Share on Facebook

Main News Page

ਨਿਊਜ਼ੀਲੈਂਡ ਵਿੱਚ ਵੀ ਹੈ ਇਕ ਫੌਜਾ ਸਿੰਘ "ਬਲਬੀਰ ਸਿੰਘ ਬਸਰਾ"

- ਸ. ਬਲਬੀਰ ਸਿੰਘ ਬਸਰਾ ਨੇ 42.2 ਕਿਲੋਮੀਟਰ ਮੈਰਾਥਨ ਦੌੜ ਵਿਚ ਭਾਗ ਲੈ ਕੇ ਨੌਜਵਾਨਾਂ ਮੂਹਰੇ ਰੱਖਿਆ ਸਵਾਲ
- 42.2 ਕਿਲੋਮੀਟਰ ਦਾ ਸਫ਼ਰ 4 ਘੰਟੇ 53 ਮਿੰਟ ਅਤੇ 23 ਸੈਕਿੰਡ ਵਿਚ ਕੀਤਾ ਪੂਰਾ

ਆਕਲੈਂਡ 5 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) - ਬੀਤੇ ਐਤਵਾਰ ਆਕਲੈਂਡ ਸਿੱਟੀ ਮਿਸ਼ਨ ਵੱਲੋਂ ਸਾਲਾਨਾ ਮੈਰਾਥਨ ਦੌੜ ਦਾ ਆਯੋਜਿਨ ਕੀਤਾ ਗਿਆ ਜਿਸ ਦੇ ਵਿਚ ਦੇਸ਼-ਵਿਦੇਸ਼ ਚੋਂ 17000 ਦੇ ਕਰੀਬ ਲੰਬੀ ਦੌੜ ਦੇ ਦੌੜਾਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌੜ ਦੇ ਵਿਚ ਜਿੱਥੇ ਵੱਖ-ਵੱਖ ਭਾਈਚਾਰੇ ਦੇ ਲੋਕ ਸ਼ਾਮਿਲ ਹੋ ਕੇ ਸਾਂਝੀਵਾਲਤਾ ਦਾ ਪ੍ਰਮਾਣ ਦੇ ਰਹੇ ਸਨ, ਉਥੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਖੁਸ਼ੀ ਹੋਵੇਗੀ ਕਿ ਇਸ 42.2 ਕਿਲੋਮੀਟਰ ਦੀ ਲੰਬੀ ਮੈਰਾਥਨ ਦੌੜ ਦੇ ਵਿਚ ਇਕ 73 ਸਾਲਾ ਸਰਦਾਰ ਬਲਬੀਰ ਸਿੰਘ ਬਸਰਾ ਵੀ ਸ. ਫੌਜਾ ਸਿੰਘ ਦਾ ਭੁਲੇਖਾ ਪਾ ਰਿਹਾ ਸੀ।

ਸ. ਬਲਬੀਰ ਸਿੰਘ ਨੇ ਸਿਹਤ ਪੂਰੀ ਤਰ੍ਹਾਂ ਸੈਟ ਨਾ ਹੋਣ ਦੇ ਬਾਵਜੂਦ ਵੀ 42.2 ਕਿਲੋਮੀਟਰ ਦਾ ਸਫ਼ਰ 4 ਘੰਟੇ 53 ਮਿੰਟ ਅਤੇ 23 ਸੈਕਿੰਡ ਵਿਚ ਤੈਅ ਕਰਕੇ ਅੱਜ ਦੇ ਨੌਜਵਾਨਾਂ ਮੂਹਰੇ ਸਵਾਲ ਰੱਖਿਆ। ਫਗਵਾੜਾ ਸ਼ਹਿਰ ਜਨਮੇ ਸ. ਬਲਬੀਰ ਸਿੰਘ ਬਸਰਾ ਪਿਛਲੇ ਸਾਲ ਵੀ ਮੈਰਾਥਨ ਦੌੜ ਵਿਚ ਭਾਗ ਲੈ ਚੁਕੇ ਹਨ ਅਤੇ ਇਸ ਵਾਰ ਜਦੋਂ ਫਿਰ ਇਹ ਸਰਦਾਰ ਦਸਤਾਰ ਸਜਾ ਕੇ ਅਤੇ ਸ੍ਰੀ ਸਾਹਿਬ ਉਪਰ ਦੀ ਪਾ ਕੇ, ਗੋਰਿਆਂ ਦੇ ਨਾਲ ਕਦਮ ਦਰ ਕਦਮ ਮਿਲਾ ਕੇ ਭੱਜਿਆ ਤਾਂ ਸਾਰਿਆਂ ਨੇ ਖੁਸ਼ੀ ਪ੍ਰਗਟ ਕਰਦਿਆਂ 'ਗੋ ਮਿਸਟਰ ਸਿੰਘ', 'ਗੋ ਮਿਸਟਰ ਸਿੰਘ' ਕਿਹਾ। ਪਰਿਵਾਰ ਦੇ ਦਿੱਤੇ ਸਹਿਯੋਗ ਅਤੇ ਬੇਟੇ ਗੁਰਦੀਪ ਸਿੰਘ ਬਸਰਾ ਵੱਲੋਂ ਦਿੱਤੇ ਜਾਂਦੇ ਸਤਿਕਾਰ ਨੇ ਉਸ ਦੇ ਪੈਰ ਭੁੰਜੇ ਨਹੀਂ ਲੱਗਣ ਦਿੱਤੇ।

ਇਸ ਦੌੜ ਦੇ ਵਿਚ ਇਕ 29 ਸਾਲਾ ਹੋਰ ਪੰਜਾਬੀ ਵੀ ਸ਼ਾਮਿਲ ਹੋਇਆ ਸੀ, ਪਰ ਉਹ ਵੀ ਸ. ਬਲਬੀਰ ਸਿੰਘ ਦੇ ਕਦਮਾਂ ਤੋਂ ਅੱਗੇ ਨਹੀਂ ਵਧ ਸਕਿਆ। ਸ. ਬਲਬੀਰ ਸਿੰਘ ਬਸਰਾ ਨੇ ਕਿਹਾ ਕਿ ਜਦੋਂ ਪਿਛਲੇ ਸਾਲ ਉਸਨੇ ਮੈਰਾਥਨ ਦੌੜ ਵਿਚ ਭਾਗ ਲਿਆ ਸੀ ਤਾਂ ਬਹੁਤ ਸਾਰੇ ਬਜ਼ਰੁਗਾਂ ਨੇ ਕਿਹਾ ਸੀ ਕਿ ਉਹ ਅਗਲੀ ਵਾਰ ਭਾਗ ਲੈਣਗੇ, ਪਰ ਕੋਈ ਵੀ ਇਸ ਵਾਰ ਮੈਦਾਨ ਵਿਚ ਨਹੀਂ ਨਿੱਤਰਿਆ।

ਉਨ੍ਹਾਂ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਖੇਡਾਂ ਅਤੇ ਦੌੜਾਂ ਵਾਲੇ ਪਾਸੇ ਵੀ ਧਿਆਨ ਦਿਓ ਅਤੇ ਨਸ਼ਿਆਂ ਤੋਂ ਦੂਰ ਰਹੋ। ਸ. ਬਲਬੀਰ ਸਿੰਘ ਨਿਊਯਾਰਕ ਵਿਖੇ ਹੋਣ ਵਾਲੀ ਮੈਰਾਥਨ ਦੌੜ ਦੇ ਵਿਚ ਭਾਗ ਲੈਣ ਦੇ ਵੀ ਇਛੁੱਕ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top