Share on Facebook

Main News Page

ਹੈਲੋ! ਮੈਂ ਨਸ਼ਿਆਂ ਦਾ ਛੇਵਾਂ ਦਰਿਆ ਬੋਲਦਾ ਆ... !
-: ਜਸਬੀਰ ਸਿੰਘ ਪੱਟੀ

ਹੈਲੋ! ਹੈਲੋ! ਹੈਲੋਂ! ਮੈਂ ਨਸ਼ਿਆਂ ਦਾ ਛੇਵਾਂ ਦਰਿਆ ਬੋਲਦਾ ਹਾਂ ਅਤੇ ਜਿੰਨ ਦੇ ਰੂਪ ਵਿੱਚ ਤੁਹਾਡੇ ਬੂਹੇ ਅੱਗੇ ਖੜਾ ਹਾਂ। ਨਾਦਰਸ਼ਾਹ, ਅਬਦਾਲੀ, ਮੀਰ ਮਨੂੰ, ਮਹਿਮੂਦ ਗਜ਼ਨੀ, ਪਾਕਿਸਤਾਨ, ਚੀਨ ਅਤੇ ਜਰਮਨ ਵਰਗੇ ਦੇਸ਼ਾਂ ਨਾਲ ਜੰਗਾਂ ਵਿੱਚ ਵੈਰੀਆਂ ਦੇ ਦੰਦ ਖੱਟੇ ਕਰਨ ਵਾਲਿਆਂ ਦੇ ਵਾਰਸੋ, ਜੇਕਰ ਤੁਹਾਡੀਆਂ ਬਾਹਾਂ ਵਿੱਚ ਤਾਕਤ ਹੈ ਤਾਂ ਮੈਨੂੰ ਰੋਕ ਕੇ ਵਿਖਾਓ। ਮੇਰੀ ਇਹ ਵੀ ਵਿਲੱਖਤਾ ਹੈ ਕਿ ਬਾਕੀ ਦਰਿਆ ਉੋਤਰ ਤੋਂ ਦੱਖਣ ਵੱਲ ਵੱਗਦੇ, ਪਰ ਮੈਂ ਹੀ ਇੱਕ ਅਜਿਹਾ ਦਰਿਆ ਹਾਂ ਜਿਹੜਾ ਪੱਛਮ ਤੋਂ ਪੂਰਬ ਵੱਲ ਆਪਣੇ ਕੰਢਿਆ ਤੋ ਬਾਹਰ ਸੂਕਦਾ ਹੋਇਆ ਵਗ ਰਿਹਾ ਹਾਂ।

ਇੱਕ ਮਿਥ ਅਨੁਸਾਰ ਮੇਰਾ ਜਨਮ ਵੀ ਪਹਾੜਾਂ ਵਿੱਚੋ ਨਹੀਂ ਸਗੋਂ ਪਹਾੜਾਂ ਤੋਂ ਨਿਕਲ ਕੇ ਸਮੁੰਦਰ ਵੱਲ ਜਾਣ ਵਾਲੇ ਦਰਿਆਵਾਂ ਦੇ ਬਿਲਕੁਲ ਉਲਟ ਸਮੁੰਦਰ ਮੰਥਨ ਵੇਲੇ ਉਸ ਵੇਲੇ ਹੋਇਆ ਸੀ, ਜਦੋਂ ਦੇਵਤਿਆ ਤੇ ਰਾਖਸ਼ਾਂ ਨੇ ਸੁਮੇਰ ਪਰਬਤ ਦੀ ਮਧਾਣੀ ਬਣਾ ਕੇ ਹਿੰਦ ਮਹਾਂਸਾਗਰ ਨੂੰ ਸ਼ੇਸ਼ਨਾਗ ਦੇ ਨੇਤਰੇ ਨਾਲ ਰਿੜਕਿਆ ਸੀ। ਮੈਨੂੰ ਨੰਬਰ ਵੀ ਤੇਰਵਾਂ ਮਿਲਿਆ ਸੀ, ਪਰ ਕਲਯੁਗ ਵਿੱਚ ਮੈਂ ਪੂਰੀ ਤਰਾ ਜਵਾਨ ਹੋ ਕੇ 90 ਫੀਸਦੀ ਲੋਕਾਂ ਦਾ ਪਸੰਦੀਦਾ ਰਾਜਾ ਬਣ ਕੇ ਰਾਜ ਕਰੀ ਜਾ ਰਿਹਾ ਸਾਂ। ਸੰਨ 1947 ਤੱਕ ਜਦੋਂ ਤੁਹਾਡੇ ਤੇ ਗੁਰੂਆਂ, ਪੀਰਾਂ, ਪੈੰਗਬਰਾਂ, ਭਗਤਾ, ਹੋਰ ਅਧਿਆਤਮਕ ਵਿਅਕਤੀਆ ਦੀਆਂ ਸਿੱਖਿਆਵਾਂ ਦਾ ਅਸਰ ਸੀ, ਉਸ ਵੇਲੇ ਮੇਰੇ ਵੱਧਣ ਫੁੱਲਣ 'ਤੇ ਕਈ ਪ੍ਰਕਾਰ ਦੀਆ ਰੁਕਾਵਟਾਂ ਖੜੀਆ ਸਨ। ਅੱਜ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਪੂਰਨਿਆਂ 'ਤੇ ਚੱਲਣ ਦੀਆਂ ਤਕਰੀਰਾਂ ਕਰਨ ਵਾਲੇ ਵੀ ਮੇਰੇ ਤੋ ਅਛੂਤੇ ਨਹੀਂ ਹਨ ਅਤੇ ਮੈਨੂੰ ਵਿਸ਼ਵਾਸ ਹੈ, ਕਿ ਜੇ ਅੱਜ ਕਿਸੇ ਕਿਸਮ ਸਮੇਂ ਦੇਸ਼ ‘ਤੇ ਭੀੜ ਬਣ ਗਈ ਅਤੇ ਦੇਸ ਗੁਲਾਮ ਹੋ ਗਿਆ ਤਾਂ ਤੁਸੀਂ ਦੇਸ ਨੂੰ ਆਜ਼ਾਦ ਨਹੀਂ ਕਰਾ ਸਕੋਗੇ, ਕਿਉਕਿ ਹੁਣ ਜੋ ਮੈਂ ਚਾਹਾਗਾਂ ਉਹੀ ਹੋਵੇਗਾ।

ਹੈਲੋ! ਹੋਰ ਸੁਣੋ, ਤੁਹਾਡੇ ਅੱਜ ਦੇ ਡਾਕਟਰਾਂ ਬਨਾਮ ਵਪਾਰੀਆ ਤੱਕ ਨੂੰ ਮੈਂ ਆਪਣੀ ਗ੍ਰਿਫਤ ਵਿੱਚ ਲੈ ਕੇ ਤੁਹਾਡੇ ਨਸ਼ਾ ਛੁਡਾਊ ਕੇਂਦਰਾਂ ਨੂੰ ਫੇਲ ਕਰ ਚੁੱਕਾ ਹਾਂ। ਹੈਲੋ, ਇਹ ਵੀ ਸੱਚ ਹੈ ਕਿ ਆਪਣੀ ਬਰਬਾਦੀ ਦਾ ਸੁਆਗਤ ਕਰਨ ਵਾਲਿਓ! ਮੈਨੂੰ ਵਰਤ ਕੇ ਸਵਰਗਾਂ ਦੇ ਝੂਠੇ ਲੈਣ ਵਾਲੇ ਬੇਸ਼ੱਕ ਇਸ ਦੁਨੀਆਂ ਨੂੰ ਛੱਡ ਦੇਣ, ਪਰ ਮੈਨੂੰ ਨਹੀਂ ਛੱਡ ਸਕਦੇ। ਮੇਰੇ ਸ਼ਿਸ਼ ਪ੍ਰਚਾਰ ਵੀ ਅਜਿਹਾ ਹੀ ਕਰਦੇ ਹਨ ਕਿ ਸੁਣਨ ਵਾਲਾ ਹਰੇਕ ਇਨਸਾਨ ਮੇਰੇ ਵੱਲ ਖਿੱਚਿਆ ਤੁਰਿਆ ਆਉਂਦਾ ਹੈ।

ਮੇਰਾ ਇੱਕ ਭੰਗ ਵਾਲਾ ਭੇਸ ਵੀ ਹੈ ਅਤੇ ਮੇਲਿਆਂ ਮੱਸਿਆ ਦੇ ਤਿਉਹਾਰਾਂ ਸਮੇਂ ਭੰਗ ਦੇ ਪਾਪੜ ਵੇਚਣ ਵਾਲੇ ਸੀਟੀਆਂ ਮਾਰ ਮਾਰ ਪ੍ਰਚਾਰ ਕਰਦੇ ਹਨ ਕਿ,” ਲੈ ਲਓ ਜਹਾਜ ਦੀਆਂ ਟਿਕਟਾਂ, ਜਹਾਜ਼ ਉਤਰਿਆ ਜੇ ਜਹਾਜ।” ਪਰ ਪੁਲੀਸ ਜਿਹੜੀ ਮੇਰੀ ਖਰੀਦੀ ਹੋਈ ਹੈ ਖੜੀ ਤਮਾਸ਼ਾਂ ਹੀ ਨਹੀਂ ਵੇਖਦੀ ਸਗੋਂ ਥਾਣਿਆ ਵਿੱਚ ਵੀ ਮੇਰਾ ਵਪਾਰ ਵੀ ਕਰਦੀ ਹੈ। ਉਏ ਅੰਨੇ ਖੂਹ ਵਿੱਚ ਡਿੱਗਣ ਵਾਲਿਓ ਮੈਂ ਤੁਹਾਨੂੰ ਤਨੋਂ-ਮਨੋਂ ਅਤੇ ਧਨੋਂ ਇੰਨੇ ਕਮਜ਼ੋਰ ਤੇ ਦੁਰਬਲ ਬਣਾ ਦਿਆਂਗਾ ਕਿ ਤੁਸੀਂ ਦੇਸ਼ ਵਾਸਤੇ ਕੁੱਝ ਕਰ ਗੁਜਰਨ ਦਾ ਸੁਪਨਾ ਨਹੀਂ ਲੈ ਸਕੋਗੇ, ਕਿਉਂਕਿ ਨਾ ਤੁਸੀਂ ਚਰਖੜੀਆਂ ‘ਤੇ ਚੜ ਸਕੋਗੇ, ਨਾ ਦੇਗਿਆਂ ਵਿੱਚ ਉਬਾਲੇ ਖਾ ਸਕੋਗੇ, ਨਾ ਵੈਰੀ ਦੀਆਂ ਤੋਪਾਂ ਅੱਗੇ ਛਾਤੀਆਂ ਡਾਹ ਕੇ ਸ਼ਹੀਦੀਆ ਪਾ ਸਕੋਗੇ, ਨਾ ਜਲਿਆਵਾਲੇ ਬਾਗ ਦੇ ਸਾਕੇ ਦੇ ਦੋਸ਼ੀ ਕਿਸੇ ਓਡਵਾਇਰ ਤੋਂ ਬਦਲਾ ਲੈ ਸਕੋਗੇ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵਾਂਗ ਬੱਚੇ ਵਾਰ ਕੇ ਧਰਮ ਬਚਾਉਣਾ ਤਾਂ ਤੁਹਾਡੇ ਵਾਸਤੇ ਬਹੁਤ ਦੂਰ ਦੀ ਗੱਲ ਹੋਵੇਗੀ, ਕਿਉਂਕਿ ਮੇਰੇ ਮਾੜੇ ਤੇ ਭੈੜੇ ਸਾਹਿਤ ਅਤੇ ਟੀ.ਵੀ. ਚੈਨਲਾਂ ਨੇ ਮੇਰੀਆ ਰੰਗ ਬਰੰਗੀਆ ਪੇਸ਼ਕਾਰੀਆ ਕਰਕੇ ਤੁਹਾਡੀ ਮੱਤ ਮਾਰ ਰੱਖੀ ਹੈ। ਹਾ..ਹਾ..ਹਾ ਹਾ ਮੈਂ ਤੁਹਾਨੂੰ ਅੰਨੇ ਵੀ ਕਰ ਦਿੱਤਾ ਅਤੇ ਬੋਲੇ ਵੀ ਅਤੇ ਤੁਹਾਡੇ ਦਿਮਾਗ ਤਾਂ ਪਹਿਲਾਂ ਮੈ ਖੋਖਲੇ ਕਰ ਚੁੱਕਾ ਹਾਂ।

ਇਸ ਛੇਵੇ ਦਰਿਆ ਵਿੱਚ ਡੁੱਬਣ ਵਾਲੇ ਪੰਜਾਬੀਓ, ਵੈਸੇ ਤਾਂ ਮੇਰੇ ਐਨੇ ਰੂਪ ਹੋ ਗਏ ਕਿ ਗਿਨਾਉਣ ਲੱਗਾ ਤਾਂ ਲਿਖਦਿਆਂ ਲਿਖਦਿਆਂ ਕਈ ਕਾਪੀਆਂ ਭਰ ਜਾਣ, ਅਤੇ ਲਿਖਣ ਵਾਲਾ ਬੰਦਾ ਥੱਕ ਵੀ ਜਾਵੇਗਾ। ਮੈਂ ਤੁਹਾਡੇ ਅੱਗੇ ਅੰਗਰੇਜ਼ੀ ਅਤੇ ਹੋਰ ਟੇਢੇ-ਮੇਢੇ ਨਸ਼ਿਆਂ ਦਾ ਨਾ ਜ਼ਿਕਰ ਕਰਕੇ ਕੁੱਝ ਪੁਰਾਤਨ ਵੰਨਗੀਆਂ ਹੀ ਰੱਖਾਂਗਾ।

ਪਹਿਲਾਂ ਮੈਂ ਸਿਗਰਟਨੋਸ਼ੀ ਬਾਰੇ ਹੀ ਦੱਸਦਾ ਹਾਂ ਜੋ ਤੁਹਾਨੂੰ ਵਿਰਸੇ ਵਿੱਚਂ ਹੀ ਮਿਲ ਜਾਂਦੀ ਹੈ। ਯਾਦ ਕਰਵਾਉਣ ਵਾਸਤੇ ਤੁਹਾਡੇ ਬਚਪਨ ਵੱਲ ਲੈ ਕੇ ਜਾਣਾ ਪਵੇਗਾ। ਜਦ ਤੁਸੀਂ ਸਿਆਣੀ ਉਮਰ ਦੇ ਬੰਦਿਆਂ ਨੂੰ ਸਿਗਰਟ ਪੀਂਦੇ ਵੇਖਦੇ ਹੁੰਦੇ ਸੀ ਤਾਂ ਸੋਚਦੇ ਸੀ ਕਿ ਇਹ ਬਹੁਤ ਵਧੀਆ ਚੀਜ਼ ਹੋਵੇਗੀ। ਫਿਰ ਹੁੰਦਾ ਇਹ ਸੀ ਕਿ ਜਦ ਕੋਈ ਵਿਅਕਤੀ ਸਿਗਰਟ ਪੀ ਕੇ ਸੁੱਟ ਦਿੰਦਾ ਸੀ ਤਾਂ ਤੁਸੀਂ ਚੁੱਕ ਕੇ ਪੀਣ ਲੱਗ ਪੈਦੇ ਸੀ ਮੈਂ ਆਪਣਾ ਰੰਗ ਵਿਖਾ ਕੇ ਤੁਹਾਨੂੰ ਸਵਰਗ ਨੁੰਮਾ ਝੂਟੇ ਦਿੰਦਾ ਸੀ। ਕਈ ਵਾਰ ਤਾਂ ਤੁਸੀ ਸਿਗਰਟ ਪੀਂਦੇ ਜਾਂਦੇ ਮਨੁੱਖ ਦਾ ਪਿੱਛਾ ਵੀ ਕਰਦੇ ਸੀ ਕਿ ਕਦੋਂ ਉਹ ਸੁੱਟੇ ਅਤੇ ਤੁਸੀ ਸਵਰਗ ਦਾ ਝੂਟਾ ਲੈ ਸਕੋਂ…। ਸਿਗਰਟ ਵਿੱਚ ਮਿਲੇ ਨਿਕੋਟੀਨ ਨੇ ਤੁਹਾਨੂੰ ਨਜ਼ਾਰਾ ਲਿਆ ਦਿੱਤਾ। ਫਿਰ ਤੁਸੀਂ ਚਾਹ ਕੇ ਵੀ ਛੱਡ ਨਹੀਂ ਸਕੇ। ਜੇ ਕੋਸ਼ਿਸ਼ ਕੀਤੀ ਵੀ ਤੁਹਾਡਾ ਕੈਸਟਰੋਲ ਘੱਟਣ ਲੱਗ ਪੈਂਦਾ ਸੀ। ਨਤੀਜਨ ਤੁਸੀਂ ਪੈਸੇ ਚੋਰੀ ਕਰਕੇ ਜਾਂ ਸੌਦੇ ਖਰੀਦਣ ਸਮੇਂ ਹਿਸਾਬ ਵਿੱਚੋਂ ਹੇਰਾਫੇਰੀ ਕਰਕੇ ਆਪਣਾ ਝੱਸ ਪੂਰਾ ਕਰਦੇ ਸੀ। ਏ ਮੇਰੇ ਪਿਆਰਿਓ ,ਤੁਹਾਨੂੰਕੀ ਪਤਾ ਕਿ ਇੱਕ ਸਿਗਰਟ ਇਨਸਾਨ ਦੀ ਛੇ ਮਿੰਟ ਦੀ ਜ਼ਿੰਦਗੀ ਘੱਟ ਕਰ ਦਿੰਦੀ ਹੈ। ਜਾਓ ਜਾ ਕੇ ਪਤਾ ਕਰੋ ਫੈਕਟਰੀਆਂ ਵਿੱਚੋਂ ਰੋਜ਼ਾਨਾ ਸੱਤ ਕਰੋੜ ਸਿਗਰਟਾਂ ਦੇ ਪੈਕੇਟ ਅਤੇ ਚਾਲੀ ਕਰੋੜ ਬੀੜੀਆਂ ਦੇ ਬੰਡਲ ਵਿਕਦੇ ਹਨ।

ਤੁਹਾਡੇ ਲਈ ਮੈ ਇੱਕ ਤੋਹਫਾਂ ਇਸ ਦੇ ਧੂੰਏਂ ਨਾਲ ਦਮਾ, ਟੀ.ਵੀ. ਬਲੱਡ ਪ੍ਰੈਸ਼ਰ ਅਤੇ ਕੈਂਸਰ ਵਰਗੇ ਸਿਰਫ ਤੁਹਾਨੂੰ ਹੀ ਨਹੀਂ ਦਿੰਦਾ, ਬਲਕਿ ਉਨਾਂ ਨੂੰ ਵੀ ਦਿੰਦਾ ਹਾਂ, ਜਿਨਾਂ ਦੇ ਤੁਸੀਂ ਕੋਲ ਬੈਠ ਕੇ ਪੀਂਦੇ ਹੋ। ਕਈ ਇਨਸਾਨ ਸੋਚਦੇ ਹੋਣਗੇ ਕਿ ਸਿਗਰਟ ਨਾਲੋਂ ਬੀੜੀ ਘੱਟ ਨੁਕਸਾਨਦੇਹ ਹੈ, ਪਰ ਬੀੜੀ ਦੇ ਰੂਪ ਵਿੱਚ ਇਹ ਉਸ ਤੋਂ ਵੀ ਜ਼ਹਿਰੀਲਾ ਪਦਾਰਥ ਹੈ, ਕਿਉਂਕਿ ਜਿਸ ਪੱਤੇ ਵਿੱਚ ਲਪੇਟ ਕੇ ਬੀੜੀ ਬਣਦੀ ਹੈ, ਉਹ ਤੇਂਦੂ ਨਾਮ ਦਾ ਦਰੱਖਤ, ਪਹਿਲਾਂ ਤਾਂ ਅਫਰੀਕਾ, ਚੀਨ ਅਤੇ ਨਾਗਾਲੈਂਡ ਦੇ ਜ਼ਹਿਰੀ ਜੰਗਲਾਂ ਵਿੱਚੋਂ ਹੀ ਮਿਲਦਾ ਹੈ ਸੀ ਪਰ ਅੱਜ-ਕੱਲ ਤਾਂ ਹਰ ਥਾਂ ਉਗਾਇਆ ਜਾ ਸਕਦਾ ਹੈ। ਤੇਂਦੂ ਦਾ ਜ਼ਹਿਰੀਲਾ ਪੱਤਾ ਬੀੜੀ ਵਿੱਚ ਭਰੇ ਤੰਮਾਕੂ ਨਾਲ ਮੱਚ ਕੇ ਨਸ਼ੇ ਦੀ ਡਿੱਗਰੀ ਨੂੰ ਦੁੱਗਣੀ ਕਰ ਦਿੰਦਾ ਹੈ।

ਮੈਂ ਤੁਹਾਡੇ ਗਿਆਨ ਵਿੱਚ ਹੋਰ ਵਾਧਾ ਕਰਦਾ ਹਾਂ ਕਿ ਇਕੱਲੇ ਮਾਲਵੇ ਵਿੱਚ ਹੀ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 27000 ਤੱਕ ਪੁੱਜ ਗਈ ਹੈ ਅਤੇ ਸੈਂਤੀ ਹਜ਼ਾਰ ਛੇ ਸੌ ਉਨਜਾ ਹਸਪਤਾਲਾਂ ਵਿੱਚ ਲਮਕਦੇ ਪਏ ਹਨ। ਤਮਾਕੂੰ ਦੇ ਧੂੰਏਂ ਵਿੱਚ 4000 (ਚਾਰ ਹਜ਼ਾਰ) ਜ਼ਹਿਰੀਲੇ ਕੈਮੀਕਲ ਹੁੰਦੇ ਹਨ, ਜਿਨਾਂ ਵਿੱਚੋਂ ਮੁੱਖ ਨਿਕੋਟੀਨ, ਕੁਲਤਾਰ ਕਾਰਵਨ ਅਤੇ ਮੋਨੋਆਕਸਾਈਡ ਹੈ। ਨਿਕੋਟੀਨ ਦੀ ਇੱਕ ਬੂੰਦ ਨਾਲ ਦੋ ਬਰਫਾਨੀ ਕੁੱਤੇ ਮਰ ਸਕਦੇ ਹਨ ਅਤੇ ਚਾਰ ਬੂੰਦਾਂ ਨਾਲ ਇੱਕ ਘੋੜਾ ਮਰ ਸਕਦਾ ਹੈ। ਕਿਉਂ? ਉੱਡ ਗਏ ਨਾ ਤੋਤ?

ਉਏ ਅਣਖੀਲੇ ਪੰਜਾਬ ਬੇਅਣਖੀਲੇ ਪੱਗਾਂ ਵਾਲਿਓ ਸਰਦਾਰੋ ! ਤੁਸੀਂ ਜਰਦੇ ਤਮਾਕੂੰ ਲਗਾ ਕੇ ਧਰਤੀ ‘ਤੇ ਵੀ ਥੁੱਕਦੇ ਹੋ। ਅਸਲ ਵਿੱਚ ਤੁਸੀਂ ਧਰਤੀ ਤੇ ਨਹੀਂ, ਆਪਣੀ ਜ਼ਿੰਦਗੀ ਤੇ ਥੁੱਕਦੇ ਹੋ, ਕਿਉਂਕਿ ਤਮਾਕੂੰ ਖਾਂਦਿਆਂ ਖਾਂਦਿਆਂ ਤੁਹਾਡੇ ਗਲੇ ਅਤੇ ਮੂੰਹ ਵਿੱਚ ਕੈਂਸਰ ਦੇ ਫੋੜੇ ਬਨਣਗੇ। ਫਿਰ ਉਹ ਫੋੜੇ ਭਰ-ਭਰ ਫਿੱਸਣਗੇ। ਚੱਲੋ ਮੰਨਿਆ ਕਿ ਮੂੰਹ ਵਾਲੇ ਫੋੜਿਆਂ ਦਾ ਸਵਾਦ ਤਾਂ ਤੁਸੀਂ ਬਾਹਰ ਥੁੱਕ ਦਿਆ ਕਰੋਗੇ, ਪਰ ਗਲੇ ਦਾ ਸਵਾਦ ਤੁਹਾਡੇ ਪੇਟ ਵਿੱਚ ਹੀ ਉੱਭਰਦਾ ਰਹੇਗਾ। ਤੁਹਾਡੇ ਸਾਹਾਂ ਵਿੱਚੋਂ ਸਰੀਰ ਵਿੱਚੋਂ ਅਤੇ ਬਲੱਡ ਵਿੱਚੋਂ ਮਰੇ ਕੁੱਤੇ ਵਰਗੀ ਬਦਬੋ ਫੈਲਣ ਲੱਗ ਪਵੇਗੀ।

ਲਓ ਮੈਂ ਤੁਹਾਨੂੰ ਪੰਜਾਬ ਵਿੱਚ ਵਰਤੇ ਜਾਣ ਵਾਲੇ ਗੁਟਕਿਆਂ, ਜਰਦਿਆਂ ਅਤੇ ਤਮਾਕੂੰਆਂ ਸਬੰਧੀ ਵੀ ਆਪਣਾ ਰੂਪ ਵਿਖਾਉਂਦਿਆਂ ਤੁਹਾਨੂੰ ਦੱਸਣਾ ਚਾਹਾਗਾਂ ਕਿ ਤਮਾਕੂੰ ਵਿੱਚ ਪੈਣ ਵਾਲੀ ਸਪਾਰੀ ਨੂੰ ਬੁਰਾਦੇ ਦੇ ਰੂਪ ਵਿੱਚ ਬਦਲਣ ਵਾਸਤੇ ਜਿਸ ਬਲੇਡ ਦੀ ਵਰਤੋਂ ਕੀਤੀ ਜਾਂਦੀ ਹੈ। ਉਹ ਜ਼ਹਿਰੀਲੇ ਕਣ ਛੱਡਦਾ ਰਹਿੰਦਾ ਹੈ। ਕਈ ਵਾਰ ਬਲੇਡ ਦੀ ਟੁੱਟ ਭੱਜ ਵੀ ਬੁਰਾਦ ਵਿੱਚ ਰਲ ਜਾਂਦੀ ਹੈ, ਉਹ ਜ਼ਹਿਰੀਲੇ ਕਣ ਅਤੇ ਟੁੱਕੜੇ ਮੂੰਹ ਅਤੇ ਗਲੇ ਦਾ ਕੈਂਸਰ ਬਣਦੇ ਹਨ। ਅਬਾਦੀ ਦੇ ਕੁੱਲ 20 ਫੀਸਦੀ ਲੋਕਾਂ ਨੂੰ ਮੈਂ ਉੱਪਰ ਪਹੁੰਚਾ ਚੁੱਕਾ ਹਾਂ ਅਤੇ 35 ਤੋਂ 40 ਫੀਸਦੀ ਲੋਕ ਹਸਪਤਾਲਾਂ ਵਿੱਚ ਪਏ ਮੌਤ ਦੀ ਉਡੀਕ ਕਰ ਰਹੇ ਹਨ।

ਆਓ ਪੰਜਾਬ ਦੇ ਸੂਰਬੀਰੋ ! ਤੁਹਾਨੂੰ ਮੈਂ ਆਪਣੇ ਬਹੁਤ ਹੀ ਵਿਸ਼ੇਸ਼ ਰੂਪ ਦੇ ਦਰਸ਼ਨ ਕਰਾਵਾਂ ਜਿਸ ਬਾਰੇ ਕਿਹਾ ਜਾਂਦਾ ਹੈ ਕਿ ”ਭੰਗ ਮੰਗੇ ਰਿਉੜੀਆ ਅਫੀਮ ਮੰਗੇ ਘੀ, ਸ਼ਰਾਬ ਮੰਗੇ ਜੁੱਤੀਆ ਸੋਚ ਸਮਝ ਕੇ ਪੀ।” ਸ਼ਰਾਬ ਨੂੰ ਭਾਂਵੇ ਸਾਡੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਇੱਕ ਸਮਾਜਿਕ ਲੋੜ ਦੱਸ ਕੇ ਪੰਜਾਬ ਵਿੱਚ ਠੇਕਿਆ ਦਾ ਗਿਣਤੀ ਇੱਕ ਹਜਾਰ ਹੋਰ ਵਧਾ ਦਿੱਤੀ ਹੈ, ਫਿਰ ਵੀ ਮੈਂ ਉਨਾਂ ਲੋਕਾਂ ਦੀ ਅਕਲ ‘ਤੇ ਬਹੁਤ ਹੱਸਦਾ ਹਾਂ, ਜਿਹੜੇ ਸ਼ਰਾਬ ਨੂੰ ਨਸ਼ੀਲਾ ਪਦਾਰਥ ਮੰਨਦੇ ਹੀ ਨਹੀਂ, ਜਦ ਕਿ ਸਾਰੀਆਂ ਬੁਰਾਈਆਂ ਦੀ ਜੜ ਸ਼ਰਾਬ ਹੈ। ਕੋਈ ਇਸ ਨੂੰ ਖੁਸ਼ੀ ਮਨਾਉਣ ਵਾਸਤੇ ਪੀਂਦਾ ਹੈ ਅਤੇ ਕੋਈ ਗਮੀ ਭੁਲਾਉਣ ਵਾਸਤੇ ਪੀਦਾ ਹੈ ਅਤੇ ਕੋਈ ਦੋਵਾਂ ਨੂੰ ਵੇਖ ਕੇ ਹੀ ਪੀਤੀ ਜਾਂਦਾ ਹੈ। ਅਮੀਰ ਲੋਕ ਅੰਗਰੇਜ਼ਾਂ ਦੀ ਨਕਲ ਕਰਕੇ ਮਹਿੰਗੀ ਸ਼ਰਾਬ ਮਹਿੰਗੀ ਜਗਾ ‘ਤੇ ਬੈਠ ਕੇ ਪੀਣੀ ਆਪਣੀ ਸ਼ਾਨ ਸਮਝਦੇ ਹਨ, ਜਦ ਕਿ ਗਰੀਬ ਆਦਮੀ ਸਸਤੀ ਸ਼ਰਾਬ ਫੁੱਟਪਾਥ ‘ਤੇ ਬੈਠ ਕੇ ਅਮੀਰ ਦੀ ਨਕਲ ਕਰਦਾ ਹੋਇਆ ਮੀਟ ਨਹੀਂ ਤਾਂ ਬੱਗਾ ਕੁੱਕੜ( ਚਿੱਟਾ ਲੂਣ) ਨਾਲ ਹੀ ਕੰਮ ਸਾਰੀ ਜਾਂਦਾ ਹੈ। ਜਦ ਕਿ ਇਹ ਸ਼ਰਾਬ ਦੋਵਾਂ ਵਾਸਤੇ ਮਾੜੀ ਹੈ। ਇਹ ਕਿਸੇ ਉੱਚ ਵਰਗ ਦੀ ਨਿਸ਼ਾਨੀ ਨਹੀਂ। ਤੁਸੀਂ ਕਦੇ ਸੋਚਿਆ ਹੀ ਨਹੀਂ ਕਿ ਪਿਛਲੇ ਦਸ ਸਾਲਾਂ ਤੋਂ (ਸੰਨ 2000 ਤੋਂ) ਖਾਦ ਪਦਾਰਥਾਂ ਦੇ ਰੇਟ ਡੇਢੇ ਜਾਂ ਦੁੱਗਣੇ ਹੋ ਗਏ ਹਨ ਅਤੇ ਸ਼ਰਾਬ ਦੀ ਵਿਕਰੀ ਵੀ ਦੁੱਗਣੀ ਹੋ ਗਈ ਹੈ।

ਸਾਫ ਜ਼ਾਹਿਰ ਹੈ ਕਿ ਤੁਹਾਨੂੰ ਸ਼ਰਾਬ ਨਹੀਂ, ਘਟੀਆ ਕੈਮੀਕਲਾਂ ਦਾ ਘੋਲ ਪਿਲਾਇਆ ਜਾ ਰਿਹਾ ਹੈ। ਆਓ ਤੁਹਾਨੂੰ ਨਕਲੀ ਸ਼ਰਾਬ ਤਿਆਰ ਕਰਨ ਦਾ ਵੀ ਨੁਖਸਾ ਦੱਸਾਂ। ਤੁਸੀਂ ਵੀ ਕੀਸੋਚੋਗੇ ਕਿ ਨਸ਼ੇ ਦਾ ਜਿੰਨ ਟੱਕਰਿਆ ਵੀ ਅਤੇ ਦੱਸ ਕੇ ਵੀ ਕੁੱਝ ਨਹੀਂ ਗਿਆ। ਇੱਕ ਪਸ਼ੂਆਂ ਵਾਲੇ ਟੀਕੇ 100 ਗ੍ਰਾਮ ਦੀ ਸ਼ੀਸ਼ੀ, 50 ਗ੍ਰਾਮ ਨਿਕੋਟੀਨ, 20 ਗ੍ਰਾਮ ਸੰਤਰੇ ਦਾ ਰਸ ਅਤੇ ਇੱਕ ਉੱਬਲੇ ਹੋਏ ਧਤੂਰੇ ਦਾ 2 ਕਿਲੋ ਪਾਣੀ ਇੱਕ ਡਰੰਮ ਦੇ ਭਰੇ ਪਾਣੀ ਵਿੱਚ ਪਾ ਦਿਓ। ਹਮੀਰਾ, ਖਾਸਾ, ਰਸ ਭਰੀ ਆਦਿ ਸ਼ਰਾਬ ਤਿਆਰ ਹੋ ਜਾਵੇਗੀ। ਤੁਹਾਡੇ ਸਿਰਮੌਰ ਸਮਾਜ ਦੇ ਸਿਰਮੌਰ ਮੰਨੇ ਜਾਂਦੇ ਲੇਖਕ ਵੀ ਮੇਰੇ ਹੀ ਪੱਖ ਵਿੱਚ ਲਿਖਦੇ ਹਨ ਅਤੇ ਰਾਤੋਂ-ਰਾਤ ਸਟਾਰ ਬਣਨ ਦੀ ਲਾਲਸਾ ਵਿੱਚ ਗਾਇਕ ਵੀ ਮੇਰਾ ਹੀ ਪ੍ਰਚਾਰ ਕਰਦੇ ਹਨ। ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਣ ਵਾਲਾ ਨੇਤਾ ਵੀ ਚੋਣਾਂ ਵੇਲੇ ਮੇਰੇ ਇਸੇ ਵਿੱਚ ਹੀ ਰੂਪ ਦਾ ਇਸਤੇਮਾਲ ਕਰਦਾ ਹੈ। ਇੱਥੋਂ ਤੱਕ ਕਿ ਚਿੱਤਰਕਾਰ ਵੀ ਬੇਸ਼ੱਕ ਸਮਾਜ ਦੇ ਮਨ ਨੂੰ ਠੇਸ ਪਹੁੰਚਾਉਣੀ ਪਵੇ, ਮੇਰੀ ਮਸ਼ਹੂਰੀ ਕਰਨ ਤੋਂ ਟਲਦੇ ਨਹੀਂ। ਜਿਨਾਂ ਮਹਾਂਪੁਰਸ਼ਾਂ ਨੇ ਕਦੇ ਸ਼ਰਾਬ ਬਾਰੇ ਸੋਚਿਆ ਵੀ ਨਹੀਂ ਹੁੰਦਾ, ਉਨਾਂ ਦੀਆਂ ਤਸਵੀਰਾਂ ਵਿੱਚ ਇੱਕ ਹੱਥ ਸਿਗਰਟ ਅਤੇ ਦੂਜੇ ਵਿੱਚ ਸ਼ਰਾਬ ਦਾ ਗਿਲਾਸ ਫੜਾ ਦਿੰਦੇ ਹਨ।

ਆਪਣੇ ਹੱਥੀਂ ਆਪਣੇ ਪੈਰਾਂ ‘ਤੇ ਆਪੇ ਹੀ ਕੁਹਾੜਾ ਮਾਰਨ ਵਾਲਿਓ ! ਆਹ ਇਸ ਭੂਰੇ ਰੰਗ ਦੇ ਪਾਊਡਰ ਵੱਲ ਵੇਖੋ । ਮੇਰੇ ਇਸ ਰੂਪ ਦਾ ਨਾਂਅ ਹੈ ‘ਭੁੱਕੀ’। ਇਹ ਸਰਹੱਦੀ ਇਲਾਕਿਆਂ ਤੋਂ ਬਲੈਕ ਹੋ ਕੇ ਕਿਵੇਂ ਆਉਂਦੀ ਹੈ? ਤੁਹਾਥੋਂ ਕੋਈ ਗੁੱਝੀ ਨਹੀਂ ਹੋਈ, ਪਰ ਜੇ ਇਸ ਦੀ ਬਣਤਰ ਬਿਆਨ ਕਰ ਦੇਵਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਭੁੱਕੀ ਵਿੱਚ ਕਿਰਲੀਆਂ ਅਤੇ ਟਾਇਰਾਂ ਦੀ ਸੁਆਹ, ਡੇਹਜੀਪਾਮ ਦੀਆਂ ਗੋਲੀਆਂ, ਲੋਮੋਟਿਲ ਦੇ ਕੈਪਸੂਲ 10 ਨੰਬਰੀ, ਕਰੋਸੀਨ ਗੋਲੀਆਂ, ਪਸ਼ੂਆਂ ਦੀ ਫੀਡ ਅਤੇ ਇੱਥੋਂ ਤੱਕ ਕਿ ਇਹ ਨਸ਼ਾ ਮਜ਼ਦੂਰਾਂ ਨੂੰ ਖਵਾਇਆ ਜਾਂਦਾ ਹੈ। ਪਹਿਲੀ ਗੱਲ ਤਾਂ ਲਾਲਚ ਬੁਰੀ ਬਲਾ ਅਨੁਸਾਰ ਕੋਈ ਇਨਕਾਰ ਕਰਦਾ ਹੀ ਨਹੀਂ। ਜੇਕਰ ਕਰ ਵੀ ਦੇਵੇ ਤਾਂ ਉਸ ਦੀ ਚਾਹ ਜਾਂ ਦੁੱਧ ਵਿੱਚ ਰਲਾ ਦਿੱਤੀ ਜਾਂਦੀ ਹੈ। ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਲੋਮੋਟਿਲ ਦੀ ਇੱਕ ਗੋਲੀ ਖਾਣ ਵਾਲੇ ਦਾ ਬਲੱਡ ਗਰੁੱਪ ਤੱਕ ਬਦਲੀ ਹੋ ਸਕਦਾ ਹੈ। ਦੂਸਰਿਆਂ ਵਿਰੁੱਧ ਕਾਰਵਾਈ ਕਰਨ ਵਾਲੇ ਪੁਲਿਸ ਕਰਮੀਆਂ, ਜੱਜਾਂ ਅਤੇ ਵਕੀਲਾਂ ਤੱਕ ਮੇਰੀ ਪਹੁੰਚ ਹੈ, ਸਿਰਫ ਮੀਡੀਆ ਹੀ ਨਹੀਂ, ਪ੍ਰਵਾਸੀ ਮਜ਼ਦੂਰ, ਗੁਜਰ, ਲੁਹਾਰ ਅਤੇ ਬਾਹਰਲੀਆਂ ਸਟੇਟਾਂ ਵਿੱਚੋਂ ਆਉਣ ਵਾਲੇ ਮੈਨੂੰ ਵਧਾਉਣ ਵਿੱਚ ਮੇਰੇ ਸਹਾਇਕ ਹਨ। ਆਪਣੀਆਂ ਜ਼ਿੰਮੇਵਾਰੀਆਂ ਤੋਂ ਲਾਪ੍ਰਵਾਹ ਤੁਸੀਂ ਮੈਨੂੰ ਰੋਕ ਸਕਦੇ ਹੋ ਤਾਂ ਰੋਕੋ। ਮੈਨੂੰ ਛੱਡਣ ਨਾਲ ਤੁਹਾਡਾ ਕੈਸਟਰੋਲ ਨਾ ਘੱਟਣ ਲੱਗ ਪਵੇ ਤਾਂ ਮੈਨੂੰ ਆਖਿਓ।

ਵੈਸੇ ਵੀ ਮੈਂ ਤੁਹਾਡੇ ਢਿੱਡਾਂ ਵਿੱਚ ਨਹੀਂ ਤੁਹਾਡੇ ਦਿਮਾਗ ਵਿੱਚ ਵੱਸਦਾ ਹਾਂ। ਘਟੇ ਹੋਏ ਕੈਸਟਰੋਲ ਤੋਂ ਬਚਾ ਕਰਨ ਲਈ ਦਵਾਈ ਵੀ ਖਾਧੀ ਜਾ ਸਕਦੀ ਹੈ। ਮੇਰੇ ਵਹਿਣ ਨੂੰ ਰੋਕਣ ਵਾਸਤੇ ਸਟੇਡੀਅਮ ਬਣਾ ਕੇ ਆਪੇ ਨੂੰ ਖੇਡਾਂ ਵਾਸਤੇ ਪ੍ਰੇਰੋ। ਪੜਾਈ ਵਿੱਚ ਮਨ ਲਗਾਓ, ਸਾਇੰਸ ਦੀਆਂ ਕਾਢਾਂ ਕੱਢੋ। ਪਰ ਤੁਸੀਂ ਕੁੱਝ ਕਰਨਾ ਹੀ ਨਹੀਂ ਚਾਹੁੰਦੇ। ਮੈਥੋਂ ਨਫਰਤ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ, ਜੋ ਮੈਂ ਤੁਹਾਡੀ ਕਮਜ਼ੋਰੀ ਦਾ ਭੇਤੀ ਹੁੰਦਿਆਂ ਹੋਇਆਂ ਦੱਸਣ ਵਿੱਚ ਆਪਣਾ ਹਰਜ ਨਹੀਂ ਸਮਝਦਾ। ਕਿਉਂਕਿ ਮੈਨੂੰ ਆਪਣੀ ਪਕੜ ‘ਤੇ ਮਾਣ ਹੈ। ਇੱਕ ਸ਼ਰਾਬ ਦੀ ਬੋਤਲ ਦੇ ਬਰਾਬਰ ਆਪਣੇ ਪਿਸ਼ਾਬ ਦੀ ਬੋਤਲ ਭਰ ਕੇ ਰੱਖ ਦਿਓ, ਭੁੱਕੀ ਦੇ ਬਰਾਬਰ ਮਲ ਅਤੇ ਗੋਹੇ ਦਾ ਭੋਰ, ਅਫੀਮ ਦੇ ਬਰਾਬਰ ਹਾਰੇ ਦਾ ਧੂੰਏ ਅਤੇ ਤਮਾਕੂੰ ਦੇ ਬਰਾਬਰ ਕੁੱਕੜ ਦੀ ਵਿੱਠ ਰੱਖ ਕੇ ਵੇਖੋ। ਤੁਹਾਨੂੰ ਅਸਲੀ ਨਕਲੀ ਦੀ ਪਹਿਚਾਣ ਨਹੀਂ ਆਵੇਗੀ। ਇਹ ਕੀ ਤੁਸੀਂ ਥੁੱਕ ਰਹੇ ਹੋ? ਸ਼ਾਮ ਹੋ ਲੈਣ ਦਿਓ, ਤੁਸੀਂ ਇਹੀ ਥੁੱਕ ਚੱਟਣ ਵਾਸਤੇ ਤਿਆਰ ਨਾ ਹੋਏ ਤਾਂ ਮੈਨੂੰ ਛੇਵਾਂ ਦਰਿਆ ਨਾ ਸਮਝਿਓ ਹਾ ਹਾ ਹਾ ਹਾ। ਮੈਂਨੂੰ ਛੇਵੇ ਦਰਿਆ ਨੂੰ ਉਸ ਵੇਲੇ ਬੜੀ ਸ਼ਰਮ ਆਉਦੀ ਹੈ ਜਦੋਂ ਪੰਜਾਬ ਸਰਕਾਰ ਦੇ ਮੰਤਰੀ, ਸੰਤਰੀ ਤੇਮੁੱਖ ਮੰਤਰੀ ਸਟੇਜਾਂ ਤੋ ਸੰਘ ਪਾੜ ਕੇ ਇਹ ਕਹਿੰਦੇ ਹਨ,’ ਪੰਜਾਬ ਨੂੰ ਜਲਦੀ ਹੀ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ’ ਜਿਵੇਂ ਮੈਂ ਇਹਨਾਂ ਦੇ ਪਿਉ ਦਾ ਨੌਕਰ ਹੋਵਾਂ। ਬੱਸ! ਉਹ ਵੇਖ ਮੇਰੇ ਵਪਾਰੀ ਆ ਗਏ ਕੰਮ ਸ਼ੁਰੂ। ਚੰਗਾ ਫਿਰ ਮਿਲਾਂਗੇ। ਟਿੱਕ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top