Share on Facebook

Main News Page

ਨਵੰਬਰ 1984: ਇਹ ਦੰਗੇ ਸਨ, ਜਾਂ ਨਸਲਕੁਸ਼ੀ ?
-: ਗੁਰਿੰਦਰਪਾਲ ਸਿੰਘ ਧਨੌਲਾ
ਮੋ: 9316176519

ਅੱਜ ਤੋਂ ਉੱਨਤੀ ਸਾਲ ਪਹਿਲਾਂ 31 ਅਕਤੂਬਰ 1984 ਨੂੰ ਜਦੋ. ਸਿੱਖ ਯੋਧਿਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਜੂਨ 1984 ਦੇ ਫੌਜੀ ਹਮਲੇ ਦਾ ਕਰਜਾ ਉਤਾਰਦਿਆਂ ਹਿੰਦ ਦੀ ਹੰਕਾਰੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਫ਼ਾਤਿਹਾ ਪੜ੍ਹ ਦਿੱਤਾ ਤਾਂ ਇੱਕ ਪਾਸੇ ਸਿੱਖ ਪੰਥ ਬਹੁਤ ਮਾਨ ਤੇ ਖੁਸ਼ੀ ਮਹਿਸੂਸ ਕਰ ਰਿਹਾ ਸੀ ਕਿ ਪੁਰਾਤਨ ਇਤਿਹਾਸ ਦੇ ਪੰਨੇ ਪਰਤਦਿਆਂ ਜੁਝਾਰੂ ਸਿੱਖਾਂ, ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਨੇ ਕੌਮ ਦੀ ਰੱਖ ਵਿਖਾਈ ਹੈ।

ਪਰ ਨਾਲ ਹੀ ਉਸੇ ਸ਼ਾਮ ਨੂੰ ਗਿਣੀ ਮਿਥੀ ਸਾਜਿਸ ਅਧੀਨ ਭਾਰਤ ਦੀ ਰਾਜਧਾਨੀ ਦਿੱਲੀ, ਕਾਨਪੁਰ, ਬੋਕਾਰੋ ਸਮੇਤ ਅਨੇਕਾਂ ਥਾਵਾਂ ਤੇ ਸਿੱਖਾਂ ਦਾ ਸਮੂਹਿਕ ਕਤਲੇਆਮ ਅਰੰਭ ਹੋ ਗਿਆ। ਅਣਗਿਣਤ ਬੇਗੁਨਾਹ ਸਿੱਖਾਂ ਨੂੰ ਘਰਾਂ ਤੋ. ਕੱਢਕੇ, ਗਲਾਂ ਵਿੱਚ ਟਾਇਰ ਪਾਕੇ, ਅੱਗਾਂ ਲਾਕੇ ਜਿਉਂਦੇ ਹੀ ਭਾਰਤੀ ਲੋਕਤੰਤਰ ਦੀ ਠੋਡੀ ਥੱਲੇ ਦੇਸ਼ ਦੀ ਰਾਜਧਾਨੀ ਵਿੱਚ ਸਾੜ ਦਿੱਤਾ ਗਿਆ। ਮਸੂਮ ਬੱਚੀਆਂ ਤੋਂ ਲੈਕੇ ਦਾਦੀ ਮਾਂ ਦੇ ਰੁਤਬੇ ਵਾਲੀਆਂ ਸਿੱਖ ਬੀਬੀਆਂ ਵੀ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਹੋਈਆਂ ਤੇ ਅਖੀਰ ਬੇਰਹਿਮੀ ਦੀ ਮੌਤੇ ਮਾਰੀਆਂ ਗਈਆਂ। ਘਰਬਾਰ ਜਾਇਦਾਦਾਂ ਸਭ ਲੁੱਟੇ ਪੁੱਟੇ ਗਏ। ਇਹ ਖੂਨੀ ਖੇਡ ਇਕਤਰਫ਼ਾ ਤੇ ਸਰਕਾਰੀ ਸਰਪ੍ਰਸਤੀ ਹੇਠ ਬਿਨਾਂ ਰੋਕ ਟੋਕ ਤੋਂ ਤਿੰਨ ਦਿਨ ਨਿਰੰਤਰ ਚਲਦੀ ਰਹੀ। ਕਾਂਗਰਸ ਦੇ ਉੱਚ ਕੋਟੀ ਦੇ ਨੇਤਾ ਸੱਜਣ ਕੁਮਾਰ, ਐਚ.ਕੇ.ਐਲ ਭਗਤ, ਧਰਮਦਾਸ ਸਾਸ਼ਤਰੀ, ਜਗਦੀਸ ਟਾਈਟਲਰ, ਕਮਲ ਨਾਥ (ਸਾਰੇ ਐਮ.ਪੀ) ਅਤੇ ਇੱਕ ਭੂਤਰੇ ਪੁਲਸੀਏ ਤਿਆਗੀ ਸਮੇਤ ਹੋਰ ਵੱਡੇ ਛੋਟੇ ਨੇਤਾ ਅਤੇ ਅਫ਼ਸਰ ਸਿਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਵੋਟਰ ਸੂਚੀਆਂ ਵਿੱਚੋਂ ਘਰਾਂ ਦੇ ਪਤੇ ਲੱਭ ਕੇ ਸ਼ਿਕਾਰੀ ਕੁਤਿਆਂ ਵਾਂਗੂ ਨਿਰਦੋਸ਼ ਸਿੱਖਾਂ ਨੂੰ ਕੋਹ-ਕੋਹ ਕੇ ਮਾਰਦੇ ਰਹੇ।

ਇਹ ਵੀ ਸੱਚ ਹੈ ਕਿ ਸਿੱਖਾਂ ਦੇ ਸਮੂਹਿਕ ਕਤਲੇਆਮ (ਨਸਲਕੁਸ਼ੀ) ਦੀ ਯੋਜਨਾਂ ਤਾਂ ਇੰਦਰਾਗਾਂਧੀ ਦੇ ਜਿਉਂਦੇ ਜੀਅ ਹੀ ਬਣ ਚੁੱਕੀ ਸੀ ਕਿ ਜੇਕਰ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੌਰਾਨ ਸਿੱਖ ਭੜਕਾਹਟ ਵਿੱਚ ਆਕੇ ਹਿੰਦੂਆਂ ਵਿਰੁੱਧ ਕੋਈ ਕਾਰਵਾਈ ਕਰਦੇ ਹਨ ਤਾਂ ਇੱਕ ਸਿਰ ਦੇ ਬਦਲੇ ਦੋ ਦਰਜਨ ਸਿੱਖਾਂ ਨੂੰ ਕਤਲ ਕੀਤਾ ਜਾਵੇ। ਪਰ ਸਿੱਖਾਂ ਦਾ ਮੁੱਢ ਕਦੀਮਾਂ ਤੋਂ ਇਹ ਅਸੂਲ ਰਿਹਾ ਹੈ ਅਤੇ ਗੁਰੂ ਨੇ ਗੁੜਤੀ ਵੀ ਐਸੀ ਹੀ ਦਿੱਤੀ ਹੈ ਕਿ ਜੇ ਬਦਲਾ ਲੈਣਾ ਹੋਵੇ ਤਾਂ ਸਿਰਫ ਜਾਲਮ ਤੋਂ ਹੀ ਲੈਂਦੇ ਹਨ। ਕਦੇ ਮਜਲੂਮਾਂ ਨੂੰ ਮਾਰਕੇ ਬਦਨਾਮੀ ਨਹੀਂ ਖੱਟੀ। ਇਤਿਹਾਸ ਗਵਾਹ ਹੈ ਕਿ ਜਦੋਂ ਅਬਦਾਲੀ ਦੀ ਧਾੜਾਂ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਜਬਰੀ ਚੁੱਕਕੇ ਲੈ ਜਾਂਦੀਆਂ ਸਨ ਤਾਂ ਸਿੱਖ ਯੋਧੇ ਇਨ੍ਹਾਂ ਢੱਕਾਂ ਨੂੰ ਛੁਡਾਉਣ ਵਾਸਤੇ ਸ਼ਹੀਦੀਆਂ ਦਿੰਦੇ ਅਤੇ ਬੰਦੀ ਲੜਕੀਆਂ ਨੂੰ ਵਾਪਿਸ ਲਿਆਕੇ ਸਹੀ ਸਲਾਮਤ ਉਨ੍ਹਾਂ ਦੇ ਪ੍ਰੀਵਾਰਾਂ ਦੇ ਹਵਾਲੇ ਕਰਦੇ। ਪਰ ਕਿਤੇ ਵੀ ਅਜਿਹੀ ਮਿਸਾਲ ਇਤਿਹਾਸ ਵਿੱਚ ਨਹੀਂ ਮਿਲਦੀ ਕਿ ਹਿੰਦੂ ਬੀਬੀਆਂ ਨੂੰ ਛੁਡਾਉਣ ਸਮੇਂ ਜਾਂ ਬਦਲੇ ਵਿੱਚ ਸਿੰਘਾਂ ਨੇ ਕਦੇ ਕਿਸੇ ਮੁਗਲ ਬੀਬੀ ਨੂੰ ਅਪਮਾਣਿਤ ਕੀਤਾ ਹੋਵੇ? ਇਹ ਇੰਦਰਾ ਗਾਂਧੀ ਦਾ ਭਲੇਖਾ ਸੀ ਕਿ ਸ਼ਾਇਦ ਦਰਬਾਰ ਸਾਹਿਬ ਦੇ ਫੌਜੀ ਹਮਲੇ ਦਾ ਗੁੱਸਾ ਸਿੱਖ ਪੰਜਾਬ ਦੇ ਹਿੰਦੂਆਂ ਤੇ ਕੱਢਣਗੇ ? ਉਸਨੇ ਅਜਿਹੀ ਕੋਈ ਘਟਨਾਂ ਵਾਪਰਨ ਤੇ ਜਵਾਬ ਵਿੱਚ ਦਿੱਲੀ ਸਮੇਤ ਭਾਰਤ ਦੇ ਹੋਰਨਾ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਦੀ ਯੋਜਨਾ ਤਿਆਰ ਕੀਤੀ ਸੀ। ਪਰ ਬੀਬੀ ਇੰਦਰਾ ਇਤਿਹਾਸ ਤੋਂ ਵਾਕਿਫ਼ ਨਹੀਂ ਸੀ। ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਕੁੱਤੇ ਅਤੇ ਸ਼ੇਰ ਵਿੱਚ ਕੀ ਫ਼ਰਕ ਹੁੰਦਾ ਹੈ। ਤੁਸੀਂ ਵੀ ਤਜ਼ਰਬਾ ਕਰ ਲੈਣਾ ਕਦੇ ਕੁੱਤੇ ਨੂੰ ਸੋਟੀ ਮਾਰਕੇ ਜੱਦੋਂ ਕੁੱਤੇ ਨੂੰ ਸੋਟੀ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਕੁੱਤਾ ਤੁਹਾਨੂੰ ਛੱਡ ਕੇ ਸੋਟੀ ਨੂੰ ਵੱਢੇਗਾ? ਪਰ ਜੇ ਕਦੇ ਸ਼ੇਰ ਨਾਲ ਸਾਹਮਣਾ ਹੋ ਜਾਵੇ ਤਾਂ ਸ਼ੇਰ ਵੱਲ ਸੋਟੀ ਮਾਰਕੇ ਵੇਖਿਓ ਸ਼ੇਰ ਸੋਟੀ ਵੱਲ ਨਹੀਂ ਤੁਹਾਡੇ ਸਿਰ ਤੇ ਹਮਲਾ ਕਰੇਗਾ। ਇਸ ਕਰਕੇ ਹੀ ਗੁਰੂ ਨੇ ਸਿੱਖਾਂ ਨੂੰ ਸਿੰਘ ਭਾਵ ਸ਼ੇਰ ਬਣਾਇਆ ਸੀ ਕਿ ਹਮਲਾ ਕਰਨ ਵਾਲੇ ਦੇ ਹਮੇਸ਼ਾ ਸਿੱਧੇ ਸਿਰ ਨੂੰ ਹੀ ਪੈਣਾ ਹੈ।

ਸੋ ਇੰਦਰਾ ਗਾਂਧੀ ਦਾ ਕਤਲ ਸਿੱਖਾਂ ਨੇ ਸੁਭਾਵਿਕ ਨਹੀਂ ਕੀਤਾ ਸੀ ਸਗੋਂ ਮੱਸੇ ਰੰਗੜ, ਅਬਦਾਲੀ, ਜਕਰੀਆ ਖਾਂ ਵਾਂਗੂ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਬਜਰ ਗਲਤੀ ਕਾਰਨ ਹੀ ਉਸਨੂੰ ਦੁਸ਼ਾਂਦਾ ਦਿੱਤਾ ਸੀ। ਜਨਰਲ ਵੈਦਿਆਂ ਨੂੰ ਮਾਰਨ ਵੇਲੇ ਉਸਦੀ ਪਤਨੀ ਵੀ ਨਾਲ ਸੀ। ਪਰ ਕਲਗੀਧਰ ਸ਼ੇਰਾਂ ਭਾਈ ਸੁੱਖਾ ਅਤੇ ਭਾਈ ਜਿੰਦਾ ਨੇ ਸਿਰ ਜਨਰਲ ਵੈਦਿਆ ਨੂੰ ਮਾਰਿਆ ਸੀ। ਲੇਕਿਨ ਉਸਦੀ ਪਤਨੀ ਨੂੰ ਕੁਝ ਨਹੀਂ ਕਿਹਾ।

ਪਰ ਇੰਦਰਾਗਾਂਧੀ ਦੀ ਕਿਚਨ ਕੈਬਨਿਟ ਦੇ ਮੈਂਬਰ, ਜਿਨ੍ਹਾਂ ਨੂੰ ਦਿੱਲੀ ਕਤਲੇਆਮ ਦੀ ਬਣਾਈ ਯੋਜਨਾ ਬਾਰੇ ਪਤਾ ਸੀ ਜਾਂ ਜਿਹੜੇ ਯੋਜਨਾਂ ਬਣਾਉਣ ਵਿੱਚ ਸ਼ਾਮਲ ਸਨ, ਨੇ ਇਹ ਸਾਰੀ ਸਕੀਮ ਨੂੰ ਨਵੰਬਰ 1984 ਦੌਰਾਨ ਇਸ ਨੂੰ ਅਮਲ ਵਿੱਚ ਲੈ ਆਂਦਾ। ਮੁੱਖ ਸਰਗਨੇ ਵਜੋਂ ਲੋਕਸਭਾ ਦੇ ਮੈਂਬਰ ਜਗਦੀਸ਼ ਟਾਈਟਲਰ, ਧਰਮਦਾਸ ਸ਼ਾਸਤਰੀ, ਕਮਲ ਨਾਥ, ਸੱਜਣ ਕੁਮਾਰ ਤੇ ਐਚ.ਕੇ.ਐਲ ਭਗਤ ਨੇ ਕੁਝ ਪੁਲਸੀਆਂ ਅਤੇ ਕਾਂਗਰਸੀ ਵਰਕਰਾਂ ਨੂੰ ਨਾਲ ਲੈਕੇ ਇਸ ਯੋਜਨਾ ਨੂੰ ਇੰਦਰਾਗਾਂਧੀ ਦੇ ਕਤਲ ਦੇ ਜਵਾਬ ਵੱਜੋਂ ਅਮਲੀ ਰੂਪ ਦਿੱਤਾ। ਉਸ ਸਮੇਂ ਦੇ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਵੀ ਪੁਲਿਸ ਟ੍ਰੈਨਿੰਗ ਸੈਂਟਰ ਹਰਿਆਣਾ ਮਧੂਬਣ ਤੋਂ ਨਵੇਂ ਰੰਗਰੂਟਾਂ ਦੀਆਂ ਬੱਸਾਂ ਭਰਕੇ ਦਿੱਲੀ ਭੇਜੀਆਂ। ਜਿਨ੍ਹਾਂ ਨੂੰ ਸ਼ਰਾਬ ਕਬਾਬ ਛਕਾਕੇ ਹਦਾਇਤਾਂ ਕੀਤੀਆਂ ਗਈਆਂ ਕਿ ਜਿਨ੍ਹੇ ਮਰਜੀ, ਜਿਵੇਂ ਮਰਜੀ ਸਿੱਖਾਂ ਨੂੰ ਮਾਰੋ, ਔਰਤਾਂ ਦੀਆਂ ਇਜਤਾ ਲੁਟੋ, ਘਰਾਂ ਵਿੱਚੋਂ ਪੈਸਾ ਕੀਮਤੀ ਸਮਾਨ ਜੋ ਵੀ ਜਿਨ੍ਹਾਂ ਲੁਟ ਲਵੇਗਾ ਉਹ ਉਸਦਾ ਹੀ ਹੋਵੇਗਾ।

ਫਿਰ ਇਹ ਸਿਲਸਿਲਾ 1 ਨਵੰਬਰ ਤੋਂ ਤਿੰਨ ਦਿਨ ਲਗਾਤਾਰ ਚਲਦਾ ਰਿਹਾ ਦੇਸ਼ ਸੁੱਤਾ ਰਿਹਾ, ਫੌਜ ਉੂਂਘਦੀ ਰਹੀ ਪੁਲਿਸ ਵਰਦੀ ਵਾਲੇ ਗੁੰਡੇ ਬਣਕੇ ਗੁੰਡਿਆਂ ਨਾਲ ਕਤਲੋਗਾਰਤ ਵਿੱਚ ਪੂਰੀ ਤਰਾਂ ਹੱਥ ਵਟਾਉਂਦੀ ਰਹੀ। ਅਖਬਾਰਾਂ ਨੇ ਬੇਸ਼ਰਮੀ ਦਾ ਸੁਰਮਾ ਪਾ ਲਿਆ। ਕਿਤੋਂ ਕੋਈ ਸਹੀ ਰਿਪੋਰਟ ਨਾਂ ਛਪ ਸਕੀ। ਅੱਜ ਤੱਕ ਵੀ ਨੈਸ਼ਨਲ ਮੀਡੀਆ ਇੱਕ ਕੁੜੀ ਨੰਦਨੀ ਨਾਲ ਹੋਏ ਬਲਾਤਕਾਰ ਆਸਾ ਰਾਮ ਦੇ ਰੇਪ ਕੇਸ ਜਾਂ ਮੁੰਬਈ ਤਾਜ ਹੋਟਲ ਦੇ ਹਮਲੇ ਨੂੰ ਤਾਂ ਵਾਰ-ਵਾਰ ਦਿਖਾ ਰਿਹਾ ਹੈ ਤੇ ਉਸ ਦਿਨ ਤੇ ਯਾਦ ਵੀ ਕਰਦਾ ਹੈ। ਪਰ ਸਿੱਖਾਂ ਦਾ ਕਤਲੇਆਮ ਕੋਈ ਇੱਕ ਫਲਾਪ ਫਿਲਮੀ ਕਹਾਣੀ ਬਣਕੇ ਰਹਿ ਗਿਆ ਹੈ। ਹਿੰਦੁਸਤਾਨੀ ਮੀਡੀਏ ਨੇ ਸਰਕਾਰੀ ਨੀਤੀ ਅਨੁਸਾਰ ਦਿੱਲੀ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਜਾਂ ਕਤਲੇਆਮ ਨੂੰ ਦਿਲੀ ਦੰਗਿਆਂ ਦਾ ਨਾਮ ਦੇਕੇ ਲੋਕਤੰਤਰ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ।

ਸਿਰਫ਼ 2 ਨਵੰਬਰ 1984 ਨੂੰ ਇੰਡੀਅਨ ਐਕਸਪ੍ਰੈਸ ਅਤੇ 3 ਨਵੰਬਰ 1984 ਨੂੰ ਸਟੇਟਸਮੈਨ ਅਖਬਾਰ ਨੇ ਇੱਕ ਖਬਰ ਛਾਪੀ ਕਿ ਇੱਕ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਅਤੇ ਦੋ ਸਿੱਖਾਂ ਨੂੰ ਸਾੜਕੇ ਮਾਰਨ ਵਾਲੀ ਭੀੜ ਦੀ ਅਗਵਾਈ ਕਮਲ ਨਾਥ ਐਮ.ਪੀ (ਜੋ ਇਸ ਸਮੇਂ ਮਨਮੋਹਨ ਸਿੰਘ ਸਰਕਾਰ ਨੇ ਕੈਬਨਿਟ ਮੰਤਰੀ ਹਨ) ਕਰ ਰਹੇ ਸਨ। ਉਸਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਲੇਕਿਨ ਗੁਰਦੁਆਰਾ ਸਾਹਿਬ ਦੀ ਰਾਖੀ ਕਰ ਰਹੇ ਜਾਂ ਆਪਣੀ ਜਾਨ ਬਚਾਉਣ ਲਈ ਲੜ ਰਹੇ ਸਿੱਖਾਂ ਉੱਤੇ ਕਤਲ ਦੇ ਮੁਕਦਮੇ ਦਰਜ ਕਰ ਦਿੱਤੇ ਗਏ। ਭਾਈ ਕੰਵਲਜੀਤ ਸਿੰਘ ਵਰਗੇ ਇੱਕ ਬੇਗੁਣਾਹ ਸਿੱਖ ਨੇ ਅਜਿਹੇ ਹੀ ਇੱਕ ਝੂਠੇ ਕੇਸ ਦਾ 6 ਸਾਲ ਮੁਕਦਮਾ ਲੜਿਆ। ਸਿੱਖਾ ਦਾ ਕਸੂਰ ਕੀਹ ਸੀ? ਕਿ ਉਹ ਸਿਰਫ ਆਪਣੀ ਰਾਖੀ ਲਈ ਲੜ ਰਹੇ ਸਨ। ਸਿੱਖਾਂ ਦੇ ਕਾਤਲਾ ਨੂੰ ਤਰੱਕੀਆਂ ਮਿਲੀਆਂ ਐਚ.ਕੇ.ਐਲ ਭਗਤ ਕੈਬਨਿਟ ਮੰਤਰੀ ਬਣਿਆ। ਦਿਸੰਬਰ 1984 ਵਿੱਚ ਜਗਦੀਸ਼ ਟਾਈਟਲਰ ਨੂੰ ਵੀ ਮੰਤਰੀ ਬਣਾਇਆ ਗਿਆ। ਸੱਜਣ ਕੁਮਾਰ ਦਾ ਭਰਾ ਅੱਜ ਵੀ ਲੋਕ ਸਭਾ ਦਾ ਮੈਂਬਰ ਹੈ ਤੇ ਸੱਜਣ ਕੁਮਾਰ ਖੁੱਦ ਕਾਂਗਰਸ ਦੀ ਕੇਂਦਰੀ ਕਾਰਜ ਕਾਰਨੀ ਦਾ ਮੈਂਬਰ ਹੋਣ ਦੇ ਨਾਲ-ਨਾਲ ਉੜੀਸਾ ਸੁਬੇ ਦਾ ਇੰਚਾਰਜ ਹੈ। ਕਮਲ ਨਾਥ ਕੇਂਦਰੀ ਮੰਤਰੀ ਵਜੋਂ ਨਜਾਰੇ ਲੈ ਰਿਹਾ ਹੈ।

ਲੇਕਿਨ ਕੁਝ ਗੈਰ ਸਿੱਖ ਇਨਸਾਫ਼ ਪਸੰਦ ਲੋਕਾਂ ਨੇ ਉਸ ਸਮੇਂ ਹੀ ਇਸ ਸ਼ਰਮਨਾਕ ਕਾਰਵਾਈ ਨੂੰ ਨਿੰਦਿਆਂ ਜਿਨ੍ਹਾਂ ਵਿੱਚ ਦੋ ਪ੍ਰਮੁੱਖ ਜਥੇਬੰਦੀਆਂ ਪੀਪਲਜ ਯੂਨੀਅਨ ਆਫ਼ ਸਿਵਲ ਲਿਬਰਟੀਜ਼ (ਪੀ.ਯੂ.ਸੀ.ਐਲ) ਅਤੇ ਪੀਪਲਜ਼ ਯੂਨੀਅਨ ਆਫ ਡੈਮੋਕੇਟ੍ਰਿਕ ਰਾਈਟਸ (ਪੀ.ਯੂ.ਡੀ.ਆਰ)ਨੇ ਇੱਕ ਕਿਤਾਬ ”ਦੋਸ਼ੀ ਕੌਣ” ਲਿਖੀ। ਇਨ੍ਹਾਂ ਜਥੇਬੰਦੀਆਂ ਨੇ ਸਪਸ਼ਟ ਤੌਰ ਤੇ ਉਪਰੋਕਤ ਸਾਰੇ ਕਾਂਗਰਸੀ ਆਗੂਆ, ਸੱਜਣ ਕੁਮਾਰ, ਐਚ.ਕੇ.ਐਲ ਭਗਤ, ਧਰਮਦਾਸ ਸਾਸ਼ਤਰੀ, ਜਗਦੀਸ ਟਾਈਟਲਰ, ਕਮਲ ਨਾਥ (ਸਾਰੇ ਐਮ.ਪੀ) ਨੂੰ ਸਿੱਖਾਂ ਦੇ ਕਤਲੇਆਮ ਦਾ ਸਿੱਧੇ ਤੌਰ 'ਤੇ ਦੋਸ਼ੀ ਠਹਿਰਾਇਆ। ਇਸੇ ਤਰਾਂ ਹੀ ਦੀ ਟਾਈਮਜ਼ ਆਫ਼ ਇੰਡੀਆ ਅਖਬਾਰ ਰੈਜੀਡੈਂਟ ਅਡੀਟਰ ਸ੍ਰੀ ਮਨੋਜ ਮਿੱਟਾ ਅਤੇ ਅਤੇ ਉੱਘੇ ਵਕੀਲ ਤੇ ਪੰਥ ਦਰਦੀ ਸ. ਹਰਵਿੰਦਰ ਸਿੰਘ ਫੂਲਕਾ (ਭਦੌੜ) ਸੀਨੀਅਰ ਐਡਵੋਕੇਟ ਸਪ੍ਰੀਮ ਕੋਰਟ ਨੇ ਇੱਕ ਕਿਤਾਬ ”ਜਦੋਂ ਵੱਡਾ ਦਰਖਤ ਡਿਗਿਆ” ਲਿਖਕੇ ਉਪਰੋਕਤ ਸਾਰੇ ਕਾਂਗਰਸੀ ਆਗੂਆਂ ਨੂੰ ਸਿੱਖਾਂ ਦੇ ਕਤਲੇਆਮ ਲਈ ਜਿੰਮੇਵਾਰ ਦੱਸਿਆ। ਇਸ ਤਰਾਂ ਹੀ ਦੋ ਸੀਨੀਅਰ ਜੱਜ ਸਾਹਿਬਾਨਾਂ ਮਾਨਯੋਗ ਜਸਟਿਸ ਸ੍ਰੀ ਤਾਰਕੁੰਡੇ ਨੇ ਜਨਵਰੀ 1985 ਅਤੇ ਮਾਨਯੋਗ ਜਸਟਿਸ ਸ੍ਰੀ ਸੀਕਰੀ ਨੇ ਫਰਵਰੀ 1985 ਵਿੱਚ ਸਿੱਖ ਕਤਲੇਆਮ ਬਾਰੇ ਇੱਕ ਨਿਰਪੱਖ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਦਿੱਤੀ ਸੀ ਕਿ ਉਪਰ ਦਰਜ ਸਾਰੇ ਕਾਂਗਰਸੀ ਆਗੂ ਅਤੇ ਪ੍ਰਸ਼ਾਸਨ ਸਿੱਖਾਂ ਦੀ ਨਸਲਕੂਸ਼ੀ ਲਈ ਜਿਮੇਵਾਰ ਹੈ।

ਪਰ ਅੱਜ 29 ਵਰ•ੇ ਬੀਤ ਗਏ ਹਨ ਸਿੱਖਾਂ ਨੂੰ ਕੋਈ ਇਨਸਾਫ਼ ਨਹੀ. ਮਿਲਿਆ ਅਹਿਮ ਸਖਸੀਅਤਾ ਵੱਲੋਂ ਛਾਪੀਆਂ ਰਿਪੋਰਟਾਂ ਨੂੰ ਅੱਜ ਤੱਕ ਕਿਸੇ ਨੇ ਰੱਦ ਵੀ ਨਹੀਂ ਕੀਤਾ। ਫਿਰ ਦੋਸ਼ੀਆਂ ਖਿਲਾਫ ਕੋਈ 1984ਕਾਰਵਾਈ ਨਾ ਹੋਣੀ ਇਸ ਗੱਲ ਨੂੰ ਸਪਸ਼ਟ ਕਰਦੀ ਹੈ ਕਿ ਜਿਥੇ ਸਾਰਾ ਸਿਸਟਮ ਜਾਂ ਸਰਕਾਰ ਹੀ ਬੇਈਮਾਨ ਹੋ ਜਾਵੇ ਤਾਂ ਉਥੇ ਇਨਸਾਫ਼ ਘੁੰਡ ਕੱਢ ਲੈਂਦਾ ਹੈ। ਅਦਾਲਤੀ ਨਿਆਂ ਉੂਠ ਦਾ ਬੁੱਲ• ਬਣਕੇ ਰਹਿ ਜਾਂਦਾ ਹੈ ? ਸਰਕਾਰ ਕਿਸੇ ਦੀ ਹੋਵੇ ਇਸ ਨਾਲ ਕੋਈ ਫਰਕ ਨਹੀਂ ਪੈਦਾ। ਇਸ ਕਤਲੇਆਮ ਤੋਂ ਬਾਅਦ ਬੀਜੇਪੀ ਦੀ ਸਰਕਾਰ ਵੀ ਬਣੀ ਅਕਾਲੀ ਦਲ ਨੇ ਪਤੀ ਪਤਨੀ ਦਾ ਰਿਸ਼ਤਾ ਬਣਾਕੇ ਸਰਕਾਰ ‘ਚ ਪੂਰੀ ਹਿਸੇਦਾਰੀ ਵੰਡਾਈ। ਪਰ ਸਿੱਖਾਂ ਨੂੰ ਇਨਸਾਫ ਫਿਰ ਵੀ ਨਹੀਂ ਮਿਲਿਆ। ਅਕਾਲੀ ਮੰਤਰੀ ਮੰਤਰੀਪੁਣਾ ਹੰਢਾ ਗਏ ਮੰਤਰੀਆਂ ਦੇ ਕਾਕੇ ਜਿਨ੍ਹਾਂ ਕੋਲ ਚਰ•ੀ ਬੀਜਣ ਜੋਗੀ ਜਮੀਨ ਵੀ ਨਹੀਂ ਸੀ ਅਤੇ ਮਾਂ ਦੀ ਮਕਾਨ ਜਾਣ ਲਈ ਕੋਈ ਮੰਗਵੀਂ ਕਾਰ ਵੀ ਨਹੀਂ ਦਿੰਦਾ ਸੀ। ਉਹ ਪਿਉ ਦੀ ਖੱਟੀ ਨਾਲ ਕਲੋਨੀਆਂ ਬਣਾਕੇ ਕਲੋਨਾਈਜਰ ਅਖਵਾਉਣ ਲੱਗ ਪਏ ਹਨ ਤੇ ਹੁਣ ਇੱਕ ਨਹੀਂ ਬਲਕਿ ਸਾਰੇ ਪ੍ਰੀਵਾਰ ਲਈ ਲਗਜ਼ਰੀ ਗੱਡੀਆਂ ਤੇ ਠਾਠੇ ਬਾਗੇ ਵੀ ਵੀ ਬਣ ਗਏ ਹਨ। ਸਿੱਖਾਂ ਦੇ ਕਤਲੇਆਮ ਦਾ ਪ੍ਰਨਾਲਾ ਉਥੇ ਦਾ ਉਥੇ ਹੈ।

ਹੁਣ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਇੱਕ ਸਿੱਖ ਮਨਮੋਹਨ ਸਿੰਘ ਜੀ ਹਨ। ਕਿਸੇ ਵੇਲੇ ਰਾਸ਼ਟਰਪਤੀ ਵੀ ਇੱਕ ਸਿੱਖ ਗਿਆਨੀ ਜੈਲ ਸਿੰਘ ਸਨ ਅਤੇ ਗ੍ਰਹਿ ਮੰਤਰੀ ਵੀ ਇੱਕ ਸਿੱਖ ਬੂਟਾ ਸਿੰਘ ਰਹਿ ਚੁੱਕੇ ਹਨ। ਪੰਜਾਬ ਦਾ ਮੁੱਖਮੰਤਰੀ ਅਕਾਲੀ ਜਾਂ ਕਾਂਗਰਸੀ ਹੋਵੇ ਹਮੇਸ਼ਾ ਸਿੱਖ ਹੀ ਹੁੰਦਾ ਹੈ। ਪਰ ਇਹ ਸਾਰੇ ਸਿੱਖ ਆਗੂ ਸਿੱਖਾਂ ਦੇ ਮਾਮਲਿਆਂ ਵਿੱਚ ਗਿੱਦੀ ਸਾਬਿਤ ਹੋਏ ਹਨ। ਕਾਤਲਾਂ ਨੂੰ ਸਜਾ ਤਾਂ ਕੀ ਮਿਲਣੀ ਸੀ ਉਹ ਕੈਬਨਿਟ ਵਿੱਚ ਬੈਠੇ ਹਨ। ਕੋਈ ਵੀ ਸਿੱਖ ਆਗੂ ਅਜਿਹੇ ਕਿਸੇ ਦੋਸ਼ੀ ਨੂੰ ਆਪਣੀ ਪਾਰਟੀ ‘ਚ ਇਹ ਕਹਿਕੇ ਨਹੀਂ ਕਢਵਾ ਸਕਿਆ ਕਿ ਇਸਤੇ ਸੈਂਕੜੇ ਸਿੱਖਾਂ ਨੂੰ ਕਤਲ ਕਰਨ ਦਾ ਦੋਸ਼ ਹੈ। ਸੋ ਸਰਕਾਰ ਕਿਸੇ ਪਾਰਟੀ ਦੀ ਹੋਵੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਵੀ ਸਿੱਖ ਹੋਵੇ ਜਾਂ ਕਿਸੇ ਸਰਕਾਰ ਦੀ ਅਗਵਾਈ ਕਿਸੇ ਅਖੌਤੀ ਪੰਥਕ ਪਾਰਟੀ ਦੇ ਫ਼ਖਰ ਏ ਕੌਮ ਅਵਾਰਡ ਨਾਲ ਨਿਵਾਜੇ ਲੀਡਰ ਕੋਲ ਹੋਵੇ, ਜਿਸ ਨੂੰ ਦਮਦਮੀ ਟਕਸਾਲ ਤੇ ਸੰਤ ਸਮਾਜ ਦੀ ਪੂਰਨ ਹਮਾਇਤ ਹੋਵੇ ਉਹ ਵੀ ਸਿੱਖਾਂ ਦੇ ਕਤਲੇਆਮ ਤੇ ਆਪਣੀ ਜੁਬਾਨ ਨਹੀਂ ਖੋਲ•ਦਾ। ਸਿਰਫ਼ ਚੋਣਾਂ ਦੌਰਾਨ ਸਾਕਾ ਨੀਲਾ ਤਾਰਾ ਤੇ ਦਿੱਲੀ ਕਤਲੇਆਮ ਨੂੰ ਦਿੱਲੀ ਦੰਗੇ ਆਖਕੇ ਵੋਟਾਂ ਜਰੂਰ ਬਟੋਰ ਲਈਆਂ ਜਾਂਦੀਆਂ ਹਨ। ਅੱਜ ਤੱਕ ਜਿਨ੍ਹੇ ਵੀ ਅਕਾਲੀ ਮੁੱਖ ਮੰਤਰੀ ਜਾਂ ਅਕਾਲੀ ਪ੍ਰਧਾਨ ਜਾਂ ਅਕਾਲੀ ਕੇਂਦਰੀ ਮੰਤਰੀ ਪ੍ਰਧਾਨ ਮੰਤਰੀ ਨੂੰ ਮਿਲਦੇ ਰਹੇ ਹਨ ਉਹ ਜਵਾਬ ਦੇਣ ਕਿ ਉਹਨਾਂ ਨੇ ਕਿੰਨੀ ਵਾਰ ਦਿੱਲੀ ਦੇ ਸਿੱਖ ਕਤਲੇਆਮ ਜਾਂ ਹੋਰਨਾ ਸਿੱਖ ਮਸਲਿਆਂ ਬਾਰੇ ਪ੍ਰਧਾਨ ਮੰਤਰੀ ਜਾਂ ਕੇਂਦਰੀ ਮੰਤਰੀਆਂ ਨਾਲ ਕੀ ਗੱਲਬਾਤ ਕੀਤੀ ਹੈ।

ਜਦੋਂ ਵੀ ਕੋਈ ਆਗੂ ਸੂਬੇ ਦੇ ਕੰਮਾਂ ਦਾ ਬਹਾਨਾ ਲੈਕੇ ਦਿੱਲੀ ਗਿਆ ਹੈ ਤਾਂ ਸਿੱਖਾਂ ਦੀਆਂ ਲਾਸ਼ਾਂ 'ਤੇ ਖਲੋਕੇ ਹੋਟਲਾਂ ਲਈ ਜਗਾ, ਪੈਟ੍ਰੋਲ ਪੰਪ, ਗੈਸ ਏਜੰਸੀਆਂ, ਪ੍ਰੀਵਾਰਾਂ ਲਈ ਵਜੀਰੀਆਂ ਅਤੇ ਕਪਟੀ ਰਾਜਨੀਤੀ ਵਿੱਚ ਸਾਥ ਦੇਣ ਵਾਲੇ ਆਪਣੇ ਸਾਥੀਆਂ ਲਈ ਖੈਰਾਤ ਲੈਕੇ ਵਾਪਿਸ ਪਰਤਦਾ ਰਿਹਾ ਹੈ। ਅੱਜ ਹਾਲਤ ਇੱਥੇ ਆ ਪਹੁੰਚੀ ਹੈ ਕਿ ਪੰਜਾਬ ਦੇ ਸਿੱਖਾਂ ਜਾਂ ਸਿੱਖ ਹਿਤੈਸ਼ੀ ਅਖਵਾਉਣ ਵਾਲੀਆਂ ਪਾਰਟੀਆਂ ਜਾਂ ਅਖੌਤੀ ਪੰਥਕ ਲੀਡਰਾਂ ਲਈ ਹੁਣ 1 ਨਵੰਬਰ ਦੀ ਤਰੀਕ ਦੇ ਕੋਈ ਮਾਹਣੇ ਹੀ ਨਹੀਂ ਰਹੇ।

ਸਿਰਫ਼ ਇੱਕ ਸ. ਸਿਮਰਨਜੀਤ ਸਿੰਘ ਮਾਨ ਹਨ ਜੋ ਕੁਝ ਕੁ ਸਾਥੀਆਂ ਨਾਲ 31 ਅਕਤੂਬਰ ਦੀ ਰਾਤ ਦਿੱਲੀ ਪਹੁੰਚ ਕੇ 1 ਨਵੰਬਰ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਬੇਰੁਖੀ ਸਹਿਕੇ ਵੀ ਸ਼ਹੀਦਾਂ ਲਈ ਅਰਦਾਸ ਕਰਕੇ ਵਾਪਿਸ ਹੋ ਜਾਂਦੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਦਿੱਲੀ ਦੇ ਸਿੱਖ ਵੀ ਇਸ ਅਰਦਾਸ ਸਮਾਗਮ ਤੇ ਆਉਣਾ ਜਰੂਰੀ ਨਹੀਂ ਸਮਝਦੇ ਮਸਾ ਦੋ ਕੂ ਦਰਜਨ ਦਿੱਲੀ ਦੇ ਸਿੱਖ ਹੀ ਉੱਥੇ ਵਿਖਾਈ ਦਿੰਦੇ ਹਨ। ਹੋਰ ਵੀ ਅਫਸੋਸ ਦੀ ਗੱਲ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਉਸਾਰੇ ਗਏ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਕਈ ਵਾਰ 1 ਨਵੰਬਰ ਨੂੰ ਬਰਾਤਾਂ ਢੁੱਕ ਰਹੀਆਂ ਹੁੰਦੀਆਂ ਹਨ ਤੇ ਸ਼ਹਿਨਾਈਆਂ ਵੱਜਦੀਆਂ ਹਨ। ਉਧਰ ਕੁਝ ਸਿੰਘ ਮਾਤਮੀ ਮਾਹੌਲ ਵਿੱਚ ਸ਼ਹੀਦਾਂ ਨੂੰ ਸਮਰਪਿਤ ਹੋਕੇ ਬੈਠੇ ਹੁੰਦੇ ਹਨ। ਦਿੱਲੀ ਗੁਰਦੁਆਰਾ ਕਮੇਟੀ ਨੂੰ ਚਾਹੀਦਾ ਸੀ ਕਿ ਉਹ 1 ਨਵੰਬਰ ਤੋਂ 3 ਨਵੰਬਰ ਤੱਕ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਮਾਰੇ ਗਏ ਬੇਗੁਣਾਹ ਸਿੱਖਾਂ ਦੀ ਯਾਦ ਨੂੰ ਮੁੱਖ ਰੱਖਕੇ ਇਸ ਹਾਲ ਵਿੱਚ ਕੋਈ ਵੀ ਸਮਾਗਮ ਵਿਆਹ ਮੰਗਣੀ ਆਦਿਕ ਦਾ ਨਾ ਹੋਣ ਦੇਵੇ ਸਗੋਂ ਸਾਰੇ ਗੁਰਦੁਆਰਿਆਂ ਵਿੱਚ ਤਿੰਨ ਦਿਨ ਕੀਰਤਨ ਤੇ ਢਾਡੀ ਦਰਬਾਰ ਕੀਤੇ ਜਾਣ। ਪਰ ਬਦਕਿਸਮਤੀ ਹੈ ਕਿ ਦਿੱਲੀ ਕਮੇਟੀ ਵੀ ਸਿਆਸੀ ਪ੍ਰਭਾਵ ਤੋਂ ਮੁਕਤ ਨਹੀਂ ਹੈ ਪਹਿਲਾਂ ਸਰਨਾਂ ਭਰਾਵਾਂ ਕੋਲ ਪ੍ਰਬੰਧ ਸੀ। ਜੋ ਕਾਂਗਰਸ ਨਾਲ ਨੇੜਲੇ ਸਬੰਧ ਰੱਖਦੇ ਹਨ। ਹੁਣ ਸਰਦਾਰ ਜੀ.ਕੇ. ਸਿੰਘ ਬੇਸ਼ਕ ਉਹ ਕਾਂਗਰਸੀ ਪਿਛੋਕੜ ਵਾਲੇ ਜਥੇਦਾਰ ਸੰਤੋਖ ਸਿੰਘ ਦੇ ਸਪੁੱਤਰ ਹਨ, ਪਰ ਅੱਜ ਕੱਲ ਬਾਦਲ ਵੱਲੋਂ ਦਿੱਲੀ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਹਨ। ਇਸ ਕਰਕੇ ਬੀ.ਜੇ.ਪੀ ਜਾਂ ਆਰ.ਐਸ.ਐਸ ਦਾ ਪ੍ਰਭਾਵ ਹੋਣਾ ਕੁਦਰਤੀ ਗੱਲ ਹੈ। ਉਹ ਵੀ ਦਿੱਲੀ ਦੇ ਸਿੱਖਾਂ ਜਾ ਆਪਣੀ ਮਰਜੀ ਨਾਲ ਕੋਈ ਫੈਸਲਾ ਨਹੀਂ ਕਰ ਸਕਦੇ ਕਿਉਂਕਿ ਇਥੇ ਫੈਸਲੇ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖਕੇ ਨਹੀਂ ਸਗੋਂ ਚੰਦਰੀ ਸਿਆਸਤ ਦੀ ਤੱਕੜੀ ‘ਚ ਤੋਲਕੇ ਕੀਤੇ ਜਾਂਦੇ ਹਨ। ਸੋਨਾ ਤੇ ਲੋਹਾ ਇਕੋ ਪੱਲੜੇ ਤੁਲਦਾ ਹੈ।

ਸੋ ਬਦਕਿਸਮਤੀ ਹੈ ਕਿ ਹਾਲੇ ਤੱਕ ਸਿੱਖ ਸਾਰੇ ਸੰਸਾਰ ਵਿੱਚ ਫੈਲ ਜਾਨ ਦੇ ਬਾਵਜੂਦ ਵੀ ਆਪਣੀ ਨਸਲੀ ਸਫਾਈ ਨੂੰ ਉਜਾਗਰ ਨਹੀਂ ਕਰ ਸਕੇ। ਦੁਨੀਆ ਸਾਹਮਣੇ ਇਹ ਹਾਲੇ ਵੀ ਦੰਗੇ ਹੀ ਹਨ। ਦੰਗੇ ਉਦੋਂ ਹੁੰਦੇ ਹਨ ਜਦੋਂ ਕੋਈ ਦੋ ਫਿਰਕੇ ਆਪ ਵਿੱਚ ਭਿੜ ਜਾਣ ਤੇ ਦੋਹੀ ਪਾਸੀਂ ਨੁਕਸਾਨ ਹੋ ਜਾਵੇ। ਪਰ ਇਥੇ ਤਾਂ ਸਾਜਿਸ ਅਧੀਨ ਕੇਂਦਰ, ਦਿੱਲੀ, ਹਰਿਆਣਾ ਸਰਕਾਰਾਂ ਅਤੇ ਹਿੰਦੂਤਵੀ ਤੇ ਕਾਂਗਰਸੀ ਜਮਾਤਾਂ ਨੇ 1984-1ਯੋਜਨਾਬੱਧ ਤਰੀਕੇ ਨਾਲ ਸਿੱਖਾ ਨੂੰ ਪੁਲਿਸ ਦੀ ਮਦਦ ਨਾਲ ਨਿਹੱਥੇ ਕਰਕੇ ਫਿਰ ਕਤਲੇਆਮ ਕੀਤਾ ਹੈ।

ਜਦੋਂ ਕਿਸੇ ਦੇਸ਼ ਦਾ ਸਿਸਟਮ ਆਪਣੇ ਨਾਗਰਿਕਾਂ ਨੂੰ ਨਿਆਂ ਨਾ ਦੇਵੇ ਤਾਂ ਫਿਰ ਯੁਨਾਈਟਿਡ ਨੇਸ਼ਨ ਦਾ ਦਰਵਾਜਾ ਖੜਕਾਉਣਾ ਪੈਂਦਾ ਹੈ। ਅੱਜ ਇਨਸਾਫ ਨਾ ਮਿਲਦਾ ਵੇਖਕੇ ਸਿੱਖਸ ਫਾਰ ਜਸਟਿਸ ਨਾਮ ਦੀ ਇੱਕ ਸਿੱਖ ਜਥੇਬੰਦੀ ਦੀ ਟੀਮ ਨੇ ਸ. ਪਤਵੰਤ ਸਿੰਘ ਪੰਨੂ, ਜਤਿੰਦਰ ਸਿੰਘ ਗ੍ਰੇਵਾਲ, ਮਾਸਟਰ ਕਰਨ ਸਿੰਘ, ਅਵਤਾਰ ਸਿੰਘ ਪੰਨੂ, ਹਰਮਿੰਦਰ ਸਿੰਘ ਖਾਲਸਾ ਅਤੇ ਜਸਗਦੀਸ਼ ਟਾਈਟਲਰ ਦੇ ਖਿਲਾਫ ਚਸਮਦੀਦ ਗਵਾਹ ਭਾਈ ਜਸਵੀਰ ਸਿੰਘ, ਬੀਬੀ ਜਗਦੀਸ਼ ਕੌਰ ਤੇ ਭਾਈ ਜੰਗਸ਼ੇਰ ਸਿੰਘ ਨੇ ਇਕ ਨਸਲਕੁਸ਼ੀ ਪਟੀਸ਼ਨ-1503 ਤਿਆਰ ਕੀਤੀ ਹੈ ਜਿਹੜੇ ਕਿ ਦਿੱਲੀ ਸਮੇਤ ਸਿੱਖਾਂ ਦੇ ਹੋਏ ਸਮੂਹਿਕ ਕਤਲੇਆਮ ਨੂੰ ਸਿੱਖਾਂ ਦੀ ਨਸਲਕੁਸ਼ੀ ਐਲਾਨਣ ਵਾਸਤੇ ਯੁਨਾਈਟਿਡ ਨੇਸ਼ਨ ਆਫਿਸ ਆਫ਼ ਹਾਈ ਕਮਿਸ਼ਨ ਫਾਰ ਹਿਉਮੈਨ ਰਾਈਟਸ, ਕੋਲ ਦਾਇਰ ਕੀਤੀ ਜਾਵੇਗੀ। ਇਸ ਪਟੀਸ਼ਨ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਪੀਰ ਮੁਹੰਮਦ), ਸਿੱਖ ਫੈਡਰੇਸ਼ਨ ਯੂ.ਕੇ., ਇੰਟਰਨੈਸ਼ਨਲ ਸਿੱਖ ਯੂਥ ਆਰਗੇਨਾਈਜੇਸ਼ਨ, ਸੰਗਤ ਟੀ.ਵੀ, ਸਿੱਖ ਚੈਨਲ, ਪਹਿਰੇਦਾਰ ਅਖਬਾਰ ਅਤੇ ਦਰਬਾਰ ਸਾਹਿਬ ਦੇ ਦੋ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਤੇ ਭਾਈ ਸੁਖਵਿੰਦਰ ਸਿੰਘ ਨਾਗੋਕੇ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ।

ਲੇਕਿਨ ਪੰਜਾਬ ਜਾਂ ਭਾਰਤ ਵਿੱਚਲੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਮਹਾਨ ਸਿੱਖ ਸੰਸਥਾਵਾਂ, ਸਾਰੇ ਅਕਾਲੀ ਦਲ, ਪੰਥਕ ਸਰਕਾਰਾਂ, ਅਖੌਤੀ ਸਿੱਖ ਸਮਾਜ ਸਭ ਚੱਡਿਆਂ ‘ਚ ਪੂਛ ਲਈ ਬੈਠੇ ਹਨ। ਸਿਰਫ਼ ਇੱਕ ਹੀ ਨੌਜਵਾਨ ਆਗੂ ਭਾਈ ਕਰਨੈਲ ਸਿੰਘ ਪੀਰਮੁਹੰਮਦ ਲਗਾਤਾਰ ਪਿੱਛਲੇ ਕਈ ਸਾਲਾਂ ਤੋਂ ਇਸ ਮੁੱਦੇ ਨੂੰ ਲੈਕੇ ਲੜਾਈ ਲੜ ਰਿਹਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਉਸਨੂੰ ਵੀ ਕਿਸੇ ਨੇ ਸਹਿਯੋਗ ਤਾਂ ਕੀ ਦੇਣਾ ਸੀ ਸਗੋਂ ਕਈ ਤਰਾਂ ਦੇ ਟੋਟਕੇ ਬਣਾਕੇ ਗਾਹੇ ਬਗਾਹੇ ਪੀਰ ਮੁੰਹਮਦ ਦੀ ਵੀ ਨੁਕਤਾ ਚੀਨੀ ਕੀਤੀ ਜਾਂਦੀ ਹੈ। ਲੇਕਿਨ ਜੇਕਰ ਨੁਕਤਾ ਚੀਨੀ ਕਰਨ ਵਾਲਿਆਂ ਨੂੰ ਕਦੇ ਪੁਛਿਆ ਜਾਵੇ ਕਿ ਤੁਸੀ ਸਿੱਖਾਂ ਦੀ ਕਤਲੇਆਮ ਲਈ ਨਿਆਂ ਵਾਸਤੇ ਕੀ ਕਰ ਰਹੇ ਹੋ ਜਾਂ ਭਵਿੱਖ ਵਿੱਚ ਕੀ ਕਰੋਗੇ ਤਾਂ ਜਵਾਬ ਕੋਈ ਨਹੀਂ ਸਿਰਫ ਬੇਸ਼ਰਮੀ ਦਾ ਹਾਸਾ ਖਿਲਾਰਕੇ ਚੱਲਦੇ ਬਣਦੇ ਹਨ।

ਸੋ ਗੱਲ ਇਥੇ ਸੋਚਣ ਵਾਲੀ ਇਥੇ ਇਹ ਹੈ ਕਿ ਸਿੱਖਾਂ ਦਾ ਭਵਿੱਖ ਤਾਂ ਹੁਣ ਗੁਰੂ ਆਸਰੇ ਹੀ ਹੈ ਕੋਈ ਐਸੀਂ ਜਥੇਬੰਦੀ ਨਹੀਂ ਜਿਹੜੀ ਕਦੇ ਭੀੜ ਪਈ ਤੋਂ ਕੋਈ ਸਹਾਰਾ ਦੇ ਸਕੇ ਤੇ ਨਾ ਹੀ ਨੇੜ ਭਵਿਖ ਵਿੱਚ ਅਜਿਹੀ ਕੋਈ ਆਸ ਨਜਰ ਆਉਂਦੀ ਹੈ। ਸਿੱਖਾਂ ਦੀ ਸਿਸਟਮ ਵਿਰੁੱਧ ਆਰੰਭੀ ਲੜਾਈ ਦੇ ਅਸਲ ਮਕਸਦ ਕੀ ਯਾਦ ਹੋਣੇ ਹਨ। ਹੁਣ ਤਾਂ ਮੁਦਿਆਂ ਲਈ ਜੱਦੋ ਜਹਿਦ ਕਰਦਿਆਂ ਵਿੱਚੋਂ ਨਿਕਲੇ ਨਵੇਂ ਮੁੱਦੇ ਸਾਕਾ ਨੀਲਾ ਤਾਰਾ, ਧਰਮੀ ਫੌਜੀ ਤੇ ਦਿੱਲੀ ਸਿੱਖ ਕਤਲੇਆਮ ਦੇ ਪੀੜਤ ਵੀ ਹੁਣ ਤੱਕ ਕੌਮ ਤੋਂ ਸਾਂਭੇ ਨਹੀਂ ਗਏ। ਦਰਅਸਲ ਪੰਥ ਦਾ ਕੋਈ ਬੇਲੀ ਹੀ ਨਹੀਂ ਰਿਹਾ । ਸਭ ਨੇ ਆਪਣੇ-ਆਪਣੇ ਪ੍ਰੀਵਾਰਾਂ ਤੇ ਰਾਜਨੀਤਿਕ ਸਹਿਯੋਗੀਆਂ ਨੂੰ ਰਲਾਕੇ ਆਪਣਾ ਹੀ ਪੰਥ ਬਣਾ ਲਿਆ ਹੈ। ਗੁਰੂ ਦਾ ਪੰਥ ਅੱਜ ਆਪਣਿਆਂ ਦੀ ਬੇਰੂਖੀ ਕਰਕੇ ਬੰਜਰ ਧਰਤੀ ਵਰਗਾ ਦ੍ਰਿਸ਼ ਪੇਸ਼ ਕਰ ਰਿਹਾ ਹੈ। ਇਸ ਕਰਕੇ ਹੀ ਦਿੱਲੀ ਕਤਲੇਆਮ ਜਾਂ ਹੋਰਨਾ ਮੁੱਦਿਆਂ ਨੂੰ ਲੈਕੇ ਅਸੀਂ ਇਨਸਾਫ ਲੈਣ ਵਿੱਚ ਕਾਮਯਾਬ ਨਹੀਂ ਹੋਏ। ਕੌਮ ਕੋਲ ਪੰਥਕ ਸੋਚ ਵਾਲਾ ਕੋਈ ਲੀਡਰ ਵੀ ਨਹੀਂ ਰਿਹਾ। ਬਸ ਅੰਤ ਵਿੱਚ ਇਹੀ ਕਹਿਣਾ ਕਾਫ਼ੀ ਹੈ ”ਇੱਕ ਸਰਕਾਰ ਬਾਝੋਂ ਫੌਜਾਂ ਜਿੱਤਕੇ ਅੰਤ ਨੂੰ ਹਾਰੀਆਂ ਨੇ”


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top