Share on Facebook

Main News Page

ਹਿੰਦੁਸਤਾਨ ਵਿੱਚ ਹੁਕਮਰਾਨਾਂ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਅੱਜ ਵੀ ਜਾਰੀ ਹੈ, ਸਿਰਫ ਚਿਹਰੇ 'ਤੇ ਢੰਗ ਤਰੀਕਿਆਂ ਵਿੱਚ ਹੀ ਬਦਲਾਅ ਆਇਆ ਹੈ
-: ਗੁਰਚਰਨ ਸਿੰਘ ਗੁਰਾਇਆ

ਕਿਸੇ ਵੀ ਦੇਸ਼ ਜਾਂ ਸੂਬੇ ਦੇ ਹੁਕਮਰਾਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਦੇਸ਼ ਜਾਂ ਸੂਬੇ ਦੇ ਲੋਕ, ਕੌਮਾਂ,ਧਰਮ ਫਿਰਕੇ ਉਸ ਨੂੰ  ਝੁਕ ਝੁਕ ਕੇ ਸਲਾਮਾਂ ਤੇ ਉਸ ਅੱਗੇ ਸਿਰ ਝੁਕਾ ਕੇ ਚੱਲਣ। ਉਹ ਇਸ ਸਤ੍ਹਾ ਤੇ ਕੁਰਸੀ ਨੂੰ ਕਾਇਮ ਰੱਖਣ  ਤੇ ਸਿਰ ਉਠਾਕੇ ਚਲਣ ਵਾਲੀਆਂ ਕੌਮਾਂ ਨੂੰ ਝੁਕਾਉਣ ਤੇ ਗੁਲਾਮ ਬਣਾਉਣ ਲਈ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਕਈ ਵਾਰੀ ਉਹ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਘੱਟ ਗਿਣਤੀਆਂ ਦਾ ਕਤਲੇਆਮ, ਉਨਾਂ ਤੇ ਜ਼ੁਲਮ ਕਰਨ ਦਾ ਹਰ  ਘਟੀਏ ਤੋਂ ਘਟੀਆਂ ਤਰੀਕੇ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਹਿੰਦੋਸਤਾਨ ਦੀ ਕਾਗਰਸ ਸਰਕਾਰ ਵੱਲੋਂ ਅੱਜ ਤੋਂ 29 ਸਾਲ ਪਹਿਲਾਂ ਨਵੰਬਰ 1984 ਵਿੱਚ ਇੱਕ ਸੋਚੀ ਸਮਝੀ ਸਕੀਮ ਤਹਿਤ ਦਿੱਲੀ ਅਤੇ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਬੇਰਹਿਮੀ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਜੋ ਕਿ ਆਪਣੇ ਆਪ ਨੂੰ ਲੋਕਤੰਤਰ ਤੇ ਧਰਮ ਨਿਰਪੱਖ ਦੇਸ਼ ਅਖਵਾਉਣ ਵਾਲਿਆਂ ਦੇ ਮੱਥੇ 'ਤੇ ਇਕ ਨਾ ਮਿਟਣ ਵਾਲਾ ਕਲੰਕ ਹੈ। ਹਿੰਦੁਸਤਾਨ ਦੀ ਨਿਆਂ ਪਾਲਿਕਾਂ ਨੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਕੇ ਸਿੱਖ ਕੌਮ ਨਾਲ ਬੇਇਨਸਾਫੀ ਕਰਕੇ, ਇਸ ਕਲੰਕ ਦੇ ਦਾਗ ਨੂੰ ਧੋਣ ਦੀ ਬਜਾਏ ਇਸ ਨੂੰ ਹੋਰ ਗੂੜਾ ਕਰ ਦਿੱਤਾ।

ਸਿੱਖ ਕੌਮ ਦਾ ਇੱਕ ਹਿੱਸਾ ਜਿੱਥੇ ਪਿਛਲੇ 29 ਸਾਲਾਂ ਤੋਂ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਲਗਾਤਾਰ ਜੱਦੋਜਹਿਦ ਕਰਦਾ ਆ ਰਿਹਾ, ਉਥੇ ਇਕ ਹਿੱਸਾ ਸੁਹਿਰਦ ਨਾ ਹੋਕੇ, ਇਸ ਕਤਲੇਆਮ ਨੂੰ ਸਿਰਫ ਨਿੱਜੀ ਮੁਫਾਦਾਂ ਤੇ ਵੋਟਾਂ ਦੀ ਰਾਜਨੀਤੀ ਲਈ ਲੋਕਾਂ ਦੇ ਜ਼ਜਬਾਤਾਂ ਨਾਲ ਖੇਲਦਾ ਆ ਰਿਹਾ ਹੈ । ਪਰ ਵਿਦੇਸ਼ਾਂ ਵਿੱਚ ਸਿੱਖ ਫਾਰ ਜਸਟਿਸ ਸੰਸਥਾਂ ਨੇ ਹਿੰਦੋਸਤਾਨ ਦੇ ਇਸ ਧਰਮ ਨਿਰਪੱਖ ਤੇ ਲੋਕਤੰਤਰ ਦੇ ਪਾਏ ਨਕਾਬ ਨੂੰ ਉਤਾਰਨ ਲਈ ਤੇ ਸੰਸਾਰ ਪੱਧਰ ਦੀ ਮਨੁੱਖੀ ਅਧਿਕਾਰਾਂ ਦੀ ਸੰਸਥਾਂ ਸੰਯੁਕਤ ਰਾਸ਼ਟਰ ਜਨੇਵਾ ਵਿੱਚ ਦਸ ਹਜ਼ਾਰ ਤੋਂ ਵੱਧ ਸਿੱਖਾਂ ਦੀ ਇਨਸਾਫ ਰੈਲੀ ਕੱਢਕੇ, ਦਸ ਲੱਖਾਂ ਸਿੱਖਾਂ ਦੇ ਦਸਖਤਾਂ ਵਾਲੀ ਪਟੀਸ਼ਨ ਪਾਕੇ, ਨਵੰਬਰ 84 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਦਰਜਾ ਦਵਾਕੇ ਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਹਿੰਦੋਸਤਾਨ ਦੀ ਹਕੂਮਤ ਨੂੰ ਕਟਿਹਰੇ ਵਿੱਚ ਖੜ੍ਹਾਂ ਕਰਨ ਲਈ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ । ਦੇਸ਼ ਵਿਦੇਸ਼ ਦੇ ਸਿੱਖ ਵੀ ਇਸ ਉਪਰਾਲੇ ਲਈ ਆਪਣੇ ਆਪਣੇ ਥਾਈਂ ਇਸ ਉਪਰਾਲੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਜੋ ਕਿ ਇਕ ਜਿਊਂਦੀ ਜਾਗਦੀ ਕੌਮ ਦੀ ਨਿਸ਼ਾਨੀ ਹੈ।

ਪਰ ਸੋਚਣ ਵਾਲੀ ਗੱਲ ਹੈ ਕਿ ਹਿੰਦੋਸਤਾਨ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀ ਨਵੰਬਰ ਦੇ ਕਤਲੇਆਮ ਤੋਂ ਬਾਅਦ ਬੰਦ ਹੋ ਗਈ ਸੀ, ਜਾਂ ਇਸ ਤੋਂ ਪਹਿਲਾਂ ਕਦੇ ਨਹੀਂ ਹੋਈ ਸੀ । ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਦਿੱਲੀ ਦੀ ਹਕੂਮਤ ਅਤੇ ਧਰਮ ਦੇ ਨਾਮ ਤੇ ਲੋਕਾਂ ਦੀ ਲੁੱਟ ਕਰਨ ਵਾਲੀ ਬ੍ਰਾਹਮਣਵਾਦੀ ਸ਼ਰੇਣੀ ਸ਼ੁਰੂ ਤੋਂ ਹੀ ਸਰਗਰਮ ਰਹੀ ਹੈ । ਜੇਕਰ ਦਿੱਲੀ ਤੇ ਮੁਗਲਾਂ ਦੀ ਹਕੂਮਤ ਰਹੀ ਤਾਂ ਹਿੰਦੂਤਵੀ ਸੋਚ ਵਾਲੀ ਸ਼ਰੇਣੀ ਨੇ ਸਿੱਖਾਂ ਦੇ ਕਤਲੇਆਮ ਲਈ ਉਹਨਾਂ ਦੇ ਦਸਤੇ ਦਾ ਕੰਮ ਕੀਤਾ । ਜਦੋਂ ਇਹ ਦਿੱਲੀ ਤਖਤ ਤੇ ਕਾਬਜ਼ ਹੋਏ ਤਾਂ ਇਹਨਾਂ ਨੇ ਸਿੱਧੇ ਤੌਰ 'ਤੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ ।

ਜੇਕਰ ਬਹੁਤ ਪਿਛੋਕੜ ਵਿਚ ਨਾ ਵੀ ਜਾਈਏ ਤਾਂ ਵੀ 1978 ਤੋਂ ਲੈਕੇ ਅੱਜ ਤੱਕ ਦਿੱਸਦੇ ਤੇ ਅਣਦਿਸਦੇ ਰੂਪ ਵਿੱਚ ਸਿੱਖਾਂ ਦੀ ਨਸਲਕੁਸ਼ੀ ਜਾਰੀ ਹੈ । ਸਿੱਖ ਕੌਮ ਦੇ ਹੱਕਾਂ ਹਿੱਤਾਂ ਲਈ ਧਰਮ ਯੁੱਧ ਮੋਰਚੇ ਵਿੱਚ ਦੋ ਲੱਖ ਤੋਂ ਵੱਧ ਸਿੱਖਾਂ ਦੀਆਂ ਗ੍ਰਿਫਤਾਰੀਆਂ ਤੇ 200 ਤੋਂ ਵੱਧ ਸ਼ਹੀਦੀਆਂ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਮੰਗਾਂ ਮੰਨਣ ਦੀ ਬਜਾਏ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਸ਼੍ਰੀ ਦਰਬਾਰ ਸਾਹਿਬ ਤੇ ਹੋਰ 38 ਇਤਿਹਾਸਿਕ ਗੁਰਦੁਆਰਾ ਸਾਹਿਬਾਨ ਉੱਤੇ ਹਿੰਦੋਸਤਾਨੀ ਫੋਜਾਂ ਵੱਲੋਂ ਹਮਲਾ ਕਰਕੇ ਹਜ਼ਾਰਾਂ ਸਿੱਖ ਬੱਚਿਆਂ, ਬੀਬੀਆਂ, ਨੌਜਵਾਨਾਂ ਤੇ ਬਜੁਰਗਾਂ ਨੂੰ ਪਿੱਛੇ ਹੱਥ ਬੰਨ ਕੇ ਗੋਲੀਆਂ ਨਾਲ ਸ਼ਹੀਦ ਕਰਨਾ, ਫਿਰ ਪੰਜਾਬ ਅੰਦਰ ਕਰਫਿਊ ਲਗਾ ਕੇ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾਂ ਬਣਾਉਣਾ, ਬੀਬੀਆਂ ਦੀ ਪੱਤ ਲੁਟਣੀ, ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨਾ, ਮਨੁੱਖੀ ਅਧਿਕਾਰਾਂ ਦੇ ਮਸੀਹਾ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਜੋ ਕਿ ਤਿੰਨਾਂ ਜਿਲਿਆਂ ਵਿੱਚ ਕੀਤੀ ਪੜਤਾਲ ਅਨੁਸਾਰ 25 ਹਜ਼ਾਰ ਤੋਂ ਵੱਧ ਅਣਪਛਾਤੀਆਂ ਕਹਿਕੇ ਸਾੜੀਆਂ ਲਾਸ਼ਾਂ ਤੇ ਪਛਾਣ ਵਾਲੀਆਂ ਵੱਖਰੀਆਂ ਲਾਸ਼ਾਂ, ਕੀ ਇਹ ਸਿੱਖਾਂ ਦੀ ਨਸਲ ਕੁਸ਼ੀ ਨਹੀਂ ਸੀ ? ਇਹ ਕਿਸ ਨੇ ਕੀਤੀ ਸੀ ਤੇ ਕਿਹਨਾਂ ਦੇ ਕਹਿਣ ਤੇ ਕੀਤੀ ? ਇਸ ਵੇਲੇ ਉਹ ਕਿੱਥੇ ਹਨ ? ਸਿੱਖ ਕੌਮ ਦੀ ਨੌਜਵਾਨੀ ਦਾ ਘਾਣ ਕਰਨ ਵਾਲੇ ਕਿਹੜੇ ਪੁਲਿਸ ਅਫਸਰ ਸਨ ? ਕੀ ਉਹ ਬਾਹਰੋ ਆਏ ਸਨ ? ਸਿੱਖ ਨੌਜਵਾਨੀ ਦਾ ਘਾਣ ਹੁੰਦਾ ਦੇਖ ਕੇ ਚੁੱਪ ਵੱਟਣ ਵਾਲੇ ਕਿਹੜੇ ਸਿੱਖ ਲੀਡਰ ਸਨ ਤੇ ਹੁਣ ਕਿੱਥੇ ਹਨ ?

ਇਹ ਸੀ ਸਿੱਖ ਕੌਮ ਨੂੰ ਸਰੀਰਕ ਤੌਰ ਤੇ ਖਤਮ ਕਰਨ ਲਈ ਕੀਤੀ ਗਈ ਨਸਲਕੁਸ਼ੀ ਤੇ ਹੁਣ ਪੰਜਾਬ ਦੀ 70% ਨੌਜਵਾਨੀ ਨੂੰ ਨਸ਼ਿਆਂ ਵਿੱਚ ਗਲਤਾਨ ਕਰਨ, ਜੋ ਕਿ ਉਥੋਂ ਦੀਆਂ ਰਿਪੋਰਟਾਂ ਅਨੁਸਾਰ ਇਹਨਾਂ ਵਿੱਚੋਂ ਬਹੁਤੇ ਅੱਗੇ ਆਪਣੀ ਬੰਸ ਚਲਾੳਣ ਦੇ ਵੀ ਕਾਬਲ ਨਹੀਂ ਰਹੇ ਤੇ ਪੰਜਾਬ ਅੰਦਰ ਭਰੂਣ ਹੱਤਿਆ ਕਰਕੇ ਜੰਮਣ ਤੋਂ ਪਹਿਲਾਂ ਹੀ ਕੁੜੀਆਂ ਮਾਰਨ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ । ਜੇਕਰ ਕੁੜੀਆਂ ਨਾ ਹੋਈਆਂ ਤਾਂ ਅੱਗੇ ਵਾਧਾ ਕਿੱਥੋਂ ਹੋਣਾ ਹੈ । ਪੰਜਾਬ ਜੋ ਕਿ ਖੇਤੀ ਪ੍ਰਧਾਨ ਸੂਬਾ ਜਾਂ ਇਹ ਕਹਿ ਲਈਏ ਕਿ ਜਿਆਦਾ ਕਿਸਾਨ ਸਿੱਖ ਤੇ ਖੇਤੀ ਲਈ ਵਰਤੋਂ ਵਿੱਚ ਆਉਣ ਵਾਲੀ ਹਰ ਵਸਤੂ ਬਣਾਉਣ ਵਾਲਾ ਹਿੰਦੂਤਵੀ ਸੋਚ ਵਾਲ ਬਾਣੀਆ, ਜੋ ਕਿ ਆਪਣੀਆਂ ਵਸਤਾਂ ਦੀ ਕੀਮਤ ਵੱਧ ਤੇ ਕਿਸਨਾਂ ਦੀਆਂ ਫਸਲਾਂ ਦੀ ਕੀਮਤ ਘੱਟ ਰੱਖ ਕੇ ਉਸ ਨੂੰ ਕਰਜ਼ੇ ਵਿੱਚ ਦੱਬਕੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਕੇ ਤੇ ਉਸ ਦੀਆਂ ਜ਼ਮੀਨਾਂ ਤੇ ਕਬਜ਼ਾਂ ਕਰ ਰਿਹਾ ਹੈ । ਪੰਜਾਬ ਅੰਦਰ ਬਾਹਰਲੇ ਸੂਬਿਆਂ ਤੋਂ ਉਸ ਮਾਨਸਿਕ ਬਿਰਤੀਆਂ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਵਸਾਉਣਾ ਤਾਂ ਕਿ ਜੋ ਸਿੱਖ ਪੰਜਾਬ ਵਿੱਚ ਆਪਣੇ ਆਪ ਨੂੰ ਬਹੁ ਗਿਣਤੀ ਦਾ ਜੋ ਮਾਣ ਕਰਦੇ ਹਨ ਉਸ ਨੂੰ ਤੋੜਿਆ ਜਾਵੇ ਤੇ ਜੇ ਕਿਤੇ ਹਾਲਾਤ ਬਣੇ ਤਾਂ ਦਿੱਲੀ ਜਾਂ ਹੋਰ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਨਵੰਬਰ 84 ਵਾਲਾ ਹਾਲ ਸਿੱਖਾਂ ਦਾ ਕੀਤਾ ਜਾ ਸਕੇ । ਦਲਿਤ ਭਾਈਚਾਰਾ, ਜੋ ਕਿ ਸਿੱਖਾਂ ਦਾ ਇਕ ਅੰਗ ਸੀ ਉਸ ਨੂੰ ਵੀ ਬਹੁਤ ਸੋਚੀ ਸਮਝੀ ਸਕੀਮ ਤਹਿਤ ਸਿੱਖਾਂ ਤੋਂ ਦੂਰ ਕੀਤਾ ਜਾ ਰਿਹਾ ਹੈ । ਪੰਜਾਬ ਵਿੱਚ ਗੈਰ ਸਿੱਖਾਂ ਦੇ ਡੇਰਿਆਂ, ਸਿਰਸੇ, ਭਨਿਆਰੇ, ਆਸ਼ੂਤੋਸ਼, ਰਾਧਾ ਸੁਆਮੀ, ਨਰਕਧਾਰੀ, ਨੀਲਧਾਰੀ, ਨਾਮਧਾਰੀ ਤੇ ਸਿੱਖੀ ਭੇਸ ਵਾਲੇ ਡੇਰਿਆਂ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵੀਚਾਰਧਾਰਾ ਨਾਲੋਂ ਤੋੜ ਕੇ ਬ੍ਰਾਹਮਣਵਾਦੀ ਕਰਮਕਾਂਡੀ ਵੀਚਾਰਧਾਰਾ ਨਾਲ ਜੋੜਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ । ਅੱਜ ਦੇਸ਼ ਦੇ ਵਿੱਚ ਫੜੀ ਜਾ ਰਹੀ ਡਰਗ ਦਾ 60% ਹਿੱਸਾ ਸਿਰਫ ਪੰਜਾਬ ਵਿੱਚੋਂ ਹੀ ਫੜ੍ਹ ਹੁੰਦਾ ਹੈ ਜੋ ਕਿ ਮੁੜ ਪੰਜਾਬ ਵਿੱਚ ਹੀ ਤਕਸੀਮ ਹੁੰਦਾ ਹੈ । ਸਾਰੇ ਹਿੰਦੁਸਤਾਨ ਨਾਲੋਂ ਪੰਜਾਬ ਵਿੱਚ ਸਭ ਤੋਂ ਵੱਧ ਸ਼ਰਾਬ ਦੇ ਠੇਕੇ ਹਨ ਜਿੱਥੋਂ 29 ਹਜ਼ਾਰ ਕਰੋੜ ਬੋਤਲਾਂ ਦੀ ਖਪਤ ਸਿਰਫ ਸਰਕਾਰੀ ਅੰਕੜਿਆਂ ਅਨੁਸਾਰ ਹੈ ਪਰ ਅਸਲ ਵਿੱਚ ਇਹ ਇਸ ਤੋਂ ਵੀ  ਕਿੱਤੇ ਵੱਧ ਹੈ।

ਅੱਜ ਸੋਚਣ ਵਾਲੀ ਗੱਲ ਹੈ ਕਿ ਸਿੱਖਾਂ ਦੀ ਸਰੀਰਕ ਤੌਰ 'ਤੇ ਹੋਈ ਨਸਲਕੁਸ਼ੀ ਦੀ ਗੱਲ 29 ਸਾਲਾਂ ਬਾਅਦ ਜਿਸ ਜ਼ੋਸ਼ੋ ਖਰੋਸ਼ ਨਾਲ ਸਿੱਖ ਕੌਮ ਕਰ ਰਹੀ ਹੈ ਤੇ ਸਿੱਖ ਫਾਰ ਜਸਟਿਸ ਵਾਲੀ ਸੰਸਥਾਂ ਤੇ ਵਿਦੇਸ਼ਾਂ ਵਿੱਚੋਂ ਨਿਸ਼ਕਾਮ ਹੋ ਕੇ ਪੰਥਕ ਜਥੇਬੰਦੀਆਂ ਇਸ ਵਿੱਚ ਆਪਣਾ ਯੋਗਦਾਨ ਪਾ ਰਿਹੀਆਂ ਹਨ ਜੋ ਕਿ ਬਹੁਤ ਚੰਗੀ ਗੱਲ ਹੈ, ਪਰ ਦੂਜੇ ਪਾਸੇ ਦਿੱਲੀ ਜਾਂ ਦੇਸ਼ ਦੇ ਹੋਰ ਸੂਬਿਆਂ ਵਿੱਚ ਸਿੱਖ ਕਤਲੇਆਮ ਦੇ ਮਗਰੋਂ ਬਚ ਗਏ ਪਰਿਵਾਰਾਂ ਦੀ ਦੇਖ ਭਾਲ ਕਰਨ ਤੋਂ ਅਸਮੱਰਥ ਤੇ ਆਪਣੇ ਭਾਈਵਾਲਾਂ ਦੀ ਸਰਕਾਰ ਹੋਣ ਦੇ ਸਮੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾਉਣ ਵਾਲੇ ਤੇ ਪੰਜਾਬ ਵਿੱਚ ਲੁਕਵੀਂ ਤੇ ਅਣਦਿਸਦੀ ਧਾਰਮਿਕ, ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰਤੇ ਹੋ ਰਿਹੀ ਸਿੱਖਾਂ ਦੀ ਨਸਲਕੁਸ਼ੀ ਲਈ ਸਿੱਧੇ ਜਾਂ ਅਸਿੱਧੇ ਤੌਰਤੇ  ਸਿੱਖੀ ਭੇਸ ਵਾਲੇ ਪੰਜਾਬ ਦੇ ਹੁਕਮਰਾਨ ਵੀ ਹਿੰਦੋਸਤਾਨ ਦੀ ਸਰਕਾਰ ਦੇ ਨਾਲ ਬਰਾਬਰ ਭਾਈਵਾਲ ਹਨ । ਅੱਜ ਇਹ ਪੰਜਾਬ ਦੇ ਹੁਕਮਰਾਨ ਸਿਰਫ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਇਨਸਾਫ ਦੀਆਂ ਗੱਲਾਂ ਕਰਨ ਲਈ ਸਰਗਰਮ ਹਨ, ਉਹਨਾਂ ਦਾ ਧਿਆਨ ਰੱਖਣਾ ਵੀ ਕੌਮ ਦਾ ਫਰਜ਼ ਹੈ ।

ਇਤਿਹਾਸ ਗਵਾਹ ਹੈ ਕਿ ਜੇਕਰ ਦਿੱਲੀ ਦੀ ਹਕੂਮਤ ਨੇ ਸਿੱਖਾਂ ਨੂੰ ਸਰੀਰਕ ਤੌਰਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਖਤਮ ਨਹੀਂ ਹੋਏ ਜਿਵੇਂ ਕਿ 1761-62 ਵਿੱਚ ਵੱਡੇ ਘਲੂਘਾਰੇ ਵਿੱਚ ਸਿੱਖ ਕੌਮ ਦਾ ਇੱਕ ਤਿਹਾਈ ਹਿੱਸਾ ਸ਼ਹੀਦ ਹੋ ਗਿਆ ਪਰ 1781 ਵਿੱਚ ਸਿੱਖ ਕੌਮ ਦੇ ਜਨਰੈਲਾਂ ਨੇ ਦਿੱਲੀ ਫਤਹਿ ਕਰਕੇ ਲਾਲ ਕਿਲੇ ਤੇ ਕੇਸਰੀ ਪੰਚਮ ਝੁਲਾ ਦਿੱਤਾ ਸੀ । ਇਸੇ ਤਰ੍ਹਾਂ ਮੌਜੂਦਾ ਸਮੇਂ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਦਿੱਲੀ ਦੀ ਹਕੂਮਤ ਨੇ ਸਿੱਖ ਕੌਮ ਦੀ ਪੱਗ ਰੋਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਗੁਰੂ ਕਿਆਂ ਲਾਲਾਂ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਪਾਪਾਂ ਦੀ ਸਜ਼ਾ 151ਵੇਂ ਦਿਨ ਦੇ ਕੇ  ਕੌਮ ਨੂੰ ਮੁੜ ਆਪਣੇ ਪੈਰਾ ਤੇ ਖੜ੍ਹਾ ਕਰ ਦਿੱਤਾ ਸੀ । ਜਦੋਂ ਵੀ ਕੌਮ ਤੇ ਸਰੀਰਕ ਹਮਲੇ ਹੋਏ ਕੌਮ ਛੇਤੀ ਮੁੜ ਆਪਣੇ ਪੈਰਾਂ ਤੇ ਖੜ੍ਹੀ ਹੋ ਗਈ ।ਪਰ ਅੱਜ ਸਿੱਖ ਕੌਮ ਨੂੰ ਆਪਣੀ ਰੂਹਾਨੀ ਤਾਕਤ ਦੇ ਸੋਮੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨਾਲੋ ਤੋੜਨ, ਇਤਿਹਾਸ ਨੂੰ ਵਿਗਾੜਨਾ, ਆਪਣੀ ਬੋਲੀ, ਸੱਭਿਆਚਾਰ, ਸਮਾਜਿਕ ਕਦਰਾ ਕੀਮਤਾਂ ਵਿੱਚ ਵਿਗਾੜ ਤੇ ਆਰਥਿਕਤਾ ਵਿੱਚ ਨਿਘਾਰ ਗੱਲ ਕੀ ਜਦੋ ਕੌਮ ਪਦਾਰਥਵਾਦ ਦੀ ਦੌੜ ਵਿੱਚ ਪੈ ਕੇ ਆਪਣੀ ਜ਼ਮੀਰ ਮਾਰ ਲਵੇ ਫਿਰ ਉਸ ਦਾ ਆਪਣੇ ਪੈਰਾ ਤੇ ਖੜ੍ਹੇ ਹੋਣਾ ਕਠਨ ਹੋ ਜਾਦਾ ਹੈ ਅੱਜ ਇਹ ਹੀ ਕੁਝ ਸਿੱਖ ਕੌਮ ਨਾਲ ਹੋ ਰਿਹਾ ਹੈ ।

ਅੱਜ ਸਮਝਣ ਦੀ ਲੋੜ ਹੈ ਕਿ ਜਿੱਥੇ ਦਿੱਲੀ ਦੀ ਹਕੂਮਤ ਸਿੱਖਾਂ ਲਈ ਜ਼ਹਿਰ ਹੈ ਉਥੇ ਸਿੱਖਾਂ ਨੂੰ ਬ੍ਰਾਹਮਣਵਾਦ ਦੇ ਸਦੀਵੀ ਗੁਲਾਮ ਬਣਾਉਣ ਵਾਲੀ ਭਾਜਪਾਈ ਬਾਦਲ ਦੀ ਸਰਕਾਰ ਵੀ ਮਿੱਠੇ ਵਿੱਚ ਲਪੇਟੀ ਜ਼ਹਿਰ ਹੈ । ਵੀਹਵੀਂ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਬਚਨ, ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਸਮਝਦਾ ਪਰ ਜ਼ਮੀਰ ਦਾ ਮਰ ਜਾਣਾ ਅਸਲ ਮੌਤ ਹੈ, ਅਨੁਸਾਰ ਕਾਗਰਸ ਨੇ ਸਿੱਖਾਂ ਨੂੰ ਸਰੀਰਕ ਮੌਤ ਮਾਰਿਆ ਹੈ ਪਰ ਸਿੱਖ ਭੇਸ ਵਿਚਲੇ ਅਜੋਕੇ ਧਾਰਮਿਕ ਪਦਵੀਆਂ ਤੇ ਰਾਜਨੀਤੀ ਦੀ ਕੁਰਸੀ ਤੇ ਕਾਬਜ਼ ਲੀਡਰਾਂ ਵੱਲੋ ਸਿੱਖ ਕੌਮ ਦੀ ਜ਼ਮੀਰ ਮਾਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਸਿੱਖ ਕੌਮ ਨੂੰ ਖਤਮ ਕਰਨ ਲਈ ਜਾਂ ਹਕਮਰਾਨਾਂ ਅੱਗੇ ਸੀਸ ਝੁਕਾਕੇ ਚਲਣ ਲਈ ਸਰੀਰਕ ਤੇ ਮਾਨਸਿਕ,ਦਿਸਦੀ ਤੇ ਅਣਦਿਸਦੀ,  ਸਿੱਖ ਨਸਲਕੁਸ਼ੀ ਨੂੰ ਗਹਿਰ ਗੰਭੀਰਤਾ ਨਾਲ ਵੀਚਾਰਕੇ ਤੇ ਇਸ ਤੋਂ ਬਚਾਉ ਲਈ ਉਪਰਾਲੇ ਕਰੀਏ ।

ਭੁੱਲਾਂ ਚੁੱਕਾਂ ਲਈ ਖਿਮਾਂ ਦਾ ਜਾਚਕ
ਗੁਰਚਰਨ ਸਿੰਘ ਗੁਰਾਇਆ ਜਰਮਨੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top