Share on Facebook

Main News Page

ਕਰਵਾ ਚੌਥ ਬਾਰੇ ਟਿੱਪਣੀਆਂ ਦੀ ਮੁੱਖ ਪੁਜਾਰੀ ਵੱਲੋਂ ਜਾਂਚ ਦੇ ਆਦੇਸ਼

ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਕੀਤਾ

ਸੋਸ਼ਲ ਨੈੱਟਵਰਕ ਸਾਈਟ ਫੇਸਬੁੱਕ ’ਤੇ ਕੁਝ ਸਿੱਖ ਧਾਰਮਿਕ ਆਗੂਆਂ ਦੇ ਨਾਂ ’ਤੇ ਕਰਵਾ ਚੌਥ ਦੇ ਵਰਤ ਬਾਰੇ ਦਰਜ ਕੀਤੀਆਂ ਗਈਆਂ ਕੁਝ ਸਤਰਾਂ ਨੂੰ ਲੈ ਕੇ, ਸਾਬਕਾ ਭਾਜਪਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪੱਤਰ ਭੇਜ ਕੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਪੁਜਾਰੀ ਗੁਰਬਚਨ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਲਈ ਆਦੇਸ਼ ਦਿੱਤੇ ਹਨ।

ਇਸ ਸੋਸ਼ਲ ਸਾਈਟ ’ਤੇ ਅਕਾਲ ਤਖ਼ਤ ਸਾਹਿਬ ਦੇ ਲੈਟਰਪੈਡ ’ਤੇ ਕਰਵਾ ਚੌਥ ਦੇ ਵਰਤ ਖਿਲਾਫ਼ ਕੁਝ ਸਤਰਾਂ ਲਿਖੀਆਂ ਹੋਈਆਂ ਹਨ। ਇਹ ਸਤਰਾਂ ਗੁਰਬਾਣੀ ਦੀਆਂ ਤੁਕਾਂ ’ਤੇ ਆਧਾਰਤ ਹੈ, ਜਿਸ ਵਿਚ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਪਾਖੰਡੀ ਆਖਿਆ ਗਿਆ ਹੈ।

ਇਸ ਦੇ ਹੇਠਾਂ ਹਰਿਮੰਦਰ ਸਾਹਿਬ ਦੇ ਗ੍ਰੰਥੀ, ਮੁੱਖ ਗ੍ਰੰਥੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਦੇ ਅਹੁਦਿਆਂ ਨੂੰ ਦਰਸਾਉਂਦੀਆਂ ਮੋਹਰਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਉਪਰ ਕਿਸੇ ਦੇ ਵੀ ਦਸਤਖ਼ਤ ਨਹੀਂ ਹਨ। ਇਸ ਪੱਤਰ ਉਪਰ 20 ਅਕਤੂਬਰ ਦੀ ਮਿਤੀ ਅੰਕਿਤ ਹੈ।

ਪ੍ਰੋ. ਚਾਵਲਾ ਨੇ ਆਖਿਆ ਕਿ ਇਸ ਤਰ੍ਹਾਂ ਦੇ ਸੰਦੇਸ਼ ਨਾਲ ਸਮਾਜ ਵਿਚ ਕੁੜੱਤਣ ਪੈਦਾ ਹੋਵੇਗੀ ਅਤੇ ਕਰੋੜਾਂ ਲੋਕਾਂ ਦੀ ਸ਼ਰਧਾ ਨੂੰ ਠੇਸ ਪੁੱਜੇਗੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਪਤਾ ਲਾਉਣ ਕਿ ਕੀ ਇਹ ਪੱਤਰ ਠੀਕ ਹੈ ਜਾਂ ਸਿਰਫ਼ ਧਾਰਮਿਕ ਸ਼ਖ਼ਸੀਅਤਾਂ ਦੇ ਨਾਂ ਦੀ ਦੁਰਵਰਤੋਂ ਕੀਤੀ ਗਈ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਅਜਿਹਾ ਪੱਤਰ ਜਾਰੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਮਾਮਲੇ ਵਿਚ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੱਖ ਪੁਜਾਰੀ ਗੁਰਬਚਨ ਸਿੰਘ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ।

ਉਨ੍ਹਾਂ ਆਖਿਆ ਕਿ ਇਹ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਅਤੇ ਅਜਿਹੇ ਅਨਸਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਜਿਹਾ ਕਰਨ ਵਾਲਿਆਂ ਖਿਲਾਫ਼ ਪੁਲੀਸ ਕੇਸ ਦਰਜ ਕਰਾਉਣ ਲਈ ਕਹਿਣਗੇ।

ਪਰ ਸੁਆਲ ਤਾਂ ਇਹ ਹੈ ਕਿ ਸਿਖਾਂ ਦਾ ਕਰਵਾਚੌਥ ਨਾਲ ਕੀ ਸੰਬੰਧ ਹੈ। ਇਸ ਬਾਰੇ ਜੱਥੇਦਾਰ ਕਿਉਂ ਨਹੀਂ ਸਪਸ਼ਟ ਕਰਦੇ। ਗੁਰਬਾਣੀ ਦੇ ਇਨਕਲਾਬੀ ਸ਼ੰਦੇਸ਼ ਅਗੇ ਡਕੇ ਕਿਉਂ ਲਗਾਏ ਜਾ ਰਹੇ ਹਨ। ਜੇ ਜੱਥੇਦਾਰਾਂ ਦਾ ਪਤਰ ਜਾਹਲੀ ਹੈ ਤਾਂ ਇਸ ਬਾਰੇ ਕਾਰਵਾਈ ਠੀਕ ਹੈ ਪਰ ਜੱਥੇਦਾਰ ਵਰਤਾਂ ਦੇ ਗੁਰਮਤਿ ਦ੍ਰਿਸ਼ਟੀਕੋਣ ਬਾਰੇ ਕਿਉਂ ਚੁਪ ਹਨ। ਕੀ ਇਹ ਚੁਪੀ ਇਹ ਨਹੀਂ ਦਰਸਾਉਂਦੀ ਸਿੱਖ ਹਿੰਦੂ ਸਭਿਆਚਾਰ ਅਪਨਾਉਣ।

ਸ੍ਰੀ ਅਕਾਲ ਸਾਹਿਬ ਤੋਂ ਜਾਰੀ ਇਸ ਹੁਕਮਨਾਮੇ ਬਾਰੇ (ਜਿਸ ਬਾਰੇ ਕਿਸੇ ਦੇ ਦਸਤਖਤ ਨਾ ਹੋਣ ਬਾਰੇ ਪਹਿਲਾਂ ਹੀ ਕਈ ਸ਼ੰਕੇ ਸਨ) ਅੰਮ੍ਰਿਤਸਰ ਦੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਇਤਰਾਜ ਕਰਦੇ ਹੋਏ ਜੱਥੇਦਾਰਾਂ ਨੂੰ ਸ਼ਿਕਾਇਤ ਕੀਤੀ ਹੈ, ਕਿ ਉਪਰੋਕਤ ਹੁਕਮਨਾਮੇ ਵਿੱਚ ਵਰਤਾਂ ਦੀ ਵਿਰੋਧਤਾ ਕੀਤੀ ਗਈ ਹੈ, ਇਸ ਲਈ ਇਸ ਦੀ ਇਬਾਰਤ ਨਾਲ ਸਮਾਜ ਵਿੱਚ ਕੁੜੱਤਣ ਪੈਦਾ ਹੋਵੇਗੀ। ਜੱਥੇਦਾਰਾਂ ਨੇ ਵੀ ਅਖਬਾਰੀ ਖਬਰ ਅਨੁਸਾਰ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

ਭਾਵੇਂ ਕਿ ਉਪਰੋਕਤ ਹੁਕਮਨਾਮਾ ਪਹਿਲਾਂ ਹੀ ਕਿਸੇ ਦੇ ਦਸਤਖਤ ਨਾ ਹੋਣ ਕਰਕੇ ਨਕਲੀ ਜਾਪ ਰਿਹਾ ਸੀ, ਪਰ ਉਸ ਵਿੱਚਲੀ ਸ਼ਬਦਾਵਲੀ ਵਿੱਚ ਗੁਰਬਾਣੀ ਮੁਤਾਬਕ ਕੁੱਝ ਵੀ ਗਲਤ ਨਹੀਂ ਹੈ। ਬੀਬੀ ਚਾਵਲਾ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਕਾਲ ਤਖਤ ਦਾ ਹੁਕਮਨਾਮਾ ਕੇਵਲ ਸਿੱਖਾਂ ਉਪਰ ਹੀ ਲਾਗੂ ਹੁੰਦਾ ਹੈ, ਬਾਕੀ ਧਰਮਾਂ ਦਾ ਇਸ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਹਰੇਕ ਧਰਮ ਨੂੰ ਆਪਣੇ ਧਰਮ ਦੀ ਮਰਿਆਦਾ ਅਨੁਸਾਰ ਕਾਰ-ਵਿਹਾਰ ਕਰਨ ਦੀ ਪੂਰੀ ਖੁੱਲ ਹੈ।
- ਸ. ਗੁਰਮੀਤ ਸਿੰਘ ਕਾਦੀਆਨੀ

ਵਰਤ ਕਰਵਾਚੌਥ

ਵਰਤ ਕਰਵਾਚੌਥ ਅਤੇ ਹੋਰ ਵਰਤ-ਸਰੀਰਕ ਲੋੜ ਲਈ ਕਿਸੇ ਦਿਨ ਅੰਨ ਦਾ ਤਿਆਗ ਹੋਰ ਗਲ ਹੈ ਪਰ ਉਚੇਚੇ ਮਿੱਥੇ ਵਿਸ਼ਵਾਸ ਕਾਰਨ ਕਿਸੇ ਵਿਸ਼ੇਸ਼ ਦਿਨ ਅੰਨ ਨਾ ਛੱਕਣਾ ਜਾਂ ਵਰਤ ਰਖਣ ਵਾਲੇ ਹੱਠ ਕਰਮਾਂ ਨੂੰ ਗੁਰੂਦਰ ਤੇ ਕੋਈ ਥਾਂ ਨਹੀਂ। ਫ਼ੁਰਮਾਨ ਹੈ “ਅੰਨੁ ਨ ਖਾਇਆ ਸਾਦੁ ਗਵਾਇਆ” (ਪੰ: 467) ਹੋਰ ਲਵੋ “ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ” (ਪੰ: 873) ਅਤੇ “ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ” (ਪੰ: 905)। ਇਸ ਤਰ੍ਹਾਂ ਬਾਣੀ ਚੋਂ ਅਨੇਕਾਂ ਪ੍ਰਮਾਣ ਸਾਬਤ ਕਰਦੇ ਹਨ ਕਿ ਗੁਰਮਤਿ ਮੁਤਾਬਕ ਵਰਤਾਂ ਲਈ ਪੂਰੀ ਤਰ੍ਹਾਂ ਮਨਾਹੀ ਹੈ। ਇਸ ਤਰਾਂ ਵਰਤ ਆਦਿਕ ਨੂੰ ਗੁਰਮਤਿ ਵਿਚ ਕੋਈ ਮਾਨਤਾ ਨਹੀਂ ਹੈ ਹਠੀ ਕਰਮ ਕਰਦਿਆਂ ਭੋਜਨ ਆਦਿਕ ਛੱਡਣਾ ਸਰੀਰ ਨੂੰ ਦੁਖੀ ਕਰਨ ਤੋਂ ਵੱਧ ਕੁਝ ਵੀ ਨਹੀਂ ਗੁਰਬਾਣੀ ਗਿਆਨ ਨੇ ਅਜਿਹੇ ਭਰਮਾਂ ਦਾ ਖੰਡਣ ਕੀਤਾ ਹੈ ਅਤੇ ਹਰ ਤਰਾਂ ਦੇ ਵਰਤ ਦੀ ਖੰਡਣਾ ਕੀਤੀ ਹੈ।

ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥ …………………
ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥” (ਪੰਨਾ-873)
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥” (ਪੰਨਾ-905)
ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥” (ਪੰਨਾ-1099)

ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥” (ਪੰਨਾ-1136) ਇੰਨਾ ਹੀ ਨਹੀਂ ਜੇਕਰ ਵਰਤਾਂ ਨੂੰ ਪੜਚੋਲਿਆ ਜਾਵੇ ਤਾਂ ਕਿਧਰੇ ਪਤੀ ਕਾਮਨਾ ਲਈ ਵਰਤ; ਕਿਧਰੇ ਪੱਤਨੀ ਵਲੋਂ, ਪਤੀ ਦੀ ਲੰਮੀ ਉਮਰ ਲਈ ਵਰਤ; ਭਾਵ ਬਹੁਤੇ ਵਰਤਾਂ ਦਾ ਮੱਕਸਦ ਹੀ ਇਸਤ੍ਰੀ ਵਰਗ ਉਪਰ ਪੁਰਖ ਸਮਾਜ ਦੀ ਪ੍ਰਭੁਸਤਾ ਨੂੰ ਕਾਇਮ ਕਰਨਾ ਹੀ ਹੈ। ਖੈਰ! ਸਾਰੇ ਵਰਤਾਂ ਵਿਚੋਂ ਸਿੱਖ ਪ੍ਰਵਾਰਾਂ ਤੇ ਕਰਵਾਚੌਥ ਦਾ ਪ੍ਰਭਾਵ ਵਧੇਰੇ ਨਜ਼ਰ ਆਉਂਦਾ ਹੈ। ਇਸਦੇ ਨਾਲ ਇਹ ਵੀ ਠੀਕ ਹੈ ਕਿ ਸੁਲਝੇ ਸਿੱਖ ਪ੍ਰਵਾਰ, ਸਮਝ ਆ ਜਾਣ ਤੇ ਇਸਤੋਂ ਕਿਨਾਰਾ ਕਰਦੇ ਦੇਰ ਨਹੀਂ ਕਰਦੇ।

ਦੇਖਣ ਦੀ ਗਲ ਹੈ, ਕਰਵਾਚੌਥ ਦਾ ਵਰਤ ਜ਼ਾਹਿਰਾ ਤੌਰ ਤੇ ਅਕਾਲਪੁਰਖੁ ਤੋਂ ਵੀ ਨਹੀਂ ਬਲਕਿ ਚੰਦ੍ਰਮਾ ਦੇਵਤੇ ਪਾਸੋਂ ਹਰ ਸਾਲ ਸੁਹਾਗਣਾਂ ਵਲੋ, ਪਤੀ ਦੀ ਲੰਮੀ ਉਮਰ ਦੀ ਕਾਮਨਾ ਹੈ। ਅਨੇਕਾਂ ਵਰਤ ਰਖਦੀਆਂ ਦੇ ਪਤੀ ਕਾਲਵਸ ਹੋ ਜਾਂਦੇ ਹਨ ਤਾਂ ਮਜਬੂਰਨ ਵਰਤ ਬੰਦ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਫ਼ਿਰ ਵੀ ਸਮਝ ਨਹੀਂ ਆਉਂਦੀ ਜੇਕਰ ਚੰਦ੍ਰਮਾ ਸੱਚਮੁੱਚ ਹੀ ਕੋਈ ਸ਼ਕਤੀ ਜਾਂ ਦੇਵਤਾ ਹੈ ਤਾਂ ਅਜੇਹੀਆਂ ਸੁਹਾਗਣਾ ਕਦੇ ਵਿੱਧਵਾ ਹੀ ਨਾ ਹੁੰਦੀਆਂ। ਇਸਤੋਂ ਹੀ ਅਜੇਹੀਆਂ ਦੂਜੀਆਂ ਸਿੱਖ ਬੀਬੀਆਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਇਹ ਬੇਲੋੜਾ ਕਰਮ ਕਿਉਂ ਕਰ ਰਹੀਆਂ ਹਨ। ਸੱਚਮੁਚ ਜੇ ਉਨ੍ਹਾਂ ਅੰਦਰ ਗੁਰਬਾਣੀ ਦੀ ਸੋਝੀ ਹੋਵੇ ਤਾਂ ਪਹਿਲੀ ਗਲ-ਉਹ ਕਦੇ ਵਰਤ ਹੀ ਨਾ ਰਖਣ। ਦੂਜਾ-ਉਨ੍ਹਾਂ ਨੂੰ ਸਮਝ ਹੋਵੇ ਕਿ ਚੰਦ੍ਰਮਾਂ ਦੇਵਤਾ ਨਹੀਂ, ਮਾਰਣ-ਜਿਵਾਲਣ ਤੇ ਪਾਲਣਾ ਕਰਣ ਵਾਲਾ ਅਕਾਲਪੁਰਖੁ ਹੀ ਹੈ, ਹੋਰ ਕੋਈ ਨਹੀਂ। ਤੀਜਾ-ਜੋ ਵੀ ਸੰਸਾਰ 'ਚ ਆਉਂਦਾ ਹੈ, ਸੁਆਸਾਂ ਦੀ ਪੂੰਜੀ ਸਭ ਕੋਲ ਅਪਣੀ ਹੁੰਦੀ ਹੈ, ਵਰਤਾਂ ਆਦਿ ਨਾਲ ਉਮਰ ਘੱਟ-ਵੱਧ ਨਹੀਂ ਸਕਦੀ। ਚੌਥਾ- ਸਿੱਖ ਦਾ ਜੀਵਨ ਹੀ ਕਰਤੇ ਦੀ ਰਜ਼ਾ 'ਚ ਜੀਉਣਾ ਹੈ, ਮੰਗਾਂ-ਸੁਖਣਾ-ਚਾਲੀਹੇ ਜਾਂ ਹੱਠ ਕਰਮ ਸਿੱਖ ਧਰਮ ਦਾ ਅੰਗ ਨਹੀਂ ਹਨ।

ਬੇਆ ਵਟਾਉਣ ਵੇਲੇ ਬ੍ਰਾਹਮਣੀ ਵਲੋਂ ਸੁਹਾਗਣਾਂ ਤੋਂ ਬੁਲਵਾਈ ਤੇ ਸੁਣਾਈ ਜਾਂਦੀ ਕਹਾਣੀ ਚੋਂ ਹੀ ਸਾਰੀ ਗਲ ਸਮਝ 'ਚ ਆ ਜਾਵੇਗੀ। ਪਹਿਲਾਂ ਤਾਂ ਉਥੇ ਸੁਹਾਗਣ ਹੋਣ ਦੇ ਨਾਤੇ ਉਸਦਾ ਇਕੋ ਹੀ ਕੰਮ ਹੈ ਪਤੀ ਲਈ ਬੱਚੇ ਪੈਦਾ ਕਰਦੇ ਜਾਣਾ। ਦੂਜਾ-ਪਤਨੀ ਹੋਣ ਦੇ ਨਾਤੇ ਉਸਨੇ ਹਰ ਸਮੇਂ ਪਤੀ ਦੀ ਸੇਵਾ 'ਚ ਤੱਤਪਰ ਰਹਿਨਾ ਹੈ, ਇਥੋਂ ਤੀਕ ਜੇ ਪਤੀ ਸੁੱਤਾ ਹੋਵੇ ਤਾਂ ਵੀ ਹੱਕ ਨਹੀਂ ਕਿ ਉਸਨੂੰ ਜਗਾਵੇ। ਤੀਜਾ-ਉਸਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਉਸਨੇ ਪਤੀ ਦੀ ਸਾਲ 'ਚ 365 ਦਿਨ ਦਾਸੀ ਬਣ ਕੇ ਸੇਵਾ ਕਰਨੀ ਹੈ, ਇਸਦੇ ਉਲਟ ਜੇਕਰ ਇੱਕ ਦਿਨ ਵੀ ਕੋਤਾਹੀ ਹੋ ਗਈ ਤਾਂ ਪਤੀ ਨੂੰ ਹੱਕ ਹੈ, ਉਸਨੂੰ ਪਿਛੇ ਕਰਕੇ ਭਾਵੇਂ ਦਾਸੀ ਨੂੰ ਹੀ ਪਤਨੀ ਜਾਂ ਰਾਣੀ ਬਣਾ ਲਵੇ। ਚੌਥਾ-ਹਰ ਸਾਲ ਉਸਨੇ ਕਰੁਵੇ (ਮਿਟੀ ਦੇ ਕੌਰੇ ਭਾਂਡੇ ਵਿਚੋ) ਚੰਦ੍ਰਮਾ ਦੇਵਤੇ ਸਾਹਮਣੇ ਛਾਣਨੀ ਚੋਂ ਕੇਵਲ ਚੰਦ੍ਰਮਾ ਨੂੰ ਹੀ ਦੇਖਣਾ ਤੇ ਉਸਨੂੰ ਕਰੁਏ ਚੋਂ ਅਰਗ ਕਰਣੀ ਹੈ।

ਦੂਜੇ ਲਫਜ਼ਾਂ 'ਚ ਉਸਨੇ ਛਾਨਣੀ ਚੋਂ ਕੇਵਲ ਚੰਦ੍ਰਮਾ ਨੂੰ ਦੇਖਕੇ ਤੇ ਕਰੁਏ ਚੋਂ ਅਰਗ ਰਾਹੀਂ ਸਾਬਤ ਕਰਨਾ ਹੈ ਕਿ ਉਹ ਅਜ ਤੀਕ ਪਤੀਬ੍ਰਤਾ ਹੈ। ਸ਼ਾਦੀ ਤੋਂ ਪਹਿਲਾਂ ਵੀ ਤੇ ਅਜ ਵੀ ਉਹ ਕਰੁਏ (ਕੋਰੇ ਭਾਂਡੇ) ਦੀ ਤਰ੍ਹਾਂ ਕੇਵਲ ਪਤੀ ਲਈੇ ਹੀ ਸੀ ਤੇ ਅਜ ਵੀ ਉਸੇ ਨੂੰ ਹੀ ਦੇਖਦੀ ਹੈ ਜਿਵੇ ਛਾਣਨੀ ਚੋਂ ਕੇਵਲ ਚਮਦ੍ਰਮਾਂ ਨੂੰ। ਹਿਸਾਬ ਲਾਂਦੇ ਦੇਰ ਨਹੀਂ ਲਗਦੀ ਕਿ ਹਰ ਸਾਲ ਇਹ ਪ੍ਰਣ ਤੇ ਸਫ਼ਾਈ ਕੇਵਲ ਪਤਨੀ ਕੋਲੋਂ ਹੀ ਕਿਉਂ? ਕੀ ਦੂਜੇ ਪਾਸੇ ਪਤੀ ਦੇਵ ਲਈ ਅਜੇਹੀ ਲੋੜ ਨਹੀਂ ਕਿ ਉਹ ਵੀ ਪਤਨੀ-ਬ੍ਰਤ ਹੋਣ ਲਈ, ਪਤਨੀ ਨੂੰ ਕੋਈ ਅਜੇਹਾ ਸਬੂਤ ਤੇ ਸਫ਼ਾਈ ਪੇਸ਼ ਕਰਣ। ਜਿਨ੍ਹਾਂ ਦਾ ਧਰਮ ਹੈ, ਜੋ ਚਾਹੁਣ ਕਰਦੇ ਰਹਿਣ; ਪਰ ਜੋ ਸਿੱਖ ਬੀਬੀਆਂ ਕਰਵਾਚੌਥ ਰਖਦੀਆਂ ਜਾਂ ਉਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਸਾਡਾ ਕੇਵਲ ਉਨ੍ਹਾਂ ਕੋਲੋ ਸੁਆਲ ਹੈ ਕਿ ਕੀ ਗੁਰਬਾਣੀ ਇਸਤ੍ਰੀ-ਪੁਰਖ ਵਿਚਾਲੇ ਇਸ ਵਿੱਤਕਰੇ ਦੀ ਇਜਾਜ਼ਤ ਦੇਂਦੀ ਹੈ?

ਜਦਕਿ ਇਥੇ ਤਾਂ ਦੋਨਾਂ ਲਈ ਇਕੋ ਜਹੇ ਸਦਾਚਾਰਕ ਜੀਵਨ ਦਾ ਵਿਧਾਨ ਹੈ ਅਤੇ ਇਸ ਪਖੋਂ ਕਿਸੇ ਨੂੰ ਛੁੱਟ ਵੀ ਨਹੀਂ। ਇਥੇ ਦੋਨਾਂ ਲਈ ਫ਼ੁਰਮਾਣ ਹੈ “ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ” (ਪੰ: 788)। ਇਸਦੇ ਬਾਵਜੂਦ ਅਪਣੇ ਆਪ ਨੂੰ ਸਿੱਖ ਵੀ ਕਹਿਲਵਾਉਣਾ ਤੇ ਗੁਰਬਾਣੀ ਵਿਰੋਧੀ ਕਰਮਾਂ 'ਚ ਵੀ ਉਲਝੇ ਰਹਿਣਾ, ਅਪਣੇ ਆਪ ਨੂੰ ਹੀ ਧੋਖਾ ਦੇਣਾ ਹੈ। ਚੇਤੇ ਰਹੇ! ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਮਨੁੱਖ-ਮਨੁੱਖ ਲਈ ਮਾਪਦੰਡ ਵੱਖ-ਵੱਖ ਨਹੀਂ ਹਨ, ਉਥੇ ਤਾਂ ਉਹੀ ਪ੍ਰਵਾਣ ਹੈ ਜਿਸਦਾ ਜੀਵਨ ਗੁਰਬਾਣੀ ਸਿੱਖਿਆ ਅਨੁਸਾਰੀ ਹੈ। ਅਫ਼ਸੋਸ ਦੀ ਗੱਲ ਤਾਂ ਇਹ ਹੈ, ਕਿ ਬਹੁ ਗਿਣਤੀ ਦੇ ਸਭਿਆਚਾਰ ਦੇ ਪ੍ਰਭਾਵ ਹੇਠ ਸਿੱਖ ਬੀਬੀਆਂ ਵੀ ਇਸ ਫੋਕੇ ਕਰਮਕਾਂਡ ਨੂੰ ਦੇਖਾ ਦੇਖੀ ਅਪਣਾ ਰਹੀਆਂ ਹਨ ਅਤੇ ਸਾਰੀਆਂ ਰਸਮਾਂ ਰੀਤਾਂ ਹਿੰਦੂ ਇਸਤਰੀਆਂ ਵਾਂਗ ਹੀ ਕਰਦੀਆਂ ਹਨ। ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਗੁਰੂ ਸਾਹਿਬਾਨ ਦੀਆਂ ਮਹਾਨ ਸਿਖਿਆਵਾਂ ਨਾਲੋਂ, ਆਪਣੀ ਮਹਾਨ ਵਿਰਾਸਤ ਅਤੇ ਲਾਸਾਨੀ ਸ਼ਭਿਆਚਾਰ ਨਾਲੋਂ ਪੁਰਾਣਾ ਦੀਆਂ ਕਾਲਪਨਿਕ ਕਹਾਣੀਆਂ ਸਿੱਖ ਬੀਬੀਆਂ ਲਈ ਜ਼ਿਆਦਾ ਮਹਤੱਵਪੂਰਨ ਬਣ ਗਈਆਂ ਹਨ। ।ਗੁਰਬਾਣੀ ਅਸੂਲਾਂ ਅਨੁਸਾਰ ਮਨੁੱਖ ਨੂੰ ਜਿਤਨਾ ਜੀਵਨ ਪ੍ਰਾਪਤ ਹੋਇਆ ਹੈ ਉਸ ਨੂੰ ਚੰਗੇ ਢੰਗ ਨਾਲ ਜਿਉਣਾ ਚਾਹੀਦਾ ਹੈ ਨੇਕ ਕਰਮ ਅਤੇ ਸੱਚ ਨਾਲ ਜੁੜੇ ਰਹਿਣਾ ਚਾਹੀਦਾ ਹੈ। ਜੀਵਨ ਥੋੜਾ ਜਾਂ ਬਹੁਤਾ ਹੋਵੇ ਜੇ ਕਰ ਸੋਹਣੇ ਤਰੀਕੇ ਨਾਲ ਉਸ ਨੂੰ ਜੀਵਿਆ ਜਾਵੇ ਤਾਂ ਉਹ ਸਫਲਾ ਅਤੇ ਸਾਰਥਕ ਹੁੰਦਾ ਹੈ।

ਵਰਤ ਰੱਖਣ ਲਈ ਪਤੀ ਵਲੋਂ ਪੈਸੇ ਨਾ ਦੇਣ ‘ਤੇ ਲਿਆ ਫਾਹਾ

ਲੁਧਿਆਣਾ-ਗਰੀਬੀ ਕਿਸ ਕਦਰ ਸਰਾਪ ਬਣ ਸਕਦੀ ਹੈ, ਇਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦ ਇਕ ਵਿਆਹੁਤਾ ਨੇ ਕਰਵਾ ਚੌਥ ਦਾ ਵਰਤ ਰੱਖਣ ਲਈ ਪਤੀ ਤੋਂ ਪੈਸੇ ਮੰਗੇ ਤਾਂ ਪਤੀ ਦੀ ਜੇਬ ਨੇ ਇਨਕਾਰ ਕਰ ਦਿੱਤਾ। ਬੱਸ ਇੰਨੀ ਕੁ ਗੱਲ ‘ਤੇ ਵਿਆਹੁਤਾ ਨੇ ਆਪਣੇ ਹੀ ਘਰ ਵਿਚ ਪੱਖੇ ਨਾਲ ਫਾਹਾ ਲਗਾ ਕੇ ਜਾਨ ਦੇ ਦਿੱਤੀ ਜਿਸ ਕਾਰਨ ਉਸ ਦੇ ਤਿੰਨ ਬੱਚਿਆਂ ਦੇ ਸਿਰ ਤੋਂ ਵੀ ਮਾਂ ਦਾ ਸਾਇਆ ਉਠ ਗਿਆ। ਇਹ ਘਟਨਾ ਨਿਊ ਜਨਤਾ ਨਗਰ ਇਲਾਕੇ ਦੀ ਹੈ। ਸੂਚਨਾ ਮਿਲਦੇ ਹੀ ਥਾਣਾ ਸ਼ਿਮਲਾਪੁਰੀ ਮੁਖੀ ਬਰਿੰਦਰਪਾਲ ਸਿੰਘ ਪੁਲਸ ਪਾਰਟੀਆਂ ਸਮੇਤ ਮੌਕੇ ‘ਤੇ ਪਹੁੰਚੇ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਪੱਖੇ ਤੋਂ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਮ੍ਰਿਤਕਾ ਦੀ ਪਛਾਣ 38 ਸਾਲਾ ਕਾਜਲ ਦੇ ਰੂਪ ਵਿਚ ਹੋਈ ਹੈ। ਫਿਲਹਾਲ ਪੁਲਸ ਮ੍ਰਿਤਕਾ ਦੇ ਅਲਵਰ ਵਿਚ ਰਹਿਣ ਵਾਲੇ ਮਾਮਾ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ।

ਉਧਰ ਕਾਜਲ ਦੇ ਰਿਸ਼ਤੇਦਾਰਾਂ ਦਾ ਦੋਸ਼ ਸੀ ਕਿ ਕਾਜਲ ਨਾਲ ਮਾਰਕੁੱਟ ਕੀਤੀ ਜਾਂਦੀ ਰਹੀ ਹੈ, ਜਿਸ ਕਾਰਨ ਉਸ ਨੇ ਦੁਖੀ ਹੋ ਕੇ ਫਾਹਾ ਲਗਾਇਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top