜਾਉਣ ਵਾਲੇ ਕਮਾਨਚੇ
ਨੂੰ ਭੀ ਗਜ ਹੀ ਬੋਲਦੇ ਹਨ। ਬੰਦੂਕ ਨੂੰ ਸਾਫ ਕਰਨ ਜਾਂ ਬੰਦੂਕ
ਵਿੱਚ ਠੋਕ ਕੇ ਬਰੂਦ ਭਰਨ ਲਈ ਵਰਤੇ ਜਾਣ ਵਾਲੇ ਲੋਹੇ ਦੇ ਸਰੀਏ ਨੂੰ ਭੀ ਗੱਜ ਹੀ
ਕਿਹਾ ਜਾਂਦਾ ਹੈ। ਪਠਾਨਾਂ ਦੀ ਫੌਜ ਵਿੱਚ ਮਹਾਨ ਯੋਧੇ
ਨੂੰ ਗਾਜੀ ਕਿਹਾ ਜਾਦਾ ਹੈ।
ਹਮੈ ਨ ਗਜ ਸੈਨਾ ਮਹਿ ਦੀਜੈ॥ ਹਿੰਦੂ
ਧਰਮ ਰਾਖਿ ਕਰ ਲੀਜੈ॥
(ਦੇਖੋ ਮਹਾਨ ਕੋਸ਼ 1430)
ਗਜ ਦਾ ਅਰਥ ਹਾਥੀ ਭੀ ਹੈ। ਇਸਨੂੰ
ਗਜਇਦੰਰ ਹਾਥੀਆਂ ਦਾ ਰਾਜਾ। ਹਾਥੀ ਨੂੰ ਹਸਤੀ ਭੀ ਕਹਿਾ ਗਿਆ ਹੈ
ਹਸਤੀ ਸਿਰ ਜਿਉ ਅੰਕਸ ਹੈ...। ਮਤੰਗ, ਕਰੀ, ਨਾਗ,
ਕੁੰਚਰ ਫੀਲ ਅਤੇ ਐਲੀਫੈਂਟ ਤੇ ਹੈ ਤੇ ਕੁਝ ਹੋਰ ਭੀ ਨਾਮ ਹਨ।
ਬਾਣੀ ਵਿੱਚ ਆਇਆ ਇਹ ਨਾਮ ਦੋ ਅਰਥਾਂ ਵਿੱਚ ਹੀ ਆਇਆ ਹੈ।
ਇਕ ਮਿਣਤੀ ਦੇ ਪੈਮਾਨੇ ਗਜ ਵਾਸਤੇ
ਤੇ ਇਕ ਹਾਥੀ ਵਾਸਤੇ। ਗੁਰਬਾਣੀ ਅੰਦਰ ਆਏ ਇਹ ਦੋਵਾਂ
ਨਾਮਾਂ ਦੇ ਅਧਾਰ ‘ਤੇ ਵਖਰੀ ਵਖਰੀ ਵਿਚਾਰ ਆਪ ਜੀ ਨਾਲ ਸਾਝੀ ਕਰਨ ਦੀ ਆਗਿਆ ਚਾਹਵਾਂਗਾ।
{1} ਗਜ ਕੋ ਤ੍ਰਾਸ ਮਿਟਿਓ ਜਿਹ
ਸਿਮਰਤ ਤੁਮ ਕਾਹੇ ਬਿਸਰਾਵਉ॥ ਪੰਨਾਂ 220॥ਮ:9॥ ਰਾਗ ਗਾਉੜੀ॥
ਜਿਸ ਦਾ ਸਿਮਰਨ ਕਰਕੇ ਹਾਥੀ ਦਾ ਡਰ ਮਿਟ ਗਿਆ ਸੀ, ਤੁਸੀਂ ਉਸਨੂੰ ਕਿਉਂ ਭੁਲਾ ਰਹੇ
ਹੋ।
{2} ਕਾਮ ਸੁਆਇ ਗਜ ਬਸਿ ਪਰੈ ਮਨ
ਬਉਰਾ ਰੇ ਅੰਕਸ ਸਹਿਓ ਸੀਸ। ਪੰਨਾਂ 335॥ ਕਬੀਰ ਜੀ।
ਕਾਮ ਦੇ ਚਸਕੇ ਵਿੱਚ ਗ੍ਰਸਿਆ ਹਾਥੀ ਪਰਾਏ ਵੱਸ ਹੋ ਜਾਂਦਾ ਹੈ, ਤੇ ਫਿਰ ਮਹਾਵਤ ਦਾ
ਕੁੰਡਾ ਅਪਣੇ ਸਿਰ ‘ਤੇ ਸਹਿੰਦਾ ਹੈ।
{3} ਜਬ ਹੀ ਸਰਨਿ ਗਹੀ ਕਿਰਪਾ ਨਿਧਿ
ਗਜ ਗਰਾਹ ਤੇ ਛੂਟਾ॥ ਸੋਰਠਿ ਮ:9॥ 632 ਪੰਨਾਂ॥
ਜਦੋਂ ਹੀ ਦਇਆ ਦੇ ਦਾਤੇ ਪਰਮਾਤਮਾ ਦੀ ਓਟ ਹਾਥੀ ਨੇ ਤੱਕੀ, ਤਾਂ ਤੇਂਦੂਏ ਦੀ ਪਕੜ
ਤੋਂ ਤੋਂ ਹਾਥੀ ਦਾ ਨਿਤਾਰਾ ਹੋ ਗਿਆ।
{4} ਗਜਇੰਦ੍ਰ ਧਿਆਇਓ ਹਰਿ ਕੀਓ
ਮੋਖ॥ ਬਸੰਤ ਮ: 5॥1192 ਪੰਨਾਂ॥
ਵਡੇ ਹਾਥੀ ਨੇ ਤੰਦੂਏ ਦੀ ਫਾਹੀ ਵਿੱਚ ਫੱਸ ਕੇ ਪਰਮਾਤਮਾ ਨੂੰ ਧਿਆਇਆ ਤਾਂ ਪਾਣੀ ਵਿਚ
ਡੁਬਦੇ ਨੂੰ ਪ੍ਰਭੂ ਨੇ ਤੰਦੂਏ ਦੀ ਫਾਹੀ ਤੋਂ ਬਚਾ ਲਿਆ।
{5} ਕਹੁ ਨਾਨਕ ਅਬ ਓਟ ਹਰਿ ਗਜ
ਸਿਉ ਹੋਹੁ ਸਹਾਇ॥ ਸਲੋਕ ਮ:9॥1429ਪੰਨਾਂ॥
ਹੇ ਨਾਨਕ ਆਖ ਇਹੋ ਜੇਹੇ ਵੇਲੇ ਹੁਣ ਤੇਰਾ ਹੀ ਸਹਾਰਾ ਹੈ, ਜਿਵੇਂ ਤੰਦੂਏ ਤੋਂ ਹਾਥੀ
ਨੂੰ ਬਚਾਉਣ ਲਈ ਸਹਇਤਾ ਕੀਤੀ ਸੀ ਉਵੇਂ ਹੁਣ ਸਾਡੇ ਭੀ ਸਹਾਇਕ ਹੋਵੋ ਜੀ।
ਇਥੇ ਤੱਕ ਪੰਜ ਪ੍ਰਮਾਣ ਹਾਥੀ ਅਰਥ ਰੱਖਨ ਵਾਲੀਆਂ ਪੰਕਤੀਆਂ ਦੇ ਆਪ
ਜੀ ਨਾਲ ਸਾਂਝੇ ਕੀਤੇ ਹਨ, ਅਗਲੇਰੇ ਪ੍ਰਮਾਣ ਮਿਣਤੀ ਦੇ ਪੈਮਾਨੇ ਗਜ ਨਾਲ ਸਬੰਧ ਰਖਨ
ਵਾਲੀਆਂ ਪੰਕਤੀਆਂ ਦੇ ਕਰਨ ਦੀ ੳਾਗਿਆ ਚਾਹਵਾਂਗੇ।
(1) ਗਜੀ ਨ ਮਿਨੀਐ ਤੋਲਿ ਨ ਤੁਲੀਐ
ਪਾਚਨ ਸੇਰ ਅਢਾਈ॥ ਗਾਉੜੀ ਕਬੀਰ ਜੀ ॥335 ਪੰਨਾਂ॥
ਸਰੀਰ ਰੂਪੀ ਇਹ ਤਾਣੀ ਗਜਾਂ ਨਾਲ ਨਹੀ ਮਿਣੀ ਜਾਦੀ, ਵਟੇ ਨਾਲ ਤੋਲੀਦੀਂ ਨਹੀਂ, ਫਿਰ
ਭੀ ਇਸ ਨੂੰ ਢਾਈ ਸੇਰ ਖੁਰਾਕ ਰੋਜ ਪਾਣ ਵਾਸਤੇ ਚਾਹੀਦੀ ਹੈ।
(2) ਗਜ ਸਾਢੇ ਤੈ ਤੈ ਧੋਤੀਆ ਤਿਹਰੇ
ਪਾਇਨ ਤਗ॥ ਕਬੀਰ ਜੀ॥476 ਪੰਨਾਂ ਆਸਾ ਰਾਗ॥
ਜੋ ਮਨੁਖ ਸਾਢੇ ਤਿੰਨ ਤਿੰਨ ਗਜ ਧੋਤੀਆਂ ਪਹਿਨਦੇ ਹਨ, ਤਿੰਨਾਂ ਤੰਦਾਂ ਵਾਲੇ ਜਨੇਉ
ਪਾਂਦੇ ਹਨ।
(3) ਮਨ ਮੇਰੋ ਗਜ ਜਿਹਬਾ ਮੇਰੀ
ਕਾਤੀ॥ਆਸਾ ਨਾਮਦੇਵ ਜੀ ॥485 ਪੰਨਾਂ॥
ਭਗਤ ਨਾਮਦੇਵ ਜੀ ਫੁਰਮਾਨ ਕਰਦੇ ਹਨ ਕਿ ਪ੍ਰਭੂ ਦੀ ਭਗਤੀ ਕਰਦਿਆਂ ਕਰਦਿਆਂ ਮੇਰਾ ਮਨ
ਗਜ ਬਣ ਗਿਆ ਹੈ, ਤੇ ਰਸਨਾਂ ਮੇਰੀ ਕੈਂਚੀ ਬਣ ਗਈ ਹੈ।
(4) ਗਜ ਨਵ ਗਜ ਦਸ ਗਜ ਇਕੀਸ
ਪੁਰੀਆ ਏਕ ਤਨਾਈ॥ ਕਬੀਰ ਜੀ ਰਾਗ ਗਾਉੜੀ॥33 ਪੰਨਾਂ॥
ਜਦੋਂ ਜੀਵ ਜਨਮ ਲੈਦਾਂ ਹੈ, ਤਾਂ 40 ਗਜ ਦੀ ਇਕ ਪੂਰੀ ਤਾਣੀ ਬਣ
ਜਾਂਦੀ ਹੈ। ਜਿਸ
ਵਿੱਚ ਨੌ ਗੋਲਕਾਂ ਦੱਸ ਇੰਦ੍ਰੇ ਤੇ ਇਕੀ ਗਜ ਹੋਰ ਹੁੰਦੇ ਹਨ।
ਅੱਜ ਇਤਨੀ ਵਿਚਾਰ ਪ੍ਰਵਾਨ ਕਰ ਲੈਣੀ ਜੀ ਭੁਲਚੁਕ ਦੀ ਖਿਮਾਂ।
ਪ੍ਰਕਰਨ ਲਿਖਿਆ 9 ਨਵੰਬਰ 2013 ਸ਼ਨੀਵਾਰ
<<
ਸ. ਦਲੇਰ ਸਿੰਘ ਜੋਸ਼ ਜੀ ਦੇ ਹੋਰ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ
ਜੀ। >>