Share on Facebook

Main News Page

ਮਾਮਲਾ ਡੇਰਾ ਪ੍ਰੇਮੀ ਦੀ ਸ਼ਿਕਾਇਤ 'ਤੇ ਹੋਏ ਕਥਾ ਵਾਚਕ 'ਤੇ ਪਰਚੇ ਦਰਜ ਦਾ
ਡੇਰਾ ਪ੍ਰੇਮੀਆਂ ਅੱਗੇ ਝੁਕਦਿਆਂ ਪ੍ਰਸਾਸ਼ਨ ਨੇ ਸਿੱਖ ਜਥੇਬੰਦੀਆਂ ਨੂੰ ਰੋਸ ਮਾਰਚ ਨਾ ਕੱਢਣ ਦਿੱਤਾ

ਬਠਿੰਡਾ, 26 ਅਕਤੂਬਰ (ਅਨਿਲ ਵਰਮਾ): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮੌਕੇ ਸੰਗਤਾਂ ਨੂੰ ਸਿੱਖੀ ਦੇ ਲੜ ਲੱਗਣ ਲਈ ਪ੍ਰੇਰਿਤ ਕਰਨ ਵਾਲੇ ਭਾਈ ਕੁਲਦੀਪ ਸਿੰਘ ਸਖਤ ਤੇ ਡੇਰਾ ਪ੍ਰੇਮੀ ਹਰਪ੍ਰੀਤ ਸਿਉ ਪੁੱਤਰ ਸੇਵਾ ਸਿਹੁੰ ਦੀ ਸਿਕਾਇਤ ਤੇ ਹੋਏ ਧਾਰਾ 295 ਏ ਦੇ ਪਰਚੇ ਦਰਜ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਪਰਚੇ ਨੂੰ ਖਾਰਜ ਕਰਨ ਦੀ ਮੰਗ ਨੂੰ ਲੈਕੇ ਇਨਸਾਫ ਮਾਰਚ ਕੱਢੇ ਜਾ ਰਹੇ ਹਨ, ਇਸ ਲੜੀ ਤਹਿਤ ਅੱਜ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਨਰੂਆਣਾ ਤੋਂ ਪਿੰਡ ਚੱਕ ਅਤਰ ਸਿੰਘ ਵਾਲਾ ਤੱਕ ਇਨਸਾਫ ਮਾਰਚ ਕੱਢਿਆ ਜਾਣਾ ਸੀ, ਪਰ ਇਸ ਮਾਰਚ ਨੂੰ ਪ੍ਰਸਾਸਨ ਨੇ ਠੁੱਸ ਕਰਕੇ ਰੱਖ ਦਿੱਤਾ, ਕਿਉਂਕਿ ਇਸ ਰੋਸ ਮਾਰਚ ਦਾ ਵਿਰੋਧ ਕਰਨ ਦਾ ਐਲਾਨ ਡੇਰਾ ਪ੍ਰੇਮੀਆਂ ਵੱਲੋਂ ਵੀ ਕੀਤਾ ਗਿਆ ਸੀ, ਜਿਸ ਤਹਿਤ ਡੇਰਾ ਪ੍ਰੇਮੀ ਭੰਗੀਦਾਸ ਜਸਵੀਰ ਸਿੰਘ ਬੰਗੀ ਦੀ ਅਗਵਾਈ ਵਿੱਚ ਪਿੰਡ ਤਿਓਣਾ ਵਿਖੇ ਇੱਕਠੇ ਹੋ ਗਏ, ਜਿਸ ਕਰਕੇ ਪੂਰੇ ਇਲਾਕੇ ਵਿੱਚ ਤਨਾਅ ਦਾ ਮਾਹੌਲ ਬਣ ਗਿਆ।

ਟਕਰਾਅ ਨੂੰ ਰੋਕਣ ਲਈ ਪੁਲਿਸ ਨੇ ਇਲਾਕੇ ਨੂੰ ਛਾਊਣੀ ਵਿੱਚ ਤਬਦੀਲ ਕਰ ਦਿੱਤਾ ਤੇ ਪ੍ਰੇਮੀਆਂ ਦੀ ਤਾਕਤ ਅਤੇ ਰਾਜਨੀਤਿਕ ਦਬਾਅ ਹੇਠ ਪ੍ਰਸਾਸਨ ਨੇ ਸਿੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਪਿੰਡ ਨਰੂਆਣਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਹੀ ਬਾਹਰ ਨਾ ਨਿਕਲਣ ਦਿੱਤਾ। ਮੌਕੇ 'ਤੇ ਪਹੁੰਚੇ ਐਸ ਪੀ ਜਸਵੀਰ ਸਿੰਘ, ਡੀ ਐਸ ਪੀ ਗੁਰਦੀਪ ਸਿੰਘ, ਤਹਿਸੀਲਦਾਰ ਅਤੇ ਵੱਖ ਵੱਖ ਥਾਣਿਆਂ ਦੇ ਐਸ ਐਚ ਓਜ਼ ਨੇ ਰੋਸ ਮਾਰਚ ਦੀ ਅਗਵਾਈ ਕਰਨ ਵਾਲੇ ਸਿੱਖ ਯੂਨਾਈਟਿਡ ਮੂਵਮੈਂਟ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਕੱਤਰ ਜਨਰਲ ਗੁਰਦੀਪ ਸਿੰਘ ਬਰਾੜ ਅਤੇ ਪੰਥਕ ਸੇਵਾ ਲਹਿਰ ਦੇ ਆਗੂ ਬਾਬਾ ਜੋਗਿੰਦਰ ਸਿੰਘ, ਸੰਤ ਸਿਪਾਹੀ ਇੰਟਰਨੈਸਨਲ ਗੁਰਮਤਿ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਗੁਰਨਾਮ ਸਿੰਘ ਤੇ ਹੋਰ ਵਰਕਰਾਂ ਨੂੰ ਭਾਈ ਕੁਲਦੀਪ ਸਿੰਘ ਸਖਤ ਤੇ ਦਰਜ ਧਾਰਾ 295 ਏ ਦੇ ਪਰਚੇ ਨੂੰ 10 ਨਵੰਬਰ ਤੱਕ ਖਾਰਜ ਕਰਨ ਦਾ ਭਰੋਸਾ ਦਿੱਤਾ। ਇਸ ਭਰੋਸੇ ਤੇ ਬੇਵੱਸ ਹੋਏ ਸਿੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਰੋਸ ਮਾਰਚ ਮੁਲਤਵੀ ਕਰ ਦਿੱਤਾ।

ਭਾਈ ਮੋਹਕਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਰਾੜ ਨੇ ਕਿਹਾ ਕਿ ਡੇਰਾ ਸੌਦਾ ਸਾਧ ਦਾ ਕੋਈ ਧਰਮ ਨਹੀਂ, ਪਰ ਬਾਦਲ ਪਰਿਵਾਰ ਵੋਟ ਦੀ ਰਾਜਨੀਤੀ ਖੇਡਦਿਆਂ ਡੇਰੇ ਨੂੰ ਧਰਮ ਮੰਨ ਰਿਹਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਬਾਦਲ ਪਰਿਵਾਰ ਸਿੱਖਾਂ ਨੂੰ ਬੰਧੂਆ ਮਜਦੂਰ ਸਮਝਦਾ ਹੈ, ਜਿਸ ਕਰਕੇ ਸਿੱਖ ਕੌਮ ਤੇ ਡੇਰਾ ਪ੍ਰੇਮੀਆਂ ਦੀਆਂ ਸ਼ਿਕਾਇਤਾਂ 'ਤੇ ਝੂਠੇ ਤੇ ਨਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਐਲਾਨ ਕੀਤਾ ਕਿ ਜੇਕਰ 10 ਨਵੰਬਰ ਤੱਕ ਧਾਰਾ 295 ਏ ਦਾ ਪਰਚਾ ਖਾਰਜ ਨਾ ਹੋਇਆ, ਤਾਂ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਪੰਜਾਬ ਦੀਆਂ ਸਮੂਹ ਸਿੱਖ ਧਾਰਮਿਕ ਇਨਸਾਫ ਪਸੰਦ ਜਥੇਬੰਦੀਆਂ ਨਾਲ ਮਿਲਕੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ, ਕਿਉਂਕਿ ਪ੍ਰਸਾਸ਼ਨ ਦੇ ਭਰੋਸੇ ਤੇ 10 ਨਵੰਬਰ ਤੱਕ ਦਾ ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਇਨਸਾਫ ਦੀ ਉਮੀਦ ਲਈ ਸਮਾਂ ਦਿੱਤਾ ਗਿਆ ਹੈ, ਪਰ ਜੇਕਰ ਫਿਰ ਵੀ ਕੋਈ ਇਨਸਾਫ ਨਾ ਮਿਲਿਆ ਤਾਂ ਸਿੱਖ ਕੌਮ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਸ ਮਾਰਚ ਵਿੱਚ ਲੋਜਪਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਮਨਮੋਹਨ ਸਿੰਘ ਗੁੰਮਟਸਰ, ਭਾਈ ਕੁਲਦੀਪ ਸਿੰਘ ਸਖਤ ਆਦਿ ਵੀ ਸ਼ਾਮਲ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top