Share on Facebook

Main News Page

ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਸਿਆਟਲ ਵਿੱਚ ਹੋ ਰਹੇ ਸੈਮੀਨਾਰ ਦੀ ਯੂ.ਕੇ. ਦੇ ਅਖੰਡ ਕੀਰਤਨੀ ਜਥੇ ਅਤੇ ਹੋਰ ਅਨੇਕਾਂ ਜਥੇਬੰਦੀਆਂ ਵਲੋਂ ਭਰਪੂਰ ਸ਼ਲਾਘਾ

ਸੈਨਹੋਜ਼ੇ (ਤਰਲੋਚਨ ਸਿੰਘ ਦੁਪਾਲ ਪੁਰ):- ਅਸੀਂ ਸੰਨ 2003 ਵਿੱਚ ਲਾਗੂ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਅਤੇ ਮੁੜ ਬਹਾਲੀ ਲਈ 26 ਅਕਤੂਬਰ ਨੂੰ ਸਿਆਟਲ ਵਿੱਚ ਕਰਵਾਏ ਜਾ ਰਹੇ ਸੈਮੀਨਾਰ ਦੀ ਪੁਰਜ਼ੋਰ ਪ੍ਰੋੜ੍ਹਤਾ ਕਰਦੇ ਹਾਂ ਅਤੇ ਇਸ ਪੰਥਕ ਕਾਰਜ ਨੂੰ ਆਯੋਜਿਤ ਕਰਨ ਵਾਲ਼ੀਆਂ ਵਰਲਡ ਸਿੱਖ ਫੈਡਰੇਸ਼ਨ ਅਤੇ ਉਸ ਦੀਆਂ ਅਮਰੀਕਾ ਕਨੈਡਾ ਸਥਿਤ ਸਹਿਯੋਗੀ ਜਥੇਬੰਦੀਆਂ ਦੀ ਭਰਪੂਰ ਸ਼ਲਾਘਾ ਕਰਦੇ ਹਾਂ ਜੋ ਕਿ ਖਾਲਸਾ ਪੰਥ ਦੀ ਵਿਲੱਖਣ ਹਸਤੀ ਦੇ ਜਾਮਨ ਇਸ ਕੌਮੀ ਮਸਲੇ ਦਾ ਪੰਥਕ ਜੁਗਤ ਅਨੁਸਾਰ ਵਿਦੇਸ਼ਾਂ ਵਿੱਚ ਪ੍ਰਚਾਰ ਪ੍ਰਸਾਰ ਕਰ ਰਹੀਆਂ ਹਨ।

ਅਖੰਡ ਕੀਰਤਨੀ ਜਥਾ ਯੂ.ਕੇ. ਦੇ ਲੈਟਰਪੈਡ ‘ਤੇ 21 ਅਕਤੂਬਰ ਨੂੰ ਜਾਰੀ ਹੋਏ ਪ੍ਰਸੰਸਾ ਪੱਤਰ ਵਿੱਚ ਉਕਤ ਸ਼ਬਦਾਂ ਰਾਹੀਂ ਸਿਆਟਲ ਵਿੱਚ ਹੋ ਰਹੇ ਸੈਮੀਨਾਰ ਦਾ ਸੁਆਗਤ ਕਰਦਿਆਂ ਇਹ ਵੀ ਦੱਸਿਆ ਗਿਆ ਹੈ ਕਿ ਯੂ.ਕੇ. ਅਤੇ ਯੂਰਪੀਅਨ ਦੇਸ਼ਾਂ ਵਿੱਚ ਸਥਿਤ ਅਖੰਡ ਕੀਰਤਨੀ ਜਥੇ ਦੀਆਂ ਵੀਹ ਬਰਾਂਚਾਂ ਵੀ ਮੂਲ ਨਾਨਕਸ਼ਾਹੀ ਕੈਲੰਡਰ ਉੱਤੇ ਦ੍ਰਿੜ੍ਹਤਾ ਨਾਲ਼ ਪਹਿਰਾ ਦਿੰਦੀਆਂ ਆ ਰਹੀਆਂ ਹਨ। ਇਸ ਜਥੇਬੰਦੀ ਦੇ ਭਾਰਤੀ ਪ੍ਰਮੁੱਖ ਭਾਈ ਬਖਸ਼ੀਸ਼ ਸਿੰਘ ਵਲੋਂ ਨਾਨਕਸ਼ਾਹੀ ਕੈਲੰਡਰ ਦੇ ਰਚਣਹਾਰੇ ਭਾਈ ਪਾਲ ਸਿੰਘ ਪੁਰੇਵਾਲ਼ ਨੂੰ ਮੂਲ ਨਾਨਕਸ਼ਾਹੀ ਕੈਲੰਡਰ ‘ਤੇ ਪਹਿਰਾ ਦੇਣ ਦੇ ਦਿੱਤੇ ਹੋਏ ਵਚਨ ਦੀ ਪੈਰਵੀ ਕਰਦਿਆਂ ਸਿਆਟਲ ਵਿੱਚ ਹੋ ਰਹੇ ਸੈਮੀਨਾਰ ਦੀ ਸਫਲਤਾ ਵਾਸਤੇ ਤਨੋਂ ਮਨੋਂ ਸਹਾਇਤਾ ਕਰਨ ਦਾ ਭਰੋਸਾ ਵੀ ਦੁਆਇਆ ਗਿਆ ਹੈ।

ਜਥੇ ਵਲੋਂ ਯੂ.ਕੇ. ਅਤੇ ਹੋਰ ਯ੍ਰੂਰਪੀਅਨ ਦੇਸ਼ਾਂ ਦੀ ਮੰਗ ਮੁਤਾਬਿਕ ਮੂਲ ਨਾਨਕਸ਼ਾਹੀ ਕੈਲੰਡਰ ਹਜ਼ਾਰਾਂ ਦੀ ਗਿਣਤੀ ਛਾਪਣ ਦਾ ਦਾਅਵਾ ਕਰਨ ਦੇ ਨਾਲ਼ ਨਾਲ਼ ਦੇਸ਼ ਵਿਦੇਸ਼ ਦੀਆਂ ਸਮੂੰਹ ਗੁਰਦੁਆਰਾ ਕਮੇਟੀਆਂ, ਸਭਾ ਸੁਸਾਇਟੀਆਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਰੇ ਧਾਰਮਿਕ ਅਤੇ ਇਤਿਹਾਸਿਕ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣੇ ਯਕੀਨੀਂ ਬਣਾਉਣ ਦੀ ਕ੍ਰਿਪਾਲਤਾ ਕਰਨ।

ਅਖੰਡ ਕੀਰਤਨੀ ਜਥਾ ਯੂ.ਕੇ. ਦੇ ਮੁਖੀ ਭਾਈ ਰਜਿੰਦਰ ਸਿੰਘ ਪੁਰੇਵਾਲ਼ ਵਲੋਂ ਜਾਰੀ ਕੀਤੇ ਗਏ ਇਸ ਪ੍ਰਸੰਸਾ ਪੱਤਰ ਵਿੱਚ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਕੁਵੈਂਟਰੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ, ਕਾਰ ਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਬ੍ਰਿਟਿਸ਼ ਸਿੱਖ ਕੌਂਸਲ, ਨੈਸ਼ਨਲ ਹੈਰੀਟੇਜ਼ ਅਤੇ ਘੱਲੂਘਾਰਾ ਅਜਾਇਬ ਘਰ ਡਰਬੀ ਅਤੇ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਆਦਿਕ ਸੰਸਥਾਵਾਂ ਦੇ ਮੁਖੀਆਂ ਦੇ ਨਾਮ ਵੀ ਸ਼ਾਮਿਲ ਹਨ। ਭਾਈ ਪੁਰੇਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਦੇਸ਼ ਵਿਦੇਸ਼ ਵਿੱਚ ਸਫਲਤਾ ਸਹਿਤ ਸੱਤ ਸਾਲ ਕਾਰਆਮਦ ਰਹੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਕੇ ਪੰਥ ਵਿੱਚੋਂ ਦੁਬਿਧਾ ਦਾ ਮਾਹੌਲ ਖਤਮ ਕੀਤਾ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top