Share on Facebook

Main News Page

ਸਿੱਖਾਂ ਨੂੰ ਆਪਣੇ ਧਰਮ ਦੀ ਰਾਖੀ ਲਈ ਵੋਟ ਸ਼ਕਤੀ ਇਕੱਠੀ ਕਰਨੀ ਪਵੇਗੀ
-: ਗੁਰਸੇਵਕ ਸਿੰਘ ਧੌਲਾ 946321267

ਪਿਛਲੇ ਦਿਨੀਂ ਪੰਜਾਬ ’ਚ ਉਪਰਥਲੀ ਵਾਪਰੀਆਂ ਕਈ ਘਟਨਾਵਾਂ ਅਜਿਹੀਆਂ ਹਨ, ਜਿਹਨਾਂ ਨੇ ਪੂਰੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹਨਾਂ ਘਟਨਾਵਾਂ ਨਾਲ ਜਿਥੇ ਆਮ ਸਿੱਖਾਂ ਨੂੰ ਵੱਡਾ ਝਟਕਾ ਲੱਗਿਆ ਹੈ, ਉਥੇ ਸ੍ਰੋਮਣੀ ਅਕਾਲੀ ਦਲ ਦੇ ਅੰਦਰਲੇ ਕੁਝ ਜਾਗਦੀ ਜਮੀਰ ਵਾਲੇ ਆਗੂਆਂ ਵਿਚ ਵੀ ਘੁਸਰ-ਮੁਸਰ ਪੈਦਾ ਕਰ ਦਿੱਤੀ ਹੈ। ਪੰਜਾਬ ਦੀ ਅਕਾਲੀ-ਭਾਜਪਾ ਗਝਜੋੜ ਸਰਕਾਰ ਜਾਂ ਫੇਰ ਕਿਹਾ ਲਿਆ ਜਾਵੇ ਕਿ ਬਾਦਲ ਸਰਕਾਰ ਵੱਲੋਂ ਭਾਵੇਂ ਪਿਛਲੇ ਕਾਫ਼ੀ ਸਮੇਂ ਤੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸਦੇ ਚੇਲਿਆਂ ਨੂੰ ਖੁਸ਼ ਕਰਨ ਦੀਆਂ ਗਾਹੇ ਬਗਾਹੇ ਕੋਸ਼ਿਸਾਂ ਜਾਰੀ ਹਨ, ਪਰ ਹੁਣ ਤਾਂ ਪੰਜਾਬ ਸਰਕਾਰ ਖੁਲੇ ਰੂਪ ਵਿੱਚ ਹੀ ਡੇਰਾ ਸਿਰਸਾ ਦੀ ਮੱਦਦ ਕਰਨ ’ਤੇ ਉਤਾਰੂ ਹੋ ਗਈ ਹੈ।

ਪਿਛਲੇ ਦਿਨੀਂ ਬਠਿੰਡਾ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਇੱਕ ਸਿੱਖ ਪ੍ਰਚਾਰਕ ਭਾਈ ਕੁਲਦੀਪ ਸਿੰਘ ਨਰੂਆਣਾ ਨੂੰ ਇਕ ਡੇਰਾ ਪ੍ਰੇਮੀ ਵਲੋਂ ਫੋਨ ਉਪਰ ਹੀ ਪੁਲਿਸ ਨੂੰ ਕੀਤੀ ਸਿਕਾਇਤ ’ਤੇ ਮੁਕੱਦਮਾ ਦਰਜ ਕਰਕੇ ਜੇਲ ਭੇਜਣ ਦੀ ਕੀਤੀ ਸਰਕਾਰੀ ਕਾਰਵਾਈ ਨੇ ਹਰ ਪੰਥ ਪ੍ਰਸਤ ਪ੍ਰਾਣੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਖਾਲਸੇ ਦੀ ਜੱਦੀ-ਪੁਸ਼ਤੈਨੀ ਜਮੀਨ ਪੰਜਾਬ ਦੇ ਇੱਕ ਗੁਰੂਘਰ ਵਿਚ ਹੋ ਰਹੇ ਗੁਰਮਤਿ ਦੇ ਪ੍ਰਚਾਰ ਨੂੰ ਰੋਕਣ ਦੀ ਇਹ ਘਿਨਾਉਣੀ ਕਰਤੂਤ ਕੀਤੀ ਵੀ ਸ੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਬਣੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਗਈ ਹੈ। ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੂਸਰੀ ਵਾਰ ਬਣੇ ਮਾਡਰਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਾਪ ਪ੍ਰਕਾਸ ਸਿੰਘ ਬਾਦਲ ਵੱਲੋਂ ਮੋਗਾ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਲਈ ਕੀਤੇ ਐਲਾਨ ਨੂੰ ਅੱਗੇ ਤੋਰਦਿਆਂ, ਇਸ ਪਾਰਟੀ ਨੂੰ ਬਾਦਲ ਪਰਿਵਾਰ ਦੀ ਪਾਰਟੀ ਤੱਕ ਸੀਮਤ ਕਰ ਦਿੱਤਾ ਅਤੇ ਵੱਧ ਤੋਂ ਵੱਧ ਹਿੰਦੂਆਂ ਨੂੰ ਟਿਕਟਾਂ ਅਤੇ ਕੋਟਾ ਦੇ ਕੇ ਸੈਕੂਲਰ ਅਤੇ ਰਾਸਟਰਵਾਦੀ ਬਣਨ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ, ਪਰ ਸਚਾਈ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦੀ ਪਾਰਲੀਮੈਂਟ ਵੱਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਾਦਲ ਦਲ ਦੇ ਕਬਜੇ ਹੇਠ ਹੈ।

ਇਸ ਲਈ ਬਾਦਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸਿੱਖ ਵਿਰੋਧੀ ਕਾਰਵਾਈਆਂ ਨੇ ਪੂਰੇ ਸਿੱਖ ਜਗਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ 1920 ਵਿਚ ਜਿਸ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ ਹੀ ਸਿੱਖ ਧਰਮ, ਸਿੱਖਾਂ ਦੇ ਧਾਰਮਿਕ ਸਥਾਨਾਂ ਅਤੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਰੱਖੀ ਗਈ ਸੀ, ਉਸੇ ਸ਼੍ਰੋਮਣੀ ਅਕਾਲੀ ਦੀ ਨੱਬੇ ਸਾਲ ਬਾਅਦ ਜਦੋਂ ਪੰਜਾਬ ਦੀ ਧਰਤੀ ’ਤੇ ਸਰਕਾਰ ਬਣੇਗੀ ਤਾਂ ਉਹ ਡੇਰੇਦਾਰਾਂ ਦੀ ਵੋਟਾਂ ਪੱਕੀਆਂ ਕਰਨ ਲਈ ਗੁਰਦੁਆਰਿਆਂ ‘ਚ ਵੀ ਗੁਰਮਿਤ ਦਾ ਪ੍ਰਚਾਰ ਕਰਨ ’ਤੇ ਪਾਬੰਦੀ ਲਾ ਦੇਵਗੀ ਅਤੇ ਸਿੱਖ ਪ੍ਰਚਾਰਕਾਂ ਨੂੰ ਗੁਰਮਿਤ ਦਾ ਪ੍ਰਚਾਰ ਕਰਨ ਬਦਲੇ ਜੇਲਾਂ ਵਿੱਚ ਸੁਟੇਗੀ।

ਬਾਦਲ ਸਰਕਾਰ ਨੇ ਇੱਕ ਪਾਸੇ ਤਾਂ ਡੇਰਾ ਸਿਰਸਾ ਦੇ ਪ੍ਰੇਮੀਆਂ ਦੀਆਂ ਵੋਟਾਂ ਪੱਕੀਆਂ ਕਰਨ ਦੇ ਚੱਕਰ ਵਿਚ ਡੇਰਾ ਸਿਰਸਾ ਦੇ ਮੁਖੀ ਦੀ ਫੋਟੋ ਨਾਲ ਫੇਸਬੁੱਕ ’ਤੇ ਛੇੜਛਾੜ ਕਰਨ ਦੇ ਦੋਸ਼ ਹੇਠ ਲੁਧਿਆਣਾ ਦੇ ਕਈ ਸਿੱਖ ਨੌਜਵਾਨਾਂ ’ਤੇ ਕੇਸ਼ ਦਰਜ ਕਰਕੇ ਉਹਨਾਂ ਨੂੰ ਜੇਲਾਂ ਵਿਚ ਬੰਦ ਕਰ ਦਿੱਤਾ ਅਤੇ ਦੂਜੇ ਪਾਸੇ ਪੁਲਿਸ ਦੀ ਮੱਦਦ ਨਾਲ ਕੁੱਝ ਕੱਟੜ ਹਿੰਦੂ ਸੰਗਠਨਾਂ ਤੋਂ ਗੁੰਡਾਗਰਦੀ ਭਰੇ ਤਰੀਕੇ ਨਾਲ ਕਈ ਸ਼ਹਿਰਾਂ ਵਿਚ ਬੰਦ ਕਰਵਾਕੇ ਸਿੱਖ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਉਪਰ ਕੇਸ ਦਰਜ ਕਰਕੇ, ਉਹਨਾਂ ਨੂੰ ਜੇਲ ਵਿਚ ਤੁੰਨ ਦਿੱਤਾ ਅਤੇ ਬਿਨਾਂ ਕਿਸੇ ਸਿਕਾਇਤ ਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਪਿੰਡ ਤਿਉਣਾ ਪੁਜਾਰੀਆਂ ਵਿਚ ਲੱਗ ਰਹੇ ਦੀਵਾਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ।

ਦੂਸਰੇ ਪਾਸੇ ਇਸ ਦੇ ਉਲਟ ਸ਼੍ਰੋਮਣੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿੁਬ ਦੇ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਪੰਜਾਬ ‘ਚ ਪਿੰਡ-ਪਿੰਡ ਕੀਤੀਆਂ ਜਾ ਰਹੀਆਂ ‘ਨਾਮ ਚਰਚਾਵਾਂ’ ਵਿਚ ਭਾਗ ਲਿਆ ਜਾ ਰਿਹਾ ਹੈ। ਪ੍ਰੇਮੀਆਂ ਦੀਆਂ ਸਰਗਰਮੀਆਂ ਦਾ ਹਿੱਸਾ ਬਣੇ ਇਹ ਅਕਾਲੀ ਆਗੂ ਮਹਿਜ ਵੋਟਾਂ ਪੱਕੀਆਂ ਕਰਨ ਦੇ ਚੱਕਰ ’ਚ ਉਹਨਾਂ ਦੀ ਹਰ ਤਰਾਂ ਦੀ ਜਾਇਜ਼-ਨਜਾਇਜ਼ ਮੱਦਦ ਵੀ ਕਰ ਰਹੇ ਹਨ। ਪਿਛਲੇ ਦਿਨੀਂ ਡੇਰਾ ਸਿਰਸਾ ਦੇ ਮੁੱਖੀ ਵੱਲੋਂ ਇੱਕ ਰੂ-ਬਰੂ ਨਾਇਟ ਨਾਂ ’ਤੇ ਰੱਖੇ ਗਏ ਇੱਕਠ ਵਿਚ ਮਾਲਵੇ ਦੇ ਕਈ ਜਿਲਿਆਂ ਦੇ ਪ੍ਰੇਮੀਆਂ ਕੋਲੋਂ ਅਰਬਾਂ ਰਪਏ ਦੀ ਨਕਦੀ ਤੇ ਜੇਵਰ ਅਤੇ ਅਰਬਾਂ-ਖਰਬਾਂ ਦੀਆਂ ਜਾਇਦਾਦਾਂ ਹੱਥਿਆ ਲਈਆਂ ਗਈਆਂ ਹਨ।

ਬਹੁਤ ਹੀ ਆਲਾ ਮਿਆਰੀ ਸੂਤਰਾਂ ਮੁਤਾਬਿਕ ਇਸ ਪੈਸੇ ਨਾਲ ਡੇਰਾ ਸਿਰਸਾ ਵੱਲੋਂ ਹਰ ਪਿੰਡ ਵਿਚਲੇ ਗੁਰਦੁਆਰਾ ਸਾਹਿਬਾਨ ਦੇ ਮੁਕਾਬਲੇ ਆਪਣਾ ‘ਚਰਚਾ ਘਰ’ ਉਸਾਰਨ ਦੀ ਤਜਵੀਜ ਬਣਾਈ ਗਈੇ ਹੈ। ਪੰਜਾਬ ਅੰਦਰ ਵਾਪਰ ਰਹੇ ਇਸ ਨਵੀਂ ਕਿਸਮ ਦੇ ਵਰਤਾਰੇ ਇੱਕਲੇ ਸਿੱਖਾਂ ਨੂੰ ਹੀ ਨਹੀਂ, ਸਗੋਂ ਹਰ ਸੁਹਿਰਦ ਪੰਜਾਬੀ ਚਿੰਤਤ ਕਰ ਦਿੱਤਾ ਹੈ, ਕਿਉਂਕਿ ਜੋ ਹੁਣ ਤੱਕ ਪੰਜਾਬ ਗੁਰਾਂ ਦੇ ਨਾਮ ’ਤੇ ਵਸਦਾ ਹੈ, ਉਸੇ ਪੰਜਾਬ ਨੂੰ ਹੁਣ ਡੇਰਾਵਾਦੀ ਸ਼ਕਤੀ ਦੇ ਸਿਰ ’ਤੇ ਆਪਣੇ ਕਬਜੇ ਵਿਚ ਰੱਖਣ ਦੀ ਕਵਾਇਦ ਹੋ ਰਹੀ ਹੈ। ਇਸ ਵੋਟਾਂ ਵਟੋਰੂ ਟੋਲਾ ਜਿਸ ਤਰਾਂ ਡੇਰਾਵਾਦੀ ਸ਼ਕਤੀਆਂ ਦੇ ਸਾਹਮਣੇ ਚੌਫਾਲ ਲੇਟਿਆ ਪਿਆ ਹੈ, ਉਸਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਰਾਜਨੀਤਕ ਆਗੂਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਨਾਮ ਬਾਦਲ ਦਲ ਦੇ ਕਰਤਿਆਂ ਧਰਤਿਆਂ ਦੀ ਇਹ ਸੋਚ ਬਣ ਗਈ ਹੈ ਕਿ ਜਿੱਤ ਦਾ ਇੱਕੋ ਇੱਕ ਮੰਤਰ ਡੇਰਾਵਾਦੀ ਸਾਧਾਂ ਦਾ ਅਸੀਰਵਾਦ ਹੈ, ਕਿਉਂਕਿ ਹਰੇਕ ਡੇਰੇ ਦੇ ਚੇਲਿਆਂ ਦੀ ਵੋਟਾਂ ਆਪਣੇ ਡੇਰੇਵਾਦ ਸਾਧ ਦੇ ਹੁਕਮਾਂ ’ਤੇ ਹੀ ਭੁਗਤਦੀਆਂ ਹਨ।

ਭਾਵੇਂ ਇਸ ਗੱਲ ਵਿਚ ਬਹੁਤੀ ਸਚਾਈ ਨਹੀਂ ਹੈ, ਪਰ ਇਸ ਵਰਤਾਰੇ ਨੂੰ ਵਾਚਦਿਆਂ ਪੰਥ ਨੂੰ ਖਾਸ ਕਰਕੇ ਪੰਜਾਬ ’ਚ ਵਸਦੇ ਸਿੱਖਾਂ ਨੂੰ ਆਪਣੇ ਧਰਮ ਦੀ ਰਾਖੀ ਲਈ ਵੋਟਾਂ ਦਾ ਹਥਿਆਰ ਵਰਤਣਾ ਪਵੇਗਾ। ਸਿੱਖ ਭਾਵੇਂ ਵੋਟਾਂ ਬਾਦਲਕਿਆਂ ਨੂੰ ਪਾਉਣ, ਭਾਵੇਂ ਕਾਂਗਰਸ ਨੂੰ ਅਤੇ ਭਾਵੇਂ ਕਾਮਰੇਡਾਂ ਨੂੰ ਪਾਉਣਾ, ਪਰ ਸਿੱਖ ਕੌਮ ਨੂੰ ਆਪਣੀ ਵੋਟ ਸ਼ਕਤੀ ਇੱਕਤਰ ਕਰਨੀ ਪਵੇਗੀ। ਸਰਕਾਰਾਂ ਡੇਰੇਵਾਦਾਂ ਮੂਹਰੇ ਵੀ ਵੋਟ ਸਕਤੀ ਕਾਰਨ ਹੀ ਝੁਕਦੀਆਂ ਹਨ, ਇਸ ਲਈ ਸਿੱਖਾਂ ਨੂੰ ਸਿੱਖੀ ਦੀ ਰਾਖੀ ਲਈ ਵੋਟ ਸ਼ਕਤੀ ਇੱਕਠੀ ਕਰਕੇ ਆਪੋ ਆਪਣੇ ਇਲਾਕਿਆਂ ਦੇ ਲੀਡਰਾਂ ਨੂੰ ਆਪਣੀ ਵੋਟ ਤਾਕਤ ਦਾ ਅਹਿਸਾਸ ਕਰਵਾਉਣਾ ਪਵੇਗਾ। ਅਸੀਂ ਸਮਝਦੇ ਹਾਂ ਕਿ ਇਸ ਸਮੇਂ ਡੇਰਾਵਾਦ ਦੇ ਹਮਲੇ ਤੋਂ ਸਿੱਖ ਧਰਮ ਬਚਾਉਣ ਦਾ ਪੰਜਾਬ ਦੇ ਲਈ ਸਿੱਖ ਕੋਲ ਇਹ ਇੱਕ ਸੌਖਾ ਅਤੇ ਅਸਰਦਾਇਕ ਰਾਹ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top