ਜਗਰਾਉਂ,
30 ਅਕਤੂਬਰ (ਜੋਗਿੰਦਰ ਸਿੰਘ) - ਬਾਬਾ ਨੰਦ ਸਿੰਘ ਦੇ ਜਨਮ ਦਿਹਾੜੇ ਸਬੰਧੀ ਵੱਖ-ਵੱਖ ਥਾਵਾਂ
'ਤੇ ਵਿਸ਼ਾਲ ਧਾਰਮਿਕ ਸਮਾਗਮ ਕੀਤੇ ਗਏ | ਇਸ ਸਬੰਧੀ ਨਾਨਕਸਰ ਸੰਪਰਦਾਇ ਦੇ ਬਾਬਾ ਘਾਲਾ
ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਠਾਠ ਨਾਨਕਸਰ ਗੁਲਾਬੀ ਬਾਗ ਦਿੱਲੀ ਵਿਖੇ ਪੰਜ ਰੋਜ਼ਾ
ਧਾਰਮਿਕ ਸਮਾਗਮਾਂ ਦੌਰਾਨ 114 ਅਖੰਡ ਪਾਠਾਂ ਦੇ ਭੋਗ ਪਾਏ ਤੇ ਵਿਸ਼ਾਲ ਨਗਰ ਕੀਰਤਨ ਵੀ
ਸਜਾਇਆ ਗਿਆ | ਇਨ੍ਹਾਂ ਸਮਾਗਮਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਸਮੇਤ ਹੋਰ ਧਾਰਮਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਜਥੇਦਾਰ
ਗੁਰਬਚਨ ਸਿੰਘ ਨੇ ਕਿਹਾ ਕਿ ਨਾਨਕਸਰ ਸੰਪਰਦਾਇ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਅਹਿਮ
ਯੋਗਦਾਨ ਪਾਇਆ ਜਾ ਰਿਹਾ ਹੈ |
ਉਨ੍ਹਾਂ ਕਿਹਾ ਕਿ ਬਾਬਾ ਨੰਦ ਸਿੰਘ ਦਾ ਸਮੁੱਚਾ ਜੀਵਨ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਨੂੰ ਸਮਰਪਿਤ ਰਿਹਾ ਤੇ ਅਜਿਹੇ ਮਹਾਂਪੁਰਖਾਂ ਦੇ
ਜੀਵਨ ਤੋਂ ਸੇਧ ਲੈ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਲੋੜ ਹੈ |
ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਸੰਤ ਬਾਬਾ ਨੰਦ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ
ਪਾਇਆ | ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਹੋਰ
ਪੰਥਕ ਆਗੂਆਂ ਨੂੰ ਸਿਰੋਪਾਓ ਭੇਟ ਕੀਤੇ |
ਸਮਾਗਮ ਦੌਰਾਨ ਭਾਈ ਵਾਹਿਗੁਰੂਪਾਲ ਸਿੰਘ ਦਿੱਲੀ, ਭਾਈ ਬੱਗਾ ਸਿੰਘ,
ਭਾਈ ਕਮਲਜੋਤ ਸਿੰਘ, ਭਾਈ ਪਰਮਿੰਦਰ ਸਿੰਘ, ਭਾਈ ਮਨਜਿੰਦਰ ਸਿੰਘ ਸਮੇਤ ਹੋਰ ਰਾਗੀ ਜਥਿਆਂ
ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ | ਇਸ ਮੌਕੇ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਵੀ
ਪੁੱਜ ਕੇ ਬਾਬਾ ਨੰਦ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਭਾਈ ਹਰਬੰਸ ਸਿੰਘ,
ਬਾਬਾ ਜੋਗਾ ਸਿੰਘ ਕਰਨਾਲ, ਮੁੱਖ ਪ੍ਰਬੰਧਕ ਭਾਈ ਗੁਰਚਰਨ ਸਿੰਘ ਦਿੱਲੀ, ਭਾਈ ਕਰਨੈਲ ਸਿੰਘ,
ਭਾਈ ਗੁਰਿੰਦਰ ਸਿੰਘ, ਭਾਈ ਮਨਦੀਪ ਸਿੰਘ ਭਾਈ ਗੁਜਰ ਸਿੰਘ ਸਮੇਤ ਹੋਰ ਸੰਗਤਾਂ ਹਾਜਰ ਸਨ |