Share on Facebook

Main News Page

ਭੇਖੀ ਡੇਰਿਆਂ ਨੇ ਸਿੱਖੀ ਦੀ ਕਿਹੜੀ ਸੇਵਾ ਕੀਤੀ ਤੇ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ, ਇਨਾਂ ਡੇਰਿਆਂ ਵਿੱਚੋਂ ਸਿੱਖ ਰਹਿਤ ਮਰਿਯਾਦਾ ਲਾਗੂ ਕਰਵਾਉਣ ਵਿੱਚ ਅਸਮਰਥ ਕਿਉਂ ?
-: ਬਲਦੇਵ ਝੱਲੀ

ਖ਼ਾਲਸਾ ਨਿਊਜ਼ ਉੱਤੇ ਦਲਜੀਤ ਸਿੰਘ ਇੰਡਿਆਨਾ ਦਾ "ਨੰਦ ਸਿੰਘ ਦੇ ਵਫਾਦਾਰ ਪੁੱਤਰਾਂ ਵਲੋਂ ਨੰਦ ਸਿੰਘ ਨੂੰ ਸ਼ਰਧਾਂਜਲੀ" ਹੇਠ ਲੇਖ ਪੜਨ ਤੋਂ ਬਾਅਦ ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹੀ, ਕਿ ਤਕੜੇ ਦਾ ਸੱਤੀਂ ਵੀਹੀਂ ਸੌ ਹੀ ਹੁੰਦਾ ਹੈ। ਤਕੜੇ ਇਸ ਕਰਕੇ ਕਿਉਂਕਿ ਡੇਰੇਦਾਰਾਂ ਕੋਲ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਵਾਲੀ ਸੰਗਤ (ਭੀੜ) ਰੂਪੀ ਸ਼ਕਤੀ ਹੁੰਦੀ ਹੈ। ਸਿਆਸੀ ਲੋਕਾਂ ਨੂੰ ਵੋਟਾਂ ਦੀ ਜਰੂਰਤ ਹੁੰਦੀ ਹੈ, ਤੇ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਨਿਯੁਕਤੀ ਅਸਿੱਧੇ ਰੂਪ ਵਿੱਚ ਅਕਾਲੀ ਦਲ ਬਾਦਲ ਹੀ ਕਰਦਾ ਹੈ। ਇਸੇ ਕਾਰਨ ਮੁੱਖ ਸੇਵਾਦਾਰ ਦੀ ਪੋਸਟ ਉੱਤੇ ਨਾਮਜਦ ਵਿਅਕਤੀ, ਆਪਣੇ ਰਾਜਨੀਤਕ ਆਕਾਵਾਂ ਨੂੰ ਖੁਸ਼ ਕਰਨ ਲਈ ਮਰਿਯਾਦਾ ਤੋਂ ਭੱਜੇ ਇਨਾਂ ਆਪੂੰ ਬਣੇ ਬ੍ਰਹਮ ਗਿਆਨੀ ਡੇਰੇਦਾਰਾਂ ਦੀ ਸਿਫਤ ਸਲਾਹ ਕਰਦੇ ਹਨ।

ਪੰਜਾਬ ਵਿੱਚ ਸਿੱਖੀ ਨਾਲ ਸਬੰਧਿਤ ਡੇਰਿਆਂ ਦੀ ਕੋਈ ਕਮੀ ਨਹੀਂ ਹੈ, ਸ਼ਾਇਦ ਪੰਜਾਬ ਅੰਦਰ ਇੰਨੇ ਵਿੱਦਿਆ ਦੇ ਕੇਂਦਰ ਨਾ ਹੋਣ ਜਿੰਨੇ ਆਲੀਸ਼ਾਨ ਡੇਰੇ ਉਸਰੇ ਹੋਏ ਹਨ। ਇਨਾਂ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲਟ ਮਨਮੱਤਾਂ ਪੂਰੇ ਜੋਰਾਂ ਤੇ ਹਨ।

ਬਾਬਾ ਨੰਦ ਸਿੰਘ ਜਿਨਾਂ ਨੂੰ ਨਾਨਕਸਰੀਏ ਵੀ ਕਿਹਾ ਜਾਂਦਾ ਹੈ, ਦੀ ਬਰਸੀ ਮੌਕੇ ਮੁੱਖ ਸੇਵਾਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖੀ ਦੀ ਸੇਵਾ ਹਿੱਤ ਬਾਬੇ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ, ਆਖਿਰ ਡੇਰੇ ਵਲੋਂ ਕਿਹੜੇ ਮੋਰਚੇ ਲਾਏ ਗਏ ਤੇ ਸਿੱਖੀ ਦੀ ਕਿਹੜੀ ਸੇਵਾ ਕੀਤੀ ਗਈ, ਇਸ ਬਾਰੇ ਜਾਨਣ ਲਈ ਹਰ ਥੋੜੀ ਬਹੁਤੀ ਸੂਝ ਰੱਖਣ ਵਾਲਾ ਵਿਅਕਤੀ ਉਤਸੁਕ ਜਰੂਰ ਹੋਵੇਗਾ।

ਪਹਿਲੀ ਗੱਲ ਤਾਂ ਇਹ ਹੈ, ਕਿ ਜੇਕਰ ਡੇਰਾ ਸੱਚਮੁੱਚ ਸਿੱਖੀ ਪ੍ਰਤੀ ਵਫਾਦਾਰ ਹੈ ਤਾਂ ਫਿਰ ਇਸਨੂੰ ਸ਼੍ਰੋਮਣੀ ਕਮੇਟੀ ਅਧੀਨ ਕਿਉਂ ਨਹੀਂ ਕੀਤਾ ਜਾਂਦਾ? ਜੇਕਰ ਸਿਰਫ ਚਾਪਲੂਸੀ ਲਈ ਹੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਵਲੋਂ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਇਸ ਤੋਂ ਵੱਢੇ ਸਿੱਖੀ ਨੂੰ ਢਾਅ ਲਾਉਣ ਵਾਲੇ ਵਿਅਕਤੀ ਬਾਹਰੋਂ ਲੱਭਣ ਦੀ ਜਰੂਰਤ ਨਹੀਂ। ਜੇਕਰ ਸਿਰਫ ਸਿਫਤਾਂ ਦੇ ਪੁਲ ਇਸ ਕਰਕੇ ਬੰਨੇ ਜਾ ਰਹੇ ਹਨ ਕਿ ਡੇਰੇ ਵਲੋਂ ਬੁੱਤ ਪੂਜਾ ਕਰਵਾਉਣ ਨੂੰ (ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਨਾਨਕ ਜੀ ਦੀ ਤਸਵੀਰ ਰੱਖਣ), ਜੁੱਤੀਆਂ ਨੂੰ ਮੱਥੇ ਟਿਕਵਾਉਣ ਨੂੰ ਜਾਂ ਫਿਰ ਸਿਰ ਉੱਤੇ ਗ੍ਰੰਥ ਸਾਹਿਬ ਨੂੰ ਸਵੇਰੇ ਸ਼ਾਮ ਸੈਰ ਕਰਵਾਉਣ ਨੂੰ ਹੀ ਸਿੱਖੀ ਸਮਝ ਕੇ ਡੇਰੇ ਦੀਆਂ ਤਾਰੀਫਾਂ ਦੇ ਪੁਲ ਬੰਨੇ ਜਾ ਰਹੇ ਹਨ, ਤਾਂ ਸਮਝੋ ਆਰ.ਐਸ.ਐਸ ਦਾ ਹਿੰਦੂ ਸਟੇਟ ਦਾ ਸੰਕਲਪ ਪੂਰਾ ਹੋ ਗਿਆ ਹੈ। ਕਿਉਂਕਿ ਜਿਸ ਕਬੀਰ ਸਾਹਿਬ ਨੇ ਕਾਂਸ਼ੀ ਬਨਾਰਸ ਦੇ ਗੜ ਅੰਦਰ ਹਿੰਦੂਵਾਦੀ ਕੁਰੀਤੀਆਂ ਦੀਆਂ ਧੱਜੀਆਂ ਉਡਾ ਕੇ ਬਾਬੇ ਨਾਨਕ ਨਾਲ ਸਦੀਵੀ ਸਾਂਝ ਪਾਈ, ਅਸੀਂ ਉਨਾਂ ਕੁਰੀਤੀਆਂ ਨੂੰ ਅਪਣਾ ਕੇ ਹਿੰਦੂ ਤਾਕਤਾਂ ਦੀ ਪਿੱਠ ਹੀ ਪੂਰ ਰਹੇ ਹਾਂ।

ਕੀ ਨਾਨਕਸਰੀਆਂ ਵਲੋਂ ਮਾਲਾ ਫੇਰਨ ਦੀ ਵਿਧੀ ਸਿੱਖੀ ਦੀ ਸੇਵਾ ਹੈ? ਗਿਣਤੀਆਂ ਵਿੱਚ ਪਾਠ ਕਰਨੇ ਤੇ ਕਰਵਾਉਣੇ ਕਿਹੜੀ ਸਿੱਖੀ 'ਚ ਆਉਂਦੇ ਨੇ? ਗੁਰੂ ਗ੍ਰੰਥ ਸਾਹਿਬ ਦੇ ਰੁਪ ਵਿੱਚ ਬੈਠੇ ਸਮੂਹ ਮਹਾਂਪੁਰਸ਼ਾਂ ਨੇ ਕਿਹੜੇ ਭੋਰਿਆਂ ਵਿੱਚ ਬੈਠ ਕੇ ਸਿੱਖੀ ਦੀ ਸੇਵਾ ਕੀਤੀ? ਕੀ ਜਿਹੜੀਆਂ ਕਰਾਮਾਤਾਂ ਤੋਂ ਖਫਾ ਹੋਣ ਕਾਰਨ ਬਾਬੇ ਨਾਨਕ ਨੇ ਆਪਣੇ ਪੁੱਤਰਾਂ ਨੂੰ ਵੀ ਬੇਦਖਲ ਕਰ ਦਿੱਤਾ, ੳਨਾਂ ਕਰਾਮਾਤਾਂ ਨੂੰ ਠੀਕ ਸਾਬਤ ਕਰਨ ਲਈ ਹੀ ਤਾਂ ਮੁੱਖ ਸੇਵਾਦਾਰ ਸਾਹਿਬ ਸ਼ਰਧਾਂਜਲੀ ਨਹੀਂ ਦੇ ਰਹੇ ਹਨ? ਜਾਂ ਫਿਰ ਔਰਤ ਦੀ ਕੁੱਖ ਚੋਂ ਜਨਮ ਲੈਣ ਵਾਲੇ ਵਿਹਲੜਾਂ ਵਲੋਂ ਸਮਾਜਕ ਰਿਸ਼ਤਿਆਂ ਤੋਂ ਭੱਜਣ ਨੂੰ ਸਿੱਖੀ ਕਿਹਾ ਜਾ ਸਕਦਾ? ਕੀ ਮੁੱਖ ਸੇਵਾਦਾਰ ਸਾਹਿਬ ਵਲੋਂ ਕਰਮ-ਕਾਂਡ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਦਾ ਮਤਲਬ, ਸ਼ਬਦ ਗੁਰੂ ਦੇ ਸਿਧਾਂਤ ਦੀ ਥਾਂ ਤਸਵੀਰ ਗੁਰੂ ਪੈਦਾ ਕਰਨਾ ਤਾਂ ਨਹੀਂ? ਮੁੱਖ ਸੇਵਾਦਾਰ ਸਾਹਿਬ ਬਠਿੰਡਾ ਦੇ ਲਹਿਰਾਖਾਨਾ ਵਿੱਚ ਡੇਰਾ ਰੂਮੀ ਵਿੱਚ ਦਲਿਤਾਂ ਦੇ ਦਾਖਲੇ ਨੂੰ ਸਿੱਖੀ ਕਹਿੰਦੇ ਹੋ? ਜਾਤਾਂ ਤੇ ਅਧਾਰਿਤ ਉਸਰਦੇ ਗੁਰਦੁਆਰੇ ਬੰਦ ਕਰਵਾਉਣ ਵਾਲੇ ਹੁਕਮਨਾਮਿਆਂ ਦੇ ਨਾਲ-ਨਾਲ ਇਨਾਂ ਡੇਰਿਆਂ ਵਿੱਚ ਬ੍ਰਾਹਮਣਵਾਦੀ ਮੱਤ ਅਨੁਸਾਰ ਜਾਤ-ਪਾਤ ਬੰਦ ਕਰਵਾਉਣ ਲਈ ਹੁਕਮਨਾਮੇ ਕਦੋਂ ਜਾਰੀ ਹੋਣਗੇ? ਕੀ ਇਹ ਵੀ ਸਿੱਖੀ ਦਾ ਅੰਗ ਹੈ ਜਿਸ ਕਰਕੇ ਡੇਰੇਦਾਰਾਂ ਦੀ ਇੰਨੀ ਉਸਤਤ ਹੋ ਰਹੀ ਹੈ? ਅੱਜ ਗਰੀਬ ਸਿੱਖਾਂ ਦੇ ਬੱਚੇ ਤਨ ਉੱਤੇ ਕੱਪੜਾ ਪਾਉਣ ਤੋਂ ਵਾਂਝੇ ਹਨ ਅਤੇ ਡੇਰੇਦਾਰ ਲੰਬੇ ਰੇਸ਼ਮੀ ਚੋਲੇ ਪਾ ਕੇ ਸਮਾਜ ਤੋਂ ਭਾਜੂ ਹੋ ਕੇ ਕਿਹੜੀ ਸਿੱਖੀ ਦੀ ਸੇਵਾ ਕਰਦੇ ਹਨ?

ਸੱਚੇ ਸਿੱਖ ਤਾਂ ਅੱਜ ਵੀ ਢਾਰਿਆਂ ਵਿੱਚ ਜੀਵਨ ਬਸਰ ਕਰਦੇ ਹਨ ਤੇ ਵਿਹਲੜ ਸਾਧ ਲਾਣਾ ਸੰਗਮਰਮਰੀ ਡੇਰਿਆਂ ਦਾ ਮਾਲਕ ਬਣ ਆਮ ਲੋਕਾਂ ਦੀ ਲੁੱਟ ਕਰਕੇ ਮਖਮਲੀ ਰਜਾਈਆਂ ਦਾ ਨਿੱਘ ਮਾਣ ਰਿਹਾ ਹੈ। ਜੇਕਰ ਗ੍ਰਹਿਸਤ ਤੋਂ ਭੱਜੇ, ਮਨਮੱਤਾਂ ਅਤੇ ਕਰਾਮਾਤਾਂ ਦੇ ਧਾਰਨੀ, ਮੂਰਤੀ ਪੂਜਕ ਅਤੇ ਦੇਹਧਾਰੀਆਂ ਨੂੰ ਸਿੱਖੀ ਦੇ ਸੇਵਕ ਕਿਹਾ ਜਾਂਦਾ ਹੈ, ਤਾਂ ਨੀਹਾਂ ਵਿੱਚ ਚਿਣ ਹੋਣ ਵਾਲੇ, ਤੱਤੀਆਂ ਤਵੀਆਂ ਉੱਤੇ ਬੈਠਣ ਵਾਲੇ, ਬੰਦ-ਬੰਦ ਕਟਵਾਉਣ ਵਾਲੇ, ਚਰਖੜੀਆਂ ਤੇ ਚੜਨ ਵਾਲੇ ਸੂਰਬੀਰਾਂ ਨੂੰ ਅਸੀਂ ਕਿਹੜੀ ਸ਼ਰੇਣੀ ਵਿੱਚ ਰੱਖਾਂਗੇ!!!

ਇਨਾਂ ਸਵਾਲਾਂ ਦਾ ਜੁਆਬ ਸ਼ਾਇਦ ਆਮ ਲੋਕਾਂ ਕੋਲ ਤਾਂ ਹੋਵੇ, ਪ੍ਰੰਤੂ ਆਪਣੇ ਆਕਾਵਾਂ ਲਈ ਵੋਟਾਂ ਦੀ ਰਾਜਨੀਤੀ ਕਰਨ ਵਾਲੇ ਗੁਲਾਮਾਂ ਕੋਲੋਂ ਇਨਾਂ ਸਵਾਲਾਂ ਦੇ ਜੁਆਬ ਮਿਲਣਾ ਮੁਸ਼ਕਿਲ ਹੀ ਨਹੀਂ, ਸਗੋਂ ਨਾ-ਮੁਮਕਿਨ ਵੀ ਹੈ!!! ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਮੁਤਾਬਕ ਲਿਖਣ ਲਈ ਕੱਲ ਨੂੰ ਕੋਈ ਹੁਕਮਨਾਮਾ ਜਾਰੀ ਹੋ ਜਾਵੇ, ਪ੍ਰੰਤੂ ਸੱਚਾਈ ਤਾਂ ਆਖਿਰ ਸੱਚ ਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top