Share on Facebook

Main News Page

ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਿਹਾਈ, ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਸੱਚ ਕੀ ਹੈ ?
-: ਅਤਿੰਦਰਪਾਲ ਸਿੰਘ

ਸਿੱਖਾਂ ਵਿੱਚ ਸ਼ਤਾਬਦੀਆਂ ਬਣਾਉਣ ਦਾ ਚਲਨ ਬੜੇ ਜੋਰਾ ਸ਼ੋਰਾ ਨਾਲ ਆਰੰਭ ਹੈ। ਸਿੱਖੀ ਦੀ, ਗੁਰਮਤਿ ਸਿੱਧਾਂਤ ਦੀ, ਮਰਿਆਦਾ ਦੀ, ਖ਼ਾਲਸੇ ਦੇ ਸੰਕਲਪ ਅਤੇ ਵੱਖਰੀ ਅੱਡਰੀ, ਸੁਤੰਤਰ ਹਸਤੀ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ। ਹਰ ਕੋਈ ਵਕਤੀ ਵਾਹੋ ਵਾਹੀ ਲੁੱਟਣ ਅਤੇ ਕਮਾਉਣ ਤੇ ਲੱਗਾ ਹੈ। ਇਸੇ ਸੋਚ ਅਧੀਨ ਹੀ ਪਹਿਲਾਂ "ਪੋਥੀ ਸਾਹਿਬ ਦੇ ਪਹਿਲੇ ਪਰਕਾਸ਼” ਦੀ 400 ਸਾਲਾ ਸ਼ਤਾਬਦੀ ਇਹ ਝੂਠ ਸਥਾਪਿਤ ਕਰਨ ਦੇ ਲੜ ਲੱਗ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦੀ 400 ਸਾਲਾਂ ਸ਼ਤਾਬਦੀ ਹੈ। ਦਾਸ ਨੇ ਸਮੇਂ ਸਿਰ ਸੁਚੇਤ ਵੀ ਕੀਤਾ ਸੀ ਪਰ ਜਦ ਕਮਾਉਣੇ ਹੀ ਫੋਕਟ ਕਰਮ ਹੋਣ ਤੇ ਨਿਸ਼ਾਨਾਂ ਹੀ ਧਰਮ ਨੂੰ ਨੁਕਸਾਨ ਪਹੁੰਚਾਉਣ ਦਾ ਤੇ ਝੂਠ ਦੇ ਲੜ ਲਾਉਣ ਦਾ ਹੋਵੇ ਤਾਂ ਕੌਣ ਸੁਣਦਾ ਹੈ ? ਕਨੇਡਾ ਵਿਖੇ ਤਾਂ ਜਦ ਮੈਂ ਇਸ ਵਿਸ਼ੇ ਸੱਚ ਬੋਲਿਆ ਤਾਂ ਹੜਕੰਪ ਜਿਹਾ ਪੈ ਗਿਆ, ਸਕਾਰਬੋ ਗੁਰਦੁਆਰਾ ਸਾਹਿਬ ਵਿਖੇ ਦੋ ਪੰਜਾਬ ਤੋਂ ਤੇ ਦੋ ਵਿਦੇਸ਼ਾਂ ਵਿਚਲੇ ਵਿਦਵਾਨਾਂ ਨਾਲ ਮੇਰਾ ਸੰਵਾਦ ਤਕ ਰੱਖਿਆ ਗਿਆ। ਜਦ ਮੇਰੀ ਗੱਲ ਸਹੀ ਸਾਬਤ ਹੋਈ ਤਾਂ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।

ਠੀਕ ਇੰਝ ਹੀ ਹੁਣ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਦਾ 400 ਸਾਲਾ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਕਸੀ ਬੈਠਾ ਪੰਥ ਫਿਰ ਦੁਬਾਰਾ ਇਤਿਹਾਸਕ ਅਤੇ ਮਰਿਆਦਕ ਗਲਤੀ ਕਰਨ ਜਾ ਰਿਹਾ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ । ਕਿਉਂ ? ਇਸੇ ਦਾ ਤੱਥਾਂ ਸਮੇਤ ਵਿਰਨਣ ਇਸ ਲੇਖ ਵਿੱਚ ਇਸ ਆਸ ਨਾਲ ਇਕ ਵਾਰ ਫਿਰ ਕਰ ਰਿਹਾ ਹਾਂ ਕਿ ਪਹਿਲਾਂ 400 ਸਾਲਾ ਸ਼ਤਾਬਦੀ ਤੇ ਤਾਂ ਕਿਸੇ ਵੀ ਪਰਵਾਹ ਨਹੀਂ ਸੀ ਕੀਤੀ ਪਰ ਐਤਕੀ ਸ਼ਾਇਦ ਪੰਥ ਜਾਗਦਾ ਹੈ ਦਾ ਪ੍ਰਤੱਖ ਵਰਤਾਰਾ ਵਰਤ ਜਾਵੇ ! ਗੁਰਸਿੱਖੋ, ਇਹ ਖ਼ਾਲਸਾ ਪੰਥ ਨੂੰ ਝੂਠ ਦੇ ਲੜ ਲੱਗਣ ਤੋਂ ਰੋਕਣ ਲਈ ਅਤਿ ਜਰੂਰੀ ਪਹਿਲ ਵਾਲਾ ਅੱਜ ਦਾ ਕੰਮ ਬਣ ਚੁਕਾ ਹੈ । ਇਸ ਤੇ ਗੌਰ ਕਰੋ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਕਿਰਪਾ ਕਰੋ ਜੀ।

* 400 ਸਾਲਾ ਬੰਦੀ ਛੋੜ ਦਿਵਸ ਮਨਾਉਣ ਜਾ ਰਹੇ ਖ਼ਾਲਸਾ ਪੰਥ ਨੂੰ ਬੇਨਤੀ

"ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥” 19
"ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥” 55

ਗੁਰੂ ਹਰਿਗੋਬਿੰਦ ਸਾਹਿਬ ਜੀ ਦਿਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਰਿਹਾ ਹੋਏ ਸਨ ਜਾਂ ਦਿਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ ? ਜਾਂ ਬੰਦੀ ਛੋੜ ਪਾਤਸ਼ਾਹ ਜੀ ਕਰਕੇ ਸਿੱਖਾਂ ਨੇ ਦਿਵਾਲੀ ਬਣਾਉਣੀ ਗੁਰੂ ਸਾਹਿਬ ਜੀ ਦੇ ਸਮੇਂ ਕਾਲ ਵਿੱਚ ਹੀ ਆਰੰਭ ਦਿੱਤੀ ਸੀ ?

ਸਿੱਖਾਂ ਵਿੱਚ "ਮਨਮਤਿ ਕਰਮ ਕਰਵਾਉਣ ਵਾਲੇ ਮਨਮੁਖੀ, ਸਿੱਖੀ ਵਿਰੋਧੀ ਤਾਕਤਾਂ” ਦੀਵਾਲੀ, ਸਿੱਖਾਂ ਵਲੋਂ ਮਨਾਏ ਜਾਣ ਲਈ ਅਜਿਹੇ ਹੀ ਇਤਿਹਾਸਕ ਝੂਠ ਨੂੰ ਸਿੱਖ ਇਤਿਹਾਸ ਦਾ ਜਬਰੀ ਝੂਠਾ ਮੇਲ ਕਰਵਾ ਕੇ ਦਿਵਾਲੀ ਮਨਾਏ ਜਾਣ ਦਾ ਪਰਮਾਣ ਦਿੰਦੇ ਹਨ। ਇੰਝ ਇਹ ਮਨਮੁਖੀ ਤਾਕਤਾਂ ਗੁਰਬਾਣੀ ਨੂੰ ਝੂਠਾ ਸਾਬਤ ਕਰਨ ਲਈ, ਇੱਕ ਇਤਿਹਾਸਕ ਘਟਨਾ ਦੇ ਝੂਠੇ ਪਰਮਾਣ ਦੇ ਕੇ, ਆਪਣੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦਾ, ਉਨ੍ਹਾਂ ਦੇ ਹੁਕਮ ਦਾ ਖੰਡਣ ਕਰਦੀਆਂ ਹਨ।

ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ‘ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਵਿੱਚ ਦੀਵਾਲੀ ਦੇ ਦਿਨ (ਯਾਨੀ ਕੱਤਕ ਵਦੀ 30 ਨੂੰ) ਆਏ ਸਨ’ । ਇਸ ਲਈ ਸਿੱਖ ਦਿਵਾਲੀ ਮਨਾਉਂਦੇ ਹਨ। ਇਹ ਸਰਾਸਰ ਝੂਠ ਅਤੇ ਗਲਤ ਪਰਮਾਣ ਹੈ। ਗੁਰੂ ਸਾਹਿਬ ਦੀ ਨਾ ਤਾਂ ਰਿਹਾਈ ਦੀ ਅਤੇ ਨਾ ਹੀ ਸਿੱਧੇ ਅੰਮ੍ਰਿਤਸਰ ਪਹੁੰਚਣ ਦੀ ਕੋਈ ਵੀ ਥਿੱਤ ਜਾਂ ਮਿਤੀ ਅੱਜ ਤਕ ਇਤਿਹਾਸ ਵਿੱਚ ਉਪਲਬਧ ਹੀ ਨਹੀਂ ਹੋ ਰਹੀ ਹੈ। ਇਹ ਸਾਰੇ ਮਨਮਤੀ ਮੇਲ ਇਕ ਮਨਘੜਤ ਮਨੌਤ "ਦਿਵਾਲੀ ਅਧੀਨ” ਹਿੰਦੂ ਪੰਚਾਂਗ ਜੰਤਰੀ ਅਨੁਸਾਰ ਕਰਵਾਏ ਜਾਂਦੇ ਹਨ ਤੇ ਸਿੱਖ ਇਸੇ ਦੇ ਹੀ ਗੁਲਾਮ ਬਣਾਏ ਤੁਰੀ ਆਉਂਦੇ ਹਨ। ਇਸ ਲਈ ਪਹਿਲਾਂ ਇਸ ਹਿੰਦੂ ਵਿਧੀ ਵਿਧਾਨ ਨੂੰ ਸਮਝਣਾ ਜਰੂਰੀ ਹੈ। "ਪੰਚਾਂਗ” ਹਿੰਦੂ ਕਾਲ ਜੋੜ ਦੇ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਕੈਲੰਡਰ ਹੈ। ਇਸ ਦੇ ਅਧਾਰ ਪੰਜ ਮੁੱਖ ਅੰਗ-ਥਿੱਤ, ਵਾਰ, ਨਕਸ਼ਤਰ, ਯੋਗ ਅਤੇ ਕਰਣ ਹੁੰਦੇ ਹਨ। ਇਸ ਦੀਆਂ ਤਿੰਨ ਧਾਰਾਵਾਂ ਹਿੰਦੂ ਮਤ ਵਿੱਚ ਪ੍ਰਚਲਤ ਹਨ 1. ਚੰਨ, 2. 27 ਨਕਸ਼ਤਰਾਂ (ਜੋ 9 ਗ੍ਰਹਿਆਂ ਵਿੱਚ ਹਨ) ਅਤੇ 3. ਸੂਰਜ ਤੇ ਅਧਾਰਿਤ ।

ਹਰ ਸਾਲ ਵਿੱਚ 15 ਦਿਨਾਂ ਦੇ ਦੋ ਪੱਖਾਂ ਸ਼ੁਕਲ ਤੇ ਕ੍ਰਿਸ਼ਨ (ਜਿਸ ਨੂੰ ਨਾਨਕਸ਼ਾਹੀ ਜੰਤਰੀ ਵਿੱਚ ਵਦੀ ਤੇ ਸੁਦੀ ਕਿਹਾ ਗਿਆ ਹੈ) ਮੁਤਾਬਕ 12 ਮਹੀਨੇ ਹੁੰਦੇ ਹਨ। ਹਰ ਦਿਨ ਵੀ ਦੋ ਭਾਗਾਂ ਵਿੱਚ ‘ਉਤਰਾਰਧ ਤੇ ਪੂਰਵਰਾਧ’ ਵਿੱਚ ਵੰਡਿਆ ਹੁੰਦਾ ਹੈ। ਹਰ ਸਾਲ ਵਿੱਚ ਦੋ ਖੰਡ ਤੇ ਇਨ੍ਹਾਂ ਦੋਹਾਂ ਖੰਡਾ ਵਿੱਚ 9 ਗ੍ਰਹਿਆਂ ਦੇ 27 ਨਕਸ਼ਤਰ ਹੁੰਦੇ ਹਨ, ਇਨ੍ਹਾਂ ਵਿੱਚੋਂ 9 ਅਸ਼ੁਭ ਗਰਹਿ ਹਨ। ਅਕਾਸ਼ ਵਿਚਲੇ ਉਸ ਤਾਰਾ ਸਮੂਹ ਨੂੰ ਨਕਸ਼ਤਰ ਕਹਿੰਦੇ ਹਨ ਜਿਹੜੇ ਚੰਨ ਦੇ ਤੁਰਨ ਰਾਹ ਨਾਲ ਜੁੜੇ ਹਨ। ਇਸ ਅਨੁਸਾਰ ਨਕਸ਼ਤਰ ਦਾ ਮਹੀਨਾ 27 ਦਿਨਾਂ ਦਾ ਹੁੰਦਾ ਹੈ । ਇਹ ਮਹੀਨਾ ‘ਅਸ਼ਵਨੀ’ ਤੋਂ ਸ਼ੁਰੂ ਹੋ ਕੇ ‘ਰੇਵਤੀ’ ਤੇ 27 ਵੇਂ ਦਿਨ ਮੁੱਕਦਾ ਹੈ। ਮਹੀਨੇ ਚੰਨ ਤੇ ਸੂਰਜ ਦੀ ਚਾਲ ਮੁਤਾਬਕ ਵੰਡੇ ਗਏ ਹਨ । ਜਿਸ ਦਿਨ ਸੂਰਜ ਸੰਗਰਾਂਦ ਵਿੱਚ ਪਹੁੰਚਦਾ ਹੈ ਤਾਂ ਸੂਰਜ ਮਹੀਨਾ ਆਰੰਭ ਹੁੰਦਾ ਹੈ ਤੇ ਜਦੋਂ ਚੰਨ ਪੁੰਨਿਆ ਵਿੱਚ ਪਹੁੰਚਦਾ ਹੈ ਤਾਂ ਚੰਨ ਮਹੀਨੇ ਦਾ ਆਰੰਭ ਹੁੰਦਾ ਹੈ। ਚੰਨ ਸਾਲ 355 ਦਿਨਾਂ ਦਾ, ਸੂਰਜ ਸਾਲ ਤੋਂ 11 ਦਿਨ, 3 ਘੜੀਆਂ, 48 ਪਲ ਛੋਟਾ ਹੁੰਦਾ ਹੈ। ਇਸੇ ਲਈ ਇਸ ਵਿੱਚ ਹਰ ਤਿੰਨ ਸਾਲ ਬਾਅਦ ਚੰਨ ਮਹੀਨੇ ਵਿੱਚ ਇਕ ਮਹੀਨਾ ਹੋਰ ‘ਵਾਧੂ ਮਹੀਨੇ” ਵਜੋਂ ਜੋੜ ਲਿਆ ਜਾਂਦਾ ਹੈ। ਇਸ ਵਿੱਚ ਇੱਕ ਦਿਨ ਨੂੰ ਇਕ ਥਿੱਤ ਮੰਨਿਆਂ ਜਾਂਦਾ ਹੈ ਜਿਹੜਾ 19 ਘੰਟਿਆਂ ਤੋਂ ਲੈ ਕੇ 24 ਘੰਟਿਆਂ ਤਕ ਦਾ ਹੁੰਦਾ ਹੈ। ਹਰ ਮਹੀਨੇ ਵਿੱਚ 30 ਦਿਨ ਹੁੰਦੇ ਹਨ ਜਿਹੜੇ ‘ਸ਼ੁਕਲ ਪੱਖ’ ਤੋਂ ਸ਼ੁਰੂ ਹੋ ਕੇ 14 ਤਿਥਾਂ ਤੋਂ ਬਾਅਦ ਪੁੰਨਿਆ ਤੇ ਅਪੜਦਾ ਹੈ, ਇਸ ਨੂੰ ਮਿਲਾ ਕੇ 15 ਤਿਥਾਂ ਬਣਦੀਆਂ ਹਨ। ਇੰਝ ਹੀ ਇਹ ‘ਕ੍ਰਿਸ਼ਨ ਪੱਖ’ ਵਿੱਚ 14 ਤਿਥਾਂ ਤੋਂ ਬਾਅਦ ਮੱਸਿਆ ਤੇ ਅਪੜਦਾ ਹੈ ਤੇ ਇਸ ਨੂੰ ਮਿਲਾ ਕੇ 15 ਤਿਥਾਂ ਬਣਦੀਆਂ ਹਨ।ਇਨ੍ਹਾਂ ਨੂੰ ਹੀ ਕਰਮ ਵਾਰ ਚਾਨਣੀਆਂ ਤੇ ਹਨੇਰੀਆਂ ਰਾਤਾਂ ਕਹਿੰਦੇ ਹਨ। ਥਿਤਾਂ ਦੇ ਨਾਓ ਇੰਝ ਹਨ ਪੁੰਨਿਆ, ਪੜਵਾ, ਦੂਜ, ਤੀਜ, ਚੌਥ, ਪੰਚਮੀ, ਛਠਿ, ਸਪਤਮੀ, ਅਸ਼ਟਮੀ, ਨਉਮੀ, ਦਸਮੀ, ਏਕਾਦਸੀ, ਦ੍ਵਾਦਸ਼ੀ, ਤੇਰਸ, ਚੌਦਸ ਜਾਂ ਚਤੁਰਦਸ਼ੀ, ਮੱਸਿਆ। ਪੁੰਨਿਆਂ ਦੇ ਜਿਸ ਦਿਨ ਚੰਨ ਜਿਹੜੇ ਗ੍ਰਹਿ ਵਿੱਚ ਪਹੁੰਚਦਾ ਹੈ ਉਸੇ ਦੇ ਨਾਵਾਂ ਤੇ ਹੀ ਮਹੀਨਾ ਸ਼ੁਰੂ ਹੁੰਦਾ ਹੈ।

ਸੂਰਜੀ ਸਾਲ ਵਿੱਚ 365 ਦਿਨਾਂ ਦੀ ਗਿਣਤੀ ਕੀਤੀ ਜਾਂਦੀ ਹੈ। 12 ਰਾਸ਼ੀਆਂ ਮੁਤਾਬਕ 12 ਮਹੀਨੇ ਵੰਡੇ ਗਏ ਹਨ। ਜਿਹੜੀ ਰਾਸ਼ੀ ਵਿੱਚ ਸੂਰਜ ਪਹੁੰਚਦਾ ਹੈ ਉਸੇ ਮੁਤਾਬਕ ਮਹੀਨੇ ਦਾ ਨਾਮ ਵੰਡਿਆ ਗਿਆ ਹੈ। ਇਹ ਸਾਲ ਉੱਤਰ ਪੱਖ (ਮਕਰ ਸਕ੍ਰਾਂਤੀ) ਤੇ ਦੱਖਣ ਪੱਖ ਕਰਕ ਰਾਸ਼ੀ ਵਿੱਚ ਆਉਣਾ) {ਉਤਰਾਇਣ ਤੇ ਦਕਸ਼ਿਯਾਣ} ਦੇ 6-6 ਮਹੀਨਿਆਂ ਵਿੱਚ ਵੰਡਿਆ ਹੈ। ਹਿੰਦੂ ਪੁਰਾਣਾਂ ਅਨੁਸਾਰ ਉੱਤਰ ਪੱਖ ਅਰਥਾਤ ਪੋਹ-ਮਾਘ ਤੀਰਥਾਂ ਤੇ ਜਾਣ ਅਤੇ ਤਿਉਹਾਰ ਮਨਾਉਣ ਦਾ ਸਮਾਂ ਹੈ ਤੇ ਦੱਖਣ ਪੱਖ ਅਰਥਾਤ ‘ਹਾੜ-ਸਉਣ’ ਵਰਤਾਂ ਆਦਿ ਕਰਮ ਕਾਂਡਾਂ ਦਾ ਹੈ।

ਕਥਿਤ ਨਾਨਕਸ਼ਾਹੀ ਕੈਲੰਡਰ ਵੀ ਇਨ੍ਹਾਂ ਵਿੱਚ ਹੀ ਉਲਝਿਆ ਪਿਆ ਹੈ। "ਗੁਰਮਤਿ” ਨੂੰ ਨਹੀਂ ਅਪਣਾ ਸਕਿਆ। ਅੱਜ ਤਕ ਸਿੱਖਾਂ ਵਿੱਚ ਵੀ ਹਿੰਦੂ ਮਤ ਅਨੁਸਾਰ ਹੀ ਦਿਵਾਲੀ ਦਾ ਤਿਉਹਾਰ ਤੇ ਉਸ ਤੋਂ ਅਗਲੇ ਦਿਨ ਦਿਹਾੜਾ ਬਣਾਏ ਤੇ ਮਨਾਏ ਜਾਂਦੇ ਹਨ। ਇਸ ਅਨੁਸਾਰ ‘ਗੁਰਦੁਆਰਾ ਦਾਤਾ ਬੰਦੀ ਛੋੜ’ ਗਵਾਲੀਅਰ ਵਿਖੇ ਹਮੇਸ਼ਾਂ ਹੀ ਸਤਿਗੁਰੂ ਗੁਰੂ ਹਰਿਗੋਬਿੰਦ ਸਾਹਿਬ ਦੀ ਰਿਹਾਈ ਦਾ ਦਿਨ ਸਦੀਆਂ ਤੋਂ ਅੱਸੂ ਦੀ ਮੱਸਿਆ ਵਾਲੇ ਦਿਨ ਬੜੀ ਵੱਡੀ ਪੱਧਰ ਤੇ ਬਣਾਇਆ ਜਾਂਦਾ ਹੈ ਜੋ ਇਸ ਸਾਲ 2013 ਵਿੱਚ ਅੱਸੂ 19-20-21 ਅਰਥਾਤ 4-5-6 ਅਕਤੂਬਰ ਨੂੰ ਬਣਾਇਆ ਗਿਆ ਹੈ। ਜਿਸ ਦਿਨ ਦਿਵਾਲੀ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹੋ ਦਿਨ "ਬੰਦੀ ਛੋੜ ਦਿਵਸ, ਦਿਵਾਲੀ” ਦੇ ਤੌਰ ਤੇ ਕੱਤਕ ਦੀ ਮੱਸਿਆ 18 ਕੱਤਕ ਅਰਥਾਤ 3 ਨਵੰਬਰ 2013 ਨੂੰ; ਜਿਸ ਦਿਨ ਹਿੰਦੂ ਮਤ ਅਨੁਸਾਰ ਦਿਵਾਲੀ ਹੁੰਦੀ ਹੈ ਬਣਾਇ ਜਾ ਰਿਹਾ ਹੈ। ਜੋ ਆਪਣੇ ਆਪ ਵਿੱਚ ਹੀ ਵਿਰੋਧੀ ਸਾਬਤ ਹੁੰਦੇ ਹਨ। ਜੇ ਕਰ ਗਵਾਲੀਅਰ ਗੁਰਦੁਆਰਾ ਦਾਤਾ ਬੰਦੀ ਛੋੜ ਦੀ ਗੱਲ ਤੇ ਤੱਥ ਮੰਨ ਕੇ ਚੱਲੀਏ ਤਾਂ ਅਜਿਹਾ ਕੋਈ ਸਬੂਤ ਨਹੀਂ ਮਿਲਦਾ ਕਿ ਗੁਰੂ ਸਾਹਿਬ ਨੂੰ ਸ੍ਰੀ ਅੰਮ੍ਰਿਤਸਰ ਪਹੁੰਚਣ ਵਿੱਚ ਪੂਰਾ ਚੰਨ ਦਾ ਇੱਕ ਮਹੀਨਾ ਲੱਗ ਗਿਆ ਹੋਵੇ। ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਇਤਿਹਾਸਕ ਪ੍ਰਮਾਣ ਨਾਲ ਸਾਬਤ ਨਹੀਂ ਕਰ ਸਕਦੀ। ਗੁਰੂ ਸਾਹਿਬ ਦੇ ਗਵਾਲੀਅਰ ਤੋਂ ਅੰਮ੍ਰਿਤਸਰ ਆਉਣ ਦਾ ਰਾਹ ਸਿੱਖ ਇਤਿਹਾਸ ਵਿੱਚ ਕਿਤੇ ਪ੍ਰਮਾਣਿਤ ਨਹੀਂ ਹੈ। ਇਸ ਲਈ ਜੇ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਵਾ ਮੰਨ ਲਿਆ ਜਾਵੇ ਕਿ ਦਿਵਾਲੀ ਵਾਲੇ ਦਿਨ ਹੀ ਗੁਰੂ ਸਾਹਿਬ ਸ੍ਰੀ ਦਰਬਾਰ ਸਾਹਿਬ ਪਹੁੰਚੇ ਤਾਂ ਫਿਰ ਗਵਾਲੀਅਰ ਵਿਖੇ ਇਕ ਮਹੀਨਾ ਪਹਿਲਾਂ ਰਿਹਾਈ ਨੂੰ ਮੰਨਿਆਂ ਜਾ ਰਿਹਾ ਹੈ ਉਹ ਵੀ ਗਲਤ ਸਾਬਤ ਹੋ ਜਾਂਦਾ ਹੈ।

ਹੁਣ ਜੇ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੇ ਜਾਂਦੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਵਿਰੋਧਾਭਾਸ ਹੈ। ਕਮੇਟੀ ਦੀ ਵੈਬ ਸਾਈਟ ਤੇ ਅੰਗਰੇਜ਼ੀ ਵਿੱਚ ਦਿੱਤੇ ਇਤਿਹਾਸ ਵਿੱਚ, ‘ਜ਼ਿਆਦਾਤਰ ਇਤਿਹਾਸਕ ਪਰਮਾਣ ਮੰਨਦੇ ਹਨ’ ਦੇ ਜਿਕਰ ਨਾਲ ਇਹ ਪਰਮਾਣਿਤ ਕੀਤਾ ਗਿਆ ਹੈ ਕਿ ਗੁਰੂ ਸਾਹਿਬ ਦੀ ਰਿਹਾਈ ਸੰਨ 1612 ਵਿੱਚ ਹੋਈ ਹੈ। ‘ਜਿਸ ਦਿਨ ਉਹ ਅੰਮ੍ਰਿਤਸਰ ਪਹੁੰਚਦੇ ਹਨ ਉਸ ਦਿਨ ਦਿਵਾਲੀ ਸੀ’ ਪਰ ਇਸ ਦੀ ਪੁਸ਼ਟੀ ਵਿੱਚ ਤਰੀਕ ਨਹੀਂ ਦਿੱਤੀ ਜਾਂਦੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਗੁਰਮੁਖੀ ਵਿੱਚ ਛਪੇ ਸਿੱਖ ਇਤਿਹਾਸ ਭਾਗ ਇੱਕ ਵਿੱਚ ਪ੍ਰੋ. ਕਰਤਾਰ ਸਿੰਘ ਐਮ.ਏ. ਇਹ ਤੱਥ ਸਾਬਤ ਕਰਦੇ ਹਨ ਕਿ ਗੁਰੂ ਸਾਹਿਬ 1614 ਵਿੱਚ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਏ ਹਨ। ਉਹ ਆਪਣੇ ਪੂਰੇ ਵੇਰਵੇ ਦਿੰਦੇ ਹਨ। ਪਰ ਇਤਿਹਾਸਕਾਰ ਦਿਵਾਲੀ ਦਾ ਕੋਈ ਜ਼ਿਕਰ ਨਹੀਂ ਕਰਦਾ ਹੈ ਤੇ ਨਾ ਹੀ ਕੋਈ ਮਿਤੀਆਂ ਦੇਣ ਦੀ ਖੇਚਲ ਕਰਦਾ ਹੈ।

ਹੋਰ ਤੀਸਰਾ ਵਿਚਾਰ ਬਹੁਤ ਸਾਰੇ ਇਤਿਹਾਸ ਕਾਰਾਂ ਦਾ ਇਹ ਹੈ ਕਿ ਗੁਰੂ ਸਾਹਿਬ 1619 ਨੂੰ ਗਵਾਲੀਅਰ ਤੋਂ ਰਿਹਾ ਹੋਏ ਹਨ। ਇੰਝ ਮੰਨਣ ਵਾਲੇ ਵੀ ਉਸ ਦਿਨ ਦਿਵਾਲੀ ਦਾ ਹੋਣ ਦਾ ਕੋਈ ਜਿਕਰ ਨਹੀਂ ਕਰਦੇ ਹਨ। ਤੇ ਕੁਝ ਇਤਿਹਾਸਕਾਰ 28 ਦਸੰਬਰ 1620 ਨੂੰ ਗੁਰੂ ਸਾਹਿਬ ਦਾ ਸ੍ਰੀ ਅੰਮ੍ਰਿਤਸਰ ਪਹੁੰਚਣਾ ਲਿਖਦੇ ਹਨ।

ਅਗਰ ਇਹ ਤਿੰਨੋਂ ਤੱਥ ਹੀ ਸਹੀ ਮੰਨ ਲਏ ਜਾਣ ਤਾਂ ਲੋੜ ਹੁਣ ਇਸ ਗੱਲ ਦੀ ਹੈ ਕਿ ਇਨ੍ਹਾਂ ਤਿੰਨਾਂ ਹੀ ਸਾਬਤ ਕੀਤੇ ਜਾ ਰਹੇ ਤੱਥਾਂ ਅਨੁਸਾਰ 1612, 1614 ਅਤੇ 1619 ਨੂੰ ਦਿਵਾਲੀ ਕਿਸ ਕਿਸ ਤਰੀਕ ਨੂੰ ਸੀ ? ਤਾਂ ਹੀ ਪਤਾ ਲੱਗੇਗਾ ਕਿ ਕੀ ਵਾਕੇ ਹੀ ਗੁਰੂ ਸਾਹਿਬ ਦਿਵਾਲੀ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਨ ? ਜਾਂ ਦਿਵਾਲੀ ਵਾਲੇ ਦਿਨ ਹੀ ਰਿਹਾ ਹੋਏ ਸਨ ? ਕਿਉਂਕਿ "ਦਾਤਾ ਬੰਦੀ ਛੋੜ ਦਿਵਸ ਗਵਾਲੀਅਰ ਵਿਖੇ ਰਿਹਾਈ ਵਾਲੇ ਦਿਨ” ਬਣਾਇਆ ਜਾਂਦਾ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਵਾਲੀ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ਦਾ ਦਿਨ ਦੱਸ ਕੇ ਹਰ ਸਾਲ ਉਸੇ ਦਿਨ ਬਣਾਉਂਦੀ ਹੈ।

ਪਹਿਲਾਂ ਗੱਲ ਕਰੀਏ 1612 ਸੰਨ ਦੀ; ਇਸ ਵਰ੍ਹੇ ਹਿੰਦੂ ਪੰਚਾਂਗ ਅਨੁਸਾਰ ਦਿਵਾਲੀ 23 ਅਕਤੂਬਰ ਦਿਨ ਮੰਗਲਵਾਰ ਨੂੰ ਅਰਥਾਤ 14 ਕੱਤਕ 1669 ਵਾਲੇ ਦਿਨ ਆਈ ਸੀ । ਪਰ ਜਿਵੇਂ ਸਿੱਖ ਇਤਿਹਾਸਕਾਰ ਦਾਵਾ ਕਰਦੇ ਹਨ ਤੇ ਮੱਸਿਆ ਵਾਲੇ ਦਿਨ ਦਾ ਰੋਲਾ ਪਾਉਂਦੇ ਹਨ ਉਹ ਗਲਤ ਸਾਬਤ ਹੁੰਦਾ ਹੈ ਕਿਉਂਕਿ ਹਿੰਦੂ ਪੰਚਾਗ ਕੈਲੰਡਰ ਅਨੁਸਾਰ 1612 ਸੰਨ ਅਰਥਾਤ ਕੱਤਕ 1669 ਸੰਮਤ ਵਿੱਚ ਮੱਸਿਆ 24 ਅਕਤੂਬਰ ਦੀ ਸੀ; ਅਰਥਾਤ ਦਿਵਾਲੀ ਵਾਲੇ ਦਿਨ ਦੀ ਨਹੀਂ ਸੀ। ਮੈਂ ਆਪਣੇ ਤੱਥ ਦੇ ਪਰਮਾਣ ਵਜੋਂ ਬਤੌਰ ਸਬੂਤ ਹਿੰਦੂ ਕੈਲੰਡਰ ਦੀ ਅਧਿਕਾਰਤ ਫੋਟੋ ਹੇਠਾਂ ਦੇ ਰਿਹਾਂ ਹਾਂ :


ਇਹ ਪੰਚਾਗ 23 ਅਕਤੂਬਰ 1612, 14 ਕੱਤਕ ਸੰਮਤ 1669 ਦਾ ਵਿਸ਼ੇਸ਼ ਤੌਰ 'ਤੇ ਘਡਾਇਆ ਹੈ, ਤਾਂ ਜੋ ਉਸੇ ਦਿਨ ਦਾ ਤਿਓਹਾਰ ਅਤੇ ਪੂਰੇ ਦਿਨ ਦਾਤ ਵਰਨਣ ਮਿਲੇ । ਇਸ ਵਿੱਚ ਦਿਨ ਦਾ ਪੂਰਾ ਵਿਵਰਣ ਖੱਬੇ ਪਾਸੇ ਹੈ ਤੇ ਉਸ ਦੇ ਸੱਜੇ ਪਾਸੇ ਮਹੀਨੇ ਦਾ ਕੈਲੰਡਰ ਹੈ :

ਹਿੰਦੂ ਕੈਲੰਡਰ ਮੁਤਾਬਕ 1614 ਨੂੰ ਦਿਵਾਲੀ 1 ਨਵੰਬਰ ਦਿਨ ਛਨਿੱਚਰ ਵਾਰ ਨੂੰ ਅਰਥਾਤ 14 ਕੱਤਕ 1671 ਸੰਮਤ ਨੂੰ ਬਣਾਈ ਗਈ ਸੀ ।

ਅਤੇ 1619 ਨੂੰ ਦਿਵਾਲੀ ਮੰਗਲਵਾਰ 5 ਨਵੰਬਰ ਦੀ ਸੀ ਤੇ ਦੇਸੀ ਮਹੀਨੇ ਅਨੁਸਾਰ ਕੱਤਕ 14, 1676 ਸੰਮਤ ਨੂੰ ਬਣਾਈ ਗਈ ਸੀ। ਇਸ ਦਿਨ ਵੀ ਮੱਸਿਆ ਨਹੀਂ ਸੀ।

ਆਓ ਹੁਣ ਇਸ ਉਪਰੋਕਤ ਤੱਥਾਂ ਦੇ ਅਧਾਰ 'ਤੇ, ਜਿਸ ਅਧਾਰ ਰਾਹੀਂ ਸਾਰੇ ਇਤਿਹਾਸਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਨਾਲ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਦਾਵਾ ਕਰਦਾ ਹੈ ਇਨ੍ਹਾਂ ਸਭਨਾ ਦੇ ਦਾਅਵਿਆਂ ਦੀ ਪੁਸ਼ਟੀ ਹੁੰਦੀ ਹੈ ਜਾਂ ਨਹੀਂ; ਤੇ ਗੱਲ ਕਰੀਏ । ਇਨ੍ਹਾਂ ਵਿੱਚੋਂ ਕਿਸੇ ਵੀ ਹਵਾਲੇ ਨਾਲ, ਚਾਹੇ ਉਹ ਦਿੱਲੀ ਦਰਬਾਰ ਦੇ ਮੁਗ਼ਲ ਲਿਖਾਰੀਆਂ ਦੇ ਹਵਾਲੇ ਹੋਣ ਜਾਂ ਸਿੱਖ ਇਤਿਹਾਸਕਾਰਾਂ ਦੇ ਹਵਾਲੇ ਕਿਸੇ ਰਾਹੀਂ ਵੀ ਇਹਨਾਂ ਤਿੰਨਾਂ ਹੀ ਦਾਅਵਿਆਂ ਦੇ ਹੱਕ ਵਿੱਚ ਕੋਈ ਵੀ ਪਰਮਾਣ ਨਹੀਂ ਮਿਲਦਾ ਹੈ। ਇਤਿਹਾਸ ਕਾਰ ਮਸਿਆ ਦਾ ਤੇ ਮਸਿਆ ਵਾਲੇ ਦਿਨ ਦਿਵਾਲੀ ਦੀ ਦਾ ਲਿਖਤੀ ਕੋਈ ਸਬੂਤ ਨਹੀਂ ਦਿੰਦੇ ਤੇ ਨਾ ਹੀ ਤਾਰੀਖ ਦੱਸਦੇ ਹਨ। ਕੋਈ ਵੀ ਇਤਿਹਾਸ ਦਾ ਵਿਦਿਆਰਥੀ ਇਸ ਗੱਲ ਦੀ ਪੁਸ਼ਟੀ ਇਤਿਹਾਸਕ ਗ੍ਰੰਥਾਂ ਰਾਹੀਂ ਕਰ ਸਕਦਾ ਹੈ ਕਿ ਇਨ੍ਹਾਂ ਦੇਸੀ ਮਿਤੀਆਂ ਵਿਚਲਾ ਭਾਰਤ ਦਾ, ਪੰਜਾਬ ਦਾ, ਮੁਗ਼ਲ ਸ਼ਾਸਕ ਦਾ ਇਤਿਹਾਸ ਕੀ ਕਹਿੰਦਾ ਹੈ ? ਇਤਿਹਾਸ ਦੇ ਵਿਦਿਆਰਥੀਆਂ ਲਈ ਹੁਣ ਜਦ ਮੈ ਦਿਵਾਲੀ ਦੀਆਂ ਅਸਲ ਮਿਤੀਆਂ ਅਤੇ ਥਿਤਾਂ ਕੱਢ ਲਿਆਉਂਦਿਆਂ ਹਨ ਤਾਂ ਹੁਣ ਇਹ ਕੋਈ ਔਖੀ ਗੱਲ ਨਹੀਂ ਰਹਿ ਗਈ ਹੈ।

ਸਿੱਖ ਇਤਿਹਾਸ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਸਿੱਧਾ ਸ੍ਰੀ ਅੰਮ੍ਰਿਤਸਰ ਆਏ ਹੀ ਨਹੀਂ ਸਨ। ਦੂਜਾ, ਇਹ ਵੀ ਇਤਿਹਾਸਕ ਤੱਥ ਪਰਮਾਣਿਤ ਕਰਦੇ ਹਨ ਕਿ ਜਿਸ ਦਿਨ ਦਿਵਾਲੀ ਹੁੰਦੀ ਹੈ ਅਰਥਾਤ ਕੱਤਕ ਵਦੀ 30 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਨਹੀਂ ਸਨ। ਤੀਜਾ, ਜਿਸ ਮਸਿਆ ਦੀ ਦੀਵਾਲੀ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਪਰੋਕਤ ਫੋਟੋ ਵਿੱਚ ਉਸੇ ਮਹੀਨੇ ਦਾ ਕੈਲੰਡਰ ਇਹ ਸਾਬਤ ਕਰਦਾ ਹੈ ਕਿ ਦਿਵਾਲੀ ਉਸ ਦਿਨ ਨਹੀਂ ਸੀ। ਜਿਵੇਂ ਕਿ ਝੂਠ ਚਲਦਾ ਆ ਰਿਹਾ ਹੈ ਇਸ ਝੂਠ ਨੂੰ ਇਹ ਤੱਥ ਇੰਝ ਝੂਠ ਸਾਬਤ ਕਰਦਾ ਹੈ ਕਿ ਹੁਣ ਜੇ ਮਸਿਆ ਵਾਲੇ ਦਿਨ ਗੁਰੂ ਸਾਹਿਬ ਦੀ ਰਿਹਾਈ ਹੋਈ ਸੀ ਤਾਂ ਉਹ ਦਿਵਾਲੀ ਤੋਂ ਇਕ ਦਿਨ ਬਾਅਦ ਦਾ ਸੀ। ਦੂਜਾ ਝੂਠ ਇਹ ਕਿ ਜੇ ਦਿਵਾਲੀ ਵਾਲੇ ਦਿਨ ਗੁਰੂ ਸਾਹਿਬ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਨ ਤਾਂ ਫਿਰ ਉਸ ਦਿਨ ਮਸਿਆ ਹੈ ਹੀ ਨਹੀਂ ਸੀ ਤਾਂ ਫਿਰ ਹੁਣ ਮਸਿਆ ਵਾਲੇ ਦਿਨ ਹੀ ਦਿਵਾਲੀ ਮਨਾਈ ਜਾ ਰਹੀ ਹੈ ਜਿਸ ਦਿਨ, ਗੁਰੂ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਾਵੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਆਏ ਹੀ ਨਹੀਂ ਸਨ ।

ਰਹਿ ਗਈ ਚੌਥੇ ਦਾਵੇ ਦੀ ਗੱਲ ਤਾਂ ਇਹ ਕੱਤਕ ਮਹੀਨਾ ਅਤੇ ਮੱਸਿਆ ਦਾ ਦਿਨ ਹਮੇਸ਼ਾਂ ਹੀ 12 ਅਕਤੂਬਰ ਤੋਂ ਬਾਅਦ ਅਤੇ 15 ਨਵੰਬਰ ਤੋਂ ਪਹਿਲਾਂ ਦਾ ਹੁੰਦਾ ਹੈ। ਦਸੰਬਰ ਦਾ ਤਾਂ ਉੱਕਾ ਹੀ ਨਹੀਂ ਹੁੰਦਾ ਤੇ ਸਿੱਖ ਇਤਿਹਾਸਕ ਲਿਖਤਾਂ ਇਹ ਸਾਬਤ ਕਰਦੀਆਂ ਹਨ ਕਿ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਸੰਬਰ ਮਹੀਨੇ ਨੂੰ ਸ੍ਰੀ ਅੰਮ੍ਰਿਤਸਰ ਪੁੱਜੇ ਸਨ। ਸੰਨ ਕਿਹੜਾ ਸੀ ਇਸ ਦਾ ਉਪਰੋਕਤ ਅਨੁਸਾਰ ਵਿਵਾਦ ਚਲਦਾ ਹੀ ਆ ਰਿਹਾ ਹੈ। ਤੇ ਮੇਰੇ ਇਸ ਲੇਖ ਦਾ ਮਕਸਦ ਇਸ ਵਿਵਾਦ ਵਿੱਚ ਨਾ ਪੈ ਕੇ ਇਹ ਸਾਬਤ ਕਰਨਾ ਹੈ ਕਿ ਦਿਵਾਲੀ ਦਾ ਸਬੰਧ ਕਿਸੇ ਵੀ ਤਰ੍ਹਾਂ ਸਿੱਖਾਂ ਨਾਲ ਨਹੀਂ ਹੈ। ਇਹ ਗੁਰਮਤਿ ਤੋਂ ਉਲਟ ਹੀ ਨਹੀਂ ਸਗੋਂ ਗੁਰਮਤਿ ਨੂੰ ਮਾਰ ਮੁਕਾਉਣ ਵਾਲੀ ਸੋਚ ਅਧੀਨ ਜਬਰੀ ਸਿੱਖਾਂ ਤੇ ਖੁਦ ਸਿੱਖ ਸੰਸਥਾਵਾਂ ਵਲੋਂ ਠੋਸਿਆ ਜਾ ਰਿਹਾ ਹੈ। ਜਿਸ ਨੂੰ ਮਨਾਉਣਾ ਅਤੇ ਇਸ ਨੂੰ ਮਨਾਉਣ ਲਈ ਦਿੱਤੇ ਜੇ ਰਹੇ ਝੂਠ ਪਰਮਾਣਾ ਦੇ ਅਧਾਰ ਤੇ ਸਿੱਖਾਂ ਉਪਰ ਧੱਕੇ ਨਾਲ ਠੋਸਨਾ ਕਿ ਹੁਣ ਸਿੱਖਾਂ ਨੂੰ ਛੱਡ ਦੇਣਾਂ ਚਾਹੀਦਾ ਹੈ।

ਇਸ ਲਈ ਦਿਵਾਲੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ "ਬੰਦੀ ਛੋੜ” ਦਿਵਸ ਨਾਲ ਜੋੜਨਾ ਸਿੱਖ ਇਤਿਹਾਸ ਅਤੇ ਸਿੱਧਾਂਤ ਨਾਲ ਕੁਕਰਮ ਕਰਨਾ ਹੈ । ਇਹ ਕੁਕਰਮ ਉਵੇਂ ਦਾ ਹੀ ਹੈ ਜਿਵੇਂ ਦਾ ਇਹ ਪ੍ਰਚਾਰ ਪ੍ਰਚਾਰਿਆ ਜਾਂਦਾ ਹੈ ਕਿ ਉਨ੍ਹਾਂ ਨੇ 52 ਕਲੀਆਂ ਵਾਲਾ ਚੋਲਾ ਸੁਆ ਕੇ ਕਿਲੇ ਅੰਦਰ ਬੰਦੀ ਬਣਾਏ ਗਏ ਸਿਰਫ਼ 52 ਰਾਜਿਆਂ ਨੂੰ ਹੀ ਆਪਣੇ ਨਾਲ ਛਡਵਾਇਆ। ਇੰਝ ਕਹਿ ਅਤੇ ਪਰਚਾਰ ਕੇ ਇਤਿਹਾਸਕਾਰ ਤੇ ਕਥਾਕਾਰ ਗੁਰੂ ਸਾਹਿਬ ਨੂੰ ਰਜਵਾੜਿਆਂ ਦਾ ਹੀ ਗੁਰੂ ਸਾਬਤ ਕਰਨ ਤੇ ਤੁਲੇ ਹੋਏ ਹਨ। 52 ਕਲੀਆਂ ਰਾਹੀਂ 52 ਰਾਜਿਆਂ ਨੂੰ ਹੀ ਕੈਦ ਤੋਂ ਮੁਕਤ ਕਰਵਾਉਣ ਵਾਲਾ ਇਹ ਤੱਥ ਗਲਤ ਹੈ। 52 ਕਲੀਆਂ ਵਾਲਾ ਚੋਲਾ ਪਾ ਕੇ ਗੁਰੂ ਸਾਹਿਬਾਨ ਨੇ ਆਪਣੇ ਨਾਲ ਸਾਰੇ ਹੀ ਹੋਰ ਮਜ਼ਲੂਮ ਕੈਦੀਆਂ ਨੂੰ ਵੀ ਆਪਣੇ ਚੋਲੇ ਦੇ ਗਲਾਵੇ ਵਿੱਚ ਲੈ ਕੇ ਰਿਹਾਈ ਦਿਵਾਈ ਹੈ, ਜਿਸ ਕਰਕੇ ਹੀ ਸਤਿਗੁਰੂ "ਬੰਦੀ ਛੋੜ” ਅਖਵਾਏ ਹਨ। ਇਹ ਨਾਮ ਜਾਂ ਨਾਮ ਨਾਲ ਵਿਸ਼ੇਸ਼ਣ ਗਵਾਲੀਅਰ ਕਿਲ੍ਹੇ ਦੇ ਕੈਦ ਖਾਨੇ ਦੇ ਕੋਤਵਾਲ ਨੇ ਗੁਰੂ ਸਾਹਿਬ ਨੂੰ ਇਸੇ ਲਈ ਦਿੱਤਾ ਸੀ ਕਿ ਉਸ ਦਾ ਸਾਰਾ ਹੀ ਕੈਦ ਖ਼ਾਨਾ ਗੁਰੂ ਸਾਹਿਬ ਖਾਲੀ ਕਰਵਾ ਕੇ ਰਿਹਾ ਹੋਏ ਸਨ। ਇਸ ਇਤਿਹਾਸਕ ਸੱਚ ਅਤੇ ਤੱਥ ਨੂੰ ਵੀ ਸਿੱਖ ਇਤਿਹਾਸਕਾਰ, ਵਿਦਵਾਨ ਅਤੇ ਸਿੱਖ ਸਮਾਜ ਸਮਝ ਹੀ ਨਹੀਂ ਸਕਿਆ ਹੈ। ਜਿਸ ਕਰਕੇ ਉਹ ਸਿਰਫ਼ ਨਾਅਰੇਬਾਜ਼ੀ ਦੀ ਪਰੰਪਰਾ ਵਿੱਚ ਪਿਆ ਹੀ ਅੰਨੀ ਸ਼ਰਧਾ ਨੂੰ ਹੀ ਆਪਣੇ ਪਿੰਡੇ ਤੇ ਹੰਢਾਈ ਫਿਰਦਾ ਕਦੇ "300 ਸਾਲ ਗੁਰੂ ਦੇ ਨਾਲ” ਦਾ ਜਲੂਸ ਕੱਢੀ ਫਿਰਦਾ ਹੈ ਤੇ ਹੁਣ 400 ਸਾਲ ਬੰਦੀ ਛੋੜ ਦਾ ਜਲੂਸ ਆਪਣੀ ਗੁਰਮਤਿ ਦਾ ਦਿਵਾਲਾ ਕੱਢਣ ਲਈ "ਦਿਵਾਲੀ”ਤੇ ਕੱਢਣ ਲਈ ਤਿਆਰ ਬਰ ਤਿਆਰ ਫਿਰਦਾ ਹੈ। "ਗੁਰ ਸ਼ਬਦ ਗੁਰੂ” ਫਿਰ ਕਿਸ ਤਰ੍ਹਾਂ ਸਿੱਖ ਸਮਾਜ ਵਿੱਚ ਆਪਣੀ ਗੁਰਮਤਿ ਨੂੰ ਸਥਾਪਿਤ ਕਰ ਸਕਦਾ ਹੈ ? ਇਸ ਦੀ ਕਿਸੇ ਨੂੰ ਵੀ ਪਰਵਾਹ ਨਹੀਂ ਹੈ।

ਜਿਸ ਦਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਨ ਤਾਂ ਖੁਸ਼ੀ ਅਤੇ ਸੁਆਗਤ ਵਿੱਚ ਬਾਬਾ ਬੁੱਢਾ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਦੀਪ ਮਾਲਾ ਕੀਤੀ ਸੀ। ਜੰਤਰੀ ਦੇ ਤੱਥ ਇਹ ਸਾਬਤ ਕਰਦੇ ਹਨ ਕਿ ਉਸ ਦਿਨ ਦਿਵਾਲੀ ਕਤਈ ਨਹੀਂ ਸੀ।

ਇਹ ਵੀ ਸਿੱਖ ਇਤਿਹਾਸ ਪ੍ਰਮਾਣਿਤ ਕਰਦਾ ਹੈ ਕਿ ਇਸ ‘ਦੀਪ ਮਾਲਾ ਕਰਨ ਵਾਲੇ ਦਿਨ ਤੋਂ ਬਾਅਦ’ ਕਦੇ ਵੀ ਉਸੇ ਮਹੀਨੇ ਦੀ ਉਸ ਮਿਤੀ ਵਾਲੇ ਦਿਨ ਤੇ ਸ੍ਰੀ ਦਰਬਾਰ ਸਾਹਿਬ ਵਿੱਚ ਉਸ ਇਕ ਵਾਰ ਦੀ ਘਟਨਾ ਤੋਂ ਬਾਅਦ ਕਦੇ ਵੀ ਦੁਬਾਰਾ ਗੁਰੂ ਸਾਹਿਬਾਨ ਦੇ ਜਿਉਂਦੇ ਜੀਓ ਅਤੇ ਸੱਤਵੀ ਪਾਤਸ਼ਾਹੀ ਤੋਂ ਲੈ ਕੇ ਦਸਵੀ ਪਾਤਸ਼ਾਹੀ ਦੇ ਜੀਵਨ ਕਾਲ ਦੋਰਾਨ ਦੀਪਮਾਲਾ ਨਹੀਂ ਕੀਤੀ ਗਈ। ਸਿੱਖ ਕੌਮ ਵਲੋਂ ਉਸ ਦਿਨ ਨੂੰ ਸਥਾਈ ਰੂਪ ਵਿੱਚ ਫਿਰ ਕਦੇ ਵੀ ਨਹੀਂ ਮਨਾਇਆ ਗਿਆ। ਜੇ ਇਹ ਦਿਨ ਦਿਹਾੜ ਗੁਰੂ ਸਾਹਿਬਾਨਾਂ ਦੇ ਆਪਣੇ ਜੀਵਨ ਕਾਲ ਦੌਰਾਨ ਕਦੇ ਵੀ ਨਹੀਂ ਬਣਾਇਆ ਗਿਆ ਤਾਂ ਫਿਰ ਸਿੱਖ ਹੁਣ ਇਸ ਨੂੰ ਕਿਸ ਅਧਾਰ ਤੇ ਬਣਾਉਣ ਦਾ ਦਾਵਾ ਕਰੀ ਜਾਂਦੇ ਹਨ ਤੇ ਕਿਉਂ ? ਗੁਰਮਤਿ ਦ੍ਰਿਸ਼ਟੀਕੋਣ ਤੋਂ ਅਜਿਹਾ ਕਰਨਾ ਠੀਕ ਵੀ ਨਹੀਂ ਸੀ । ਜਿਸ ਦਾ ਸਪਸ਼ਟ ਮਤਲਬ ਹੈ ਕਿ ਇਹ ‘ਦੀਪ ਮਾਲਾ ਕਰਨ’ ਦਾ ਕੋਈ ਸਥਾਈ ਪ੍ਰਬੰਧ, ਜਾਂ ਰਿਵਾਜ ਜਾਂ ਤਿਉਹਾਰ ਨਹੀਂ ਬਣਾਇਆ ਗਿਆ। ਉਹ ਸਿਰਫ਼ ਉਸੇ ਇੱਕ ਦਿਨ ਮਾਤਰ ਲਈ ਹੀ ਸੀ ਅਤੇ ਨਾ ਕਿ ਹਮੇਸ਼ਾਂ ਉਸੇ ਦਿਨ ਦੀਪਮਾਲਾ ਦੀ ਕੋਈ ਪਿਰਤ ਪਾਉਣ ਲਈ ਹੀ ਸੀ । ਦਿਵਾਲੀ ਮਨਾਉਣ ਵਾਸਤੇ ਤਾਂ ਉੱਕਾ ਹੀ ਨਹੀਂ ਸੀ ਕਿਉਂਕਿ ਦਿਵਾਲੀ ਉਸ ਦਿਨ ਹੈ ਹੀ ਨਹੀਂ ਸੀ। ਕੈਲੰਡਰ ਇਸ ਗੱਲ ਦੀ ਸਪਸ਼ਟ ਅਤੇ ਪਰਮਾਣਿਤ ਗਵਾਹੀ ਭਰਦੇ ਹਨ।

ਫਿਰ ਸਿੱਖ ਇਸ ਪਰਮਾਣਿਤ ਤੱਥ ਨੂੰ ਅਣਗੌਲਿਆ ਕਿਉਂ ਕਰਦੇ ਹਨ ? ਤੇ ਸੰਸਾਰ ਨੂੰ ਆਪਣੀ ‘ਮੰਦ ਬੁੱਧੀ’ ਹੋਣ ਦਾ ਅਤੇ ਬੌਧਿਕ, ਧਾਰਮਿਕ, ਸਭਿਅਤਾ ਪੱਖੋਂ ਅਤੇ ਗੁਰਮਤਿ ਪੱਖੋਂ ਅਗਿਆਨੀ, ਮਾਨਸਿਕ ਰੋਗੀ ਹੋਣ ਦਾ ਪਰਮਾਣ ਆਪ ਹੀ ਕਿਉਂ ਬਣੀ ਅਤੇ ਦਈ ਜਾਂਦੇ ਹਨ ? ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਦਰਬਾਰੀ ਰਿਕਾਰਡ ਜੋ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਅਤੇ ਪਰਮਾਣਿਕ ਦਸਤਾਵੇਜ਼ ਮੁਹੱਈਆ ਕਰਦੇ ਹਨ, ਸਿੱਖ ਇਤਿਹਾਸ ਕਾਰਾਂ ਪਾਸ ਮੌਜੂਦ ਹਨ। ਉਨ੍ਹਾਂ ਵਿੱਚ ਸਿੱਖ ਕੌਮ ਵਲੋਂ ਧਾਰਮਿਕ ਪੱਧਰ ਤੇ ਬਤੌਰ ਧਾਰਮਿਕ ਦਿਨ ਦਿਹਾਰ ਦੇ 1830 ਤਕ ਅੰਮ੍ਰਿਤਸਰ ਵਿੱਚ ਦੀਵਾਲੀ ਮਨਾਏ ਜਾਣ ਦਾ ਕੋਈ ਜ਼ਿਕਰ ਨਹੀਂ ਹੈ। ਪਰ ਪਤਾ ਨਹੀਂ ਫਿਰ ਵੀ ਇਹ ਲੋਕ ਕਿਉਂ ਨਹੀਂ ਸੱਚ ਬੋਲਦੇ ?

ਸਿੱਖ ਇਤਿਹਾਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅੰਮ੍ਰਿਤਸਰ ਵਿੱਚ ਦੀਵਾਲੀ ਦਾ ਤਿਉਹਾਰ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਨਹੀਂ ਸੀ ਮਨਾਇਆ ਜਾਂਦਾ। ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ਤੋਂ ਪਹਿਲਾਂ ਕਿਸੇ ਵੀ ਸਿੱਖ ਸ੍ਰੋਤ ਗ੍ਰੰਥ ਵਿੱਚ ਇਸ ਦਾ ਕੋਈ ਵੀ ਪਰਮਾਣ ਨਹੀਂ ਮਿਲਦਾ ਹੈ।

ਸਿੱਖਾਂ ਦੇ ਸਿਰਾਂ ਦੇ ਮੁੱਲ ਵੱਟੇ ਜਾ ਰਹੇ ਸਨ। ਸਿੱਖਾਂ ਲਈ ਸਮਾਜਿਕ ਤੋਰ ਤੇ ਸਮਾਜਿਕ ਪ੍ਰਬੰਧਕੀ ਹਕੂਮਤੀ ਖ਼ਾਕੇ ਵਿੱਚ ਰਹਿਣਾ ਮੁਮਕਿਨ ਨਹੀਂ ਸੀ, ਇਸ ਲਈ ਸਿੱਖ ਆਪਣੇ ਬਚਾਓ ਲਈ ਅਨਮਤੀਆਂ ਦੇ ਕਿਸੇ ਵੀ ਤਿਓਹਾਰ ਜਾਂ ਦਿਨ ਦਿਹਾਰ ਦੇ ਇਕੱਠਾਂ ਨੂੰ ਆਪਣੀਆਂ ਗੁਪਤ ਬੈਠਕਾ ਕਰਨ ਲਈ ਅਤੇ ਆਪਣੀ ਹੋਂਦ ਨੂੰ ਸਮਾਜ ਵਿੱਚ ਪ੍ਰਗਟਾਉਣ ਲਈ ਇਨ੍ਹਾਂ ਇਕੱਠਾ ਦਾ ਇਸਤੇਮਾਲ ਕਰਦੇ ਚਲੇ ਜਾਂਦੇ ਸਨ। ਉਨ੍ਹਾਂ ਦਾ ਮਕਸਦ ਇਨ੍ਹਾਂ ਤਿਉਹਾਰਾਂ ਨੂੰ ਜਾਂ ਦਿਨ ਦਿਹਾਰਾਂ ਨੂੰ ਮਨਾਉਣਾ ਨਹੀਂ ਸੀ ਹੁੰਦਾ। ਸਗੋਂ ਆਪਣੀ ਹਸਤੀ ਅਤੇ ਕਿਰਦਾਰ ਨੂੰ ਪ੍ਰਗਟਾਉਣਾ ਹੁੰਦਾ ਸੀ ਤੇ ਹਾਂ, ਅਜਿਹੀ ਪਿਰਤ ਅਵੱਸ਼ ਚਲੀ ਆ ਰਹੀ ਸੀ ।

ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਤੋਂ ਬਾਅਦ; ਬ੍ਰਾਹਮਣਾ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਵਿਖੇ ਦਿਵਾਲੀ ਦਾ ਤਿਉਹਾਰ ਪੰਡਤਾਂ ਦੀ ਰਹਿਨੁਮਾਈ ਵਿੱਚ ਅਰੰਭ ਕੀਤਾ। ਹਰ ਸਾਲ ਦੀਵਾਲੀ ਦੇ ਦਿਨ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਪੰਡਤਾਂ ਨੂੰ ਪੈਸੇ, ਗਊਆਂ ਤੇ ਹੋਰ ਦਾਨ ਦੇਣ ਦੀ ਚੋਖੀ ਲੰਮੀ ਤਫ਼ਸੀਲ ਵੀ ਦਰਬਾਰੀ ਰਿਕਾਰਡ ਵਿੱਚੋਂ ਮਿਲਦੀ ਹੈ। ਮਹਾਰਾਜੇ ਨੇ ਆਪਣੀਆਂ ਜ਼ਨਾਨੀਆਂ ਤੋਂ ਕਰਵਾ ਚੌਥ ਦੇ ਵਰਤ ਵੀ ਰਖਵਾਏ ਤੇ ਸਰਾਧ ਵੀ ਕਰਵਾਏ। ਇਹ ਉਹ ਬ੍ਰਹਿਮਣੀਕਲ ਕਰਮ ਕਾਂਡਾਂ, ਰੀਤੀ ਰਿਵਾਜਾਂ ਦਾ ਉਹ ਦੌਰ ਸਿੱਖ ਮਹਾਰਾਜੇ ਵਲੋਂ ਆਰੰਭ ਕੀਤਾ ਜਾਂਦਾ ਹੈ ਜਿਸ ਨਾਲ "ਗੁਰਮਤਿ” ਪ੍ਰਣਾਲੀ ਦਾ ਖੰਡਨ ਕਰਦੇ ਹੋਏ ਸਿੱਖੀ ਦੇ ਵਿਹੜੇ ਵਿੱਚ ਬ੍ਰਾਹਮਣ ਨੂੰ ਰਾਜ ਦੀ ਤਾਕਤ ਰਾਹੀਂ ਸਥਾਪਿਤ ਕਰ ਦਿੱਤਾ ਜਾਂਦਾ ਹੈ। ਇਹ ਉਹ ਕਰਮ ਹਨ ਜੋ ਸਿੱਖ ਧਰਮ ਅਤੇ ਸਭਿਅਤਾ ਦੀ ਵੱਖਰੀ ਅੱਡਰੀ ਸੁਤੰਤਰ "ਗੁਰਮਤਿ” ਪਹਿਚਾਣ ਤੇ ਪ੍ਰਸ਼ਨ ਚਿੰਨ੍ਹ ਲਾ ਦਿੰਦੇ ਹਨ। ਇੰਜ ਸਿੱਖ ਮਨੋਬਿਰਤੀ ਹਿੰਦੂ ਕਰਮ ਕਾਂਡੀ ਅਤੇ ਬਾਹਮਣੀ ਮਨੋਬਿਰਤੀ ਦੀ ਕੈਦ ਵਿੱਚ ਪਹੁੰਚ ਜਾਂਦੀ ਹੈ ਤੇ "ਗੁਰਮਤਿ” ਵਰਤਾਰਾ ਲਗਾਤਾਰ ਸੁੰਗੜਦਾ ਹੀ ਚਲਾ ਜਾਂਦਾ ਹੈ। ਜੋ ਅੱਜ ਤਕ ਉਹੀ ਮਹਾਰਾਜੇ ਵਾਲੇ ਬ੍ਰਹਿਮਣੀਕਲ ਕੁਕਰਮ ਸਿੱਖ ਸ਼੍ਰੋਮਣੀ ਸੰਸਥਾਵਾਂ ਨੇ ਜਾਰੀ ਰੱਖੇ ਹੋਏ ਹਨ ਤੇ ਇਨ੍ਹਾਂ ਨੂੰ ਲਗਾਤਾਰ ਪੀਡਾ ਕਰੀ ਜਾ ਰਹੇ ਹਨ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾ ਜਾਣ ਤੋਂ ਬਾਅਦ ਜਦ ਗੁਰਿਆਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਸਾਹਿਬ ਜੀ ਪਾਸ "ਜੋਤਿ ਅਤੇ ਜੁਗਤਿ” ਦੇ ਸੰਕਲਪ ਵਿੱਚ ਆ ਗਈ ਤਾਂ ਦਿੱਲੀ ਦੀ ਹਕੂਮਤ ਨੂੰ ਭਾਜੜਾਂ ਪੈ ਗਈਆਂ। ਦਿੱਲੀ (ਦਰਬਾਰ) ਸਰਕਾਰ ਨੇ ਯਕ ਦਮ ਮਾਤਾ ਸੁੰਦਰੀ ਜੀ ਨੂੰ ਅਤੇ ਉਨ੍ਹਾਂ ਵਲੋਂ ਗੋਦ ਲਏ ਲੜਕੇ ਨੂੰ ਆਪਣੀ ਸ਼ਰਣ ਵਿੱਚ ਲੈ ਲਿਆ ਸੀ। ਮਾਤਾ ਸੁੰਦਰੀ ਜੀ ਨੇ ਹੀ ਭਾਈ ਮਨੀ ਜੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਗ੍ਰੰਥੀ ਨੀਅਤ ਕੀਤਾ ਸੀ। ਦਿੱਲੀ ਦਰਬਾਰ ਦਾ ਹੀ ਰਾਜ ਲਾਹੌਰ ਦਰਬਾਰ ਤੇ ਚਲ ਰਿਹਾ ਸੀ ਅਰਥਾਤ ਦਿੱਲੀ ਸਰਕਾਰ ਦਾ ਹੀ ਲਾਹੌਰ ਸੂਬਾ ਸੀ ਤੇ ਮਾਤਾ ਜੀ ਅਤੇ ਭਾਈ ਮਨੀ ਸਿੰਘ ਜੀ ਇਨ੍ਹਾਂ ਦੀ ਸਹਿਮਤੀ ਅਤੇ ਸ਼ਰਣ ਵਿੱਚ ਸਨ। ਇਹ ਸਿੱਖ ਇਤਿਹਾਸ ਦੀ ਇਕ ਕੌੜੀ ਸੱਚਾਈ ਹੈ। ਗੁਰਮਤਿ ਤੋਂ ਉਲਟ ਇਕ ਵਾਰ ਅਜਿਹਾ ਹੀ ਵਰਤਾਰਾ ਅਰਥਾਤ ਦਿਵਾਲੀ ਤੇ ਇਕੱਠ ਕਰਨ ਦਾ ਭਾਈ ਮਨੀ ਸਿੰਘ ਜੀ ਨੇ ਵੀ ਮਾਤਾ ਸੁੰਦਰੀ ਜੀ ਦੀ ਓਟ ਨਾਲ ਕੀਤਾ ਹੈ। ਜਿਸ ਤੇ ਵੀ ਹਕੂਮਤੀ ਪ੍ਰਭਾਵ ਦੇ ਸਪਸ਼ਟ ਪ੍ਰਮਾਣ ਮਿਲਦੇ ਹਨ।

ਪੂਰਾ ਗੁਰ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਪਾਤਸ਼ਹੀਆਂ ਦੇ ਜਿਉਂਦੇ ਜੀਉ ਕਦੇ ਵੀ ਦੁਬਾਰਾ ਉਸੇ ਦਿਨ ਸ੍ਰੀ ਦਰਬਾਰ ਸਾਹਿਬ ਦੀ ਦੀਪ ਮਾਲਾ ਨਹੀਂ ਕੀਤੀ ਗਈ, ਜਿਸ ਦਿਨ ਬਾਬਾ ਬੁੱਢਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਦੀਪ ਮਾਲਾ ਕੀਤੀ ਸੀ। ਬਾਬਾ ਬੁੱਢਾ ਜੀ ਵਲੋਂ ਉਹ ਇੱਕ ਦਿਨ ਲਈ ਵਕਤੀ ਸੁਆਗਤ ਹਿੱਤ ਕੀਤੀ ਕਾਰਵਾਈ ਗੁਰੂ ਕਾਲ ਦੇ ਸਮੇਂ ਵਿੱਚ ਹੀ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਬਣ ਗਈ ਹੋਵੇ ਇਸ ਨੂੰ ਪਰਮਾਣਿਤ ਕਰਨ ਲਈ ਕੋਈ ਪਰਮਾਣ ਗੁਰੂ ਕਾਲ ਦੇ ਇਤਿਹਾਸ ਵਿੱਚ ਨਹੀਂ ਮਿਲਦਾ ਹੈ। ਇਸ ਲਈ ਇੱਕ ਦਿਨ ਦੀ ਘਟਨਾ ਨੂੰ "ਗੁਰਮਤਿ ਆਸ਼ੇ ਅਤੇ ਨਿਸ਼ਾਨੇ ਦੇ ਐਨ ਉਲਟ ਅਤ ਵਿਰੁਧ” "ਤਿਉਹਾਰ” ਬਣਾ ਕੇ ਸਥਾਪਿਤ ਨਹੀਂ ਕੀਤਾ ਜਾ ਸਕਦਾ। ਨਾ ਹੀ ਸਿੱਖਾਂ ਨੂੰ ਇੰਝ ਕਰਨਾ ਹੀ ਚਾਹੀਦਾ ਹੈ।

ਸਿੱਖਾਂ ਦੇ ਤਿਉਹਾਰ ਅਤੇ ਦਿਨ ਦਿਹਾੜੇ ਬਾਕੀ ਸਮਕਾਲੀ ਸਮਾਜ ਤੋਂ ਬਿਲਕੁਲ ਵੱਖਰੇ ਅਤੇ ਨਿਆਰੇ ਗੁਰੂ ਸਾਹਿਬਾਨਾਂ ਵਲੋਂ ਆਪ ਹੀ ਕਰ ਦਿੱਤੇ ਗਏ ਹਨ। ਜਿਸ ਗੱਲ ਅਤੇ "ਤਿਉਹਾਰਾਂ ਦੇ ਸਿੱਖ ਸੰਕਲਪ” ਨੂੰ ਹਰ ਇੱਕ ਗੁਰ ਸਿੱਖ ਅਤੇ ਵਿਦਵਾਨ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਜੇ ਸਿੱਖ ਅਤੇ ਸਿੱਖ ਸਮਾਜ ਆਪੋ ਆਪਣੀ "ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨ੍‍ ਸਿਰ ॥ ਉਡਿ ਉਡਿ ਰਾਵਾ ਝਾਟੈ ਪਾਇ ॥ ਵੇਖੈ ਲੋਕੁ ਹਸੈ ਘਰਿ ਜਾਇ ॥ ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ ਪਛਾੜਹਿ ਧਰਤੀ ਨਾਲਿ ॥”465 ਵਾਲੀ ਬਿਪਰਵਾਦੀ ਪ੍ਰਵਿਰਤੀ ਅਤੇ "ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥ ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ॥ ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ॥ ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥ ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥” 950 ਵਾਲੀ ਅਵਸਥਾ ਨੂੰ ਛੱਡ ਹੀ ਨਹੀਂ ਸਕਦੇ, ਤਾਂ ਫਿਰ ਉਹ "ਗੁਰਮਤਿ” ਅਤੇ "ਗੁਰ ਸ਼ਬਦ” ਦੀ ਅਗਵਾਈ ਨੂੰ ਕਿਵੇਂ ਧਾਰਨ ਕਰ ਸਕਦੇ ਹਨ ? ਜਿਸ ਦਾ ਕਾਰਨ ਵੀ ਭਾਈ ਗੁਰਦਾਸ ਜੀ ਵਾਰ 15ਵੀ ਵਿੱਚ ਇੰਝ ਦਸ ਰਹੇ ਹਨ ਕਿ "ਕੁਤਾ ਰਾਜ ਬਹਾਲੀਐ ਚਕੀ ਚਟਣ ਜਾਹਿ ਅਨ੍ਹੇਰੇ॥” ਇਸ ਲਈ ਵਾਰ 35ਵੀ ਵਿੱਚ ਭਾਈ ਗੁਰਦਾਸ ਜੀ ਵਲੋਂ ਕਹੇ ਇਹ ਬਚਨ ਕਮਾਉਣ ਵਾਲੇ ਲੋਕ :

"ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥ ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ॥ ਚੋਆ ਚੰਦਨੁ ਪਰਹਰੈ ਖਰੁ ਖੇਹ ਪਲਟੈ॥ ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ॥ ਆਪਣ ਹਥੀਂ ਆਪਣੀ ਜੜ ਆਪਿ ਉਪਟੈ ॥1॥

ਅਜਿਹੇ ਗੁਰਮਤਿ ਵਿਰੁਧ ਕੰਮ ਅਤੇ ਕਰਮ ਕਰਾਉਣ ਵਾਲੇ ਲੋਕ ਸਿੱਖੀ ਦਾ ਹੀ ਖਾ ਕੇ, ਗੁਰੂ ਕੀ ਗੋਲਕ ਵਿੱਚੋਂ ਹੀ ਪਲ ਕੇ ਅਤੇ ਸਿੱਖਾਂ ਵਲੋਂ ਹੀ ਆਪਣੀਆਂ ਸਿੱਖ ਸੰਸਥਾਵਾਂ ਤੇ ਚੁਣ ਕੇ ਭੇਜਣ ਤੋਂ ਬਾਅਦ ‘ਨਿਜ ਗਰਜੀ ਅਤੇ ਲੋਭੀ’ ਹੋ ਕੇ ਬਾਰ ਬਾਰ ਸਿੱਖ ਧਰਮ ਦੇ ਬੁਨਿਆਦੀ ਅਤੇ ਮੂਲ ਸੰਕਲਪਾਂ,ਸਿੱਧਾਂਤਾਂ ਦੀ ਨਖੇਦੀ ਕਰਦੇ, ਖਿੱਲੀ ਉਡਾਉਣ ਵੱਲ ਤੁਰ ਪੈਂਦੇ ਹਨ। ਜੋ ਸਿੱਖਾਂ ਦਾ ਆਪਣਾ ਅੰਦਰੂਨੀ ਕੁ ਕਿਰਦਾਰ ਬਣ ਚੁਕਾ ਹੈ।

ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੂੰ ਇਹ ਗੱਲ ਕਤਈ ਨਹੀਂ ਭੁਲਣੀ ਚਾਹੀਦੀ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਰਿਹਾ ਹੋ ਕੇ ਸਿੱਧੇ ਗੋਇੰਦਵਾਲ ਸਾਹਿਬ ਗਏ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਆਏ ਸਨ। ਜਦ ਗੁਰੂ ਸਾਹਿਬ ਸਿੱਧਾ ਪਹੁੰਚੇ ਹੀ ਗੋਇੰਦਵਾਲ ਸਾਹਿਬ ਸਨ ਤਾਂ ਫਿਰ ਦੀਪ ਮਾਲਾ ਤਾਂ ਉੱਥੇ ਕਰਨ ਦੀ ਲੋੜ ਹੁੰਦੀ, ਪਰ ਉੱਥੇ ਉਸ ਦਿਨ ਕੋਈ ਦੀਪ ਮਾਲਾ ਨਹੀਂ ਕੀਤੀ ਗਈ। ਸਤਿਗੁਰੂ ਜੀ ਸਹਿਜ ਸੁਭਾ ਆਪਣੇ ਨਿਵਾਸ ਤੇ ਪਹੁੰਚੇ ਅਤੇ ਰਹਿਣ ਲੱਗ ਗਏ। ਕੋਈ ਤਿਉਹਾਰੀ ਪੱਧਰ ਤੇ ਖੁਸ਼ੀ ਦਾ ਦਿਨ ਸਿੱਖਾਂ ਨੇ ਨਹੀਂ ਮਨਾਇਆ। ਇਸ ਗੱਲ ਦੀ ਵੀ ਗਵਾਹੀ ਸਮਕਾਲੀ ਸਿੱਖ ਇਤਿਹਾਸ ਹੀ ਭਰ ਰਿਹਾ ਹੈ।

ਗੁਰੂ ਸਾਹਿਬ ਜੀ ਇੰਝ ਜਦ ਗਵਾਲੀਅਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਧੇ ਆਏ ਹੀ ਨਹੀਂ ਸਨ ਤਾਂ ਫਿਰ ਇੰਝ ‘ਝੂਠ’ ਕਿਉਂ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਗਵਾਲੀਅਰ ਤੋਂ ਸਿੱਧੇ ਦਰਬਾਰ ਸਾਹਿਬ ਪਹੁੰਚੇ ਹਨ ? ਤੱਥ ਅਧਾਰਤ ਸੱਚ ਇਹ ਹੈ ਜਿਸ ਦੀ ਗਵਾਹੀ ਸਮਕਾਲੀ ਇਤਿਹਾਸ ਵੀ ਭਰਦਾ ਹੈ ਅਤੇ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਸੰਬਰ ਮਹੀਨੇ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਪੁੱਜੇ ਸਨ। ਉਸ ਸਾਲ ਦਾ ਕਲੰਡਰ ਜਾਂ ਜੰਤਰੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਉਸ ਦਿਨ ਹਿੰਦੂ ਮਤ ਵਿੱਚ ਮਨਾਈ ਜਾਂਦੀ ਦੀਵਾਲੀ ਨਹੀਂ ਸੀ ਤੇ ਨਾ ਹੀ ਇਹ ਸਿੱਖ ਮਤ ਵਿੱਚ ਅਪਣਾਈ ਗਈ ਸੀ।

ਜਦ ਤੋਂ ਹਿੰਦੂ ਮਤ ਅਧੀਨ ਦਿਵਾਲੀ ਦਾ ਪ੍ਰਚਲਣ ਸ਼ੁਰੂ ਹੋਇਆ ਓਦੋਂ ਤੋਂ ਲੈ ਕੇ ਅੱਜ ਤਕ ਹਿੰਦੂ ਮਤ ਅਨੁਸਾਰ ਦਿਵਾਲੀ ‘ਕੱਤਕ ਬਦੀ 30 ਥਿੱਤ ਦਾ ਤਿਉਹਾਰ’ ਹੈ ਤੇ ਉਸੇ ਮੁਤਾਬਕ ਹੀ ਮਨਾਇਆ ਜਾਂਦਾ ਹੈ। ਜੋ ‘ਲਕਸ਼ਮੀ’ ਅਰਥਾਤ ‘ਮਾਇਆ’ ਜਾਂ ‘ਧੰਨ’ ਦੀ ਪੂਜਾ ਕਰਨ ਦਾ ਤਿਉਹਾਰ ਹੈ। ਗੁਰਮਤਿ ਵਿੱਚ ‘ਧੰਨ’ ਜਾਂ ‘ਮਾਇਆ’ ਦੀ ਜਾਂ ਕਿਸੇ ਵੀ ਮੂਰਤੀ ਦੀ ਪੂਜਾ ਦਾ ਨਿਸ਼ੇਧ ਹੈ। ਇੱਥੋਂ ਤਕ ਕਿ ਗੁਰਮਤਿ ਤਾਂ ‘ਪੂਜਾ’ ਦੇ ਵਿਉਹਾਰ ਨੂੰ ਹੀ ਨਹੀਂ ਸਵੀਕਾਰਦੀ ਹੈ।

ਇਨ੍ਹਾਂ ਸੱਚ ਅਧਾਰਤ ਤੱਥਾਂ ਦੀ ਗਵਾਹੀ ਤੋਂ ਬਾਅਦ ਇਸ ਝੂਠ ਦੇ ਅਧਾਰ ਤੇ ਜਬਰਦਸਤੀ ਸਿੱਖ ਕੌਮ ਉਪਰ ਬਿਪਰਵਾਦੀ ਪ੍ਰਭਾਵ ਦੀ ਗੁਲਾਮੀਅਤ ਅਤੇ ਸੋਚ ਰਾਹੀਂ ਤਬਦੀਲ ਕੀਤੀ ਜਾਂਦੀ ਮਨੋਬਿਰਤੀ ਵਾਲੇ ਇਸ ਤਿਉਹਾਰ ‘ਦਿਵਾਲੀ’ ਨੂੰ ਮਨਾਉਣਾ, ਸਿੱਖਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਹੈ। ਇਹ ਗੁਰਮਤਿ ਦੇ ਉਲਟ ਹੀ ਨਹੀਂ ਸਗੋਂ ਸਿੱਖਾਂ ਨੂੰ "ਸ਼ਬਦ ਗੁਰੂ” ਤੋਂ ਤੋੜ ਕੇ ਬੁੱਤ ਪ੍ਰਸਤ ਬਣਾਉਂਦਾ ਹੈ।

ਇਸੇ ਲਈ ਮੇਰੀ ਬੇਨਤੀ ਹੈ ਕਿ ਇਸ ਦਿਹਾੜੇ ਦੀ ਹੁਣ 400 ਸਾਲਾ ਸ਼ਤਾਬਦੀ ਬਣਾਉਣ ਵੇਲੇ ਤਖ਼ਤ ਸਾਹਿਬਾਨਾਂ ਨੂੰ ਆਪੋ ਆਪਣੀ ਪਹੁੰਚ ਨੂੰ ਸੁਧਾਰ ਲੈਣਾ ਚਾਹੀਦਾ ਹੈ। ਮੁੜ ਮੁੜ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ । ਗੁਰੂ ਗ੍ਰੰਥ ਸਾਹਿਬ ਜੀ ਦੀ 400 ਸਾਲਾ ਸ਼ਤਾਬਦੀ ਵੇਲੇ ਵੀ ਇੰਝ ਦੀ ਹੀ ਗਲਤੀ ਕੀਤੀ ਗਈ ਸੀ। ਜਿਸ ਤੋਂ ਮੈਂ ਅਗਾਹ ਵੀ ਕੀਤਾ ਸੀ ਕਿ "ਪੋਥੀ ਦੇ ਪ੍ਰਕਾਸ਼ ਦੀ ਸ਼ਤਾਬਦੀ ਦਾ ਦਿਨ ਤਾਂ ਹੈ ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ 400 ਸਾਲਾ ਸ਼ਤਾਬਦੀ ਦਾ ਦਿਨ ਨਹੀਂ ਹੈ ਕਿਉਂਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਗੁਰਗੱਦੀ 1708 ਵਿੱਚ ਮਿਲੀ ਹੈ। ਨਾ ਹੀ ਇਹ ਦਿਹਾੜਾ "ਸ਼ਬਦ ਗੁਰੂ” ਦੀ ਸ਼ਤਾਬਦੀ ਦਾ ਬਣਦਾ ਹੈ ਕਿਉਂਕਿ "ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥”943 ਅਗਵਾਈ ਦਾ ਇਲਹਾਮ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਹੀ ਕਰ ਕੇ ਗਏ ਹਨ। ਫਿਰ ਵੀ ਗਲਤ ਅਤੇ ਇਤਿਹਾਸ ਨੂੰ ਠੁਕਰਾਉਣ ਵਾਲੀ ਤੇ ਝੂਠ ਨੂੰ ਸਥਾਪਿਤ ਕਰ ਕੇ ਦਿਖਾਉਣ ਵਾਲੀ ਬਾਲਾ ਦਸਤੀ, ਸਿੱਖ ਸੰਸਥਾਵਾਂ ਅਤੇ ਇਨ੍ਹਾਂ ਵਲੋਂ ਲਾਭ ਪ੍ਰਾਪਤ ਬੁੱਧੀ ਜੀਵੀਆਂ ਨੇ ਕਰ ਦਿਖਾਈ ਸੀ। ਹੁਣ ਫਿਰ ਇਸੇ ਦਾ ਡਰ ਹੈ।

ਇੰਝ ਸਿੱਖ ਖੁਦ ਹੀ ਆਪਣੀ ਵਿਲੱਖਣਤਾ ਅਤੇ ਗੁਰਮਤਿ ਸਭਿਅਤਾ ਦਾ ਆਪਣੇ ਹੱਥੀਂ ਹੀ ਬੀਜ ਨਾਸ਼ ਕਰਨ ਵੱਲ ਉਤਾਰੂ ਹੋਏ ਫਿਰਦੇ ਹਨ। ਜਿਸ ਕਰਕੇ ਸਭ ਕੁਝ ਹੀ ਬਦਲਿਆ ਤੇ ਬਿਪਰਵਾਦੀ ਸਥਾਪਿਤ ਕੀਤਾ ਜਾ ਰਿਹਾ ਹੈ। ਸਿੱਖ ਸਮਾਜ ਦੇ ਜਿੰਮੇਵਾਰ ਕਰਤਾ ਧਰਤਾਵਾਂ ਦੀਆਂ ਅਜਿਹੀਆਂ ਹੀ ਗੁਰਮਤਿ ਵਿਰੁਧ ਗੱਲਾਂ ਨੇ 1839 ਤੋਂ ਲੈ ਕੇ ਅੱਜ ਤਕ ਦੇ ਸਮੇਂ ਵਿੱਚ ਸਿੱਖ ਸਭਿਅਤਾ ਦੇ ਗੁਰੂ ਸਾਹਿਬਾਨਾਂ ਵਲੋਂ ਉਭਾਰੇ ਅਤੇ ਸਥਾਪਿਤ ਕੀਤੇ ਨਕਸ਼ ਨੁਹਾਰ ਬਦਲ ਕੇ ਰੱਖ ਦਿੱਤੇ ਹਨ। ਸਿੱਖਾਂ ਦਾ ਅੱਡਰੇਪਣ ਅਤੇ ਵਿਲੱਖਣਤਾ ਵਾਲੇ "ਸੈਭੰ” ਪ੍ਰਗਟਾਵੇ ਦਾ ਨਸਲ ਘਾਤ ਕਰ ਦੇਣ ਵਾਲਾ ਇਹ ਸਮਾਂ ਕਾਲ ਹੈ। ਜਿਸ ਤੇ ਸਿੱਖਾਂ ਨੇ ਕਦੇ ਕੋਈ ਸ਼ੋਧ ਹੀ ਨਹੀਂ ਕਰਨ ਦੀ ਖੇਚਲ ਕੀਤੀ। ਸੁਤੰਤਰ ਚਿੰਤਨ ਦੀ ਮੰਗ ਕਰਦਾ ਹੈ ਮੇਰਾ ਇਹ ਖੁਲਾਸਾ ਕਿ 1839 ਤੋਂ 2013 ਤਕ ਦਾ ਸਮਾਂ ਸਿੱਖ ਕੌਮ ਨੂੰ ਲਗਾਤਾਰ ਹਰਾਉਣ ਵਾਲਾ ਅਤੇ ਇਕ ਤੋਂ ਬਾਅਦ ਇਕ ਅਸਫਲਤਾ ਰੂਪੀ "ਹਾਰਾਂ” ਦੇਣ ਵਾਲਾ ਉਹ ਸਮਾਂ ਹੈ; ਜਦੋਂ ਸਿੱਖ ਵਲੋਂ ਆਪਣੇ ਚੁਣੇ ਲੀਡਰਾਂ ਨੇ ਹੀ ਸਿੱਖਾਂ ਨੂੰ, ਸਿੱਖ ਕੌਮ ਨੂੰ ਲਗਾਤਾਰ ਹਰਵਾਇਆ ਹੈ। ਇਹੋ ਸਮਾ ਕਾਲ ਵਿਚਲਾ ਸਿੱਖ ਲੀਡਰਸ਼ਿਪ ਦਾ ਚਾਲ ਚਲਣ ਹੀ ਉਹ ਮੁੱਖ ਕਾਰਨ ਹੈ ਕਿ ਸਿੱਖ ਆਪਣੀ ਰਹੁ-ਰੀਤ ਦੀ ਨਿਰਾਲੀ, ਵੱਖਰੀ, ਅੱਡਰੀ, ਸੁਤੰਤਰ ਅਤੇ ਮੌਲਿਕ ਪ੍ਰਭੁ ਸਤਾ ਧਾਰੀ ਖ਼ਾਲਸਤਾਈਤਾ ਵਾਲੀ ਗੁਰਮਤਿ ਪਾਤਸ਼ਾਹੀ ਦੀ ਚਾਲ ਦੇ "ਗਾਡੀ ਰਾਹ” ਤੇ ਤੁਰਨਾ ਭੁੱਲ ਚੁਕੇ ਹਨ। ਹੁਣ ਸਿੱਖ ਕੇਵਲ ਤੇ ਕੇਵਲ ਸੱਤਾਧਾਰੀ ਸਰਕਾਰੀ ਚਾਲ ਚਲਣ ਨੂੰ ਹੀ ਅਪਣਾਉਨਾਂ ਆਪਣਾ ਧਰਮ ਸਮਝਣ ਲੱਗ ਪਏ ਹਨ। ਗੁਰਮਤਿ ਸਭਿਆਚਾਰ ਦੀ ਸਥਾਪਨਾ ਦੇ ਰਾਹ ਵਿੱਚ ਇਹ ਸਭ ਤੋਂ ਵੱਡੀ ਰੁਕਾਵਟ ਬਣ ਚੁਕੀ ਹੈ। ਇਸ ਥੁੜ ਵਿੱਚੋਂ ਹੀ ਖ਼ਾਲਸਤਾਨੀਅਤ ਦੀ ਸਰਬਪੱਖੀ ਖ਼ਾਲਸਤਾਈ ਵਿਚਾਰਧਾਰਾ ਬਤੌਰ ਖ਼ਾਲਸਾਵਾਦ ਦੇ ਨਾਨਕਸ਼ਾਹੀ ਪ੍ਰਗਟਾਵੇ ਦੀ ਲੋੜ ਦੀ ਪੂਰਤੀ ਕਰਨ ਦੀ ਗੰਭੀਰਤਾ ਮਹਿਸੂਸ ਕਰਾਉਂਦੀ ਹੈ।

ਜਦ ਇਤਿਹਾਸ ਇਸ ਦੀ ਪੁਸ਼ਟੀ ਕਰਦਾ ਹੈ ਕਿ ਦਸੰਬਰ ਮਹੀਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਪੁੱਜੇ ਸਨ। ਉਸ ਸਾਲ ਦਾ ਕਲੰਡਰ ਜਾਂ ਜੰਤਰੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਉਸ ਦਿਨ ਦੀਵਾਲੀ ਨਹੀਂ ਸੀ। ਸਵਾਲ ਇਹ ਹੈ ਕਿ ਕੀ ਫਿਰ ਸ੍ਰੀ ਦਰਬਾਰ ਸਾਹਿਬ ਵਿੱਚ ਦਿਵਾਲੀ ਮਨਾਉਣ ਲਈ ਅਤੇ ਦਿਵਾਲੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਜੋੜ ਕੇ ਬਿਪਰਨ ਕੀ ਰੀਤ ਨੂੰ ਸਿੱਖੀ ਵਿੱਚ ਅਪਨਾਉਣ ਲਈ ਹਿੰਦੂ ਮਤ ਦੀ ਦੀਪਮਾਲਾ ਕਰ ਆਤਿਸ਼ਬਾਜ਼ੀ ਚਲਾਉਣਾ ਸਹੀ ਹੈ ? ਕੀ ਇੰਝ ਸਿੱਖਾਂ ਦਾ ਹਿੰਦੂ ਕਰਨ ਨਹੀਂ ਕੀਤਾ ਜਾ ਰਿਹਾ ? ਸਿੱਖ ਕੌਮ ਨੂੰ ਤੱਥਾਂ ਦੀ ਸੱਚਾਈ ਦੇ ਸਾਹਮਣੇ ਇਤਿਹਾਸ ਦੀ ਨਿਰਪੱਖ ਪੜਚੋਲ ਕਰ ਲੈਣੀ ਚਾਹੀਦੀ ਹੈ । ਝੂਠ ਨੂੰ ਸਥਾਪਤ ਕਰਨ ਅਤੇ ਸਿੱਖਾਂ ਨੂੰ ਹਿੰਦੁਤਵਾ ਦੀ ਭੇਂਟ ਚੜ੍ਹਾਉਣ ਲਈ ਵਿਦਵਤਾ ਦੀ ਜੋਰ ਅਜ਼ਮਾਇਸ਼ ਕਰਨ ਦੀ ਬਜਾਏ ਇਸ ਤਿਉਹਾਰ ਨੂੰ ਛੱਡਣ ਵਿੱਚ ਹੀ ਗੁਰਮਤਿ ਦਾ ਮਾਨ ਸਤਿਕਾਰ ਕਾਇਮ ਕੀਤਾ ਜਾ ਸਕਦਾ ਹੈ। ਸਿੱਖ ਕੌਮ ਨੂੰ ਹੁਣ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ :

"ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥ ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥” 515

ਹਰਿ ਦੇ ਤਖ਼ਤ ਦੀ "ਸ਼ਬਦ ਗੁਰੂ” ਦੀ ਵਿਆਖਿਆ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਦੀ ਨਾਨਕਸ਼ਾਹੀ ਸੱਤਾ ਦੀ ਪ੍ਰਭੁਤਾ ਧਾਰੀ ਸਭਿਅਤਾ ਵਾਲੇ ਸਮਾਜ ਨੂੰ ਕਾਇਮ ਕਰਨ ਵਾਲੇ ਨਿਜ਼ਾਮ ਤੋਂ ਹੀ ਸੰਸਾਰੀ ਕਰਨ ਦੇ ਪ੍ਰਬੰਧਕੀ ਨਿਜ਼ਾਮ ਦੀ ਰਾਜਨੀਤੀ ਸ਼ਾਸਤਰ ਦੇ ਸੰਕਲਪ ਦਾ ਵਰਤਾਰਾ ਨੀਅਤ ਕਰਨ ਵਾਲੇ ਪ੍ਰਬੰਧਕੀ ਨਿਜ਼ਾਮ ਦਾ ਹੀ ਬਣਦਾ ਹੈ। ਨਾਨਕਸ਼ਾਹੀ ਸੰਕਲਪ ਮਨੁੱਖਤਾ ਨੂੰ ਇਕ ਅਕਾਲ ਪੁਰਖ ਦੇ ਸੱਚ ਹੋਂਦ ਦੇ ਲਖਾਇਕ ਅਕਾਲ ਦੇ ਤਖ਼ਤ ਦੀ ਸੱਤਾ ਦੇ ਅਕਾਲ ਨਿਯਮ ਨਾਲ ਹੀ ਜੋੜਦਾ ਹੈ। ਨਾਨਕਸ਼ਾਹੀ ਅਤੇ ਅਕਾਲ ਸੱਤਾ ਦਾ ਧਰਤੀ ਤੇ ਵਰਤਾਰਾ ਆਪਣ ਵਿੱਚ ਇਕ ਮਿਕ ਹਨ, ਇਕ ਦੂਜੇ ਦੇ ਪ੍ਰਾਇਵਾਚੀ ਹਨ। ਇਸੇ ਲਈ ਸ਼ਬਦ ਗੁਰੂ ਦਾ ਨਾਨਕਸ਼ਾਹੀ ਸੰਕਲਪ ਆਪਣੇ ਸਿੱਖ ਨੂੰ ਇਹ ਹਕੀਕਤ ਸਮਝਾਉਂਦੇ ਹਨ ਕਿ

"ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥ ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥” 27

ਇਸੇ ਲਈ ਸ਼ਬਦ ਗੁਰੂ ਨੇ ਸਪਸ਼ਟ ਗੁਰਮਤਿ ਸੰਕਲਪ ਦਿੱਤਾ ਹੈ:

"ਜਿਸ ਕਾ ਰਾਜੁ ਤਿਸੈ ਕਾ ਸੁਪਨਾ ॥ ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ ॥” 179

ਜਿਹੜੀਆਂ ਗੱਲਾਂ ਅਤੇ ਕਰਨੀ ਨਾਨਕਸ਼ਾਹੀ ਖ਼ਾਲਸਤਾਈ ਸਿੱਖੀ ਦਾ ਨਿਸ਼ੇਧ ਕਰਦੀਆਂ ਹਨ, ਸਿੱਖੀ ਨੂੰ ਆਪਣੇ ਮੂਲ ਧੁਰੇ "ਗੁਰਮਤਿ” ਤੋਂ ਤੋੜਦੀਆਂ ਹਨ ਉਨ੍ਹਾਂ ਨੂੰ ਛੱਡਣ ਵਿੱਚ ਹੀ ਸਿੱਖੀ ਦਾ ਸੁਨਹਿਰਾ ਭਵਿੱਖ ਛੁਪਿਆ ਹੋਇਆ ਹੈ। ਇਸ ਤੋਂ ਬਗੈਰ ਅਸੀਂ ਆਪਣੇ ਵਰਤਮਾਨ ਨੂੰ ਨਰੋਏ, ਨਿਰਮਾਣ ਕਾਰੀ ਤੇ ਸੁਨਹਿਰੇ ਭਵਿੱਖ ਵਿੱਚ ਨਹੀਂ ਬਦਲ ਸਕਦੇ। ਸਿੱਖਾਂ ਨੂੰ ਇਹ ਸਮਝਣਾ ਹੀ ਪਵੇਗਾ ਕਿ ਉਹ ਇੰਝ ਆਪਣਾ ਵਰਤਮਾਨ ਵੀ ਗਰਕ ਕਰ ਰਹੇ ਹਨ ਤੇ ਭਵਿੱਖ ਨੂੰ ਕਤਲ ਕਰ ਰਹੇ ਹਨ।

"ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥” 57

ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. ਦੀ ਨਵੀਂ ਛਪੀ ਪੁਸਤਕ "ਸਿੱਖ ਸਭਿਅਤਾ ਦੇ ਮੂਲ ਅਧਾਰ” ਵਿੱਚੋਂ ਹੀ ਇਹ ਲੇਖ ਵੀ ਲਿਆ ਗਿਆ ਹੈ। ਇਸ ਤੋਂ ਪਹਿਲਾਂ ਦਿੱਤੇ ਲੇਖ "ਦਿਵਾਲੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ” ਨੂੰ ਆਪ ਜੀ ਪਹਿਲਾਂ ਹੀ ਪੜ੍ਹ ਚੁਕੇ ਹੋ । ਉਸੇ ਲੜੀ ਵਿੱਚ ਹੀ ਇਸ ਨੂੰ ਲਿਆ ਤੇ ਪੜਿਆ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top