Share on Facebook

Main News Page

ਜਬ ਬੜਾ ਪੇੜ ਗਿਰਤਾ ਹੈ, ਤੋ ਧਰਤੀ ਕਾਂਪਤੀ ਹੈ...
-: ਮਝੈਲ ਸਿੰਘ ਸਰਾਂ

ਲਫ਼ਜ਼ ਤਾਂ ਇਹ ਅੱਠ-ਦਸ ਕੁ ਹੀ ਹਨ ਪਰ ਇਹ 29 ਸਾਲਾਂ ਤੋਂ ਸਿੱਖਾਂ ਦੇ ਸੀਨੇ ਵਿਚ ਕਿੱਲ ਵਾਂਗ ਖੁੱਭੇ ਪਏ ਹਨ। ਇਨ੍ਹਾਂ ਲਫ਼ਜ਼ਾਂ ਨੇ ਸਿੱਖਾਂ ਉਤੇ ਉਹ ਹਨ੍ਹੇਰੀ ਝੁਲਾਈ ਕਿ ਰਹੇ ਰੱਬ ਦਾ ਨਾਂ! ਅੱਜ ਤੱਕ ਇਹਦਾ ਅਸਰ ਪੈ ਰਿਹਾ ਹੈ। ਕਿਸੀ ਵੱਡੀ ਘਟਨਾ ਤੋਂ ਬਾਅਦ ਕਿਸੇ ਵੱਡੇ ਲੀਡਰ ਦੇ ਮੂੰਹੋਂ ਨਿਕਲੇ ਲਫ਼ਜ਼ਾਂ ਦਾ ਕੋਈ ਮਕਸਦ ਹੁੰਦਾ ਹੈ। ਕੋਈ ਵੀ ਫੈਸਲਾ ਸੁਨੇਹੇ ਦੇ ਰੂਪ ਵਿਚ ਮੁਲਕ ਦੀ ਜਨਤਾ ਅਤੇ ਹਾਕਮਾਂ ਨੂੰ ਦਿੱਤਾ ਜਾਂਦਾ ਕਿ ਵਾਪਰੀ ਘਟਨਾ ਨਾਲ ਆਉਣ ਵਾਲੇ ਵਕਤ ਵਿਚ ਕਿੱਦਾਂ ਨਜਿੱਠਣਾ ਹੈ। ਇਨ੍ਹਾਂ ਲਫ਼ਜ਼ਾਂ ਨੇ ਵੀ 29 ਸਾਲ ਪਹਿਲਾਂ ਫੈਸਲਾ ਕਰ ਦਿੱਤਾ ਇਕ ਕੌਮ ਦੀ ਨਸਲਕੁਸ਼ੀ ਦਾ ਅਤੇ ਮੁਲਕ ਦੇ ਹਾਕਮਾਂ ਤੇ ਜਨਤਾ ਨੇ ਇਸ ਉਤੇ ਪਹਿਰਾ ਦਿੱਤਾ। ਮੁਲਕ ਦੀ ਰਾਜਧਾਨੀ ਤੋਂ ਸ਼ੁਰੂ ਹੋਈ ਇਹ ਨਸਲਕੁਸ਼ੀ ਇਕ ਵਾਢਿਉਂ ਇਕ ਕੌਮ ਦੇ ਲੋਕਾਂ ਨੂੰ ਜਿਉਂਦਿਆਂ ਸਾੜਨ, ਵੱਢ-ਕੱਟ ਕਰਨ, ਜਬਰ ਜਨਾਹਾਂ, ਘਰ-ਬਾਰਾਂ ਤੇ ਹੋਰ ਵਸੀਲਿਆਂ ਨੂੰ ਮਿੱਥ ਕੇ ਅੱਗਾਂ ਲਾ ਕੇ ਜਾਲਣ ਦੀ ਕਰਤੂਤ ਸਾਰੇ ਮੁਲਕ ਵਿਚ ਫੈਲ ਗਈ। ਐਸੀ ‘ਧਰਤੀ ਕੰਬਾਈ’ ਕਿ ਨਾਮੋ-ਨਿਸ਼ਾਨ ਤੱਕ ਮਿਟਾ ਦਿੱਤੇ। ‘ਧਰਤੀ ਕਾਂਪਤੀ’ ਦਾ ਅਸਰ ਥੋੜ੍ਹਾ ਚਿਰਾ ਨਹੀਂ ਸੀ, ਬੜਾ ਵਿਉਂਤਬੰਦ ਤੇ ਲੰਮੇ ਸਮੇਂ ਤੱਕ ਰਹਿਣ ਵਾਲਾ ਸੀ। ਮੂਲ ਮੁੱਦੇ ਤੋਂ ਲਾਂਭੇ ਕਰਨ ਲਈ ਬੋਲੀ ਵਿਚ ਅਸ਼ਲੀਲਤਾ ਭਰੀ ਅਤੇ ਧਰਮ ਤੋਂ ਅਲੱਗ ਕਰਨ ਲਈ ਗੁਰੂਡੰਮ ਦਾ ਪਸਾਰਾ ਕੀਤਾ ਜਾ ਰਿਹਾ ਹੈ। ਕੌਮ ਵਿਚ ਫੁੱਟ ਪਾਉਣ ਲਈ ਉਸੇ ਕੌਮ ਦੇ ਧਰਮ ਨੂੰ ਵਰਤਿਆ ਜਾ ਰਿਹਾ ਹੈ।

ਉਦਾਂ ਤਾਂ ਹਰ ਸਿੱਖ ਸਿਰਲੇਖ ਵਾਲੇ ਇਨ੍ਹਾਂ ਲਫ਼ਜ਼ਾਂ ਤੋਂ ਜਾਣੂੰ ਹੈ, ਫਿਰ ਵੀ ਇਨ੍ਹਾਂ ਲਫਜ਼ਾਂ ਬਾਰੇ ਜਾਣਕਾਰੀ ਗੱਲ ਕਰ ਲਈਏ। 31 ਅਕਤੂਬਰ 1984 ਨੂੰ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਉਹਦੇ ਦੋ ਗਾਰਡਾਂ ਨੇ ਕਰ ਦਿੱਤਾ। ਬਿਨਾਂ ਸ਼ੱਕ, ਇਹ ਵੱਡਾ ਸਿਆਸੀ ਕਤਲ ਸੀ, ਖਾਸ ਕਰ ਕੇ ਉਦੋਂ ਜਦੋਂ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਫੌਜੀ ਹਮਲਾ ਕਰ ਕੇ ਭਾਰਤੀ ਸਮਾਜ ਵਿਚ ਹਰਮਨਪਿਆਰੀ ਸ਼ਖ਼ਸੀਅਤ ਦਾ ਰੁਤਬਾ ਹਾਸਲ ਕਰ ਲਿਆ ਸੀ। ਫਿਰ ਇਸ ਵੱਡੇ ਕਤਲ ਦਾ ਪ੍ਰਤੀਕਰਮ ਹੋਣਾ ਵੀ ਸੁਭਾਵਿਕ ਸੀ।

ਭਾਰਤੀ ਮੀਡੀਆ ਨੇ ਇਸ ਕਤਲ ਵਿਚ ਸਕਿਉਰਿਟੀ ਗਾਰਡਾਂ ਨਾਲੋਂ ਸਿੱਖ ਗਾਰਡਾਂ ਦਾ ਜ਼ਿਕਰ ਅਹਿਮੀਅਤ ਨਾਲ ਕੀਤਾ। ਬਸ! ਫਿਰ ਦਾੜ੍ਹੀ, ਕੇਸਾਂ ਤੇ ਪੱਗਾਂ ਵਾਲਿਆਂ ਨਾਲ ਸ਼ੁਰੂ ਹੋ ਗਈ ਦਰਿੰਦਗੀ ਤੇ ਨਫ਼ਰਤ ਦੀ ਅੱਗ। ਦੁਨੀਆਂ ਦੀ ਸਭ ਤੋਂ ਵੱਡੀ ਲੋਕਰਾਜੀ ਰਾਜਧਾਨੀ ਦਿੱਲੀ, ਜੰਗਲ ਰਾਜ ਵਿਚ ਵਟ ਰਹੀ ਸੀ, ਉਹ ਵੀ ਸਿਰਫ਼ ਸਿੱਖਾਂ ਖਿਲਾਫ਼। ਕਿਸੇ ਵੀ ਲੋਕਰਾਜੀ ਲੀਡਰ ਨੂੰ ਇਹਦੇ ਨਾਲ ਕੋਈ ਵਾਸਤਾ ਨਹੀਂ ਸੀ, ਉਹ ਤਾਂ ਆਪੋ-ਆਪਣੀ ਕੁਰਸੀ ਲੈਣ ਦੇ ਆਹਰੇ ਲੱਗੇ ਹੋਏ ਸਨ। ਇਨ੍ਹਾਂ ਹੀ ਵਿਉਂਤਬੰਦੀਆਂ ਵਿਚ ਮੁਲਕ ਦੇ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਨਹਿਰੂ ਟੱਬਰ ਦੀ ਝਾੜੂ-ਬਰਦਾਰੀ ਦਾ ਸਬੂਤ ਦਿੰਦਿਆਂ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ, ਤੇ ਉਹ ਸਾਰੀ ਲਗੌੜ ਪਾਰਟੀ ਜਿਹੜੀ ਕਦੇ ਸੰਜੇ ਗਾਂਧੀ ਨਾਲ ਹੁੰਦੀ ਸੀ, ਹੁਣ ਇਹਦੇ ਦੁਆਲੇ ਇਕੱਠੀ ਹੋ ਗਈ ਤੇ ਇਸ਼ਾਰੇ ਦੀ ਉਡੀਕ ਕਰਨ ਲੱਗੀ।

ਬਤੌਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਜਿਹੜਾ ਪਹਿਲਾ ਭਾਸ਼ਣ ਦਿੱਤਾ, ਉਸ ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਠੀ ਨਫ਼ਰਤ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ- ‘ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ।’ ਇਸ ਦਾ ਸਿੱਧਾ ਤੇ ਸਪਸ਼ਟ ਮਤਲਬ ਸੀ ਕਿ ਇੰਦਰਾ ਗਾਂਧੀ ਦਾ ਕਤਲ ਹੋਣ ‘ਤੇ ਸਿੱਖਾਂ ਨੂੰ ਇੰਨਾ ਕੁ ਮੁੱਲ ਤਾਂ ਤਾਰਨਾ ਹੀ ਪੈਣਾ ਹੈ। ਉਹਦੇ ਇਸ ਭਾਸ਼ਣ ਨੇ ਬਲਦੀ ‘ਤੇ ਤੇਲ ਪਾ ਦਿੱਤਾ ਤੇ ਮੁਜਰਮਾਨਾ ਬਿਰਤੀ ਵਾਲੇ ਤਮਾਮ ਲੀਡਰਾਂ ਨੇ ਕਮਾਨ ਸੰਭਾਲ ਲਈ ਧਰਤੀ ਕੰਬਾਉਣ ਦੀ।

ਧਰਤੀ ਕੰਬਾਉਣ ਵਾਲੇ ਇਨ੍ਹਾਂ ਲਫ਼ਜ਼ਾਂ ਦਾ ਅਸਰ ਇਹ ਹੋਇਆ ਕਿ ਇਨ੍ਹਾਂ ਨੇ ਸਿੱਖਾਂ ਲਈ ਅਗਾਂਹ ਨਵੀਆਂ ਚੁਣੌਤੀਆਂ ਲਿਆ ਖੜ੍ਹੀਆਂ ਕੀਤੀਆਂ। ਪਹਿਲਾਂ ਤਾਂ ਸਿੱਖ ਮੁਲਕ ਵਿਚ ਆਪਣੇ ਆਪ ਨੂੰ ਬਰਾਬਰ ਦੇ ਹੱਕਦਾਰ ਕਹਾਉਣ ਲਈ ਜੱਦੋ-ਜਹਿਦ ਕਰਦੇ ਸੀ ਪਰ ‘ਬੜਾ ਪੇੜ ਗਿਰਨ’ ਨਾਲ ਉਸੇ ਮੁਲਕ ਵਿਚ ਖੁਦ ਨੂੰ ਪਰਾਏ ਸਮਝਣ ਲਈ ਮਜਬੂਰ ਕਰ ਦਿੱਤਾ ਗਿਆ। ਇਹੀ ਨਹੀਂ, ਦੁਸ਼ਮਣਾਂ ਵਰਗਾ ਸਲੂਕ ਸ਼ੁਰੂ ਕਰ ਦਿੱਤਾ।

ਇਨਸਾਫ਼ ਦੇ ਦਰਵਾਜ਼ੇ ਇਕ ਤਰ੍ਹਾਂ ਨਾਲ ਬੰਦ ਹੀ ਕਰ ਦਿੱਤੇ। ਹੈਰਤ-ਅੰਗੇਜ਼ ਨਹੀਂ ਕਿ ਹੋਵੇ ਮੁਲਕ ਦੀ ਰਾਜਧਾਨੀ; ਹਜ਼ਾਰਾਂ ਲੋਕਾਂ (ਸਿੱਖਾਂ) ਦੇ ਕਤਲ ਦਿਨ-ਦਿਹਾੜੇ ਲੋਕਾਂ ਦੀਆਂ ਅੱਖਾਂ ਸਾਹਮਣੇ ਹੋਏ ਹੋਣ; ਘਰਾਂ, ਦੁਕਾਨਾਂ, ਕਾਰੋਬਾਰਾਂ ਤੇ ਵਾਹਨਾਂ, ਇਥੋਂ ਤੱਕ ਕਿ ਗੁਰਦੁਆਰਿਆਂ ਨੂੰ ਅੱਗ ਲਾ ਕੇ ਸੁਆਹ ਕਰ ਦਿੱਤਾ ਹੋਵੇ; ਬੇਸ਼ਰਮੀ ਇਸ ਕਦਰ ਕਿ ਸੜਕਾਂ ‘ਤੇ ਜਬਰ ਜਨਾਹ ਹੋਏ ਤੇ ਕਰਨ ਵਾਲਿਆਂ ਦੀ ਪਛਾਣ ਵੀ ਹੋ ਗਈ; ਪਰ 29 ਸਾਲਾਂ ਬਾਅਦ ਵੀ ਭਾਰਤੀ ਸਟੇਟ ਪੂਰਾ ਇਨਸਾਫ਼ ਇਹ ਕਹਿ ਕੇ ਟਾਲ ਰਹੀ ਹੈ ਕਿ ਹੁਣ ਬੀਤੇ ਨੂੰ ਭੁੱਲ ਵੀ ਜਾਓ......! ਇਹ ਧਰਤੀ ਕਾਹਦੀ ਕੰਬੀ, ਸਿੱਖਾਂ ਦੇ ਨਾਂ ਨਾਲ ਨਫ਼ਰਤ ਭਰੇ ਤਖੱਲਸ ਅਤਿਵਾਦੀ, ਵੱਖਵਾਦੀ ਜੋੜ ਦਿੱਤੇ ਗਏ। ਜੇ ਸਿੱਖ ਸੱਚਮੁੱਚ ਹੀ ਵੱਖਵਾਦੀ ਹੁੰਦੇ ਤਾਂ 29 ਸਾਲਾਂ ਤੋਂ ਮੁੜ-ਮੁੜ, ਸਟੇਟ ਦੀਆਂ ਉਨ੍ਹਾਂ ਹੀ ਅਦਾਲਤਾਂ ਵਿਚ ਇਨਸਾਫ਼ ਲੈਣ ਜਾਂਦੇ ਜਿਥੇ ਪਹਿਲਾਂ ਹੀ ਬਹਾਨੇ ਬਣਾ-ਬਣਾ ਕੇ ਅਨਿਆਂ ਕੀਤਾ ਜਾਂਦਾ ਹੈ?

ਬੜਾ ਸਬਰ ਰੱਖਿਆ ਸਿੱਖਾਂ ਨੇ। ਇਹ ਜਾਣਦੇ ਹੋਏ ਵੀ ਕਿ ਇਨਸਾਫ਼ ਨਹੀਂ ਮਿਲਣਾ, ਕੋਈ ਹੋਰ ਵੱਖਰਾ ਰਸਤਾ ਅਖ਼ਤਿਆਰ ਨਹੀਂ ਕੀਤਾ ਮੁਲਜ਼ਮਾਂ ਨੂੰ ਸਜ਼ਾ ਦੇਣ ਦਾ। ਫਿਰ ਕਿੱਦਾਂ ਵੱਖਵਾਦੀ ਹੋ ਗਏ ਸਿੱਖ? ਕੀ ਘੱਟ-ਗਿਣਤੀਆਂ ਵੱਲੋਂ ਇਨਸਾਫ਼ ਮੰਗਣਾ ਤੇ ਹੱਕਾਂ ‘ਤੇ ਪਹਿਰਾ ਦੇਣਾ ਭਾਰਤ ਵਰਗੇ ਮੁਲਕ ਦੀ ਡਿਕਸ਼ਨਰੀ ਵਿਚ ਵੱਖਵਾਦੀ ਹੁੰਦਾ ਹੈ? ਮੁਲਕ ਦੀ ਏਕਤਾ ਤੇ ਅਖੰਡਤਾ ਜਿਹੜੀ 1947 ਤੋਂ ਬਾਅਦ ਅਸਲ ਵਿਚ ਗਾਇਬ ਹੀ ਦਿਸਦੀ ਹੈ, ਕੀ ਇੱਦਾਂ ਹੀ ਘੱਟ-ਗਿਣਤੀਆਂ ਦੀ ਨਸਲਕੁਸ਼ੀ ਕਰ ਕੇ ਬਚਣੀ ਹੈ? ਫਿਰ ਪੋਚਾ ਪਾਉਣਾ ਇਹ ਕਹਿ ਕੇ, ਕਿ ‘ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ’। ਪੂਰੀ ਗਿਣੀ-ਮਿਥੀ ਸਾਜ਼ਿਸ਼ ਹੇਠ ਬੋਲੇ ਗਏ ਸਨ ਇਹ ਲਫ਼ਜ਼। ਇਹ ਲਫ਼ਜ਼ ਇਕੱਲੇ ਰਾਜੀਵ ਗਾਂਧੀ ਦੇ ਨਹੀਂ ਸਨ, ਇਹ ਭਾਰਤੀ ਸਟੇਟ ਦੇ ਲਫ਼ਜ਼ ਸਨ ਸੰਘਰਸ਼ ਕਰਦੀ ਕੌਮ ਲਈ, ਤੇ ਉਹਨੂੰ ਦੁਬੇਲ ਬਣਾ ਕੇ ਰੱਖਣ ਦੇ। ਅੱਜ ਵੀ ਕੁਝ ਲੋਕ ਇਹ ਕਹਿ ਕੇ ਇਨ੍ਹਾਂ ਲਫ਼ਜ਼ਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦੇ ਕਿ ਉਦੋਂ ਰਾਜੀਵ ਗਾਂਧੀ ਅਜੇ ਰਾਜਨੀਤੀ ਵਿਚ ਪਰਪੱਕ ਨਹੀਂ ਸੀ ਤੇ ਉਹਦੇ ਦਿਲ-ਦਿਮਾਗ ‘ਤੇ ਆਪਣੀ ਮਾਂ ਇੰਦਰਾ ਗਾਂਧੀ ਦੇ ਕਤਲ ਦਾ ਸਦਮਾ ਵੀ ਸੀ। ਇਹ ਬਿਲਕੁਲ ਨਿਰਮੂਲ ਦਲੀਲ ਹੈ, ਨਿਰੀ ਪਰਦੇ ਪਾਉਣ ਵਾਲੀ। ਬਤੌਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਇਹ ਭਾਸ਼ਣ ਲਿਖ ਕੇ ਦਿਤਾ ਗਿਆ ਸੀ।

ਦਿੱਲੀ ਸਿੰਘਾਸਨ ਨੇ ਸਿੱਖਾਂ ਨਾਲ ਵਫਾਈ ਘੱਟ ਹੀ ਕੀਤੀ ਹੈ। ਹੁਣ ਤਾਂ ਹਿੰਦੋਸਤਾਨ ਵਿਚ ਵਸਦੀਆਂ ਸਾਰੀਆਂ ਘੱਟ-ਗਿਣਤੀਆਂ ਵੱਲ ਇਹਦਾ ਵਤੀਰਾ ਮਤਰੇਈ ਮਾਂ ਵਰਗਾ ਹੋ ਚੁੱਕਾ ਹੈ। ਇਕ ਬੜਾ ਭਰਮਾਊ ਲਫ਼ਜ਼ ‘ਮੁੱਖ ਧਾਰਾ’ ਭਾਰਤੀ ਸਟੇਟ ਨੇ ਲੱਭਿਆ ਹੋਇਆ ਹੈ। ਜਿਹੜਾ ਵੀ ਕੋਈ ਮਾੜਾ ਜਿਹਾ ਕੁਸਕਦਾ ਹੈ, ਇਹ ਇਲਜ਼ਾਮ ਲਾ ਕੇ ਕਿ ਇਹ ਮੁੱਖ ਧਾਰਾ ਤੋਂ ਮੁਨਕਰ ਹੋ ਕੇ ਏਕਤਾ ਤੇ ਅਖੰਡਤਾ ਨੂੰ ਖ਼ਤਰਾ ਪੈਦਾ ਕਰ ਰਿਹਾ ਹੈ, ਸਮੁੱਚੀ ਸਟੇਟ ਉਹਦੇ ਮਗਰ ਪੈ ਜਾਂਦੀ ਹੈ। ਇਹ ਮੁੱਖ ਧਾਰਾ ਭਲਾ ਕਹਿੰਦੇ ਕਿਹਨੂੰ ਆ ਜਿਹਨੂੰ ਸਿਰਫ਼ ਘੱਟ-ਗਿਣਤੀਆਂ ਤੋਂ ਹੀ ਖ਼ਤਰਾ ਹੈ? ਜਿਨ੍ਹਾਂ ਸਿੱਖਾਂ ਨੇ ਆਪਣਾ ਸਾਰਾ ਕੁਝ ਦਾਅ ‘ਤੇ ਲਾ ਕੇ ਸਾਰੀਆਂ ਹਬੀਆਂ-ਨਬੀਆਂ ਆਪਣੇ ਪਿੰਡੇ ਉਤੇ ਝੱਲ ਕੇ ਮੁਲਕ ਆਜ਼ਾਦ ਕਰਵਾਇਆ ਹੋਵੇ, ਆਪਣਾ ਨਸੀਬ ਵੀ ਉਸੇ ਮੁਲਕ ਦੀ ਧਾਰਾ ਨਾਲ ਪੱਕਾ ਜੋੜ ਲਿਆ ਹੋਵੇ, ਕੀ ਉਨ੍ਹਾਂ ਦਾ ਕਸੂਰ ਇਹੀ ਹੈ ਕਿ ਉਨ੍ਹਾਂ ਹੱਕ ਮੰਗ ਲਿਆ! ਨਾਲੇ ਦੱਸੋ ਭਲਾ, ਵਾਅਦਾ ਕਰ ਕੇ ਮੁਕਰਨਾ ਮੁੱਖ ਧਾਰਾ ਹੁੰਦੀ ਆ?

ਕੀ ਇਕ ਖਿੱਤੇ ਦੇ ਵਸਨੀਕਾਂ ਨਾਲ, ਉਨ੍ਹਾਂ ਦੀ ਬੋਲੀ ਨਾਲ ਦਵੈਤ ਰੱਖਣਾ ਤੇ ਉਸ ਸੂਬੇ ਨੂੰ ਛਾਂਗ ਕੇ ਰੁੰਡ-ਮਰੁੰਡ ਕਰਨਾ ਤੇ ਉਹਦੇ ਵਗਦੇ ਦਰਿਆਵਾਂ ਵਿਚੋਂ ਆਪਣੀ ਮਰਜ਼ੀ ਨਾਲ ਪਾਣੀ ਨਾ ਵਰਤਣ ਦੇਣਾ, ਉਥੇ ਵਸਦੇ ਲੋਕਾਂ ਦੇ ਨਿਆਰੇ ਤੇ ਨਿਵੇਕਲੇ ਧਰਮ ਵਿਚ ਬੇਵਜ੍ਹਾ ਦਖ਼ਲ-ਅੰਦਾਜ਼ੀ ਕਰਨੀ ਮੁੱਖ ਧਾਰਾ ਹੁੰਦੀ ਹੈ? ਕੀ ਧਾਰਮਿਕ ਸਥਾਨ ‘ਤੇ ਫੌਜਾਂ ਚੜ੍ਹਾ ਕੇ ਤੋਪਾਂ ਨਾਲ ਬੇਗੁਨਾਹ ਬੱਚਿਆਂ, ਬੀਬੀਆਂ, ਬਜ਼ੁਰਗਾਂ, ਜੁਆਨਾਂ ਨੂੰ ਜਲੀਲ ਕਰ ਕੇ ਗੋਲੀਆਂ ਨਾਲ ਭੁੰਨਣਾ ਮੁੱਖ ਧਾਰਾ ਹੈ? ਕੀ ਸਟੇਟ ਦੀ ਹਮਾਇਤ ਨਾਲ ਬਣੀਆਂ ਗੁੰਡਾ ਫੋਰਸਾਂ ਆਲਮ ਸੈਨਾ, ਬਲੈਕ ਕੈਟਸ, ਸਲਵਾ ਜੂਡਮ ਤੇ ਹੋਰ ਕਿੰਨੀਆਂ ਹੀ ਖੂੰਖਾਰ ਸੈਨਾਵਾਂ ਮੁੱਖ ਧਾਰਾ ਦਾ ਹਿੱਸਾ ਹੁੰਦੀਆਂ ਜਿਨ੍ਹਾਂ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਹੈ?

ਕੀ ਮੁੱਖ ਧਾਰਾ ਆਪਣੀ ਫੌਜ ਨੂੰ ਇਹੋ ਕਹਿੰਦੀ ਹੈ ਕਿ ਬੰਦੂਕ ਦੀ ਨੋਕ ‘ਤੇ ਇਕ ਫਿਰਕੇ ਦੇ ਨਿਹੱਥੇ ਲੋਕਾਂ ਦੀਆਂ ਬਹੂ-ਬੇਟੀਆਂ ਨਾਲ ਸਮੂਹਕ ਜਬਰ ਜਨਾਹ ਕਰੋ? ਕੀ ਇਹੋ ਜਿਹੇ ਲੀਡਰਾਂ ਦੀ ਜੈ-ਜੈਕਾਰ ਕਰਨੀ ਮੁੱਖ ਧਾਰਾ ਹੁੰਦੀ ਹੈ ਜਿਹੜੇ ਕਿਸੇ ਕੌਮ ਦੇ ਨਸਲਘਾਤ ਨੂੰ ਵਾਜਬ ਠਹਿਰਾਉਣ ਲਈ ਇਹ ਲਫ਼ਜ਼ ਬੋਲਣ ਕਿ ‘ਧਰਤੀ ਕਾਂਪਤੀ ਹੈ?’ ਕੀ ਗੁਰੂਆਂ ਦੀ ਪਵਿੱਤਰ ਧਰਤੀ ਉਤੇ ਮਾਰੂ ਨਸ਼ਿਆਂ ਦਾ ਹੜ੍ਹ ਵਗਾ ਕੇ 30 ਪ੍ਰਤੀਸ਼ਤ ਮੁੰਡਿਆਂ ਨੂੰ ਖੱਸੀ ਕਰਨ ਵਾਲੇ ਇਹ ਸਾਰੇ ਹੀ ‘ਦਾਨਿਸ਼ਮੰਦ ਸੌਦਾਗਰ’ ਲੀਡਰ ਮੁੱਖ ਧਾਰਾ ਦੇ ਸਰਬਰਾਹ ਹਨ? ਕੀ ਹਜ਼ਾਰਾਂ ਹੀ ਨੌਜਵਾਨਾਂ ਦੇ ਸਿਵਿਆਂ ਦੀ ਸੁਆਹ ‘ਤੇ ਆਪਣੀ ਰਾਜ ਗੱਦੀ ਦੀ ਕੁਰਸੀ ਡਾਹ ਕੇ ਉਨ੍ਹਾਂ ਹੀ ਤੁਅਸਬੀ ਲੀਡਰਾਂ ਦੇ ਗੁਣਗਾਨ ਕਰਨਾ ਕਿ ‘ਸਬੱਬ ਨਾਲ ਹੀ ਇਹ ਸਭ ਕੁਝ ਵਾਪਰਿਆ’ ਤੇ ਜਿਨ੍ਹਾਂ ਨੇ ਕੌਮ ਨੂੰ ਹਾਸਲ ਕੁਝ ਵੀ ਨਾ ਕਰ ਕੇ ਦਿੱਤਾ, ਮੁੱਖ ਧਾਰਾ ਹੈ?

ਕੀ ਮੁੱਖ ਧਾਰਾ ਇਸ ਨੂੰ ਕਿਹਾ ਜਾਂਦਾ ਹੈ ਜਿਹਨੇ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਦੇ ਰਜਿਸਟਰ ਵਿਚ ਦਰਜ ਕਰ ਦਿੱਤਾ ਜਿਨ੍ਹਾਂ ਦੇ ਮਾਪੇ ਅਜੇ ਵੀ ਕਿਸੇ ਆਸ ਵਿਚ ਉਨ੍ਹਾਂ ਦੇ ਭੋਗ ਨਹੀਂ ਪੁਆਉਂਦੇ ਤੇ ਜੇ ਇਕ ਇਨਸਾਨ ਨੇ ਜਿਗਰਾ ਕਰ ਕੇ ਉਨ੍ਹਾਂ ਦੇ ਕਿੱਸੇ ਫਰੋਲਣੇ ਸ਼ੁਰੂ ਕੀਤੇ ਤਾਂ ਇਸ ‘ਮੁੱਖ ਧਾਰਾ’ ਨੇ ਉਸ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ। ਜਾਂ ਕੀ ਇਨਸਾਫ਼ ਦੀ ਅੱਖ ਦੇ ਟੀਰ ਨੂੰ ਵੀ ਮੁੱਖ ਧਾਰਾ ਕਹਿ ਦੇਈਏ ਜਿਹੜਾ ਇਨਸਾਫ਼ ਦੇ ਤਰਾਜੂ ਨਾਲ ਸਮੂਹਿਕ ਚੇਤਨਾ ਦਾ ਪਾਂਸਕੂ ਬੰਨ੍ਹ ਕੇ ਕਿਸੇ ਵੀ ਬੇਗੁਨਾਹ ਨੂੰ ਫਾਂਸੀ ਦੇ ਫੰਦੇ ਉਤੇ ਚੜ੍ਹਾ ਦੇਵੇ ਤੇ ਹੋਣਹਾਰ ਨੌਜਵਾਨ ਨੂੰ ਨੀਮ-ਪਾਗਲਪਣ ਦੇ ਦਰਵਾਜ਼ੇ ਤੱਕ ਪਹੁੰਚਾ ਕੇ ਫਿਰ ਫਾਂਸੀ ਲਾਉਣ ਲਈ ਬਜ਼ਿੱਦ ਹੋਵੇ?

ਉਪਰ ਬਿਆਨੀ ਇਸ ਮੁੱਖ ਧਾਰਾ ਨੂੰ ਇਤਨੀ ਪਵਿੱਤਰ ਦੇਵੀ ਦਾ ਨਾਂ ਦਿੱਤਾ ਗਿਆ ਹੈ ਕਿ ਲੱਖਾਂ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਆਦਿਵਾਸੀਆਂ, ਬੋਡੋਆਂ, ਨਾਗਿਆਂ, ਆਸਾਮੀਆਂ, ਮਨੀਪੁਰੀਆਂ ਦੀ ਬਲੀ ਲੈ ਕੇ ਵੀ ਇਹ ਨਹੀਂ ਰੱਜੀ। ਇਹਨੂੰ ਮਹਿਫ਼ੂਜ਼ ਰੱਖਣ ਲਈ ਨਵੇਂ ਕਾਨੂੰਨ ਘੜੇ ਜਾਂਦੇ ਹਨ ਅਤੇ ਪਹਿਲਿਆਂ ਵਿਚ ਸੋਧ ਕੀਤੀ ਜਾਂਦੀ ਹੈ ਤਾਂ ਕਿ ਦਹਾਕਿਆਂ ਤੱਕ ਇਨਸਾਫ ਕਰਨ ਵਿਚ ਬਦਨੀਅਤੀ ਬਣੀ ਰਹੇ ਤੇ ਦੁਨੀਆਂ ਨੂੰ ਭਰਮ ਇਹੋ ਪਾਇਆ ਜਾਵੇ ਕਿ ਸਭ ਕੁਝ ਕਾਨੂੰਨ ਦੇ ਦਾਇਰੇ ਵਿਚ ਹੋ ਰਿਹਾ ਹੈ। 1947 ਤੋਂ ਬਾਅਦ ਜਿਵੇਂ-ਜਿਵੇਂ ਮੁੱਖ ਧਾਰਾ ਦੀ ਟੋਪੀ ਵਾਲਿਆਂ ਦੀ ਪਕੜ ਭਾਰਤੀ ਸਟੇਟ ਉਤੇ ਮਜ਼ਬੂਤ ਹੁੰਦੀ ਗਈ, ਨਾਲ ਦੀ ਨਾਲ ਸਿੱਖਾਂ ਨਾਲ ਤੱਦੀਆਂ ਵੀ ਵਧਦੀਆਂ ਗਈਆਂ। ਉਸ ਦਿਨ ਤਾਂ ਹੱਦ ਹੀ ਮੁਕਾ ਦਿੱਤੀ ਗਈ ਜਿੱਦਣ ਸਾਰੇ ਪੰਜਾਬ ਵਿਚ ਕਰਫਿਊ ਲਾ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਪਾਂ ਨਾਲ ਉਡਾ ਦਿੱਤਾ। ਸਿੱਖ ਇਸ ਕਹਿਰ ਨਾਲ ਝੰਜੋੜੇ ਗਏ। ਸਿੱਖ ਮਨਾਂ ਵਿਚ ਖਾਮੋਸ਼ ਬਗਾਵਤ ਦਾ ਬੀਜ ਬੀਜਿਆ ਗਿਆ ਜਿਸ ਦਾ ਤਤਕਾਲੀ ਅਸਰ ਹੋਇਆ। ਆਮ ਸਿੱਖ ਅੰਦਰੋ-ਅੰਦਰੀ ਗੁੱਸੇਖੋਰ ਹੋ ਗਿਆ। ਬਲਦੀ ਉਤੇ ਤੇਲ ਪਾਇਆ ਅੰਮ੍ਰਿਤਸਰ ਸ਼ਹਿਰ ਦੇ ਹੀ ਕੁਝ ਨਾ-ਸ਼ੁਕਰੇ ਲੋਕਾਂ ਨੇ। ਜਦੋਂ ਹਰਿਮੰਦਰ ਸਾਹਿਬ ਵਿਚੋਂ ਲਾਸ਼ਾਂ ਦੀਆਂ ਭਰੀਆਂ ਗੱਡੀਆਂ ਸ਼ਮਸ਼ਾਨ ਵੱਲ ਜਾ ਰਹੀਆਂ ਸਨ ਤਾਂ ਲੱਡੂ ਵੰਡੇ ਗਏ। ਹਮਲੇ ਤੋਂ ਬਾਅਦ ਸਿੱਖਾਂ ਨੂੰ ਬਦਨਾਮ ਕਰਨ ਲਈ ‘ਦੂਰਦਰਸ਼ਨ’ ਨੇ ਰੱਜ ਕੇ ਕੁਫ਼ਰ ਤੋਲਿਆ। ਇੱਦਾਂ ਦੇ ਵਰਤਾਰਿਆਂ ਨੇ ਸਿੱਖਾਂ ਵਿਚ ਬੇਗਾਨਗੀ ਭਰਨੀ ਸ਼ੁਰੂ ਕਰ ਦਿੱਤੀ।

ਸਿੱਖ ਧਰਮ ਕਦੇ ਵੀ ਬੇਗੁਨਾਹ ਦੇ ਕਤਲ ਦੀ ਇਜਾਜ਼ਤ ਨਹੀਂ ਦਿੰਦਾ ਸਗੋਂ ਕਤਲ ਨੂੰ ਤਾਂ ਪਾਪ ਮੰਨਿਆ ਜਾਂਦਾ ਹੈ ਪਰ ਪਾਪੀ ਨੂੰ ਦੰਡ ਦੇਣ ਦੀ ਗੱਲ ਵੀ ਗੁਰਬਾਣੀ ਵਿਚ ਦਰਜ ਹੈ ਤੇ ਇਹ ਸਿੱਖ ਚੇਤਨਾ ਵਿਚ ਉਦੋਂ ਤੋਂ ਹੀ ਚਲੀ ਆ ਰਹੀ ਹੈ ਜਦੋਂ ਪਾਪੀ ਚੰਦੂ ਨੂੰ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਜੀ ਨੂੰ ਸ਼ਹੀਦ ਕਰਾਉਣ ਬਦਲੇ ਸਿੱਖਾਂ ਹੱਥੋਂ ਮਰਨਾ ਪਿਆ। ਚੰਦੂ ਦਾ ਮਰਨਾ ਸਿੱਖਾਂ ਲਈ ਪੁੰਨ ਦਾ ਕੰਮ ਸੀ।

ਸਿੱਖ ਆਪਣੇ ਪਿੰਡੇ ‘ਤੇ ਵਧੀਕੀ ਝੱਲ ਕੇ ਵੀ ਭਾਣੇ ਵਿਚ ਰਹਿਣਾ ਪਸੰਦ ਕਰ ਸਕਦਾ ਹੈ ਪਰ ਆਪਣੇ ਗੁਰੂ ਅਤੇ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਗੁਰਧਾਮ ਦੀ ਬੇਅਦਬੀ ਝੱਲਣਾ ਨਾਮੁਮਕਿਨ ਹੈ। ਦਰਬਾਰ ਸਾਹਿਬ ‘ਤੇ ਹਮਲਾ ਸਿੱਖਾਂ ਦੀ ਹਸਤੀ ਉਤੇ ਹਮਲਾ ਸਮਝਿਆ ਜਾਂਦਾ ਕਿਉਂਕਿ ਸਿੱਖ ਹਿਰਦਿਆਂ ਵਿਚ ਆਪਣੇ ਗੁਰੂ ਦੇ ਬੋਲ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥’ ਸਦਾ ਗੂੰਜਦੇ ਰਹਿੰਦੇ ਹਨ ਅਤੇ ਉਹ ਗੁਰਬਾਣੀ ਦੀ ਓਟ ਲੈ ਕੇ ਉਸ ਪਾਪੀ ਨੂੰ ਦੰਡ ਦੇਣਾ ਰੱਬ ਦੀ ਸੇਵਾ ਸਮਝਦਾ ਹੈ। ਹਰਿਮੰਦਰ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਦਾ ਕੋਈ ਵੱਡਾ ਪ੍ਰਤੀਕਰਮ ਹੋਣਾ ਜੱਗ ਜ਼ਾਹਰ ਸੀ।

ਖੁਦ ਇੰਦਰਾ ਗਾਂਧੀ ਵੀ ਜਾਣਦੀ ਸੀ ਕਿ ਉਹਨੇ ਅਬਦਾਲੀ ਨਾਲੋਂ ਵੀ ਬੁਰਾ ਕੰਮ ਕੀਤਾ ਹੈ। ਫਿਰ ਜੋ 31 ਅਕਤੂਬਰ ਦੀ ਸਵੇਰ ਨੂੰ ਵਾਪਰਿਆ, ਉਹ ਕਿਆਫਿਆਂ ਮੁਤਾਬਿਕ ਹੀ ਸੀ। ਫਿਰ ਕੀ ਜ਼ਰੂਰਤ ਪਈ ਸੀ ਉਹਦੇ ਪੁੱਤ ਨੂੰ ਇਹ ਕਹਿਣ ਦੀ, ਕਿ ‘ਜਬ ਬੜਾ ਪੇੜਾ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ’; ਪਰ ਉਹ ਤਾਂ ਆਪਣੀ ਮਾਂ ਨਾਲੋਂ ਵੀ ਦੋ ਕਦਮ ਅੱਗੇ ਵਧ ਕੇ ਸਿੱਖ ਕੌਮ ਨਾਲ ਸਿੱਝਣਾ ਚਾਹੁੰਦਾ ਸੀ। ਉਹਨੂੰ ਦਿੱਲੀ ਵਿਚ ਕੀਤਾ ਸਿੱਖ ਕਤਲੇਆਮ ਕੀੜੇ-ਮਕੌੜਿਆਂ ਦੇ ਮਰਨ ਤੋਂ ਵੱਧ ਨਜ਼ਰ ਨਹੀਂ ਆਇਆ। ਕਿਸੇ ਦਾ ਕਤਲ ਕਰਨ ਵਾਲਾ ਅਕਸਰ ਮੁਜਰਮਾਨਾ ਬਿਰਤੀ ਵਾਲਾ ਬੰਦਾ ਗਿਣਿਆ ਜਾਂਦਾ ਹੈ ਪਰ ਜਦੋਂ ਕੋਈ ਸ਼ਰੀਫ਼ ਡਿਊਟੀ-ਪਸੰਦ ਬੰਦਾ ਜਿਸ ਨੇ ਕਿਸੇ ਅਵਾਰਾ ਕੁੱਤੇ ਦੇ ਵੀ ਡੰਡਾ ਨਾ ਮਾਰਿਆ ਹੋਵੇ, ਉਹ ਤਾਬੜ-ਤੋੜ ਗੋਲੀਆਂ ਚਲਾ ਕੇ ਉਸੇ ਨੂੰ ਹੀ ਮਾਰ ਸੁੱਟੇ ਜਿਸ ਨੂੰ ਬਚਾਉਣ ਦੀ ਉਹਦੀ ਡਿਊਟੀ ਸੀ, ਇਸ ਮਨੋਵਿਗਿਆਨ ਨੂੰ ਭਾਰਤੀ ਸਟੇਟ ਨੇ ਕਦੇ ਵੀ ਗੌਲਿਆ ਨਹੀਂ ਕਿ ਇਹ ਵਾਕਿਆ ਕਿਉਂ ਹੋਇਆ?

ਸਿੱਖਾਂ ਨੇ ਇੰਦਰਾ ਗਾਂਧੀ ਦੇ ਕਤਲ ਪਿਛੋਂ ਬਹੁਤ ਨੁਕਸਾਨ ਉਠਾਏ। ਭਾਰਤੀ ਸਟੇਟ ਨੇ ਇਨ੍ਹਾਂ ਨਾਲ ਬੇਇਨਸਾਫ਼ੀਆਂ ਕੀਤੀਆਂ ਤੇ ਹੁਣ ਵੀ ਕਰ ਰਹੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਵੱਡੇ ਦਰਖ਼ਤ ਨੇ ਤਾਂ ਆਪਣੀਆਂ ਆਪ ਹੁਦਰੀਆਂ ਕਰ ਕੇ ਅੱਜ ਨਹੀਂ ਤਾਂ ਭਲਕੇ, ਡਿੱਗਣਾ ਹੀ ਡਿੱਗਣਾ ਸੀ; ਫਿਰ ਇਹਦੇ ਵਿਚ ਸਿੱਖਾਂ ਦਾ ਕੀ ਕਸੂਰ? ਤੇ ਉਹ ਵੱਡਾ ਦਰਖ਼ਤ 31 ਅਕਤੂਬਰ ਨੂੰ ਡਿੱਗ ਪਿਆ ਤੇ ਇਨਸਾਫ਼ ਨੇ ਬੇਇਨਸਾਫ਼ੀ ਕਰ ਕੇ ਫਾਂਸੀ ਉਤੇ ਚੜ੍ਹਾਇਆ ਬੇਗੁਨਾਹ ਸ਼ ਕਿਹਰ ਸਿੰਘ; ਅਖੇ ਉਹਨੇ ਇਸ ਦਰਖ਼ਤ ਦੀਆਂ ਜੜ੍ਹਾਂ ਪੋਲੀਆਂ ਕੀਤੀਆਂ ਸਨ। ਉਂਜ ਅੱਜ ਤਿੰਨ ਦਹਾਕਿਆਂ ਬਾਅਦ ਵੀ ਉਹੋ ਇਨਸਾਫ਼ ਘੋਗੜ ਕੰਨਾ ਕਿਉਂ ਬਣੀ ਬੈਠਾ ਹੈ ਸਿੱਖ ਕਤਲੇਆਮ ਦੇ ਮੁਜਰਮਾਂ ਨੂੰ ਸਜ਼ਾ ਦੇਣ ਵੇਲੇ? ਸ਼ਾਇਦ ਇਸ ਇਨਸਾਫ਼ ਉਤੇ ਅਸਰ ਜਾਂ ਦਬਾਅ ਉਨ੍ਹਾਂ ਲਫ਼ਜ਼ਾਂ ਦਾ ਹੈ ਕਿ ‘ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ’। ਇਹ ਲਫ਼ਜ਼ ਇਨਸਾਫ਼ ਲਈ ਕਾਨੂੰਨ ਤੋਂ ਉਪਰ ਹੋ ਚੁੱਕੇ ਹਨ।

ਇੰਦਰਾ ਗਾਂਧੀ ਵਰਗੇ ਲੀਡਰਾਂ ਦਾ ਦੁਨੀਆਂ ਵਿਚ ਇਹ ਕੋਈ ਪਹਿਲਾ ਕਤਲ ਨਹੀਂ ਸੀ। ਇਤਿਹਾਸ ‘ਤੇ ਨਿਗ੍ਹਾ ਜਦੋਂ ਮਾਰਦੇ ਹਾਂ ਤਾਂ ਦੁਨੀਆਂ ਦੇ ਵੱਡੇ-ਛੋਟੇ ਮੁਲਕਾਂ ਵਿਚ ਇਹਦੇ ਵਰਗੇ ਲੀਡਰ ਦਾ ਕਤਲ ਉਸੇ ਦੇਸ਼ ਦੇ ਬਾਸ਼ਿੰਦਿਆਂ ਨੇ ਕੀਤਾ ਪਰ ਦੁਨੀਆਂ ਵਿਚ ਸਭ ਤੋਂ ਵੱਡੇ ਲੋਕਤੰਤਰ ਅਤੇ ਧਰਮ ਨਿਰਪੱਖਤਾ ਦਾ ਦਾਅਵਾ ਕਰਦੇ ਭਾਰਤ ਵਰਗੇ ਮੁਲਕ ਵਾਂਗ ਮਿੱਥ ਕੇ ਕਿਸੇ ਘੱਟ-ਗਿਣਤੀ ਵਾਲਿਆਂ ਦੀ ਨਸਲਕੁਸ਼ੀ ਕਰਨ ਵਾਲੀ ਹਰਕਤ ਨਹੀਂ ਸੀ ਕੀਤੀ ਗਈ, ਉਹ ਵੀ ਉਨ੍ਹਾਂ ਸਿੱਖਾਂ ਨਾਲ ਜਿਨ੍ਹਾਂ ਨੇ ਮੁਲਕ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ। ਹੋਰ ਕਿਸੇ ਮੁਲਕ ਦੀ ਤਾਂ ਗੱਲ ਛੱਡੋ, ਇਸੇ ਭਾਰਤ ਵਿਚ 30 ਜਨਵਰੀ 1948 ਨੂੰ ਇੰਦਰਾ ਗਾਂਧੀ ਨਾਲੋਂ ਵੀ ਵੱਡਾ ਦਰਖ਼ਤ ਡਿੱਗਿਆ ਸੀ ਜਾਂ ਸੁੱਟਿਆ ਗਿਆ ਸੀ ਪਰ ਉਹ ਵਕਤ ਧਰਤੀ ਤਾਂ ਕੀ, ਬਿਰਲਾ ਹਾਊਸ ਦੀਆਂ ਤਾਕੀਆਂ ਦਰਵਾਜ਼ੇ ਵੀ ਨਹੀਂ ਸਨ ਹਿੱਲੇ। ਸਾਰੀ ਦਿੱਲੀ ਬੱਸ ‘ਹੇ ਰਾਮ! ਹੇ ਰਾਮ!’ ਹੀ ਕਰਦੀ ਰਹੀ; ਕਿਉਂਕਿ ਡਿੱਗਣ ਵਾਲਾ ਵੱਡਾ ਦਰਖ਼ਤ (ਮਹਾਤਮਾ ਗਾਂਧੀ) ਅਤੇ ਡੇਗਣ ਵਾਲਾ ਨੱਥੂ ਰਾਮ ਗੋਡਸੇ ਆਰ ਐਸ਼ ਐਸ਼ ਦਾ ਸਿਪਾਹ-ਸਲਾਰ, ਦੋਵਾਂ ਦੇ ਸਿਰ ਦੀ ਟੋਪੀ ਹਿੰਦੂ ਰਾਸ਼ਟਰਵਾਦ ਦੀ ਸੀ। ਹਾਂ! ਗਾਂਧੀ ਜੀ ਦੇ ਕਤਲ ਦਾ ਪਰਛਾਵਾਂ ਸੈਂਕੜੇ ਮੀਲ ਦੂਰ ਤੇ ਆਰ ਐਸ਼ ਐਸ਼ ਦੇ ਅਸਰ ਵਾਲੇ ਸ਼ਹਿਰ ਪੂਨੇ ਵਿਚ ਜ਼ਰੂਰ ਮਾੜਾ ਜਿਹਾ ਪਿਆ ਸੀ। ਉਥੇ ਮੁਸਲਮਾਨਾਂ ਉਤੇ ਹਮਲਾ ਹੋਇਆ ਪਰ ਜਦੋਂ ਰੇਡੀਓ ਤੋਂ ਅਨਾਊਂਸ ਹੋ ਗਿਆ ਕਿ ਗਾਂਧੀ ਨੂੰ ਕਤਲ ਕਰਨ ਵਾਲਾ ਹਿੰਦੂ ਬ੍ਰਾਹਮਣ ਹੈ ਤਾਂ ਹਮਲਾ ਰੋਕ ਦਿੱਤਾ ਗਿਆ। ਫਿਰ ਗੋਡਸੇ ਨਾਲ ਸੰਬੰਧਤ ਬ੍ਰਾਹਮਣਾਂ ਦੇ ਘਰਾਂ ਉਤੇ ਵੀ ਹਮਲੇ ਹੋਏ ਜੋ ਪੁਲਿਸ ਨੇ ਛੇਤੀ ਹੀ ਕੰਟਰੋਲ ਵਿਚ ਲੈ ਆਂਦੇ ਤੇ ਉਨ੍ਹਾਂ ਦੇ ਨੁਕਸਾਨੇ ਘਰਾਂ ਦਾ ਮੁਆਵਜ਼ਾ ਸਰਕਾਰ ਨੇ ਤੁਰੰਤ ਦੇ ਦਿੱਤਾ। ਬੱਸ! ਇੰਨੀ ਕੁ ਹੀ ਧਰਤੀ ਕੰਬੀ ਸੀ!

ਇਨਸਾਫ ਲਈ ਦਹਾਕਿਆਂ ਤੱਕ ਦਰ-ਬ-ਦਰ ਨਹੀਂ ਸੀ ਹੋਣਾ ਪਿਆ। ਦਰਅਸਲ ਉਸ ਵੱਡੇ ਦਰਖ਼ਤ ਦੇ ਡਿੱਗਣ ਨਾਲ ਉਸ ਵਕਤ ਦੀ ਨਹਿਰੂ-ਪਟੇਲ ਦੀ ਸਰਕਾਰ ਅੰਦਰੋਗਤੀ ਸੁੱਖ ਦਾ ਸਾਹ ਮਹਿਸੂਸ ਕਰਦੀ ਸੀ, ਕਿਉਂਕਿ ਪਟੇਲ ਵਰਗਾ ਤੁਅਸਬੀ ਕੱਟੜ ਹਿੰਦੂ ਗਾਂਧੀ ਦੇ ਹੁੰਦਿਆਂ ਹੈਦਰਾਬਾਦ ਦੇ ਨਿਜ਼ਾਮ ਉਤੇ ਹਮਲਾ ਕਰਨ ਵਿਚ ਸ਼ਾਇਦ ਕੁਝ ਔਖ ਮਹਿਸੂਸ ਕਰਦਾ ਸੀ। ਬਾਅਦ ਵਿਚ ਉਹਨੇ ਪੁਲਿਸ ਐਕਸ਼ਨ ਦੇ ਨਾਂ ਹੇਠ ਫੌਜ ਤੋਂ ਕਰਵਾਈ ਕਰਵਾ ਕੇ ਇਕ ਲੱਖ ਮੁਸਲਮਾਨ ਕਤਲ ਕਰਵਾਇਆ। ਉਦੋਂ ਵੀ ਮੁਸਲਮਾਨ ਬੀਬੀਆਂ ਨਾਲ ਸਮੂਹਿਕ ਬਲਾਤਕਾਰ ਹੋਏ। ਮੁਸਲਮਾਨਾਂ ਦੇ ਪਿੰਡਾਂ ਦੇ ਪਿੰਡਾਂ ਨੂੰ ਨਿਹੱਥਾ ਕਰ ਕੇ ਮਾਰ ਮੁਕਾਇਆ। ਅੱਜ ਤੱਕ ਭਰਤੀ ਸਟੇਟ ਇਸ ਬਾਰੇ ਧੂੰਅ ਨਹੀਂ ਕੱਢਦੀ। ਤਾਂ ਹੀ ਤਾਂ ਨਰੇਂਦਰ ਮੋਦੀ ਦਾ ਹਰਮਨ ਪਿਆਰਾ ਹੈ ਇਹ ਪਟੇਲ ਜਿਹਦਾ ਸਟੀਲ ਦਾ ਬੁੱਤ ਉਹ ਸਭ ਤੋਂ ਵੱਡਾ ਅਤੇ ਉਚਾ ਬਣਾ ਕੇ ਇਹ ਦੱਸਣਾ ਚਾਹੁੰਦਾ ਕਿ ਭਾਰਤ ਵਿਚ ਘੱਟ-ਗਿਣਤੀ ਦਾ ਸਰਬ-ਨਾਸ਼ ਕਰਨ ਵਾਲਿਆਂ ਦੇ ਰੁਤਬੇ ਇੰਨੇ ਹੀ ਉਚੇ ਹਨ।

ਸਿੱਖਾਂ ਪ੍ਰਤੀ ਇਸ ਪਟੇਲ ਦੇ ਵਿਚਾਰ ਕਿਹੋ ਜਿਹੇ ਸਨ, ਉਸ ਬਾਰੇ ਪਤਾ ਤਾਂ ਉਹਦੇ ਉਸ ਸਰਕਾਰੀ ਪੱਤਰ (ਜੋ 10 ਅਕਤੂਬਰ 1947 ਨੂੰ ਬਤੌਰ ਭਾਰਤ ਦੇ ਗ੍ਰਹਿ ਮੰਤਰੀ ਉਹਨੇ ਪੰਜਾਬ ਸਰਕਾਰ ਨੂੰ ਲਿਖਿਆ), ਤੋਂ ਸਹਿਜੇ ਹੀ ਲੱਗ ਜਾਂਦਾ ਹੈ। ਇਸ ਪੱਤਰ ਦੀ ਇਬਾਰਤ ਇਹ ਹੈ: “ਸਿੱਖ ਸਮੁੱਚੇ ਤੌਰ ‘ਤੇ ਜਮਾਂਦਰੂ ਫਸਾਦੀ ਤੇ ਜਰਾਇਮ-ਪੇਸ਼ਾ ਲੋਕ ਹਨ ਤੇ ਇਹ ਸੂਬੇ ਦੇ ਅਮਨ-ਪਸੰਦ ਹਿੰਦੂਆਂ ਲਈ ਖ਼ਤਰੇ ਭਰੀ ਵੰਗਾਰ ਬਣੇ ਹੋਏ ਹਨ। ਡਿਪਟੀ ਕਮਿਸ਼ਨਰ ਇਨ੍ਹਾਂ ਵਿਰੁੱਧ ਵਿਸ਼ੇਸ਼ ਸਾਧਨ ਅਪਨਾਉਣ। ਸਿੱਖਾਂ ਵਿਚ ਬੇਕਾਨੂੰਨੀ ਦੇ ਰਾਹ ਵਾਲੀਆਂ ਉਨ੍ਹਾਂ ਦੀਆਂ ਉਹ ਜਮਾਂਦਰੂ ਪ੍ਰਬਲ ਰੁਚੀਆਂ ਹਨ, ਇਨ੍ਹਾਂ ਦਾ ਝੁਕਾਅ ਇਸਤਰੀ-ਹਰਨ ਅਤੇ ਲੁੱਟ-ਮਾਰ ਵਾਲਾ ਹੈ।”

ਕਿੱਡੇ ਵੱਡੇ ਅਕ੍ਰਿਤਘਣ ਨਿਕਲੇ ਇਹ ਭਾਰਤੀ ਲੀਡਰ! ਅਜੇ ਤਾਂ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਦੀਆਂ ਹਰਨ ਕੀਤੀਆਂ ਇਸਤਰੀਆਂ, ਆਪਣੀ ਜਾਨ ਜੋਖਮ ਵਿਚ ਪਾ ਕੇ ਬਾਇਜ਼ਤ ਘਰੋ-ਘਰੀ ਪਹੁੰਚਾਈਆਂ, ਉਨ੍ਹਾਂ ਹੀ ਸਿੱਖਾਂ ਉਤੇ ਆਜ਼ਾਦ ਹੁੰਦਿਆਂ ਸਾਰ ਇਹ ਝੂਠੀਆਂ ਤੋਹਮਤਾਂ ਲਾਉਣ ਲੱਗ ਪਏ ਕਿ ਇਹ ਜਮਾਂਦਰੂ ਇਸਤਰੀ-ਹਰਨ ਵੱਲ ਝੁਕਾਅ ਰੱਖਦੇ ਹਨ। ਹੜਦੂ-ਲਾਹਣਤ ਇਹੋ ਜਿਹੀ ਕੌਮ ਦੇ ਲੀਡਰਾਂ ਦਾ ਜਿਹੜੇ ਸੱਚ ਨੂੰ ਅੱਖੋਂ ਪਰੋਖੇ ਕਰ ਕੇ ਨਫ਼ਰਤ ਫੈਲਾਉਣ ਤੇ ਹਰਮਿੰਦਰ ਸਾਹਿਬ ਵਰਗੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਦੇ ਖ਼ਜ਼ਾਨੇ ਉਤੇ ਫੌਜੀ ਹਮਲਾ ਕਰਾਉਣ! ਤੇ ਫ਼ਿਰ ਸਿੱਖ ਨਸਲਕੁਸ਼ੀ ਦੀ ਹਮਾਇਤ ਇਹ ਕਹਿ ਕੇ ਕਰਨ ਕਿ ‘ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ।’


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top