Share on Facebook

Main News Page

ਕਥਿਤ ਸੋਧਿਆ ਕੈਲੰਡਰ, ਪੰਥ ਲਈ ਕਿਸੇ ਵੀ ਪੱਖੋਂ ਢੁਕਵਾਂ ਨਹੀਂ ਹੈ
-: ਕਿਰਪਾਲ ਸਿੰਘ ਬਠਿੰਡਾ ਮੋਬ: 98554 80797

ਚੰਦਰਮਾਂ ਧਰਤੀ ਦੁਆਲੇ ਇੱਕ ਚੱਕਰ ਇੱਕ ਮਹੀਨੇ ਵਿੱਚ ਪੂਰਾ ਕਰਦਾ ਹੈ। ਸੂਰਜੀ ਸਿਧਾਂਤ ਅਨੁਸਾਰ ਚੰਦਰ ਮਾਸ ਲਗਪਗ 29.530587946 ਦਿਨ ਭਾਵ 29 ਦਿਨ 12 ਘੰਟੇ 44 ਮਿੰਟ 2.8 ਸੈਕੰਡ ਦਾ ਹੁੰਦਾ ਹੈ। ਇਸ ਤਰ੍ਹਾਂ ਚੰਦਰ ਸਾਲ ਦੀ ਲੰਬਾਈ 29.530587946 ਗੁਣਾ 12 = 354.367055352 ਦਿਨ ਭਾਵ 354 ਦਿਨ 8 ਘੰਟੇ 48 ਮਿੰਟ 33.58 ਸੈਕੰਡ (ਲਗ ਪਗ) ਬਣਦੀ ਹੈ।

ਪਿਛਲੀ ਚੱਲੀ ਆ ਰਹੀ ਰਵਾਇਤ ਅਨੁਸਾਰ ਗੁਰਪੁਰਬ ਬਿਕ੍ਰਮੀ ਸੰਮਤ ਦੇ ਚੰਦਰਮਾ ਮਹੀਨੇ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਂਦੇ ਸਨ। ਪਰ ਕਿਉਂਕਿ ਚੰਦਰਸਾਲ 354/355 ਦਿਨ ਹੁੰਦੇ ਹਨ ਇਸ ਲਈ 365/366 ਦਿਨਾਂ ਵਾਲੇ ਸਾਲ ਦੀਆਂ ਸੂਰਜੀ ਕੈਲੰਡਰ ਦੀਆਂ ਤਰੀਖਾਂ ਮੁਤਾਬਿਕ ਇਹ ਕਦੀ ਵੀ ਸਥਿਰ ਤਰੀਖਾਂ ਨੂੰ ਨਹੀਂ ਆਉਂਦੇ।

ਕਾਰਣ ਇਹ ਹੈ ਕਿ ਚੰਦਰਸਾਲ ਸੂਰਜੀ ਸਾਲ ਤੋਂ ਲਗਪਗ 11 ਦਿਨ ਛੋਟਾ ਹੋਣ ਕਰਕੇ ਜਿਹੜਾ ਗੁਰਪੁਰਬ ਅੱਜ ਆ ਰਿਹਾ ਹੈ, ਉਹ ਅਗਲੇ ਸਾਲ ਅੱਜ ਦੀ ਤਰੀਖ ਤੋਂ 11 ਦਿਨ ਪਹਿਲਾਂ ਤੇ ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ ਆ ਜਾਵੇਗਾ। ਤੀਜੇ ਸਾਲ 33 ਦਿਨ ਹੋ ਜਾਣ ਕਰਕੇ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਕ ਮਹੀਨਾ ਵਾਧੂ ਜੋੜ ਦਿੱਤਾ ਜਾਂਦਾ ਹੈ ਭਾਵ ਇਹ ਸਾਲ 12 ਦੀ ਬਜਾਏ 13 ਮਹੀਨੇ (384-385 ਦਿਨਾਂ) ਦਾ ਹੋ ਜਾਂਦਾ ਹੈ ਅਤੇ ਇਸ ਵਿੱਚ ਇੱਕੋ ਨਾਮ ਦੇ ਦੋ ਮਹੀਨੇ ਹੋ ਜਾਂਦੇ ਹਨ ਜਿਸ ਨੂੰ ਲੌਂਦ ਜਾਂ ਮਲਮਾਸ ਦਾ ਮਹੀਨਾ ਆਖਦੇ ਹਨ। ਮਲਮਾਸ ਮਹੀਨੇ ਪਿੱਛੋਂ ਆਉਣ ਵਾਲੇ ਸਾਰੇ ਗੁਰਪੁਰਬ ਤਕਰੀਬਨ 18-19 ਦਿਨ ਪਛੜ ਕੇ ਆਉਂਦੇ ਹਨ।

ਮਿਸਾਲ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਪੁਰਬ 2011 ਵਿੱਚ ਪਹਿਲਾਂ 11 ਜਨਵਰੀ ਨੂੰ ਆਇਆ ਤੇ ਦੁਬਾਰਾ ਫਿਰ 31 ਦਸੰਬਰ ਨੂੰ ਆ ਗਿਆ ਸੀ।

- 2012 ਵਿੱਚ ਮਲਮਾਸ ਦਾ ਮਹੀਨਾ ਜੁੜ ਜਾਣ ਕਰਕੇ, ਇਸ ਸਾਲ ਵਿੱਚ ਆਇਆ ਹੀ ਨਹੀਂ।
- 2013 ਵਿੱਚ 18 ਜਨਵਰੀ ਨੂੰ ਆਇਆ ਤੇ ਅਗਲੇ ਸਾਲ ਜਾਨੀ ਕਿ 2014 ਵਿੱਚ 7 ਜਨਵਰੀ ਨੂੰ ਆਵੇਗਾ।

ਬਿਕ੍ਰਮੀ ਸੰਮਤ ਦੇ 19 ਸਾਲਾਂ ਵਿੱਚ 7 ਸਾਲ ਅਜਿਹੇ ਆਉਂਦੇ ਹਨ ਜਿਸ ਵਿੱਚ ਸਾਲ ਦੇ 12 ਚੰਦਰ ਮਹੀਨਿਆਂ ਦੀ ਬਜਾਏ 13 ਮਹੀਨੇ ਹੋ ਜਾਂਦੇ ਹਨ। ਹੋਰ ਅਜੀਬ ਗੱਲ ਇਹ ਹੈ ਕਿ ਇੱਕੋ ਨਾਮ ਦੇ ਦੋ ਮਹੀਨਿਆਂ ਵਿੱਚੋਂ ਪਹਿਲੇ ਮਹੀਨੇ ਦੇ ਦੂਸਰੇ ਪੱਖ ਅਤੇ ਦੂਸਰੇ ਮਹੀਨੇ ਦੇ ਪਹਿਲੇ ਪੱਖ ਨੂੰ ਪੰਡਿਤ ਲੋਕ ਮਨਹੂਸ ਮੰਨਦੇ ਹਨ ਇਸ ਲਈ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਧਾਰਮਿਕ ਸ਼ੁਭ ਕੰਮ ਨਹੀਂ ਕੀਤਾ ਜਾਂਦਾ।

ਸ਼ੁਭ ਅਸ਼ੁਭ ਸੋਚ ਨੂੰ ਮੁੱਖ ਰਖਦੇ ਹੋਏ ਇਨ੍ਹਾਂ ਦੋ ਪੱਖਾਂ ਵਿੱਚ ਆਏ ਗੁਰਪੁਰਬ ਇਕ ਮਹੀਨਾ ਪਛੜ ਕੇ ਮਨਾਏ ਜਾਂਦੇ ਹਨ। ਇਹ ਸਿੱਧੇ ਤੌਰ ’ਤੇ ਗੁਰਮਤਿ ਦੇ ਸੁਨਹਿਰੇ ਅਸੂਲਾਂ: ‘ਚਉਦਸ ਅਮਾਵਸ, ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ ॥2॥’ {ਰਾਮਕਲੀ (ਭਗਤ ਕਬੀਰ ਜੀਉ) ਗੁਰੂ ਗ੍ਰੰਥ ਸਾਹਿਬ - ਪੰਨਾ 970} ‘ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ ॥10॥2॥’ {ਬਿਲਾਵਲੁ ਸਤ ਵਾਰ (ਮ: 3) ਗੁਰੂ ਗ੍ਰੰਥ ਸਾਹਿਬ - ਪੰਨਾ 843) ਦੀ ਘੋਰ ਉਲੰਘਣਾਂ ਹੈ। ਬਿਕ੍ਰਮੀ ਚੰਦਰ ਸਾਲ ਦਾ ਇੱਕ ਹੋਰ ਗੋਰਖਧੰਦਾ ਇਹ ਵੀ ਹੈ, ਕਿ ਕਦੇ ਸੂਰਜ ਕਿਸੇ ਇੱਕ ਚੰਦਰ ਮਹੀਨੇ ਵਿੱਚ ਦੋ ਵਾਰੀ ਰਾਸ਼ੀ ਪ੍ਰੀਵਰਤਨ ਕਰ ਲੈਦਾ ਹੈ, ਇਸ ਮਹੀਨੇ ਨੂੰ ਵਿਗਿਆਨੀ ਕਸ਼ਿਆ ਜਾਂ ਘਟਿਆ ਮਹੀਨਾ ਆਖ ਦਿੰਦੇ ਹਨ। ਇੱਥੇ ਚੰਦਰ ਸਾਲ ਦੇ ਬਾਰਾਂ ਦੀ ਬਜਾਏ ਗਿਆਰਾਂ ਮਹੀਨੇ ਰਹਿ ਜਾਂਦੇ ਹਨ। ਅਜਿਹਾ 141 ਸਾਲਾਂ ਵਿੱਚ ਇੱਕ ਵਾਰ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਹੀ 19 ਸਾਲਾਂ ਪਿਛੋਂ ਦੁਬਾਰਾ ਫਿਰ ਹੋ ਜਾਂਦਾ ਹੈ। ਇਸੇ ਨਿਯਮ ਅਨੁਸਾਰ ਜੇ ਕਦੀ ਪੋਹ ਦਾ ਮਹੀਨਾ ਹੀ ਨਾ ਆਵੇ, ਤਾਂ ਦੱਸੋ ਉਸ ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਪੁਰਬ ਕਦੋਂ ਮਨਾਈਏ?

ਧਰਤੀ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ, ਤੇ ਔਸਤਨ 365.24219 ਦਿਨ ਭਾਵ 365 ਦਿਨ 5 ਘੰਟੇ 48 ਮਿੰਟ 45.2 ਸੈਕੰਡ ਵਿੱਚ ਪੂਰਾ ਚੱਕਰ ਕਟਦੀ ਹੈ; ਜਿਸ ਨੂੰ ਮੌਸਮੀ (ਰੁੱਤੀ) ਸਾਲ ਕਹਿੰਦੇ ਹਨ।

ਅੱਜ ਕੱਲ ਦੁਨੀਆਂ ਦੇ ਹਰ ਹਿੱਸੇ ਵਿੱਚ ਪ੍ਰਚੱਲਤ ਗਰੈਗੋਰੀਅਨ ਕੈਲੰਡਰ ਜਿਸ ਨੂੰ ਸੀ.ਈ. (ਕਾਮਨ ਏਰਾ) ਜਾਂ ਸਾਂਝਾ ਕੈਲੰਡਰ ਕਹਿੰਦੇ ਹਨ, ਦੇ ਸਾਲ ਦੀ ਲੰਬਾਈ 365.2425 ਦਿਨ ਭਾਵ 365 ਦਿਨ 5 ਘੰਟੇ 49 ਮਿੰਟ 12 ਸੈਕੰਡ (ਲਗ ਪਗ) ਹੈ, ਤੇ ਇਹ ਰੁੱਤੀ ਸਾਲ ਨਾਲੋਂ ਲਗਪਗ 26 ਸੈਕੰਡ ਵੱਡਾ ਹੋਣ ਕਰਕੇ ਲਗਪਗ 3300 ਸਾਲਾਂ ਵਿੱਚ ਇੱਕ ਦਿਨ ਪਛੜ ਜਾਂਦਾ ਹੈ।

ਸੂਰਜੀ ਸਿਧਾਂਤ ਦਾ ਬਿਕ੍ਰਮੀ ਕੈਲੰਡਰ ਜੋ ਗੁਰੂ ਕਾਲ ਵੇਲੇ ਲਾਗੂ ਸੀ ਦੇ ਸਾਲ ਦੀ ਲੰਬਾਈ 365.258756481 ਦਿਨ ਭਾਵ 365 ਦਿਨ 6 ਘੰਟੇ 12 ਮਿੰਟ 36.56 ਸੈਕੰਡ ਸੀ। ਸੂਰਜੀ ਸਿਾਂਧਤ ਦਾ ਇਹ ਬਿਕ੍ਰਮੀ ਸਾਲ ਮੌਸਮੀ ਸਾਲ ਨਾਲੋਂ ਤਕਰੀਬਨ 23 ਮਿੰਟ 51.36 ਸੈਕੰਡ ਵੱਡਾ ਹੋਣ ਕਰਕੇ 60-61 ਸਾਲਾਂ ਵਿੱਚ ਲਗਪਗ ਇੱਕ ਦਿਨ ਪਛੜ ਜਾਂਦਾ ਸੀ।

1964 ਵਿੱਚ ਉਤਰੀ ਭਾਰਤ ਦੇ ਪੰਡਿਤਾਂ ਨੇ ਅੰਮ੍ਰਿਤਸਰ ਵਿੱਚ ਮੀਟਿੰਗ ਕਰਕੇ ਇਸ ਵਿੱਚ ਸੋਧ ਕਰਕੇ ਸਾਲ ਦੀ ਲੰਬਾਈ ਘਟਾ ਕੇ 365.256363004 ਦਿਨ ਭਾਵ 365 ਦਿਨ 6 ਘੰਟੇ 9 ਮਿੰਟ 9.8 ਸੈਕੰਡ (ਲਗਪਗ) ਕਰ ਦਿੱਤੀ। ਹੁਣ ਇਹ ਰੁੱਤੀ ਸਾਲ ਤੋਂ ਲਗਪਗ 20 ਮਿੰਟ ਵੱਡਾ ਹੋਣ ਕਰਕੇ ਤਕਰੀਬਨ 71-72 ਸਾਲਾਂ ਵਿੱਚ ਇੱਕ ਦਿਨ ਪਛੜ ਜਾਂਦਾ ਹੈ।

ਇਸ ਦਾ ਪ੍ਰਤੱਖ ਸਬੂਤ ਸ: ਪਾਲ ਸਿੰਘ ਪੁਰੇਵਾਲ ਅਤੇ ਡਾ: ਬਲਵੰਤ ਸਿੰਘ ਢਿੱਲੋਂ ਵੱਲੋਂ “ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ?” ਸਿਰਲੇਖ ਹੇਠ ਲਿਖੇ ਲੇਖ ਜੋ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਨਾਨਕਸ਼ਾਹੀ ਕੈਲੰਡਰ (ਜੰਤਰੀ ਟਾਈਪ) ਵਿੱਚ 2003 ਤੋਂ 2010 ਤੱਕ ਲਗਾਤਾਰ 7 ਸਾਲ ਛਪਦਾ ਰਿਹਾ ਹੈ, ਤੋਂ ਮਿਲ ਜਾਂਦਾ ਹੈ ਜਿਸ ਅਨੁਸਾਰ 1699 ਦੀ ਵੈਸਾਖੀ; ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖੰਡੇ ਦੀ ਪਾਹੁਲ ਦੀ ਅਲੌਕਿਕ ਘਟਨਾ ਰਾਹੀਂ ਖ਼ਾਲਸਾ ਪੰਥ ਪ੍ਰਗਟ ਕੀਤਾ ਸੀ; ਉਸ ਦਿਨ 29 ਮਾਰਚ ਸੀ ਪਰ 1752 ਵਿੱਚ ਕੀਤੀ ਸੋਧ ਉਪ੍ਰੰਤ, ਅਗਲੇ ਸਾਲਾਂ ਵਿੱਚ ਵੈਸਾਖੀ ਹੇਠ ਲਿਖੀਆਂ ਤਰੀਖਾਂ ਅਨੁਸਾਰ ਆਈ:

ਈਸਵੀ ਵੈਸਾਖੀ
1753 9 ਅਪ੍ਰੈਲ
1799 10 ਅਪ੍ਰੈਲ
1899 12 ਅਪ੍ਰੈਲ
1999 14 ਅਪ੍ਰੈਲ
2100 15 ਅਪ੍ਰੈਲ
2199 16 ਅਪ੍ਰੈਲ

ਸ: ਪਾਲ ਸਿੰਘ ਪੁਰੇਵਾਲ ਵੱਲੋਂ ਸੰਨ 3000 ਈਸਵੀ ਦੇ ਜਾਰੀ ਕੀਤੇ ਕੈਲੰਡਰ ਅਨੁਸਾਰ ਸਾਲ 3000 ਈਸਵੀ ਵਿੱਚ; ਪੰਜਾਬ ਵਿੱਚ ਪ੍ਰਚਲਤ ਕੈਲੰਡਰ, ਜੋ ਦ੍ਰਿੱਕ ਸਿਧਾਂਤ ਅਨੁਸਾਰ ਸੋਧਿਆ ਗਿਆ ਹੈ ਉਸ ਮਤਾਬਕ ਵੈਸਾਖੀ 27 ਅਪ੍ਰੈਲ ਨੂੰ ਆਵੇਗੀ ਅਤੇ ਸੂਰਜੀ ਸਿਧਾਂਤ ਜੋ ਗੁਰੂ ਕਾਲ ਵਿੱਚ ਪ੍ਰਚਲਤ ਸੀ, ਉਸ ਮੁਤਾਬਕ 30 ਅਪ੍ਰੈਲ ਨੂੰ ਆਵੇਗੀ। ਜੇ ਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 13000 ਸਾਲ ਬਾਅਦ ਇਹ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ ਜਦੋਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 1 ਵੈਸਾਖ (ਵੈਸਾਖੀ) ਅੱਜ ਵੀ 14 ਅਪ੍ਰੈਲ ਨੂੰ ਆਉਂਦੀ ਹੈ ਸੰਨ 3000 ਈਸਵੀ ਵਿੱਚ ਵੀ 14 ਅਪ੍ਰੈਲ ਨੂੰ ਆਵੇਗੀ ਤੇ ਹਮੇਸ਼ਾਂ ਲਈ ਵੀ 14 ਅਪ੍ਰੈਲ ਨੂੰ ਹੀ ਆਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਰਹ ਮਾਹਾ ਤੁਖਾਰੀ ਤੇ ਬਾਰਹ ਮਾਹਾ ਮਾਂਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਾਪਤ ਹਨ। ਗੁਰੂ ਸਾਹਿਬਾਨ ਨੇ ਇਨ੍ਹ ਬਾਣੀਆਂ ਵਿਚਲਾ ਅਧਿਆਤਮਕ ਸੰਦੇਸ਼ ਜਨ-ਸਾਧਾਰਣ ਤੱਕ ਪਹੁੰਚਾਉਣ ਲਈ ਮਹੀਨਿਆਂ ਅਨੁਸਾਰ, ਰੁਤਾਂ ਰਾਹੀਂ ਬਿਆਨ ਕੀਤਾ ਹੈ:

1. ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ …... (ਮਾਝ ਬਾਰਹਮਾਹਾ ਮ: 5)
2. ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ …… (ਮਾਝ ਬਾਰਹਮਾਹਾ ਮ: 5)
3. ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ …… (ਤੁਖਾਰੀ ਬਾਰਹਮਾਹਾ ਮ: 1)
4. ਵੈਸਾਖੁ ਭਲਾ ਸਾਖਾ ਵੇਸ ਕਰੇ ॥ …… (ਤੁਖਾਰੀ ਬਾਰਹਮਾਹਾ ਮ: 1)
5. ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥ .... (ਤੁਖਾਰੀ ਬਾਰਹਮਾਹਾ ਮ: 1)
6. ਆਸਾੜੁ ਭਲਾ ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ …… (ਤੁਖਾਰੀ ਬਾਰਹਮਾਹਾ ਮ: 1)
7. ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥ ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥ ……… (ਤੁਖਾਰੀ ਬਾਰਹਮਾਹਾ ਮ: 1)

ਜੇਕਰ ਬਿਕ੍ਰਮੀ ਕੈਲੰਡਰ ਮੌਜੂਦਾ ਰੂਪ ਵਿੱਚ ਚਲਦਾ ਰਿਹਾ ਤਾਂ ਗੁਰਬਾਣੀ ਵਿੱਚ ਦਰਸਾਇਆ ਮਹੀਨਿਆਂ ਅਤੇ ਰੁੱਤਾਂ ਦਾ ਆਪਸੀ ਸਬੰਧ ਟੁੱਟ ਜਾਵੇਗਾ। ਗੁਰਬਾਣੀ ਵਿੱਚ ਵਰਨਣ ਮਹੀਨੇ ਦੀ ਰੁੱਤ ਕਿਸੇ ਹੋਰ ਹੀ ਮਹੀਨੇ ਵਿੱਚ ਆਇਆ ਕਰੇਗੀ। ਇਸ ਕਰਕੇ ਪ੍ਰਚਲਤ ਬਿਕ੍ਰਮੀ ਕੈਲੰਡਰ ਪੰਥ ਲਈ ਢੁੱਕਵਾਂ ਨਹੀਂ ਹੈ। ਇਸ ਲਈ ਸਿੱਖ-ਪੰਥ ਨੂੰ ਇੱਕ ਅਜੇਹੇ ਸੁਰਜੀ ਕੈਲੰਡਰ ਦੀ ਲੋੜ ਹੈ ਜੋ ਹਮੇਸ਼ਾਂ ਰੁੱਤਾਂ ਨਾਲ ਬੱਝਿਆ ਰਹੇ।

ਬਿਕ੍ਰਮੀ ਸਾਲ ਦੇ ਮਹੀਨਿਆਂ ਦੀ ਗਿਣਤੀ ਹਰ ਸਾਲ ਹੀ 29 ਤੋਂ 32 ਦਿਨਾਂ ਦੇ ਵਿਚਕਾਰ ਵਧਦੀ ਘਟਦੀ ਰਹਿੰਦੀ ਹੈ। ਮਿਸਾਲ ਦੇ ਤੌਰ ’ਤੇ ਚੇਤ ਦਾ ਮਹੀਨਾ 2011 ਵਿੱਚ 31 ਦਿਨ ਦਾ ਅਤੇ 2012 ਤੇ 2013 ਵਿੱਚ 30-30 ਦਿਨ ਦਾ ਸੀ। ਹਾੜ 2011 ਵਿੱਚ 31 ਦਿਨ ਅਤੇ 2012 ਤੇ 2013 ਵਿਚ 32-32 ਦਿਨ ਸੀ। ਸਾਵਣ 2011 ਵਿੱਚ 32 ਦਿਨ ਅਤੇ 2012 ਤੇ 2013 ਵਿੱਚ 31-31 ਦਿਨ ਸੀ। ਅੱਸੂ 2011 ਤੇ 2012 ਵਿੱਚ 30-30 ਦਿਨ ਸੀ ਪਰ 2013 ਵਿੱਚ 31 ਦਿਨ ਦਾ ਹੈ। ਮੱਘਰ 2011 ਤੇ 2012 ਵਿੱਚ 30-30 ਦਿਨ ਅਤੇ 2013 ਵਿੱਚ 29 ਦਿਨ ਦਾ ਹੈ। ਪੋਹ 2011/12 ਤੇ 2012/13 ਵਿੱਚ 29-29 ਦਿਨ ਅਤੇ 2013/14 ਵਿੱਚ 30 ਦਿਨ ਦਾ ਹੋਵੇਗਾ। ਮਾਘ 2012 ਤੇ 2013 ਵਿੱਚ 30-30 ਦਿਨ ਅਤੇ 2014 ਵਿੱਚ 29 ਦਿਨ ਦਾ ਹੋਵੇਗਾ। ਇਸ ਤਰ੍ਹਾਂ ਹਰ ਮਹੀਨੇ ਦੇ ਹਰ ਸਾਲ ਹੀ ਦਿਨ ਵਧਣ ਘਟਣ ਕਾਰਣ ਇਨ੍ਹਾਂ ਦੇ ਮਹੀਨਿਆਂ ਦੀਆਂ ਸੰਗ੍ਰਾਂਦਾਂ ਵੀ ਹਰ ਸਾਲ ਹੀ ਬਦਲਦੀਆਂ ਰਹਿੰਦੀਆਂ ਹਨ, ਜਿਸ ਕਾਰਣ ਕੋਈ ਵੀ ਤਰੀਖ ਕਦੇ ਵੀ ਸਥਿਰ ਨਹੀਂ ਰਹਿ ਸਕਦੀ।

ਇਸ ਪੱਖੋਂ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਬਹੁਤ ਹੀ ਢੁੱਕਵਾਂ ਹੈ; ਕਿਉਂਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਕਰ ਦਿੱਤੀ ਗਈ ਹੈ। ਪਹਿਲੇ ਪੰਜ ਮਹੀਨੇ – ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ; ਅਖੀਰਲੇ ਸੱਤ ਮਹੀਨੇ – ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ 30-30 ਦਿਨਾਂ ਦੇ ਹੋਣਗੇ। ਜਿਸ ਸਾਲ ਲੀਪ ਦੇ ਸਾਲ ਵਿੱਚ ਫਰਵਰੀ 29 ਦਿਨਾਂ ਦੀ ਹੋਵੇਗੀ ਉਸ ਸਾਲ ਇਸ ਮਹੀਨੇ ਵਿੱਚ ਅਰੰਭ ਹੋਣ ਵਾਲਾ ਮਹੀਨਾ ਫੱਗਣ ਆਪਣੇ ਆਪ 31 ਦਿਨ ਦਾ ਹੋ ਜਾਵੇਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਹੋਣ ਕਰਕੇ ਹਰ ਮਹੀਨੇ ਦਾ ਆਰੰਭ ਭਾਵ ਪਹਿਲੀ ਤਰੀਖ (ਜਿਸ ਨੂੰ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹਿਣ ਦੀ ਵਕਾਲਤ ਕਰਨ ਵਾਲੇ ਬਿਪ੍ਰਵਾਦੀ ਸੋਚ ਦੇ ਲੋਕ ਧੱਕੇ ਨਾਲ ਹੀ ਸੰਗ੍ਰਾਂਦ ਦਾ ਨਾਮ ਦੇ ਰਹੇ ਹਨ) ਹਮੇਸ਼ਾਂ ਲਈ ਪੱਕੇ ਤੌਰ ’ਤੇ ਨਿਸਚਤ ਹੋ ਗਈ ਹੈ।

ਜਿਸ ਅਨੁਸਾਰ ਪਹਿਲੇ ਦੋ ਮਹੀਨਿਆਂ ਦਾ ਅਰੰਭ 14 ਤਰੀਖ ਨੂੰ, ਭਾਵ ਚੇਤ= 14 ਮਾਰਚ, ਵੈਸਾਖ= 14 ਅਪ੍ਰੈਲ;
ਅਗਲੇ ਦੋ ਮਹੀਨੇ ਦਾ ਆਰੰਭ 15 ਤਰੀਖ ਨੂੰ; ਭਾਵ ਜੇਠ= 15 ਮਈ, ਹਾੜ= 15 ਜੂਨ;
ਅਗਲੇ ਦੋ ਮਹੀਨੇ ਦਾ ਆਰੰਭ 16 ਤਰੀਖ ਨੂੰ; ਭਾਵ ਸਾਵਣ= 16 ਜੁਲਾਈ, ਭਾਦੋਂ= 16 ਅਗਸਤ।
6 ਮਹੀਨੇ ਤੋਂ ਬਾਅਦ ਹੁਣ ਦੋ ਦੋ ਦੇ ਜੁੱਟ ਦੇ ਮਹੀਨਿਆਂ ਦੇ ਆਰੰਭ ਦੀ ਤਰੀਖ ਇੱਕ ਇੱਕ ਕਰਕੇ ਘਟਣੀ ਸ਼ੁਰੂ ਹੋ ਜਵੇਗੀ, ਜਿਵੇਂ ਕਿ:-
ਅੱਸੂ = 15 ਸਤੰਬਰ, ਕੱਤਕ = 15 ਅਕਤੂਬਰ;
ਮੱਘਰ = 14 ਨਵੰਬਰ, ਪੋਹ = 14 ਦਸੰਬਰ;
ਮਾਘ = 13 ਜਨਵਰੀ ਅਤੇ ਫੱਗਣ = 12 ਫਰਵਰੀ

ਇਸ ਤਰ੍ਹਾਂ ਇਸ ਕੈਲੰਡਰ ਵਿੱਚ ਜਿਥੇ ਇੱਕ ਵਾਰ ਨਿਸਚਤ ਕੀਤੀਆਂ ਤਰੀਖਾਂ ਸਦਾ ਸਦਾ ਲਈ ਹੀ ਸਥਿਰ ਰਹਿਣਗੀਆਂ ਉਥੇ ਇਸ ਦੇ ਸਾਲ ਦੀ ਔਸਤਨ ਲੰਬਾਈ ਮੌਸਮੀ ਸਾਲ (365 ਦਿਨ 5 ਘੰਟੇ 48 ਮਿੰਟ 45.2 ਸੈਕੰਡ) ਦੇ ਬਹੁਤ ਹੀ ਨਜ਼ਦੀਕ ਹੋਣ ਕਰਕੇ ਗੁਰਬਾਣੀ ਵਿੱਚ ਵਰਨਣ ਕੀਤੀਆਂ ਰੁੱਤਾਂ ਨਾਲ ਤਕਰੀਬਨ ਜੁੜਿਆ ਰਹੇਗਾ, ਭਾਵ 3300 ਸਾਲ ਵਿੱਚ ਕੇਵਲ 1 ਦਿਨ ਦਾ ਫਰਕ ਪਏਗਾ। ਜਦੋਂ ਕਿ ਬਿਕ੍ਰਮੀ ਸਾਲ (ਦ੍ਰਿੱਕ ਗਣਿਤ) ਦੀ ਲੰਬਾਈ ਮੌਸਮੀ ਸਾਲ ਤੋਂ ਤਕਰੀਬਨ 20 ਮਿੰਟ ਵੱਧ ਹੋਣ ਕਰਕੇ 71-72 ਸਾਲਾਂ ਵਿੱਚ ਹੀ 1 ਦਿਨ ਦਾ ਅਤੇ 3300 ਸਾਲ ਵਿੱਚ ਤਕਰੀਬਨ 46 ਦਿਨ ਦਾ ਫਰਕ ਪੈ ਜਾਵੇਗਾ।

ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਜੋ ਸੋਧ ਕੀਤੀ ਗਈ ਹੈ ਉਹ 1964 ਵਿੱਚ ਦ੍ਰਿੱਕ ਗਣਿਤ ਅਨੁਸਾਰ ਸੋਧੇ ਹੋਏ ਬਿਕ੍ਰਮੀ ਕੈਲੰਡਰ ਮੁਤਾਬਕ ਕੀਤੀ ਗਈ ਹੈ। ਜਿਹੜਾ ਕਿ ਸਾਂਝੇ ਸਾਲ ਤੋਂ ਤਕਰੀਬਨ 46 ਦਿਨ ਅਤੇ ਰੁੱਤੀ ਸਾਲ ਤੋਂ ਤਕਰੀਬਨ 47 ਦਿਨ ਪਛੜ ਜਾਵੇਗਾ। ਇਸ ਤੋਂ ਇਲਾਵਾ ਇਹ ਸੋਧ ਕਿਸੇ ਵੀ ਸਿਧਾਂਤ ਅਨੁਸਾਰ ਨਹੀਂ ਬਲਕਿ ਬਿਕ੍ਰਮੀ ਕੈਲੰਡਰ ਤੇ ਨਾਨਕਸ਼ਾਹੀ ਕੈਲੰਡਰ ਦਾ ਮਿਲਗੋਭਾ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਦੀਆਂ ਸੰਗ੍ਰਾਂਦਾਂ ਤਾਂ ਬਿਕ੍ਰਮੀ ਕੈਲੰਡਰ ਵਾਲੀਆਂ ਕਰ ਦਿੱਤੀਆਂ ਪਰ ਗੁਰਪੁਰਬਾਂ ਤੇ ਇਤਿਹਾਸਕ ਦਿਹਾੜਿਆਂ ਦੀਆਂ ਕੁਝ ਤਰੀਖਾਂ ਨਾਨਕਸ਼ਾਹੀ ਅਤੇ ਕੁਝ ਬਿਕ੍ਰਮੀ ਕੈਲੰਡਰ ਦੇ ਚੰਦਰ ਮਹੀਨੇ ਦੀਆਂ ਤਿਥਾਂ ਅਨੁਸਾਰ ਕਰ ਦਿੱਤੀਆਂ ਹਨ। ਇਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, 3 ਫਰਵਰੀ ਸੰਨ 3000 ਈਸਵੀ ਨੂੰ ਹੋਵੇਗਾ ਜਿਸ ਦਿਨ 7 ਮਾਘ ਸੰਮਤ 3056 ਬਿਕ੍ਰਮੀ/1356 ਨਾਨਕਸ਼ਾਹੀ ਹੋਵੇਗੀ। ਜਦੋਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਵੀ 23 ਪੋਹ/ 5 ਜਨਵਰੀ ਨੂੰ ਹੈ, 3000 ਈਸਵੀ ਵਿੱਚ ਵੀ 23 ਪੋਹ/ 5 ਜਨਵਰੀ ਨੂੰ ਆਵੇਗਾ ਤੇ ਸਦਾ ਲਈ ਵੀ ਇਹ 23 ਪੋਹ/ 5 ਜਨਵਰੀ ਨੂੰ ਹੀ ਆਵੇਗਾ।

ਨਾਨਕਸ਼ਾਹੀ ਕੈਲੰਡਰ ਬਣਾੳਣ ਦੀ ਲੋੜ ਦੇ ਤਿੰਨ ਮੁੱਖ ਕਾਰਣ ਸਨ:

  1. ਗੁਰਬਾਣੀ ਵਿੱਚ ਮਹੀਨਿਆਂ ਦੀਆਂ ਵਰਨਣ ਕੀਤੀਆਂ ਰੁੱਤਾਂ ਉਸ ਮਹੀਨੇ ਵਿੱਚ ਆਈਆਂ ਕੁਦਰਤੀ ਰੁੱਤਾਂ ਦੇ ਅਨੂਕੂਲ ਹੋਣ;
  2. ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਸਥਿਰ ਤਰੀਖਾਂ ਨੂੰ ਆਉਣ, ਤਾਂ ਕਿ ਸਾਨੂੰ ਯਾਦ ਰੱਖਣੀਆਂ ਆਸਾਨ ਹੋ ਜਾਣ ਤੇ
  3. ਤੀਸਰਾ ਕਾਰਣ ਸੀ, ਕਿ ਖ਼ਾਲਸਾ ਪੰਥ ਦਾ ਆਪਣਾ ਵੱਖਰਾ ਕੈਲੰਡਰ ਹੋਵੇ, ਜੋ ਰੁੱਤਾਂ ਨਾਲ ਜੁੜਿਆ ਰਹੇ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆਂ ਸ: ਪਾਲ ਸਿੰਘ ਵੱਲੋਂ ਤਿਆਰ ਕੀਤਾ ਕੈਲੰਡਰ, ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ, ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੋਧਿਆ ਕੈਲੰਡਰ ਕਿਸੇ ਵੀ ਪੱਖ ਤੋਂ ਢੁੱਕਵਾਂ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top