Share on Facebook

Main News Page

ਅੱਜ ਦੀ ਪ੍ਰੀਖਿਆ ’ਚੋਂ ਕਿੰਨੇ ਕੁ ਪਾਸ ਹੋਣਗੇ ਸਿੱਖ…?
-: ਜਸਪਾਲ ਸਿੰਘ ਹੇਰਾਂ

ਭਾਵੇਂ ਕਿ ਸਿੱਖ ਕੌਮ ਲਈ ਹਰ ਦਿਨਾਂ ਹੀ ਪ੍ਰੀਖਿਆ ਦਾ ਦਿਨ ਤੇ ਇਮਤਿਹਾਨ ਦੀ ਘੜ੍ਹੀ ਹੁੰਦਾ ਹੈ, ਕਿਉਂਕਿ ਸਿੱਖ ਇਤਿਹਾਸ ਦਾ ਹਰ ਚੜ੍ਹਦੇ ਸੂਰਜ ਦਾ ਪੰਨਾ, ਨਵੀਂ ਚੁਣੌਤੀ, ਨਵੀਂ ਵੰਗਾਰ, ਨਵਾਂ ਸੁਨੇਹਾ ਲੈ ਕੇ ਖੁੱਲ੍ਹਦਾ ਹੈ, ਜਿਹੜਾ ਕੌਮ ਨੂੰ ਹਰ ਦਿਨ ਪਰਚਾ ਪਾਉਂਦਾ ਹੈ ਕਿ ਉਹ ਆਪਣੇ ਇਤਿਹਾਸ ਦੇ ਮੇਚੇ ਦੀ ਰਹੀ ਵੀ ਹੈ ਕਿ ਨਹੀਂ! ਅੱਜ ‘ਕਰਵਾ ਚੌਥ’ ਦਾ ਵਰਤ ਹੈ, ਜਿਸ ਨੂੰ ਸੁਹਾਗਣਾਂ ਦਾ ਦਿਨ ਮੰਨਿਆ ਜਾਂਦਾ ਹੈ ਅਤੇ ਉਹ ਆਪਣੇ ਸੁਹਾਗ ਦੀ ਲੰਬੀ ਉਮਰ ਲਈ ‘ਵਰਤ’ ਰੱਖਦੀਆਂ ਹਨ। ਹਰ ਔਰਤ ਦੀ ‘ਸੁਹਾਗਣ’ ਰਹਿਣ ਦੀ ਇੱਛਾ ਹੁੰਦੀ ਹੈ, ਅਤੇ ਉਸਦੀ ਸਭ ਤੋਂ ਵੱਡੀ ਇੱਛਾ ਹੁੰਦੀ ਹੈ ਕਿ ਉਸਦਾ ਜੀਵਨ ਸਾਥੀ, ਜੀਵਨ ਭਰ ਸਾਥੀ ਰਹੇ, ਇਸੇ ਕਰਕੇ ‘ਸਦਾ ਸੁਹਾਗਣ’ ਰਹਿਣ ਅਸੀਸ ਨੂੰ ਸਭ ਤੋਂ ਵੱਡੀ ਅਸੀਸ ਪ੍ਰਵਾਨ ਕੀਤਾ ਜਾਂਦਾ ਹੈ।

ਇਸ ਲਈ ਇਸ ਇੱਛਾ ਪੂਰਤੀ ਲਈ ਪਾਖੰਡੀ, ਆਡੰਬਰੀ ਸ਼ਕਤੀਆਂ ਨੇ ‘ਕਰਵਾ ਚੌਥ’ ਦੀ ਪਿਰਤ ਪਾਈ ਹੈ, ਜਿਸਦਾ ਲਾਹਾ ਧਾਰਮਿਕ ਤੇ ਵਪਾਰਿਕ ਧਿਰਾਂ ਬਾਖ਼ੂਬੀ ਲੈ ਰਹੀਆਂ ਹਨ। ਸਿੱਖ ਧਰਮ, ਜਿਹੜਾ ਦੁਨੀਆ ਦਾ ਸਭ ਤੋਂ ਨਵੀਨ, ਇਨਕਲਾਬੀ, ਵਿਗਿਆਨਕ ਅਤੇ ਸੱਚ ਦਾ ਪਹਿਰੇਦਾਰ ਹੈ, ਉਸਦੇ ਬਾਨੀ ਗੁਰੂ ਸਾਹਿਬਾਨ ਨੇ ਹਰ ਮਨੁੱਖ ਨੂੰ ਪਾਖੰਡਾਂ ਤੇ ਆਡੰਬਰਾਂ ਦੇ ਮੱਕੜ ਜਾਲ ਤੋਂ ਅਜ਼ਾਦ ਕਰਵਾਇਆ। ਗੁਰੂ ਸਾਹਿਬਾਨ ਨੇ ਲੁਟੇਰੇ ਅਖੌਤੀ ਧਾਰਮਿਕ ਪਾਖੰਡੀਆਂ ਵੱਲੋਂ ਲੋਕਾਂ ਨੂੰ ਝੂਠੇ ਭਰਮ ਜਾਲ ’ਚ ਫਸਾ ਕੇ ਆਪਣੀ ਲੁੱਟ ਦਾ ਸ਼ਿਕਾਰ ਬਣਾਏ ਲੋਕਾਂ ਨੂੰ ਅਕਲ ਦੇ ਕੇ, ਇਨ੍ਹਾਂ ਵਹਿਮਾਂ-ਭਰਮਾਂ, ਪਾਖੰਡਾਂ ਤੇ ਆਡੰਬਰਾਂ ਤੋਂ ਅਜ਼ਾਦ ਕਰਵਾਉਣ ਦੀ ਹਰ ਸੰਭਵ ਕੋਸ਼ਿਸ ਕੀਤੀ।

ਗੁਰੂ ਸਾਹਿਬਾਨ ਨੇ ਮਨੁੱਖ ਨੂੰ ਸੱਚੇ-ਸੁੱਚੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ। ਕਿਰਤ ਕਰਕੇ, ਨਾਮ ਜਪ ਕੇ, ਵੰਡ ਸਕਣ ਵਾਲਾ ਮਨੁੱਖ ਸਭ ਤੋਂ ਉਤਮ ਮਨੁੱਖ ਹੁੰਦਾ ਹੈ। ਦੈਵੀ ਸ਼ਕਤੀਆਂ ਅਜਿਹੇ ਮਨੁੱਖਾਂ ਦਾ ਪਾਣੀ ਭਰਦੀਆਂ ਹਨ। ਇਸ ਲਈ ਅਜਿਹੇ ਮਨੁੱਖ ਹੀ ਜਿਨ੍ਹਾਂ ਦਾ ਕਰਮ ਸੱਚਾ-ਸੁੱਚਾ ਹੈ, ਉਹ ਪ੍ਰਮਾਤਮਾ ਦੇ ਪਿਆਰੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਰਾਖ਼ੀ ਫਿਰ ਉਹ ਖ਼ੁਦ ਕਰਦਾ ਹੈ, ਉਨਾਂ ਲਈ ਕਿਸੇ ਵਰਤ ਦੀ ਸੁਰੱਖਿਆ ਦੀ ਲੋੜ ਨਹੀਂ ਰਹਿੰਦੀ। ਗੁਰੂ ਸਾਹਿਬਾਨ ਨੇ ਮਨੁੱਖ ਨੂੰ ਹਰ ਸ਼ੋਸ਼ਣ ਤੋਂ ਅਜ਼ਾਦ ਕਰਵਾਉਣ ਲਈ ਗੁਰਬਾਣੀ ਰਾਹੀਂ ਇਨਕਲਾਬੀ ਪ੍ਰੇਰਨਾ ਦਿੱਤੀ ਹੈ। ਧਾਰਮਿਕ ਰਹੁ-ਰੀਤਾਂ ਜਿਹੜੀਆਂ ਬ੍ਰਾਹਮਣਵਾਦੀ ਤਾਕਤਾਂ ਨੇ ਆਪਣੀਆਂ ਤਿਜੌਰੀਆਂ ਭਰਨ ਲਈ ਪ੍ਰਚਲਿਤ ਕੀਤੀਆਂ ਹਨ, ਉਨ੍ਹਾਂ ’ਚ ਸਿਵਾਏ ਪਾਖੰਡ ਜਾਂ ਆਡੰਬਰ ਤੋਂ ਹੋਰ ਕੁਝ ਨਹੀਂ ਹਨ।

‘ਕਰਵਾ ਚੌਥ’ ਦੇ ਵਰਤ ਨਾਲ ਪਤੀ ਦੀ ਲੰਬੀ ਉਮਰ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਜੇ ਇਹ ਦਾਅਵਾ ਸੱਚੀ-ਮੁੱਚੀ ਸੱਚਾ ਹੁੰਦਾ ਤਾਂ ਕਰਵਾ ਚੌਥ ਰੱਖਣ ਵਾਲੀ ਕੋਈ ਔਰਤ ‘ਵਿਧਵਾ’ ਨਾਂਹ ਹੁੰਦੀ। ਖੈਰ! ਹਰ ਧਰਮ ਦੀਆਂ ਆਪੋ-ਆਪਣੀਆਂ ਮਾਨਤਾਵਾਂ ਹਨ, ਸਿੱਖ ਧਰਮ ’ਚ ਹਰ ਤਰ੍ਹਾਂ ਦੇ ਕਰਮ ਕਾਂਡ ਦੀ ਮਨਾਹੀ ਹੈ। ਗੁਰੂ ਸਾਹਿਬਾਨ ਨੇ ਕਰਵਾ ਚੌਥ ਦੇ ਵਰਤ ਬਾਰੇ ਬੇਹੱਦ ਸਖ਼ਤ ਸ਼ਬਦਾਵਲੀ ’ਚ "ਛੋਡਿਹ ਅੰਨ ਕਰਹਿ ਪਾਖੰਡ॥ ਨਾ ਸੋਹਾਗਣਿ ਨਾ ਉਹਿ ਰੰਡ॥" ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਤਾਂ ਇਸ ਤੋਂ ਵਧੇਰੇ ਸਖ਼ਤ ਸਕਿਹ ਕੳਰਾੳ ਚਹਉਟਹਸ਼ਬਦਾਂ ’ਚ ਇਸ ਵਰਤ ਦੀ ਮਨਾਹੀ ਕੀਤੀ ਹੈ। ਸਿੱਖੀ ਮਨੁੱਖ ਨੂੰ ਸਿੱਧਾ-ਸਾਧੀ ਜੀਵਨ ਜਾਂਚ ਸਿਖਾਉਂਦੀ ਹੈ।

ਪ੍ਰੰਤੂ ਇਸਦੇ ਬਾਵਜੂਦ ਅੱਜ ਸਿੱਖ ਮੁੜ ਤੋਂ ਕਰਮਕਾਂਡੀ ਪਾਖੰਡੀ ਤੇ ਆਡੰਬਰੀ ਹੋ ਗਏ ਹਨ। ਟੀ. ਵੀ. ਚੈਨਲ ਨੇ, ਬਹੁਰਾਸ਼ਟਰੀ ਕੰਪਨੀਆਂ ਦੇ ਮਾਲ ਦੀ ਵਿਕਰੀ ਲਈ ਹਰ ਕਰਮਕਾਂਡ ਨੂੰ ਵੱਡਾ ਹੁਲਾਰਾ ਦਿੱਤਾ ਹੈ। ਅੱਜ ਸਿੱਖ ਪਰਿਵਾਰਾਂ ’ਚ ਹਿੰਦੂਵਾਦੀ ਕਰਮਕਾਂਡ ਪੂਰੀ ਤਰ੍ਹਾਂ ਭਾਰੂ ਹੋ ਰਹੇ ਹਨ। ਰੋਜ਼ਾਨਾ ਗੁਰਦੁਆਰੇ ਜਾਣ ਵਾਲੀਆਂ, ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੀਆਂ ਬਹੁਤੀਆਂ ਸਿੱਖ ਬੀਬੀਆਂ ਵੀ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਸ਼ਨੀ ਤੇ ਕਾਲੀ ਮਾਤਾ ਦੇ ਮੰਦਿਰ ’ਚ ਸਿੱਖ ਬੀਬੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਜੋਤਸ਼ੀਆਂ, ਤਾਂਤਰਿਕਾਂ, ਵਸਤੂ ਸ਼ਾਸਤਰਾਂ ਅਤੇ ਬਾਬਿਆਂ ਤੋਂ ਆਪਣੀ ਮੰਗ ਦੀ ਪੂਰਤੀ ਲਈ ਵਿਸ਼ੇਸ਼ ਸ਼ਬਦ ਲੈਣ ਵਾਲੇ ਸਿੱਖਾਂ ਦੀ ਗਿਣਤੀ 80 ਫ਼ੀਸਦੀ ਟੱਪ ਚੁੱਕੀ ਹੈ। ਜੋਤਸ਼ੀਆਂ ਵੱਲੋਂ ਦੱਸੀ ਨਗ ਵਾਲੀ ਮੁੰਦਰੀ ਤੋਂ ਬਿਨਾਂ ਸ਼ਾਇਦ ਹੀ ਕਿਸੇ ਸਿੱਖ ਦੀ ਉਂਗਲੀ ਖ਼ਾਲੀ ਹੋਵੇ। ਜਨਮ ਪੱਤਰੀਆਂ, ਕੁੰਡਲੀਆਂ, ਮੰਗਲੀਕ ਤੇ ਵਿਆਹ-ਸ਼ਾਦੀਆਂ ਲਈ ਦਿਨ ਤਿਉਹਾਰ ਕਢਾਉਣੇ, ਸਿੱਖਾਂ ਦੇ ਹਿੱਸੇ ਵੀ ਆ ਗਏ ਹਨ।

ਸਿੱਖਾਂ ਲਈ ਗੁਰਬਾਣੀ ਸਭ ਤੋਂ ਵੱਡੀ ਟੇਕ ਸੀ, ਪ੍ਰੰਤੂ ਅੱਜ ਉਨ੍ਹਾਂ ਦੀ ਟੇਕ ਬਾਬਿਆਂ, ਜੋਤਸ਼ੀਆਂ ਤੇ ਤਾਂਤਰਿਕਾਂ ਤੱਕ ਸੀਮਤ ਹੋ ਗਈ ਹੈ। ਵਹਿਮ-ਭਰਮ ਮਨੁੱਖ ਨੂੰ ਮਾਨਸਿਕ ਰੂਪ ’ਚ ਕੰਮਜ਼ੋਰ ਕਰਕੇ ਅਖੌਤੀ ਧਾਰਮਿਕ ਆਗੂਆਂ ਦੇ ਗੁਲਾਮ ਬਣਾਉਣ ਲਈ ਘੜ੍ਹੇ ਗਏ ਸਨ, ਪ੍ਰੰਤੂ ਵਿੱਦਿਆ ਦਾ ਚਾਨਣ ਹੋਣ, ਵਿਗਿਆਨ ਦੇ ਚਮਤਕਾਰ ਸਾਹਮਣੇ ਆਉਣ ਅਤੇ ਗੁਰਬਾਣੀ ਦੇ ਹੋਕੇ ਦੇ ਬਾਵਜੂਦ, ਮਨੁੱਖ ਇਸ ਹਨੇਰੇ ਖੂਹ ’ਚ ਡਿੱਗਣ ਲਈ ਤਿਆਰ ਰਹਿੰਦਾ ਹੈ, ਕਿਉਂਕਿ ਉਹ ਮਾਨਸਿਕ ਰੂਪ ’ਚ ਅੰਨ੍ਹੀ ਧਾਰਮਿਕ ਆਸਥਾ ਦਾ ਗੁਲਾਮ ਰਹਿੰਦਾ ਹੈ।

ਇਸ ਮਾਨਸਿਕ ਗੁਲਾਮੀ ਦੇ ਧੂੰਦਕਾਰੇ ਤੋਂ ਛੁਟਕਾਰੇ ਲਈ ਗੁਰਬਾਣੀ ਦਾ ਲਿਸ਼ਕਾਰਾ ਤੇ ਚਾਨਣ ਇੱਕੋ ਮਾਤਰ ਚਾਨਣ ਮੁਨਾਰਾ ਹੈ, ਪ੍ਰੰਤੂ ਅੱਜ ਇਸ ਮਾਰਗ ਦੇ ਰਾਂਹੀ ਵੀ ਭਟਕ ਚੁੱਕੇ ਹਨ ਅਤੇ ਉਹ ਅਗਿਆਨੀ, ਪਾਖੰਡੀ, ਲੋਭੀਆਂ ਦੇ ਪਿਛਲੱਗ ਬਣ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਅੱਜ ਦੇ ਦਿਨ ਸਾਡੇ ਉਪਰੋਕਤ ਹੋਕੇ ਨੂੰ ਸੁਣਨ ਵਾਲਾ ਹਰ ਸਿੱਖ ਤੇ ਸਿੱਖ ਬੀਬੀ, ਇਸ ਪਾਖੰਡ ਵਿਰੁੱਧ ਉਨ੍ਹਾਂ ਸਿੱਖ ਬੀਬੀਆਂ ਨੂੰ ਇਕ ਵਾਰ ਹਲੂਣਾ ਜ਼ਰੂਰ ਦੇਵੇ, ਜਿਹੜੇ ਟੀ. ਵੀ. ਚੈਨਲ ਦੇ ਕੂੜ ਪ੍ਰਚਾਰ ਅਤੇ ਪਾਖੰਡੀ ਸ਼ਕਤੀਆਂ ਦੇ ਪ੍ਰਭਾਵ ਦਾ ਸ਼ਿਕਾਰ ਹੋ ਕੇ ਗੁਰਬਾਣੀ ਸਿਧਾਂਤਾਂ ਨੂੰ ਪਿੱਠ ਦੇ ਕੇ, ‘ਕਰਵਾ ਚੌਥ’ ਵਰਗੇ ਆਡੰਬਰ ਦਾ ਭਾਗੀਦਾਰ ਬਣ ਰਿਹਾ ਹੈ। ਗੁਰਬਾਣੀ ਸਿਧਾਤਾਂ ਦੀ ਰੋਸ਼ਨੀ ’ਚ ਮਨੁੱਖ ਨੂੰ ਗਿਆਨਵਾਨ ਬਣਾਉਣ ਲਈ ਹਰ ਪੱਧਰ ਤੇ ਉਪਰਾਲੇ ਜ਼ਰੂਰ ਤੇਜ਼ ਕਰਨੇ ਚਾਹੀਦੇ ਹਨ ਤਾਂ ਕਿ ਘੱਟੋ-ਘੱਟ ਸਿੱਖ ਵਿਹੜਿਆ ’ਚ ਇਨ੍ਹਾਂ ਪਾਖੰਡ ਤੇ ਆਡੰਬਰਾਂ ਲਈ ਕੋਈ ਥਾਂ ਨਾ ਹੋਵੇ ਅਤੇ ਸਿੱਖੀ ਦੇ ਨਿਆਰੇਪਣ ਤੇ ਨਿਰਾਲੇਪਣ ਦਾ ਕਤਲੇਆਮ ਨਾ ਹੋਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top