Share on Facebook

Main News Page

ਡਾਕਟਰ ਮਨਮੋਹਨ ਸਿੰਘ ਸਮੇਤ ਸਿੱਖ ਚਿਹਰੇ ਮੋਹਰੇ ਵਾਲੇ ਹਾਕਮ, ਭਾਰਤੀ ਨਿਜ਼ਾਮ ਦੀਆਂ ਸਿੱਖ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਸਹਾਇਕ ਬਣੇ
-: ਗੁਰਸੇਵਕ ਸਿੰਘ ਧੌਲਾ 946321267

ਇਤਿਹਾਸ ਵਿੱਚ ਸਿੱਖ ਕੌਮ ’ਤੇ ਸਾਇਦ ਹੀ ਕਦੇ ਅਜਿਹਾ ਸਮਾਂ ਆਇਆ ਹੋਵੇਗਾ, ਜਦੋਂ ਸਿੱਖ ਚਿਹਰੇ ਮੋਹਰੇ ਵਾਲੇ ਲੋਕਾਂ ਨੇ ਹਾਕਮਾਂ ਦੀ ਜਮਾਤ ਵਿੱਚ ਬੈਠਕੇ ਸਿੱਖ ਕੌਮ ਦਾ ਏਨਾ ਵੱਡਾ ਘਾਣ ਕੀਤਾ ਹੋਵੇ। ਭਾਰਤ ਨਿਜ਼ਾਮ ਦੀ ਸਾਜਿਸ਼ੀ ਨੀਤੀ ਜਾਂ ਫੇਰ ਕਹਿ ਲਿਆ ਜਾਵੇ ਚਾਣਕੀਆ ਨੀਤੀ ਦਾ ਹੀ ਛਲਾਵਾ ਹੈ ਕਿ ਪੂਰੀ ਦੁਨੀਆਂ ਨੂੰ ਇਸ ਸਮੇਂ ਲੱਗ ਰਿਹਾ ਹੈ ਕਿ ਭਾਰਤ ਵਿੱਚ ਸਿੱਖਾਂ ਦਾ ਹਰ ਖੇਤਰ ਵਿੱਚ ਬੋਲਬਾਲਾ ਹੈ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਇੱਕ ਸਿੱਖ ਬੈਠਾ ਹੈ, ਭਾਰਤੀ ਫੌਜਾਂ ਦਾ ਜਰਨੈਲ ਇੱਕ ਸਿੱਖ ਸਰਦਾਰ ਹੈ, ਭਾਰਤ ਦੇ ਅਰਥੇਚਾਰੇ ਨੂੰ ਘੜਨ ਦੀ ਜਿੰਮੇਵਾਰੀ ਇੱਕ ਸਿੱਖ ਕੋਲ ਹੈ ਅਤੇ ਪੰਜਾਬ ਦੀ ਸੂਬੇਦਾਰੀ ਇੱਕ ਸਿੱਖ ਕੋਲ ਹੈ, ਮੁਕਦੀ ਗੱਲ ਕਿ ਹਰ ਖੇਤਰ ਵਿੱਚ ਕੋਈ ਨਾ ਕੋਈ ਸਿੱਖ ਸੂਰਤ ਵਾਲਾ ਵਿਅਕਤੀ ਬਿਰਾਜਮਾਨ ਹੈ। ਦੁਨੀਆਂ ਸਾਇਦ ਇਹ ਵੀ ਸੋਚਦੀ ਹੋਵੇਗੀ ਕਿ ਪੰਥ ਪ੍ਰਸਤ ਅਖਵਾਉਂਦੇ ਕੁਝ ਸੱਜਣ ਵਾਧੂ ਦਾ ਹੀ ਰੌਲਾ ਪਾ ਰਹੇ ਹਨ, ਕਿ ਭਾਰਤ ਵਿੱਚ ਸਿੱਖ ਦੂਜੇ ਨੰਬਰ ਦੇ ਸਹਿਰੀ ਜਾਂ ਗੁਲਾਮ ਹਨ, ਜਦੋਂ ਕਿ ਹਰ ਖੇਤਰ ਦੀ ਸਰਦਾਰੀ ਸਿੱਖਾਂ ਕੋਲ ਹੈ।

ਪਰ ਜੇ ਕਰ ਅਸਲ ਸਥਿਤੀ ਦਾ ਮੁਲਾਂਕਣ ਕੀਤਾ ਜਾਵੇ ਤਾਂ ਭਾਰਤ ਦੀਆਂ ਉਚ ਪਦਵੀਆਂ ’ਤੇ ਵਿਰਾਜਮਾਨ ਸਿੱਖ ਸੂਰਤਾਂ ਵਾਲੇ ਸੱਜਣ ਭਾਰਤੀ ਨਿਜ਼ਾਮ ਦੀ ਸਿੱਖ ਵਿਰੋਧੀ ਨੀਤੀ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਹਨ, ਜੋ ਸਿੱਖਾਂ ਦੀ ਹਰ ਨਵੇਂ ਸੂਰਜ ਵਢਾਂਗਾ ਕਰ ਰਹੀ ਹੈ। ਹਾਲ ਹੀ ਵਿੱਚ ਤਖਤ ਸ਼੍ਰੀ ਕੇਸ਼ਗੜ ਸਾਹਿਬ ਦੇ ਨਵ-ਨਿਯੁਕਤ ਹੋਏ ਜਥੇਦਾਰ ਗਿਆਨੀ ਮੱਲ ਸਿੰਘ ਨੇ ਵੀ ਇਹੀ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੇ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਨਾਲ ਸਿੱਖ ਕੌਮ ਦਾ ਮਾਣ ਅਤੇ ਪੱਗ ਦਾ ਸਤਿਕਾਰ ਪੂਰੀ ਦੁਨੀਆਂ ’ਚ ਵਧਿਆ ਹੈ, ਪਰ ਅਸਲੀਅਤ ਇਹ ਹੈ ਕਿ ਇਹ ਡਾਕਟਰ ਮਨਮੋਹਨ ਸਿੰਘ ਸਮੇਤ ਕੁਰਸੀਆਂ ’ਤੇ ਬੈਠੇ ਸਾਰੇ ਹੀ ਸਿੱਖ ਭਾਰਤ ਨਿਜ਼ਾਮ ਦੀਆਂ ਸਿੱਖ ਨੀਤੀਆਂ ਨੂੰ ਲਾਗੂ ਕਰਨ ਲਈ ਸਹਾਇਕ ਬਣੇ ਹੋਏ ਹਨ। ਜਿਸ ਦੀ ਤਾਜ਼ਾ ਮਿਸਾਲ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਚੰਡੀਗੜ ਵਿਖੇ ਮਕਾਨਾਂ ਦੀਆਂ ਚਾਬੀਆਂ ਪ੍ਰਵਾਸੀ ਭਈਆਂ ਨੂੰ ਦੇਣ ਤੋਂ ਲਈ ਜਾ ਸਕਦੀ ਹੈ।

ਜਦੋਂ 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲੀ ਸੀ ਤਾਂ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਸਿੱਖ ਕੌਮ ਕੋਲੋਂ ਸਦਾ ਲਈ ਖੁਸ ਗਿਆ ਸੀ, ਉਸ ਸਮੇਂ ਭਾਰਤੀ ਨਿਜ਼ਾਮ ਵੱਲੋਂ ਚੰਡੀਗੜ੍ਹ ਵਸਾਉਣ ਦੀ ਤਜਵੀਜ਼ ਬਣਾਈ ਗਈ ਅਤੇ ਇਸ ਇਲਾਕੇ ’ਚੋਂ ਕਈ ਪਿੰਡਾਂ ਨੂੰ ਉਜਾੜ ਕੇ ਇਥੇ ਚੰਡੀਗੜ੍ਹ ਨਾਮ ਦਾ ਇੱਕ ਅਧੁਨਿਕ ਸੁਖ ਸਹੂਲਤਾਂ ਵਾਲਾ ਸ਼ਹਿਰ ਵਸਾਇਆ ਗਿਆ ਸੀ। ਉਸ ਵੇਲੇ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ ਇਸ ਨਵੇਂ ਵਸਾਏ ਜਾ ਰਹੇ ਸ਼ਹਿਰ ਸਬੰਧੀ ਪੁਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ, ਕਿ ਮੈਂ ਇੱਥੇ ਇੱਕ ਅਜਿਹਾ ਸ਼ਹਿਰ ਵਸਾਉਣਾ ਚਾਹੁੰਦਾ ਹਾਂ ਤਾਂ ਕਿ ਸਿੱਖ ਲਾਹੌਰ ਨੂੰ ਭੁੱਲ ਜਾਣ। ਭਾਵੇਂ ਸਿੱਖਾਂ ਅਤੇ ਪੰਜਾਬੀਆਂ ਨੂੰ ਉਜਾੜ ਕੇ ਚੰਡੀਗੜ ਸ਼ਹਿਰ ਵਸਾਇਆ ਗਿਆ ਸੀ, ਪਰ ਇਹ ਸ਼ਹਿਰ ਪੰਜਾਬ ਦੀ ਰਾਜਧਾਨੀ ਬਣਨ ਦੇ ਬਾਵਜੂਦ ਵੀ ਪੰਜਾਬ ਨੂੰ ਨਹੀਂ ਦਿੱਤਾ ਗਿਆ, ਸਗੋਂ ਭਾਰਤ ਹਕੂਮਤ ਨੇ ਇਸ ਸ਼ਹਿਰ ਨੂੰ ਆਪਣੇ ਕੰਟਰੋਲ ਹੇਠ ਰੱਖ ਕੇ ਪੰਜਾਬ ’ਤੇ ਟੇਢੇ ਢੰਗ ਨਾਲ ਆਪਣਾ ਕੰਟਰੋਲ ਸਥਾਪਿਤ ਕਰ ਲਿਆ।

ਸਿੱਖ ਕੌਮ ਦੀ ਸਿਆਸੀ ਜਮਾਤ ਵੱਜੋਂ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿੱਚ ਹੋਈ ਸੀ ਅਤੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਤੋਂ ਬਾਅਦ ਸਿੱਖਾਂ ਦੀ ਇਸ ਜਮਾਤ ਨੇ ਅੰਗਰੇਜਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਵੀ ਵੱਡਾ ਯੋਗਦਾਨ ਪਾਇਆ। ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਹੱਕਾਂ ਲਈ ਲੰਮੀ ਜਦੋ ਜਹਿਦ ਕੀਤੀ, ਪਰ ਭਾਰਤੀ ਹਾਕਮਾਂ ਦੀ ਕੂਟਨੀਤੀ ਦੇ ਚਲਦਿਆਂ ਅਥਾਹ ਕੁਰਬਾਨੀਆਂ ਕਰਨ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਸੂਬੇ ਬਾਰੇ ਮੋਰਚੇ ਲਾਉਣ ਦੇ ਬਾਵਜੂਦ ਵੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਲੈ ਸਕਿਆ। ਭਾਰਤ ਦੇ ਅਖੌਤੀ ਲੋਕਤੰਤਰ ਲਈ ਐਮਰਜੈਂਸੀ ਵਿਰੁੱਧ ਲੜਨ ਵਾਲੇ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਸਿੱਖਾਂ ਦੀਆਂ ਮੰਗਾਂ ਨੂੰ ਲੈ ਕੇ ਬਹੁਤ ਸਾਰੇ ਮੋਰਚੇ ਲਾਏ, ਪਰ ਧਰਮਯੁਧ ਮੋਰਚੇ ਤੋਂ ਬਾਅਦ ਭਾਰਤੀ ਹਾਕਮਾਂ ਨੇ ਸਾਕਾ ਦਰਬਾਰ ਸਾਹਿਬ (ਅਪ੍ਰੇਸ਼ਨ ਬਲਿਊ ਸਟਾਰ) ਕਰਕੇ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਉਹ ਭਾਰਤ ਵਿੱਚ ਗੁਲਾਮ ਹਨ।

ਸਾਕਾ ਦਰਬਾਰ ਸਾਹਿਬ ਵਿੱਚ ਸਿੱਖਾਂ ਦੇ ਹੱਕਾਂ ਲਈ ਪ੍ਰਣ ਕਰਕੇ ਲੜਨ ਵਾਲੇ ਤਾਂ ਸ਼ਹੀਦ ਹੋ ਗਏ, ਪਰ ਦੂਸਰੇ ਸਿੱਖ ਆਗੂਆਂ ਨੂੰ ਕੁਰਸੀ ਦੇ ਲਾਲਚ ਵਿੱਚ ਆਕੇ ਪੂਰੀ ਤਰਾਂ ਭਾਰਤੀ ਗੁਲਾਮੀ ਨੂੰ ਸਵੀਕਾਰ ਕਰ ਲਿਆ। ਗੁਲਾਮ ਹੋਏ ਸਿੱਖ ਆਗੂ ਇਥੋਂ ਤੱਕ ਗਿਰ ਗਏ ਕਿ ਉਹਨਾਂ ਵਿੱਚੋਂ ਸਿੱਖ ਆਗੂਆਂ ਨੇ ਹੀ ਦਰਬਾਰ ਸਾਹਿਬ ’ਤੇ ਬਲੈਕ ਥੰਡਰ ਵਰਗੇ ਪਾਪ ਕਰਨ ਲੱਗਿਆ ਗੁਰੂ ਦਾ ਵੀ ਭੈਅ ਨਹੀਂ ਮੰਨਿਆ। ਪੰਜਾਬ ਅਤੇ ਸਿੱਖਾਂ ਦੀਆਂ ਹੱਕੀ ਮੰਗਾਂ ਦੀਆਂ ਗੱਲਾਂ ਕਰਨ ਵਾਲੇ ਸਿੱਖ ਆਗੂਆਂ ਨੇ ਕੁਰਸੀ ਮੋਹ ਵਿੱਚ ਆ ਕੇ ਸਾਰਾ ਕੁਝ ਵਿਸਾਰ ਦਿੱਤਾ ਅਤੇ ਸਿਰਫ ਭਾਰਤੀ ਹਾਕਮਾਂ ਦੀ ਚਾਪਲੂਸੀ ਕਰਨੀ ਹੀ ਆਪਣਾ ਇਕੋ ਇੱਕ ਮਕਸਦ ਬਣਾ ਲਿਆ। ਗੱਲ ਇੱਥੋਂ ਤੱਕ ਆ ਗਈ ਹੈ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਤਾਂ ਨਵਾਂ ਚੰਡੀਗੜ੍ਹ ਵਸਾਉਣ ਦਾ ਐਲਾਨ ਕਰਕੇ ਤੋਂ ਪੰਜਾਬ ਦਾ ਦਾਅਵਾ ਹੀ ਛੱਡ ਦਿੱਤਾ ਹੈ।

ਹੁਣ ਪੰਜਾਬ ਦੇ ਸਿੱਖ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਭਾਰਤ ਦੇ ਸਿੱਖ ਪ੍ਰਧਾਨ ਮੰਤਰੀ ਵੱਲੋਂ ਚੰਡੀਗੜ੍ਹ ਵਿੱਚ ਪ੍ਰਵਾਸੀ ਭਈਆਂ ਨੂੰ ਮਕਾਨਾਂ ਦੀਆਂ ਚਾਬੀਆਂ ਦੇਣ ਦੀ ਸੁਰੂ ਕੀਤੀ ਕਵਾਇਦ ਨਾਲ ਪੂਰੀ ਤਰਾਂ ਸਿੱਧ ਹੋ ਗਿਆ ਹੈ, ਕਿ ਹੁਣ ਸਿੱਖ ਪੂਰੀ ਤਰਾਂ ਭਾਰਤ ਵਿੱਚ ਗੁਲਾਮ ਹੋ ਚੁਕੇ ਹਨ ਅਤੇ ਉਹਨਾਂ ਦਾ ਹੁਣ ਇਸ ਦੇਸ਼ ਵਿੱਚ ਆਪਣਾ ਕੋਈ ਵਜੂਦ ਨਹੀਂ ਰਿਹਾ। ਇੋੱਕ ਪਾਸੇ ਭਾਜਪਾ ਅਤੇ ਪ੍ਰਕਾਸ ਸਿੰਘ ਬਾਦਲ ਵੱਲੋਂ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਵੱਜੋਂ ਐਲਾਨ ਕੀਤੇ ਗਏ ਨਰਿੰਦਰ ਮੋਦੀ ਨੇ ਗੁਜਰਾਤ ’ਚੋਂ ਸਿੱਖਾਂ ਨੂੰ ਕੱਢਣ ਦਾ ਫੁਰਮਾਨ ਜਾਰੀ ਰੱਖਿਆ ਹੈ ਅਤੇ ਦੂਜੇ ਪਾਸੇ ਭਾਰਤ ਦੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਨੂੰ ਉਜਾੜ ਕੇ ਵਸਾਏ ਚੰਡੀਗੜ੍ਹ ਵਿੱਚ ਪ੍ਰਵਾਸੀਆਂ ਨੂੰ ਫਰੀ ਮਕਾਨਾਂ ਦੀਆਂ ਚਾਬੀਆਂ ਦੇ ਕੇ ਵਸਾਇਆ ਜਾ ਰਿਹਾ ਹੈ।

ਜੋ ਲੋਕ ਅਜੇ ਵੀ ਭਾਰਤ ਵਿੱਚ ਸਿੱਖਾਂ ਦੇ ਉੱਚ ਆਹੁਦਿਆਂ ’ਤੇ ਹੋਣ ਦਾ ਭਰਮ ਪਾਲੀ ਬੈਠੇ ਹਨ, ਉਹਨਾਂ ਦੀ ਸੋਚ ਹੁਣ ਬਾਰੇ ਕੀ ਕਿਹਾ ਜਾ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top