Share on Facebook

Main News Page

ਅਕਾਲ-ਪੁਰਖ
-: ਵਰਿੰਦਰ ਸਿੰਘ (ਗੋਲਡੀ)

ਭਾਈ ਕਾਹਨ ਸਿੰਘ ਨਾਭਾ ‘ਮਹਾਨਕੋਸ਼’ ਵਿੱਚ ਅਕਾਲ-ਪੁਰਖ ਦੀ ਪ੍ਰੀਭਾਸ਼ਾ ਦਿੰਦੇ ਹੋਏ ਲਿਖਦੇ ਹਨ: ਉਹ ਹਸਤੀ, ਜਿਸ ਦਾ ਕਦੇ ਕਾਲ ਨਹੀਂ, ਅਵਿਨਾਸੀ ਸੱਤਾ “ਤੂ ਅਕਾਲਪੁਰਖ ਨਾਹੀ ਸਿਰਿ ਕਾਲਾ” (ਮਾਰੂ ਸੋਹਲੇ ਮ: ੧)। ਅਸੀਂ ਆਪਣੀ ਮੱਤ ਮੁਤਾਬਿਕ ਅਕਾਲ-ਪੁਰਖ ਨੂੰ ਕਈ ਨਾਵਾਂ ਨਾਲ ਜਾਣਦੇ ਹਾਂ ਜਿਵੇਂ ਰਾਮ, ਰਹੀਮ, ਅੱਲਾ, ਪ੍ਰਮਾਤਮਾ, ਮੋਹਨ, ਦਮੋਦਰ, ਗੋਬਿੰਦ, ਗੌਡ, ਵਾਹਿਗੁਰੂ ਅਤੇ ਹੋਰ ਬਹੁਤ ਸਾਰੇ ਨਾਮ। ਇਹ ਸਾਰੇ ਨਾਮ ਉਸ ਅਕਾਲ-ਪੁਰਖ ਦੇ ਗੁਣਾਂ ਨੂੰ ਦੇਖ ਕੇ ਰੱਖੇ ਗਏ ਹਨ। ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਉਸ ਦੇ ਗੁਣਾਂ ਦੀ ਹੀ ਪੂਜਾ ਸ਼ੁਰੂ ਕਰ ਦਿੱਤੀ। ਕੋਈ ਅਗਨੀ ਦੀ ਪੂਜਾ ਕਰਨ ਲੱਗ ਪਿਆ, ਕੋਈ ਹਵਾ ਦੀ , ਕੋਈ ਅਕਾਸ਼ ਦੀ ‘ਤੇ ਕੋਈ ਸੂਰਜ ਜਾਂ ਚੰਦ੍ਰਮਾ ਦੀ। ਹਰ ਇਨਸਾਨ ਨੇ ਅਕਾਲਪੁਰਖ ਨੂੰ ਆਪਣੇ-ਆਪਣੇ ਹਿਸਾਬ ਨਾਲ ਜਾਣ ਕੇ ਪੂਜਣਾ ਸ਼ੁਰੂ ਕਰ ਦਿੱਤਾ। ਜਿਸ ਚੀਜ਼ ਵਿੱਚ ਵੀ ਉਸ ਦੇ ਰੱਬੀ ਗੁਣਾਂ ਦਾ ਅਹਿਸਾਸ ਹੋਇਆ, ਉਸ ਨੂੰ ਲੋਕਾਂ ਨੇ ਰੱਬ ਸਮਝ ਕੇ ਪੂਜਿਆ, ਉਹ ਭਾਵੇਂ ਕੋਈ ਇਨਸਾਨ ਸੀ ‘ਤੇ ਭਾਵੇਂ ਸਮਝ ਵਿੱਚ ਨਾ ਆ ਸਕਣ ਵਾਲੀ ਕੋਈ ਹੋਰ ਚੀਜ਼। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਭਾਰਤ ਵਿੱਚ ਦੋ ਧਰਮ ਜ਼ਿਆਦਾ ਪ੍ਰਚੱਲਿਤ ਸਨ ਇੱਕ ਹਿੰਦੂ ਅਤੇ ਦੂਸਰਾ ਮੁਸਲਮਾਨ। ਹਿੰਦੂ ਰੱਬ ਨੂੰ ਮੂਰਤੀ ਵਿੱਚ ਸਮਝਦਾ ਸੀ ਅਤੇ ਮੁਸਲਮਾਨ ਮਸੀਤ ਵਿੱਚ। ਦੋਵਾਂ ਨੇ ਆਪਣੇ-ਆਪਣੇ ਹਿਸਾਬ ਨਾਲ ਸਵਰਗ ‘ਤੇ ਨਰਕ ਦਾ ਸੰਕਲਪ ਬਣਾਇਆ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਗਿਆਨ ਦੇ ਕੇ ਉਸ ਅਕਾਲ-ਪੁਰਖ ਦੇ ਗੁਣਾਂ ਨਾਲ ਸਾਂਝ ਪਾਉਣੀ ਸਿਖਾਈ ਅਤੇ ਗੁਰਬਾਣੀ ਦੀ ਸ਼ੁਰੁਆਤ ਹੀ ਉਸ ਦੇ ਗੁਣਾਂ ਤੋਂ ਕੀਤੀ। ਗੁਰੂ ਨਾਨਕ ਸਾਹਿਬ ਮਾਨਵਤਾ ਨੂੰ ਦੱਸਿਆ:

ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਇਹ 8 ਗੁਣ ਜਿਹੜੇ ਗੁਰੂ ਸਾਹਿਬ ਨੇ ਮੂਲ ਮੰਤਰ ਵਿੱਚ ਦੱਸੇ ਹਨ ਅਤੇ ਇਹ ਵੀ ਦੱਸਿਆ ਹੈ ਕਿ ਗੁਰਪ੍ਰਸਾਦਿ ਦੁਆਰਾ ਭਾਵ ਗੁਰੂ ਦੇ ਦਿੱਤੇ ਗਿਆਨ ਦੁਆਰਾ ਹੀ ਤੁਸੀਂ ਉਹਨਾਂ ਨਾਲ ਸਾਂਝ ਪਾ ਸਕਦੇ ਹੋ। ਉਸ ਦੇ ਗੁਣਾਂ ਦੇ ਧਾਰਨੀ ਬਣ ਕੇ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ। ਉਸ ਦੀ ਕੋਈ ਮੂਰਤ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਉਸ ਨੂੰ ਬਣਾ ਨਹੀਂ ਸਕਦਾ:

ਥਾਪਿਆ ਨਾ ਜਾਇ, ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥

ਫਿਰ ਉਸ ਦੀ ਪੂਜਾ ਕਿਵੇਂ ਹੋ ਸਕਦੀ ਹੈ? ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੇ ਸਦੀਆਂ ਤੋਂ ਰੱਬ ਦੇ ਨਾਮ ‘ਤੇ ਹੋ ਰਹੇ ਪਾਖੰਡ ਅਤੇ ਕਰਮਕਾਂਡਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹਨਾਂ ਦੁਨੀਆਂ ਨੂੰ ਦੱਸ ਦਿੱਤਾ ਕਿ “ ਹੁਕਮ ਰਜਾਈ ਚਲਨਾ” ਹੀ ਉਸ ਰੱਬ ਨਾਲ ਇੱਕ-ਮਿੱਕ ਹੋਣ ਦਾ ਇੱਕੋ-ਇੱਕ ਤਰੀਕਾ ਹੈ। ਲੋਕ ਜਿੰਨ੍ਹਾਂ ਨੂੰ ਰੱਬ ਦੇ ਅਵਤਾਰ ਸਮਝ ਕੇ ਉਹਨਾਂ ਦੀ ਪੂਜਾ ਕਰਦੇ ਸਨ, ਉਸ ਦਾ ਗੁਰੂ ਸਾਹਿਬ ਨੇ “ਅਜੂਨੀ” ਕਹਿ ਕੇ ਖੰਡਨ ਕਰ ਦਿੱਤਾ ਅਤੇ ਕਿਹਾ ਕਿ:

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥

ਜਿਹੜੇ ਲੋਕ ਰੱਬ ਦੀ ਭਾਲ ਵਿੱਚ ਜੰਗਲਾਂ, ਪਹਾੜਾਂ, ਤੀਰਥਾਂ ਅਤੇ ਦਰਿਆਵਾਂ ‘ਤੇ ਜਾਂਦੇ ਸਨ, ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਰੱਬ ਇਹਨਾਂ ਅਸਥਾਨਾਂ ‘ਤੇ ਨਹੀਂ ਹੈ, ਉਹ ਤਾਂ ਤੇਰੇ ਅੰਦਰ ਹੈ, ਬੱਸ ਰੱਬੀ ਗੁਣ ਧਾਰ ਕੇ ਪ੍ਰਗਟ ਕਰਨਾ ਹੈ। ਗੁਰੂ ਸਾਹਿਬ ਨੇ ਲੋਕਾਂ ਨੂੰ ਕਿਹਾ ਕਿ ਉਹ ਇੱਕ ਹੀ ਹੈ ਅਤੇ ਉਸੇ ਨੂੰ ਸਿਮਰਨ ਕਰਨ ਦਾ ਉਪਦੇਸ਼ ਦਿੱਤਾ:

ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥

ਗੁਰੂ ਸਾਹਿਬ ਨੇ ਮਾਨਵਤਾ ਨੂੰ ਉਪਦੇਸ਼ ਦਿੱਤਾ ਕਿ ਸਦਾ ਉਸ ਸਰਬ-ਵਿਆਪਕ, ਸਦਾਥਿਰ ਪ੍ਰਮਾਤਮਾ ਨੂੰ ਯਾਦ ਕਰੋ, ਉਸਦੇ ਗੁਣਾਂ ਨੂੰ ਯਾਦ ਕਰੋ, ਉਸਦੇ ਗੁਣਾਂ ਨੂੰ ਧਾਰਨ ਕਰਨ ਲਈ ਕਿਹਾ ਅਤੇ ਕਿਸੇ ਦੂਸਰੇ ਨੂੰ ਪੂਜਣ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਭਾਵ ਕਿ ਉਸ ਇੱਕ ਦੇ ਹੁੰਦਿਆਂ ਕਿਸੇ ਦੂਸਰੇ ਨੂੰ ਸਿਮਰਨ ਦਾ ਕੀ ਅਰਥ:

ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥

ਸਮੇਂ ਦੀ ਰਫਤਾਰ ਦੇ ਨਾਲ-ਨਾਲ ਸਿੱਖ ਹੌਲੀ-ਹੌਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੁੰਦਾ ਗਿਆ। ਨਿਰਮਲੇ ਅਤੇ ਉਦਾਸੀ ਸੰਤ ਸਿੱਖੀ ਵਿੱਚ ਬੁਰੀ ਤਰ੍ਹਾਂ ਘੁਸਪੈਠ ਕਰ ਗਏ। ਗੁਰਦਵਾਰਿਆਂ ਦਾ ਪ੍ਰਬੰਧ ਬਹੁਤ ਦੇਰ ਤੱਕ ਇਹਨਾਂ ਬ੍ਰਾਹਮਣੀ ਸੋਚ ਵਾਲੇ ਮਸੰਦਾਂ ਦੇ ਹੱਥਾਂ ਵਿੱਚ ਰਿਹਾ, ਗੁਰਦਵਾਰਿਆਂ ਵਿੱਚ ਮੂਰਤੀਆਂ ਤੱਕ ਸਥਾਪਿਤ ਕਰ ਦਿੱਤੀਆਂ ਗਈਆਂ। ‘ਗੁਰਦਵਾਰਾ ਸੁਧਾਰ’ ਲਹਿਰ ਚੱਲੀ, ਸਿੱਖਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ ਗੁਰਦਵਾਰੇ ਤਾਂ ਅਜ਼ਾਦ ਕਰਵਾ ਲਏ ਪਰ ਮਾਨਸਿਕ ਤੌਰ ‘ਤੇ ਪੂਰੀ ਅਜ਼ਾਦੀ ਕਦੇ ਵੀ ਨਾ ਪਾ ਸਕੇ। ਸਿੱਖ ਧਰਮ ਦੇ ਨਿਆਰੇਪਣ ਨੂੰ ਖਤਮ ਕਰਨ ਲਈ ਅਨੇਕਾਂ ਡੇਰੇ ਅਤੇ ਬਹੁਤ ਸਾਰੇ ਅਨਮਤੀ ਗ੍ਰੰਥ ਇਸ ਸਮੇਂ ਦੌਰਾਨ ਸਿੱਖੀ ਵਿੱਚ ਵਾੜ ਦਿੱਤੇ ਗਏ, ਜਿਹਨਾਂ ਦੀ ਵਿਚਾਰਧਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲਕੁੱਲ ਵੱਖਰੀ ਹੈ। ਗੁਰੂ ਨਾਨਕ ਦਾ ਸਿੱਖ ਵੀ ਇੱਕ ਮੂਰਤੀ ਪੂਜਕ ਅਤੇ ਤੀਰਥਾਂ ‘ਤੇ ਜਾਣ ਵਾਲਾ ਬਣ ਕੇ ਰਹਿ ਗਿਆ।

ਅੱਜ ਜਰੂਰਤ ਹੈ ਇੱਕ ਹੋਰ ਸੁਧਾਰ ਲਹਰ ਦੀ ਜਿਹੜੀ ਗੁਰਬਾਣੀ ਨਾਲੋਂ ਟੁੱਟੇ ਹੋਏ ਸਿੱਖ ਨੂੰ ਦੋਬਾਰਾ ਗੁਰਬਾਣੀ ਨਾਲ ਜੋੜੇ। ਬਹੁਤ ਸਾਰੇ ਪ੍ਰਚਾਰਕ ਅਤੇ ਸੰਸਥਾਵਾਂ ਇਸ ਪਾਸੇ ਲਗੀਆਂ ਹੋਈਆਂ ਹਨ ਕੇ ਸਿੱਖ ਨੂੰ ਦੋਬਾਰਾ ਉਸ ਦੇ ਮੂਲ ਨਾਲ ਜੋੜਿਆ ਜਾ ਸਕੇ ਅਤੇ ਬ੍ਰਾਹਮਿਨ ਦੇ ਬਨਾਏ ਅਕਾਲਪੁਰਖ ਦੇ ਸੰਕਲਪ ਵਿਚੋਂ ਨਿਕਲ ਕੇ ਗੁਰਮੱਤ ਦੇ ਅਕਾਲਪੁਰਖ ਨੂੰ ਸਮਝਿਆ ਜਾ ਸਕੇ। ਗੁਰਮੱਤ ਦਾ ਅਕਾਲਪੁਰਖ ਜਿਹੜਾ ਨਾ ਜੂਨਾ ਵਿੱਚ ਆਉਂਦਾ ਹੈ, ਨਾ ਉਸ ਦਾ ਕੋਈ ਰੂਪ ਹੈ, ਨਾ ਓਹ ਕਿੱਸੇ ਖਾਸ ਥਾਂ ਦਾ ਮੁਹਤਾਜ ਹੈ ਨੂੰ ਸਮਝਨਾ ਹਰ ਸਿੱਖ ਵਾਸਤੇ ਬਹੁਤ ਜਰੂਰੀ ਹੈ। ਅੱਜ ਬ੍ਰਾਹਮਿਨ ਦਾ ਸਿਰਜਿਆ ਹੋਇਆ ਰੱਬ ਸਾਡੇ ਦਿਲੋ ਦਿਮਾਗ ਵਿੱਚ ਇਸ ਕਦਰ ਘਰ ਕਰ ਚੁੱਕਾ ਹੈ ਕੇ ਅਸੀਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਆਖਿਆ ਵੀ ਉਸੇ ਹਿਸਾਬ ਨਾਲ ਕਰ ਰਹੇ ਹਾਂ। ਜਾਗੋ ਸਿੱਖੋ ਇਹ ਖਜਾਨਾ ਜੋ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਹਨ ਉਸ ਨੂੰ ਆਪ ਪੜੋ ਤੇ ਵਿਚਾਰੋ। ਹਰ ਸਵਾਲ ਦਾ ਜਵਾਬ ਉਸੇ ਵਿਚੋਂ ਮਿਲੇਗਾ ਬੱਸ ਗੁਰੂ ਨਾਲ ਸਾਂਝ ਪਾਓ।

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥

.......ਭੁੱਲ ਚੁੱਕ ਦੀ ਖਿਮਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top