Share on Facebook

Main News Page

ਸਾਵਧਾਨ ! ਕੌਮ ਦੇ ਪ੍ਰਚਾਰ ਤੇ ਪਾਸਾਰ ਦੇ ਖ਼ਾਤਮੇ ਵਾਲਾ ਕਦਮ ਚੁੱਕਿਆ ਜਾ ਚੁੱਕਾ ਹੈ
-: ਗੁਰਸੇਵਕ ਸਿੰਘ ਧੌਲਾ
946321267

ਪੰਥਕ ਅਖਵਾਉਂਦੀ ਸਰਕਾਰ ਵੱਲੋਂ ਬਠਿੰਡੇ ’ਚ ਇਕ ਸਿੱਖ ਕਥਾਵਾਚਕ ਤੇ ਇਸ ਕਰਕੇ ਪਰਚਾ ਦਰਜ ਕਰਕੇ ਉਸਨੂੰ ਜੇਲ ਭੇਜ ਦਿੱਤਾ ਗਿਆ, ਕਿ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਗੁਰਬਾਣੀ ਸਿਧਾਤਾਂ ਦੀ ਰੋਸ਼ਨੀ ’ਚ ਸੰਗਤਾਂ ਨੂੰ ਦੇਹਧਾਰੀ, ਪਾਖੰਡੀ, ਆਡੰਬਰੀ ਬਾਬਿਆਂ ਦੇ ਚੁੰਗਲ ’ਚ ਫੱਸਣ ਤੋਂ ਰੋਕਣ ਲਈ ਗੁਰਬਾਣੀ ਅਨੁਸਾਰ ਸਿੱਖਿਆ ਦਿੱਤੀ ਸੀ। ਹੁਣ ਜੇ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਗੁਰੂਦੁਆਰਿਆਂ ’ਚ ਸਿੱਖੀ ਸਿਧਾਤਾਂ ਤੇ ਗੁਰਬਾਣੀ ਦੇ ਪ੍ਰਚਾਰ 'ਤੇ ਪਾਬੰਦੀ ਲਾਉਣ ਤੇ ਉਤਾਰੂ ਹੋ ਗਈ ਹੈ, ਤਾਂ ਇਸ ਸਰਕਾਰ ਨਾਲ ਕਿਵੇਂ ਨਜਿੱਠਣਾ ਹੈ, ਇਸ ਬਾਰੇ ਸਿੱਖ ਦਰਦੀਆਂ ਨੂੰ ਸੋਚਣ ਅਤੇ ਸੋਚਣ ਤੋਂ ਬਾਅਦ ਸਿ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਵਿਰੁੱਧ ਡੱਟਣ ਦਾ ਸਮਾਂ ਆ ਗਿਆ ਹੈ, ਅਤੇ ਜੇ ਕੌਮ ਅੱਜ ਵੀ ਸੁਆਰਥ, ਪਦਾਰਥ ਅਤੇ ਚਾਪਲੂਸੀ ਵਾਲੀ ਗਫ਼ਲਤ ਦੀ ਨੀਂਦ ਸੁੱਤੀ ਰਹੀ ਤਾਂ ਆਉਣ ਵਾਲਾ ਕੱਲ ਸਿੱਖੀ ਦੀ ਹੋਂਦ ਲਈ ਖ਼ਤਰੇ ਦੀ ਘੰਟੀ ਵਜਾਉਣ ਵਾਲਾ ਹੋਵੇਗਾ।

ਬਾਦਲ ਸਰਕਾਰ ਵੱਲੋਂ ਸਿਰਫ਼ ਵੋਟ ਰਾਜਨੀਤੀ ਲੀ ਸਿੱਖੀ ਦੇ ਸ਼ਰੇਆਮ ਘਾਣ ਤੇ ਉੱਤਰ ਆਉਣਾ ਨਵਾਂ ਨਹੀਂ, ਪ੍ਰੰਤੂ ਪੰਥਕ ਤਾਕਤਾਂ ਦੇ ਬਾਦਲ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਵਿਰੁੱਧ ਇਕਜੁੱਟ ਹੋ ਕੇ ਮੁਕਾਬਲੇ ’ਚ ਖੜਾ ਨਾ ਹੋਣ ਕਾਰਣ, ਅੱਜ ਬਾਦਲ ਨਿੱਡਰ ਹੋ ਕੇ ਸਿੱਖੀ ਦੇ ਬੂਟੇ ਤੇ ਕੁਹਾੜਾ ਚਲਾ ਰਿਹਾ ਹੈ, ਜਿਹੜਾ ਨਿਰੰਤਰ ਚੱਲ ਰਿਹਾ ਹੈ। ਸਿੱਖ ਸਿਆਸਤ, ’ਚ ਵੀ ਅੱਜ ਜੇ ਬਾਦਲ ਦਾ ਏਕਾ ਅਧਿਕਾਰ ਹੈ ਤਾਂ ਉਸ ਲਈ ਪੰਥਕ ਧਿਰਾਂ, ਜਿਹੜੀਆਂ ਨਿੱਜੀ ਹਊਮੈ, ਲਾਲਸਾ ਤੇ ਈਰਖਾ ਦਾ ਸ਼ਿਕਾਰ ਹੋ ਕੇ, ਇਕ-ਦੂਜੇ ਨੂੰ ਨੀਵਾਂ ਵਿਖਾਉਣ ’ਚ ਰੁੱਝੀਆਂ ਰਹਿੰਦੀਆਂ ਹਨ, ਉਹ ਵੱਧ ਜੁੰਮੇਵਾਰ ਹਨ। ਸਿੱਖੀ ’ਚ ਸੁਆਰਥ ਲਈ, ਲਾਲਸਾ ਲਈ ਹਊਮੈ ਲਈ ਚਾਪਲੂਸੀ ਲਈ ਕੋਈ ਥਾਂ ਨਹੀਂ ਸੀ, ਪ੍ਰੰਤੂ ਅੱਜ ਦਾ ਸਿੱਖ ਸਿਰਫ਼ ਤੇ ਸਿਰਫ਼ ਸੁਆਰਥ ਦਾ ਗੁਲਾਮ ਹੋ ਕੇ ਰਹਿ ਗਿਆ ਹੈ, ਉਸ ਲਈ ਸੇਵਾ ਤੇ ਸਿਮਰਨ ਵੀ ਆਡੰਬਰ ਬਣ ਗਏ ਹਨ ਤੇ ਇਨਾਂ ਦੀ ਵਰਤੋਂ ਵੀ ਉਹ ਆਪਣੀ ਸ਼ੋਹਰਤ ਲਈ ਕਰਨ ਲੱਗ ਪਿਆ ਹੈ।

ਅਜਿਹੇ ਸਮੇਂ ਜਦੋਂ ਕੌਮ ਗੁਰਬਾਣੀ ਆਸ਼ੇ ਤੋਂ ਕੋਹਾਂ ਦੂਰ ਜਾ ਚੁੱਕੀ ਹੈ ਅਤੇ ਵੱਡੀ ਗਿਣਤੀ ਪਾਖੰਡੀ ਡੇਰੇਦਾਰਾਂ ਦੇ ਚੁੰਗਲ ’ਚ ਫੱਸ ਚੁੱਕੀ ਹੈ, ਉਸ ਸਮੇਂ ਕੌਮ ਵਿਰੋਧੀਆਂ ਦਾ ਸਿੱਖੀ ਵਿਹੜੇ ’ਚ ਧਮਾਲ ਪਾਉਣਾ ਕੁਦਰਤੀ ਹੈ। ਅੱਜ ਜਿਸ ਸਥਿਤੀ ’ਚ ਕੌਮ ਪਹੁੰਚ ਗਈ ਹੈ, ਉਸ ਤੇ ਗੁਰੂਦੁਆਰਿਆ ’ਚ ਗੁਰਬਾਣੀ ਦਾ ਪ੍ਰਚਾਰ ਕਰਨ 'ਤੇ ਪਾਬੰਦੀ ਲੱਗ ਗਈ ਹੈ, ਜੇ ਅੱਜ ਵੀ ਕੌਮ ਨਾਂਹ ਜਾਗੀ, ਫ਼ਿਰ ਕਿਸੇ ਦੂਜੇ ਨੂੰ ਦੋਸ਼ ਦੇਣ ਦਾ ਅਧਿਕਾਰ ਨਹੀਂ ਰਹਿ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮਟੀ, ਸੰਤ ਸਮਾਜ, ਸਿੱਖ ਧਾਰਮਿਕ ਜਥੇਬੰਦੀਆਂ ਆਖ਼ਰ ਕਿਸ ਲਈ ਹਨ? ਜੇ ਇਹ ਜਥੇਬੰਦੀਆਂ ਸਿੱਖੀ ਸਿਧਾਤਾਂ ਤੇ ਸਿੱਖ ਹਿੱਤਾਂ ਦੀ ਰਾਖ਼ੀ ਕਰਨ ਦੇ ਸਮਰੱਥ ਨਹੀਂ ਹਨ, ਫਿਰ ਇਨਾਂ ਦੀ ਹੋਂਦ ਦੇ ‘ਕੀ ਅਰਥ ਬਾਕੀ ਰਹਿ ਜਾਂਦੇ ਹਨ?

ਅੱਜ ਜਦੋਂ ਕੌਮ ਤੇ ਸਭ ਤੋਂ ਵੱਡਾ ਭਿਆਨਕ, ਮਾਰੂ ਅਤੇ ਕੌਮ ਦੇ ਪ੍ਰਚਾਰ ਤੇ ਪਾਸਾਰ ਦੇ ਖ਼ਾਤਮੇ ਵਾਲਾ ਕਦਮ ਚੁੱਕਿਆ ਜਾ ਚੁੱਕਾ ਹੈ, ਫ਼ਿਰ ਵੀ ਜੇ ਕੌਮ ’ਚ ਰੋਸ ਨਹੀਂ ਜਾਗਦਾ ਤਾਂ ਇਸ ਦਾ ਇੱਕੋ ਅਰਥ ਹੀ ਬਾਕੀ ਰਹਿ ਜਾਂਦਾ ਹੈ ਕਿ ਕੌਮ ਦੀ ਆਤਮਾ ਮਰ ਚੁੱਕੀ ਹੈ। ਗੁਰਬਾਣੀ ਕਿਸੇ ਵਿਅਕਤੀ ਵਿਸ਼ੇਸ਼ ਦਾ ਵਿਰੋਧ ਕਰਨ ਦੀ ਸੇਧ ਨਹੀਂ ਦਿੰਦੀ, ਪ੍ਰੰਤੂ ਫੋਕਟ ਕਰਮ ਕਾਡਾਂ ਦੀ ਸਖ਼ਤ ਨਿਖੇਧੀ ਕਰਦੀ ਹੈ। ਇਸ ਗੁਰਬਾਣੀ ਨੂੰ ਮੰਨਣਾ ਵਾਲਾ ਹਰ ਸਿੱਖ ਇਨਾਂ ਫੋਕਟ ਕਰਮਕਾਡਾਂ ਦੀ ਹਮੇਸ਼ਾ ਸਖ਼ਤ ਨਿਖੇਧੀ ਕਰੇਗਾ ਅਤੇ ਮਨੁੱਖ ਨੂੰ ਗੁਰੂ ਆਸ਼ੇ ਅਨੁਸਾਰ ਸੱਚਾ-ਸੁੱਚਾ ਜੀਵਨ ਜਿਊਣ ਦੀ ਨਸੀਹਤ ਦੇਵੇਗਾ।

ਇਕ ਸਾਧ, ਜਿਸ ਵਿਰੁੱਧ ਕਤਲ, ਬਲਾਤਕਾਰ ਵਰਗੇ ਕੇਸ ਅਦਾਲਤਾਂ ’ਚ ਚੱਲ ਰਹੇ ਹਨ, ਉਸ ਸਾਧ ਨੂੰ ਜੇ ਪੰਜਾਬ ਸਰਕਾਰ ਰੱਬ ਮੰਨਦੀ ਹੈ ਤੇ ਗੁਰਬਾਣੀ ਦੀ ਸਿੱਖਿਆ ਦੇਣ ਵਾਲੇ ਨੂੰ ਦੋਸ਼ੀ ਗਰਦਾਨਦੀ ਹੈ, ਫਿਰ ਪੰਜਾਬ ਦੇ ਸਾਰੇ ਵਸ਼ਿੰਦਿਆਂ ਨੂੰ ਸੌਦਾ ਸਾਧ ਦਾ ਨਾਮ ਲੈਣ ਲਈ ਪਾਬੰਦ ਹੀ ਕਰ ਦਿੱਤਾ ਜਾਣਾ ਚਾਹੀਦਾ ਹੈ। ਭਾਵੇਂ ਕਿ ਜਿਵੇਂ ਅਸੀਂ ਕੱਲ ਵੀ ਲਿਖਿਆ ਸੀ ਕਿ ਸਿੱਖੀ ਤੇ ਸਿੱਖਾਂ ਤੇ ਇਹ ਕੋਈ ਪਹਿਲਾ ਤੇ ਆਖ਼ਰੀ ਹਮਲਾ ਨਹੀਂ, ਸਿੱਖੀ ਦੇ ਜਨਮ ਤੋਂ ਲੈ ਕੇ ਅੱਜ ਤੱਕ ਹਰ ਜਾਬਰ ਤਾਕਤ ਨੇ ਸਿੱਖੀ ਦਾ ਖ਼ੁਰਾ-ਖੋਜ ਮਿਟਾਉਣ ਦਾ ਯਤਨ ਕੀਤਾ ਸੀ, ਪ੍ਰੰਤੂ ਕਾਮਯਾਬ ਨਹੀਂ ਹੋਏ ਇਸ ਲਈ ਅੱਜ ਵੀ ਇਹ ਯਤਨ ਕਾਮਯਾਬ ਨਹੀਂ ਹੋਣਗੇ, ਇਸ ਬਾਰੇ ਸਾਨੂੰ ਕੋਈ ਸ਼ੰਕਾ ਨਹੀਂ, ਪ੍ਰੰਤੂ ਜਿਸ ਤਰਾਂ ਸਿੱਖੀ ਦੇ ਵਿਹੜੇ ’ਚ ਲੀਡਰਸ਼ਿਪ ਦਾ ਖਲਾਅ ਹੈ, ਕੋਈ ਭਰੋਸੇ ਵਾਲਾ ਸਿੱਖ ਆਗੂ ਵਿਖਾਈ ਨਹੀਂ ਦੇ ਰਿਹਾ, ਉਸ ਕਾਰਣ ਸਾਡੀ ਚਿੰਤਾ ਜ਼ਰੂਰ ਹੈ ਕਿ ਸਿੱਖ ਦੁਸ਼ਮਣ ਤਾਕਤਾਂ ਜਿਹੜੀਆਂ ਸਿੱਖੀ ਤੇ ਚਹੁੰ ਤਰਫ਼ੋਂ ਹਮਲੇ ਕਰ ਰਹੀਆਂ ਹਨ, ਜਿਨਾਂ ਨੇ ਸਿੱਖਾਂ ’ਚ ਵੱਡੀ ਸੰਨ੍ਹ ਲਾਉਣ ’ਚ ਵੀ ਕਾਮਯਾਬੀ ਹਾਸਲ ਕੀਤੀ ਹੋਈ ਹੈ, ਉਹ ਨਿਰੰਤਰ ਆਪਣੇ ਮਿਸ਼ਨ ਦੀ ਪ੍ਰਾਪਤੀ ਵੱਲ ਵੱਧ ਰਹੀਆਂ ਹਨ, ਪ੍ਰੰਤੂ ਦੂਜੇ ਪਾਸੇ ਲੀਡਰ ਵਿਹੂਣੀ ਕੌਮ ਗਫ਼ਲਤ ਦੀ ਨੀਂਦ ਸੁੱਤੀ ਪਈ ਹੈ, ਆਖ਼ਰ ਬਚਾਅ ਕਿਵੇਂ ਹੋਵੇਗਾ।

ਸੂਬੇ ’ਚ ਐਨੀ ਵੱਡੀ ਸਿੱਖ ਵਿਰੋਧੀ ਘਟਨਾ ਵਾਪਰ ਗਈ, ਪ੍ਰੰਤੂ ਕੰਮਾਂ-ਧੰਦਿਆਂ ’ਚ ਗਲ਼ਤਾਨ ਸਿੱਖਾਂ ਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਸਿੱਖ ਪੰਥ ਦੀ ਸਦੀਵੀ ਹੋਂਦ ਦਾ ਭਰੋਸਾ, ਕੌਮ ਦੇ ਗੁਰੂ ਗ੍ਰੰਥ ’ਚ ਅਤੁੱਟ ਭਰੋਸੇ, ਸ਼ਰਧਾ ਤੇ ਵਿਸ਼ਵਾਸ ਕਾਰਣ ਹੀ ਹੈ, ਪ੍ਰੰਤੂ ਜੇ ਅੱਜ ਕੌਮ ਗੁਰੂ ਦੇ ਸ਼ਬਦਾਂ ਤੇ ਲੱਗੀ ਪਾਬੰਦੀ ਤੇ ਚੁੱਪ ਰਹਿੰਦੀ ਹੈ ਤਾਂ ਇਸਦਾ ਅਰਥ ਇਹੋ ਲਿਆ ਜਾਵੇਗਾ ਕਿ ਸਾਡਾ ਗੁਰੂ ਤੋਂ ਭਰੋਸਾ ਤੇ ਸ਼ਰਧਾ ਵੀ ਟੁੱਟ ਗਈ ਹੈ, ਉਸ ਤੋਂ ਬਾਅਦ ਕੌਮ ਦੀ ਹੋਂਦ ਦਾ ਕੋਈ ਅਰਥ ਬਾਕੀ ਹੀ ਨਹੀਂ ਰਹਿ ਜਾਂਦਾ। ਅਸੀਂ ਹਰ ਗੁਰੂ ਨਾਨਕ ਨਾਮ ਲੇਵਾ ਨੂੰ ਜਿਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੈ, ਉਸਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਜਿਸ ਰਾਹ ਬਾਦਲ ਸਰਕਾਰ ਤੁਰ ਪਈ ਹੈ, ਉਸਨੂੰ ਹਰ ਹੀਲੇ ਉਸ ਰਾਹ ਤੇ ਅੱਗੇ ਜਾਣ ਤੋਂ ਰੋਕਣਾ ਹੋਵੇਗਾ। ਇਹ ਤਦ ਹੀ ਸੰਭਵ ਹੈ ਜੇ ਹਰ ਪੰਥ ਦਰਦੀ, ਆਪਣੀਆਂ ਨਿੱਜੀ ਗਰਜ਼ਾ, ਧੜੇਬੰਦੀਆਂ ਨੂੰ ਛੱਡ ਕੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਸਿਰਫ਼ ਤੇ ਸਿਰਫ਼ ਪੰਥ ਦੀ ਚੜਦੀ ਕਲਾ ਦੇ ਮਿਸ਼ਨ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਪੰਥ ਦੋਖੀ, ਤਾਕਤਾਂ ਅਤੇ ਕੌਮ ਦੇ ਗਦਾਰਾਂ ਦੀ ਸਫ਼ਾਈ ਲਈ ਸੰਘਰਸ਼ ਵਿੱਢਦੇ ਹਨ। ਨਹੀਂ ਤਾਂ ਜਿਸ ਮਿਸ਼ਨ ਦੀ ਪੂਰਤੀ ਲਈ ਸਿੱਖ ਵਿਰੋਧੀ ਤਾਕਤਾਂ ਜੁੱਟੀਆਂ ਹੋਈਆਂ ਹਨ, ਉਸਨੂੰ ਪੂਰਾ ਹੋਣ ਤੋਂ ਕੋਈ ਰੋਕ ਨਹੀਂ ਸਕੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top