ਮਲੋਟ
(ਮਿੰਟੂ ਗੁਰੂਸਰੀਆ): ਬਾਹਰੀ ਦੇਸ਼ਾਂ ਵਿਚ ਲੋਕ ਅਕਾਸ਼ੀ ਗ੍ਰਹਿਆਂ ’ਤੇ ਵੱਸਣ ਲਈ ਪਲਾਟ
ਬੁੱਕ ਕਰਵਾ ਰਹੇ ਹਨ ਤੇ ਸਾਡੇ ਇੱਥੇ ਹਾਲੇ ਵੀ ਲੋਕ ਰੂੜਵਾਦੀ ਬੇੜੀਆਂ ’ਚ ਜਕੜੇ
ਜੰਡ-ਕਰੀਰਾਂ ਦੀਆਂ ਜੜਾਂ ’ਚ ਤੇਲ ਪਾ ਕੇ ਪੂਜਾ ਦੀਆਂ ਮੁੱਠੀਆਂ ਭਰ ਰਹੇ ਹਨ। ਮਾਨਵ ਅਤੇ
ਮਾਪਿਆਂ ਦੇ ਸੇਵਾ ਤੋਂ ਕੋਰੇ ਲੋਕਾਂ ਨੂੰ ‘ਸਾਊ’ ਬਣਕੇ ਪਾਖੰਡ ਕਰਦੇ ਦੇਖ, ਉਨਾਂ ਦੀ
ਬ੍ਯੌਧਿਕ ਬੁੱਧੀ ਦੇ ਵਿਨਾਸ਼ ਦੇ ਦਰਸ਼ਨ ਆਮ ਹੋ ਜਾਂਦੇ ਹਨ। ਪਾਖੰਡ ਦੀਆਂ ਚੱਲ ਰਹੀਆਂ
ਦੁਕਾਨਾਂ ਦੇ ਕਾਰੇ ਅਕਸਰ ਸੁਨਣ ਨੂੰ ਮਿਲਦੇ ਹਨ, ਪਰ ਜੇ ਇਹ ਖੇਖਣ ਸਰਕਾਰੀ ਦਫ਼ਤਰਾਂ ਦੇ
ਆਂਗਣਾ ’ਚ ਪਹੁੰਚ ਜਾਣ ਤਾਂ ਫੇਰ ਜਾਗਰੂਕ ਧਿਰਾਂ ਦੀ ਧਾਹ ਨਿਕਲਣੀ ਜਰੂਰੀ ਹੈ।
ਅਜਿਹਾ ਹੀ ਵਰਤਾਰਾ ਅੱਜਕੱਲ ਵਰਤ ਰਿਹਾ ਹੈ, ਮਲੋਟ ਮੰਡੀ ਵਿਚ। ਜਿਸ
ਨੂੰ ਵੈਸੇ ਤਾਂ ਬਾਦਲ ਫੈਂਮਲੀ ਵੱਲੋਂ ‘ਮਿੰਨੀ ਚੰਡੀਗੜ’ ਦਾ ਰੁਤਬਾ ਹਾਸਲ ਹੈ, ਪਰ
ਸ਼ਹਿਰ ਦੇ ਵਿਚਕਾਰ ਸਥਿਤ ਪੁਰਾਣੇ ਬਿਜ਼ਲੀ ਘਰ ਵਿਚ ਜੰਡ ਹੇਠ ਬਣੀ
ਜਗਾ ਦੀ ਹੁੰਦੀ ਪੂਜਾ ਨੂੰ ਦੇਖ ਮਹਿਸੂਸ ਹੁੰਦਾ ਹੈ, ਕਿ ਮਿੰਨੀ ਚੰਡੀਗੜ ਦਾ
ਰੁਤਬਾ ਜਾਂ ਤਾਂ ਇਸ ਸ਼ਹਿਰ ਨੂੰ ਸਿਆਸੀ ਡਰਾਮੇ ਨੇ ਬਖਸ਼ ਦਿੱਤਾ ਜਾਂ ਫੇਰ ਇਸ ਸ਼ਹਿਰ ਦੇ
ਲੋਕ ਪਾਖੰਡਵਾਦੀ ਸੋਚ ਨੂੰ ਤਿਆਗ ਕੇ ਅਸਲ ਚੰਡੀਗੜ ਦੀ ਜਾਗਰੂਕ ਪੀੜੀ ਦੇ ਹਾਣੀ ਬਨਣਾ ਹੀ
ਨਹੀਂ ਚਾਹੁੰਦੇ, ਜਿਸ ਕੋਲ ਇਹੋ ਜਿਹੇ ਵਿਸ਼ਿਆਂ ’ਤੇ ਗੱਲਬਾਤ ਕਰਨ ਲਈ ਵੀ ਸਮਾਂ ਨਹੀਂ
ਹੁੰਦਾ।
ਜਦੋਂ ਕੋਈ ਬਿਜਲੀ ਘਰ ਜਾਂਦਾ ਹੈ ਤਾਂ ਦਫਤਰ ਦੇ ਵਿੱਚ ਉੱਗੇ ਜੰਡ
ਦੀ ਹੁੰਦੀ ਪੂਜਾ ਦੇਖ ਇਕ ਵਾਰ ਆਪਣੇ ਹੱਥ ’ਤੇ ਚੱਕ ਵੱਢ ਕੇ ਜ਼ਰੂਰ ਦੇਖਦਾ ਹੈ ਕਿ ਉਹ
ਸਰਕਾਰੀ ਇਮਾਰਤ ਵਿਚ ਹੀ ਹੈ, ਕਿਤੇ 17ਵੀਂ ਸਦੀ ਦੀ ਦੁਨੀਆਂ ’ਚ ਤਾਂ ਨਹੀਂ ਖੜਾ।
ਦੇਰ-ਸਵੇਰ ਇੱਥੇ ਪੂਜਾ ਕਰਨ ਵਾਲਿਆਂ ਦਾ ਜਮਾਵੜਾ ਲੱਗਾ ਰਹਿੰਦਾ ਹੈ ਤੇ ਕਈ ਵਾਰ ਅਜਿਹਾ
ਸਰਕਾਰੀ ਦਫ਼ਤਰ ਦੇ ਸਮੇਂ ਵਿਚ ਵੀ ਹੁੰਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੜੇ-ਲਿਖੇ
ਅਫ਼ਸਰਾਂ ਦੀਆਂ ਔਰਤਾਂ ਵੀ ਇੱਥੇ ਪੂਜਾ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। ਹੋਰ ਤਾਂ ਹੋਰ
ਇੱਥੇ ਕੁਆਰਟਰਾਂ ’ਚ ਰਹਿੰਦੇ ਪਾਵਰਕਾਮ ਦੇ ਮੁਲਾਜ਼ਮ ਵੀ ਜੰਡ ਦੀ ਪੂਜਾ ਕਰਨੀ ਨਹੀਂ ਭੁੱਲਦੇ।
ਇਕ ‘ਬਾਬੇ’ ਦਾ ਨਾਂਅ ਲਿਖ ਕੇ ਬਣਾਈ ਇਸ ਚਮਕੀਲੀ ਜਗਾ ’ਤੇ ਕਈ ਵਰਗਾਂ ਅਤੇ ਧਰਮਾਂ ਨਾਲ
ਸਬੰਧਤ ਲੋਕ ਪੂਜਾ ਦੀ ਡੱਫਲੀ ਵਜਾਉਂਦੇ ਹਨ। ਪਿੰਡਾਂ ਵਿਚ ਤਾਂ ਰੁੱਖਾਂ ਦੀ ਪੂਜਾ ਪੁਰਾਣੀ
ਬਾਤ ਹੈ ਪਰ ਸ਼ਹਿਰ ਵਿਚ ਤੇ ਉਹ ਵੀ ਵੱਡੇ ਸਰਕਾਰੀ ਅਦਾਰੇ ’ਚ ਦਫ਼ਤਰ ਵਿਚ ਇਸ ਤਰਾਂ ਦਾ
ਦ੍ਰਿਸ਼ ਅਸਚਰਜ਼ ਵਾਲੀ ਗੱਲ ਹੈ। ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਗਲਤ ਸੰਦੇਸ਼
ਜਾਂਦਾ ਹੈ, ਇਸ ਤਰਾਂ ਦਾ ਅਡੰਬਰ ਜਿੱਥੇ ਸਰਕਾਰੀ ਨਿਯਮਾਂ ਦੀ ਦਿਖ ਨੂੰ ਦਾਗਦਾਰ ਕਰ ਰਿਹਾ
ਹੈ ਉੱਥੇ ਪਾਖੰਡ ਨੂੰ ਬੜਾਵਾ ਮਿਲਦਾ ਹੈ। ਨਾਲ ਦੀਆਂ ਦੁਕਾਨਾਂ ਵਾਲੇ, ਇਹ ਤਾਂ ਦੱਸਦੇ ਹਨ
ਕਿ ਇੱਥੇ ਇਹ ਪੂਜਾ ਸਾਲਾਂ ਤੋਂ ਹੋ ਰਹੀ ਹੈ ਪਰ ਉਹ ਇਹ ਨਹੀਂ ਦੱਸ ਪਾਉਂਦੇ ਕਿ ਇਸ ਦਾ
ਇਤਿਹਾਸਕ ਪਿਛੋਕੜ ਕੀ ਹੈ ਤੇ ਇਸ ਇੰਝ ਕਰਨ ਨਾਲ ਲਾਭ ਕੀ ਹੁੰਦੈ?
ਕੀ ਕਹਿੰਦੇ ਨੇ ਸਰਕਾਰੀ ਬਾਬੂ
:
ਇਸ ਸਬੰਧੀ ਜਦੋਂ ਪਾਵਰਕੌਂਮ ਦੇ ਐਸ.ਡੀ.ਓ. ਵਿਨੋਦ ਕੁਮਾਰ ਨਾਲ ਗੱਲ
ਕੀਤੀ ਗਈ ਤਾਂ ਉਨਾਂ ਕਿਹਾ ਕਿ ਉਹ ਮੰਨਦੇ ਹਨ ਇਸ ਨਾਲ ਗਲਤ ਸੰਦੇਸ਼ ਜਾ ਰਿਹਾ ਹੈ, ਪਰ ਮਸਲਾ
ਲੋਕਾਂ ਦੀ ਆਸਥਾ ਨਾਲ ਜੁੜਿਆ ਹੋਂਣ ਕਰਕੇ ਉਹ ਕੁਝ ਕਰਨ ਤੋਂ ਅਸਮੱਰਥ ਹਨ, ਕਿਉਂਕਿ ਕੁਝ
ਲੋਕਾਂ ਨੇ ਇਸ ਜਗਾ ਨੂੰ ਬਾਬਾ ਖੇਤਰਪਾਲ ਦੇ ਨਾਂਅ ਨਾਲ ਜੋੜ ਦਿੱਤਾ ਹੈ ਤੇ ਬਾਬਾ
ਖੇਤਰਪਾਲ ਨੂੰ ਬਹੁਤ ਸਾਰੇ ਲੋਕ ਮੰਨਦੇ ਹਨ। ਜਦੋਂ ਉਨਾਂ ਨੂੰ ਸਵਾਲ ਕੀਤਾ ਗਿਆ ਕਿ ਉਹ
ਵਿਭਾਗੀ ਪੱਧਰ ’ਤੇ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ, ਤਾਂ ਉਨਾਂ ਕਿਹਾ ਕਿ
ਆਉਂਣ ਵਾਲੇ ਸਮੇਂ ’ਚ ਇਸ ’ਤੇ ਵਿਚਾਰ ਕੀਤਾ ਜਾ ਸਕਦਾ ਹੈ।