Share on Facebook

Main News Page

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਲੋਕ ਸਭਾ ਚੋਣਾਂ ਸਬੰਧੀ ਤਿੰਨ ਖੱਤ

1st Letter...

ੴ ਸਤਿਕਾਰਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾ। ਖਾਲਸਾ ਜੀ, ਪਿਛਲੀ ਲੰਮੀ ਸੋਚ ਵਿਚਾਰ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ 24 ਸਾਲ ਪਹਿਲਾਂ ਪੰਥਕ ਅਤੇ ਸ਼ੰਘਰਸੀ ਮਾਖੌਟੇ ਵਿਚ ਕੌਮ ਦੀ ਅਗਵਾਈ ਕਰਨ ਆਏ ਧੋਖੇਬਾਜ਼ ਮਲਾਹਾਂ ਵੱਲੋਂ ਅਧੂਰੇ ਛੱਡੇ ਸ਼ੰਘਰਸ ਨੂੰ ਪੂਰਾ ਕਰਨ ਲਈ, ਖਾਲਸਾ ਪੰਥ ਨਾਲ ਕੀਤੇ ਧੋਖੇ ਦੀ ਭਰਪਾਈ ਕਰਨ ਲਈ, ਇੰਨਾਂ ਵੱਲੋਂ ਥਕਾਈਆਂ ਅਤੇ ਨਢਾਲ ਕੀਤੀਆਂ ਕੌਮੀ ਭਾਵਨਾਵਾਂ ਵਿਚ ਮੁੜ ਤੋਂ ਜੋਸ਼ ਭਰਨ ਲਈ ਮੈਂ ਆਪਣੇ ਸ਼ੰਘਰਸ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਇੱਕ (੧) ਤੋਂ ਕਰਨਾ ਚਾਹੁੰਦਾ ਹਾਂ। ਇਸ ਲਈ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਅਜ਼ਾਦ ਉਮੀਦਵਾਰ ਵਜੋਂ ਮੈਂ ਆਪਣਾ ਇੱਕ ਨੁਮਾਇੰਦਾ ਖੜਾ ਕਰਨਾ ਚਾਹੁੰਦਾ ਹਾਂ, ਜਿਹੜਾ ਸੱਚ ਨੂੰ ਸਮਰਪਿਤ ਹੋ ਕੇ ਆਪਣੇ ਕੌਮੀ ਫ਼ਰਜ ਨਿਭਾਉਦਾ ਹੋਇਆ ਖਾਲਸਾ ਪੰਥ ਦੀ ਆਵਾਜ਼ ਨੂੰ ਇਸ ਪੰਜ ਦਰਿਆਵਾਂ ਦੀ ਲਹੂ-ਲੁਹਾਣ ਹੋਈ ਧਰਤੀ ਮਾਂ ਦੇ ਦਰਦ ਨੂੰ, ਕੌਮੀ ਹੱਕਾਂ ਦੀ ਕੌਮੀ ਇਨਸਾਫ਼ ਦੀ ਆਵਾਜ਼ ਨੂੰ,ਸਮੁੱਚੀ ਮਾਨਵਤਾ ਦੀ ਆਵਾਜ਼ ਨੂੰ ਹਿੰਦੋਸਤਾਨ ਦੀ ਪਾਰਲੀਮੈਂਟ ਰਾਹੀਂ ਪੂਰੀ ਦੁਨੀਆਂ ਤੱਕ ਪਹੁੰਚਾ ਸਕੇ। ਇਸ ਲਈ ਮੈਂ ਦੋ ਲੋਕ ਸਭਾ ਸੀਟਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਹ ਸੀਟ ਇਕ ਪਟਿਆਲਾ ਅਤੇ ਦੂਸਰੀ ਆਨੰਦਪਰ ਸਾਹਿਬ ਦੀ ਹੈ। ਪਟਿਆਲਾ ਲੋਕ ਸਭਾ ਸੀਟ ਪਿਛਲੇ ਕਾਫ਼ੀ ਸਮੇਂ ਤੋਂ ਮੋਤੀ ਮਹਿਲ ਦੇ ਕਬਜ਼ੇ ਵਿਚ ਹੈ। ਇਹ ਮੋਤੀ ਮਹਿਲ ਖਾਲਸਾ ਪੰਥ ਨਾਲ ਕੀਤੀਆਂ ਧੋਖੇਬਾਜੀਆਂ ਅਤੇ ਬੇਵਫਾਈਆਂ ਦਾ ਪ੍ਰਤੀਕ ਅਤੇ ਕੇਂਦਰ ਬਿੰਦੂ ਹੈ । ਇਹ ਮੋਤੀ ਮਹਿਲ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਸਮੇਂ ਦੇ ਜ਼ਾਲਮ ਹੁਕਮਰਾਨਾਂ ਨਾਲ ਮਿਲ ਕੇ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨਾਲ ਵਿਸਵਾਸ਼ਘਾਤ ਕਰਦਾ ਰਿਹਾ ਹੈ । ਦੋ ਸਾਲ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਵੀ ਸਾਜ਼ਿਸ ਇਥੋਂ ਹੀ ਰਚੀ ਗਈ ਸੀ। ਇਸ ਲਈ ਗੁਰੂ ਸਾਹਿਬਾਨ ਦੇ ਪਵਿੱਤਰ ਚਰਨਾਂ ਦੀ ਛੂਹ ਪ੍ਰਾਪਤ ਇਸ ਧਰਤੀ ਦੀ ਨੁਮਾਇੰਦਗੀ ਧੋਖੇਬਾਜ ਅਤੇ ਕੌਮ ਨਾਲ ਵਿਸਵਾਸਘਾਤ ਕਰਨ ਵਾਲੇ ਲੋਕਾਂ ਦੇ ਹੱਥਾਂ ਵਿੱਚ ਹੋਣਾ ਖਾਲਸਾ ਪੰਥ ਦਾ ਅਤੇ ਕੌਮੀ ਭਾਵਨਾਵਾਂ ਦਾ ਅਪਮਾਨ ਹੈ।

ਖਾਲਸਾ ਜੀ, ਦੂਸਰੀ ਸੀਟ ਆਨੰਦਪੁਰ ਸਾਹਿਬ ਦੀ ਹੈ, ਜਿੱਥੇ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖਿਲਾਫ਼ ਲੜਨ ਲਈ, ਧਰਮ ਅਤੇ ਮਜ਼ਲੂਮਾਂ ਦੀ ਰਾਖੀ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ । ਪਰ ਅਫ਼ਸੋਸ ਕਿ ਅੱਜ ਇਸ ਧਰਤੀ ਤੋਂ ਸਿੱਖ ਧਰਮ ਤੇ ਹਮਲਾ ਕਰਕੇ ਸਮੁੱਚੀ ਸਿੱਖ ਮਾਨਸਿਕਤਾ ਨੂੰ ਲਹੂ-ਲੁਹਾਣ ਕਰਨ ਵਾਲੇ , ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗਣ ਵਾਲੇ, ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਨ ਵਾਲੇ ਟੋਲੇ ਦਾ ਉਮੀਦਵਾਰ ਜਿੱਤ ਪ੍ਰਾਪਤ ਕਰਦਾ ਹੈ।

ਆਨੰਦਪੁਰ ਸਾਹਿਬ ਦੀ ਸੀਟ ਤੋਂ ਕਾਤਲਾਂ ਦਾ ਜਿੱਤਣਾ ਇਸ ਪਵਿੱਤਰ ਧਰਤੀ ਦਾ ਅਤੇ ਖਾਲਸਾਈ ਭਾਵਨਾਵਾਂ ਦਾ ਅਪਮਾਨ ਹੈ। ਇਸ ਲਈ ਇੰਨਾਂ ਦੋ ਲੋਕ ਸਭਾ ਸੀਟਾਂ ਵਿੱਚੋਂ ਕਿਸੇ ਇੱਕ ਤੇ ਮੈਂ ਆਪਣਾ ਉਮੀਦਵਾਰ ਖੜਾ ਕਰਨਾ ਚਾਹੁੰਦਾ ਹਾਂ।

ਇਸ ਕਾਰਜ ਲਈ ਮੈਨੂੰ ਸਮੁੱਚੇ ਖਾਲਸਾ ਪੰਥ ਦੇ ਸੰਤਾਂ ਮਹਾਪੁਰਸ਼ਾ, ਬਜੁਰਗਾਂ ਬੱਚਿਆਂ, ਮਾਵਾਂ, ਭੈਣਾਂ, ਵੀਰਾਂ ਦੇ ਆਸ਼ੀਰਵਾਦ ਅਤੇ ਸਹਿਯੋਗ ਦੀ ਲੋੜ ਹੈ। ਵੈਸੇ ਤਾਂ ਇਹ ਸਮੁੱਚੀ ਧਰਤੀ ਹੀ ਮੇਰੀ ਕਰਮ ਭੂਮੀ ਹੈ ਅਤੇ ਸਮੁੱਚਾ ਖਾਲਸਾ ਪੰਥ ਮੇਰਾ ਆਪਣਾ ਪਰਿਵਾਰ ਹੈ।

ਪਰ ਮੈਂ ਆਪਣੇ ਇਸ ਸ਼ੰਘਰਸ ਦੀ ਸ਼ੁਰੂਆਤ ਇਕ (੧) ਤੋਂ ਹੀ ਕਰਨਾ ਚਾਹੁੰਦਾ ਹਾਂ। ਇਸ ਸਬੰਧੀ ਅੰਤਿਮ ਫੈਸਲਾ ਹੋਰ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ। ਇਹ ਚੋਣ ਕਿਸੇ ਹੋਰ ਨੂੰ ਜਿਤਾਉਣ ਜਾਂ ਹਰਾਉਣ ਲਈ ਨਹੀਂ, ਸਗੋਂ ਇਸ ਧਰਤੀ ਮਾਂ ਦੇ ਮਾਨ ਸਨਮਾਨ ਲਈ ਲੜੀ ਜਾਵੇਗੀ।

ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ

ਤੁਹਾਡਾ ਆਪਣਾ

ਬਲਵੰਤ ਸਿੰਘ ਰਾਜੋਆਣਾ
ਮਿਤੀ 19-10-2013 ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ ਪੰਜਾਬ
12.10.2013

******************************************************************************************

2nd Letter...

ੴ ਸਤਿਕਾਰਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ  ਅੱਜ ਮੈਂ ਇਥੇ ਇਹ ਸਪੱਸਟ ਕਰਦਾ ਹਾਂ ਕਿ ਆਪਣੇ ਕੌਮੀ ਹੱਕਾਂ ਦੀ, ਕੌਮੀ ਇਨਸਾਫ਼ ਦੀ ਅਵਾਜ਼ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਉਣ ਲਈ ਸਾਡੇ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਲਵੀ ਜਾਵੇਗੀ । ਮੇਰੇ ਵੱਲੋਂ ਇਹ ਚੋਣ ਮੇਰੀ ਭੈਣ ਬੀਬੀ ਕਮਲਦੀਪ ਕੌਰ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਨਾਲ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਲੜੇਗੀ। ਮੇਰੀ ਇਹ ਭੈਣ ਇੰਨ੍ਹਾਂ ਔਖੇ ਰਾਹਾਂ ਤੇ ਪਿਛਲੇ 20 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੀ ਹੋਈ ਮੇਰੇ ਨਾਲ ਸਾਏ ਦੀ ਤਰ੍ਹਾਂ ਵਿਚਰ ਰਹੀ ਹੈ। ਮੇਰੇ ਸੰਘਰਸ਼ ਦੀ ਅਸਲ ਵਾਰਿਸ ਹੈ।

ਖਾਲਸਾ ਜੀ, ਪਿਛਲੇ ਦਹਾਕਿਆਂ ਵਿੱਚ ਹੋਈਆਂ ਘਟਨਾਵਾਂ ਵਾਰੇ ਕੀਤੀ ਲੰਮੀ ਸੋਚ ਵਿਚਾਰ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਮੌਜੂਦਾ ਚੋਣ ਪ੍ਰਕ੍ਰਿਆ ਤੋਂ ਦੂਰ ਹੋ ਕੇ ਕਾਤਲ ਅਤੇ ਲੁਟੇਰੇ ਸਰਮਾਏਦਾਰ ਲੋਕਾਂ ਦੇ ਹੱਥਾਂ ਵਿੱਚ ਸੱਤਾ ਸੌਂਪ ਕੇ, ਅਸੀਂ ਆਪਣੇ ਕੋਈ ਵੀ ਕੌਮੀ ਹੱਕ ਅਤੇ ਕੌਮੀ ਇਨਸਾਫ਼ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਜੇਕਰ ਪੰਜਾਬ ਦੀ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗਣ ਵਾਲੇ ਕਾਤਲ ਹੁਕਮਰਾਨ ਹੀ ਸਾਡੀ ਇਸ ਧਰਤੀ ਤੋਂ ਜਿੱਤ ਪ੍ਰਾਪਤ ਕਰਦੇ ਹਨ ਤਾਂ ਇਹ ਸਮੁੱਚੇ ਖਾਲਸਾ ਪੰਥ ਲਈ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ। ਚੁੱਪਚਾਪ ਕਾਤਲਾਂ ਨੂੰ ਇਸ ਧਰਤੀ ਤੋਂ ਜਿੱਤਦੇ ਦੇਖਣਾ ਆਪਣੇ ਕੌਮੀ ਫ਼ਰਜਾ ਤੋਂ ਮੁਨਕਰ ਹੋਣਾ ਹੀ ਹੈ। ਸੜਕਾਂ ਤੇ ਨਾਹਰੇਬਾਜੀ ਕਰਕੇ, ਰੈਲੀਆਂ ਕਰਕੇ ਅਸੀਂ ਆਪਣੀ ਕੋਈ ਵੀ ਮੰਜਿਲ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਸਾਨੂੰ ਆਪਣਾ ਹਰ ਸ਼ੰਘਰਸ ਜੋਸ਼ ਦੇ ਨਾਲ ਹੋਸ਼ ਵਿੱਚ ਰਹਿ ਕੇ ਕਰਨਾ ਪਵੇਗਾ। ਇਸ ਲਈ ਬੰਦ ਕਮਰੇ ਵਿੱਚ ਮਿਲੇ ਸਾਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਕੇ ਅਸੀਂ ਸਾਡੇ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਰਣਭੂਮੀ ਵਿੱਚ ਹਰਾ ਕੇ ਆਪਣੇ ਕੌਮੀ ਫਰਜ਼ ਅਦਾ ਕਰਦੇ ਹੋਏ ਸੱਚ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਅਤੇ ਆਪਣੀ ਮੰਜਿਲ ਵੱਲ ਨੂੰ ਕਦਮ ਵਧਾ ਸਕਦੇ ਹਾਂ।

ਖਾਲਸਾ ਜੀ, 90 ਦੇ ਦਹਾਕੇ ਵਿੱਚ ਜਦੋਂ ਦਿੱਲੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਨੇ ਪਹਿਲਾਂ ਪੰਜਾਬ ਵਿੱਚ ਰਾਸਟਰਪਤੀ ਰਾਜ ਲਾਗੂ ਕਰਕੇ ਅਤੇ ਫਿਰ ਧੱਕੇ ਨਾਲ ਹੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਹਜਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ। ਫਿਰ ਜਦੋਂ ਇਹ ਕਾਤਲ ਹੁਕਮਰਾਨ ਸਾਡੇ ਵੀਰਾਂ ਦੀਆਂ ਲਾਸਾਂ ਤੇ ਅਤੇ ਲਹੂ ਲੁਹਾਣ ਹੋਈ ਪੰਜ ਦਰਿਆਵਾਂ ਦੀ ਧਰਤੀ ਮਾਂ ਦੀ ਹਿੱਕ ਤੇ ਮੁੰਬਈ ਦੀਆਂ ਡਾਸਰਾਂ ਨੂੰ ਨਚਾ ਕੇ ਸਾਡੀਆਂ ਜਖ਼ਮੀ ਭਾਵਨਾਵਾਂ ਦਾ ਮਜ਼ਾਕ ਉਡਾ ਰਹੇ ਸਨ, ਤਾਂ ਉਸ ਸਮੇਂ ਕੌਮ ਦੀ ਅਣਖ਼ ਅਤੇ ਗੈਰਤ ਲਈ, ਇਸ ਧਰਤੀ ਮਾਂ ਪ੍ਰਤੀ ਆਪਣੇ ਬਣਦੇ ਕੌਮੀ ਫਰਜ਼ ਨਿਭਾਉਣ ਲਈ ਅਸੀਂ ਪਟਿਆਲੇ ਦੀਆਂ ਇੰਨ੍ਹਾਂ ਗਲੀਆਂ ਵਿੱਚ ਘੁੰਮਦੇ -2 ਹੀ ਆਪਣਾ ਸੀਸ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਕੇ ਇਸ ਸ਼ੰਘਰਸ ਵਿੱਚ ਆਪਣਾ ਪੈਰ ਪਾਇਆ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਖਾਲਸਾ ਜੀ, ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਦੇ ਪਿਛਲੇ 18 ਸਾਲਾਂ ਦੇ ਸਫ਼ਰ ਦੌਰਾਨ ਮੈਂ ਹਿੰਦੋਸਤਾਨ ਦੀਆਂ ਅਦਾਲਤਾਂ ਦੀ ਹਿੱਕ ਤੇ ਕੌਮੀ ਦਰਦ ਅਤੇ ਕੌਮੀ ਇਨਸਾਫ਼ ਦੀ ਦਾਸਤਾਨ ਲਿਖਦਾ ਰਿਹਾ ਅਤੇ ਕੌਮੀ ਇਨਸਾਫ਼ ਦੇਣ ਤੋਂ ਮੁਨਕਰ ਇੰਨਾਂ ਅਦਾਲਤਾਂ ਨੂੰ ਇੰਨ੍ਹਾਂ ਦਾ ਅਸਲ ਪੱਖਪਾਤੀ ਚਿਹਰਾ ਦਿਖਾਉਂਦਾ ਹੋਇਆ ਅੱਜ ਬਿਨਾਂ ਕਿਸੇ ਗਿਲੇ ਸਿਕਵੇ ਦੇ ਫਾਂਸੀ ਦੇ ਤਖ਼ਤੇ ਤੇ ਖੜਾ ਵੀ ਕੌਮ ਦੀ ਅਣਖ਼ ਅਤੇ ਗੈਰਤ ਲਈ ਕੁਝ ਕਰਨਾ ਲੋਚਦਾ ਹਾਂ। ਮੇਰਾ ਇਹ ਜੀਵਨ ਅਤੇ ਹਰ ਸਾਹ ਖਾਲਸਾ ਪੰਥ ਦੀ ਅਮਾਨਤ ਹੈ ਅਤੇ ਇਸ ਦੀ ਹੀ ਸੇਵਾ ਨੂੰ ਸਮਰਪਿਤ ਹੈ।

ਖਾਲਸਾ ਜੀ, ਹੁਣ ਮੈਂ ਆਪਣੇ ਸ਼ੰਘਰਸ ਦੇ ਦੂਸਰੇ ਪੜਾਅ ਦੀ ਸੁਰੂਆਤ ਵੀ ਇਥੋਂ ਪਟਿਆਲਾ ਦੀ ਧਰਤੀ ਤੋਂ ਹੀ ਕਰਨਾ ਚਾਹੁੰਦਾ ਹਾਂ। ਇਹ ਸੀਟ ਪਿਛਲੇ 15 ਸਾਲਾਂ ਤੋਂ ਸਾਡੇ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਮੋਤੀ ਮਹਿਲ ਦੇ ਕਬਜੇ ਵਿੱਚ ਹੈ। ਇਹ ਮੋਤੀ ਮਹਿਲ ਖਾਲਸਾ ਪੰਥ ਦੇ ਖਿਲਾਫ਼ ਰਚੀਆਂ ਗਈਆਂ ਸਾਜਿਸਾਂ ਅਤੇ ਰਚੀਆਂ ਜਾ ਰਹੀਆਂ ਸਾਜਿਸਾਂ ਦਾ ਕੇਂਦਰ ਬਿੰਦੂ ਹੈ । ਇਹ ਮੋਤੀ ਮਹਿਲ ਖਾਲਸਾ ਰਾਜ ਦੇ ਸ਼ੰਘਰਸ ਨੂੰ ਗੁੰਮਰਾਹ ਕਰਨ ਵਾਲੇ, ਸਿੱਖ ਸ਼ੰਘਰਸ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ, ਇਸਨੂੰ ਫਿਰਕੂ ਰੰਗ ਦੇਣ ਵਾਲੇ ਸਿੱਖੀ ਭੇਸ ਵਿਚ ਵਿਚਰਦੇ ਦਿੱਲੀ ਦਰਬਾਰ ਦੇ ਕਰਿੰਦਿਆਂ ਦਾ ਮੁੱਖ ਦਫ਼ਤਰ ਹੈ। ਇਸ ਲਈ ਮੇਰੀ ਇਹ ਕੋਸ਼ਿਸ ਹੈ ਕਿ ਸੱਚ ਦਾ ਰਾਜ ਸਥਾਪਿਤ ਕਰਨ ਲਈ ਅਤੇ ਕੌਮੀ ਹੱਕਾਂ ਦੀ ਆਵਾਜ਼ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਉਣ ਲਈ ਸਾਜ਼ਿਸਾਂ ਦੇ ਮੁੱਖ ਕੇਂਦਰ ਨੂੰ ਬੰਦ ਕਰਨਾ ਸਭ ਤੋਂ ਜ਼ਰੂਰੀ ਹੈ। ਇਸੇ ਲਈ ਹੀ ਸਾਡੇ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ।

ਖਾਲਸਾ ਜੀ, ਮੇਰਾ ਇਹ ਸ਼ੰਘਰਸ ਆਪਣੇ ਕੌਮੀ ਫ਼ਰਜ ਨਿਭਾਉਂਦਾ ਹੋਇਆ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ ਹੋਇਆ ਸਮੁੱਚੀ ਮਾਨਵਤਾ ਨੂੰ ਹੀ ਆਪਣੇ ਕਲਾਵੇ ਵਿਚ ਲੈਂਦਾ ਹੈ । ਮੇਰਾ ਇਹ ਸ਼ੰਘਰਸ ਇੰਨ੍ਹਾਂ ਰਜਵਾੜੇ ਅਤੇ ਸਰਮਾਏਦਾਰ ਹੁਕਮਰਾਨਾਂ ਵੱਲੋਂ ਚੋਣਾਂ ਦੌਰਾਨ ਇੱਕ ਵਸਤੂ ਦੀ ਤਰ੍ਹਾਂ ਖ੍ਰੀਦੇ ਅਤੇ ਵੇਚੇ ਜਾਂਦੇ ਆਮ ਇਨਸਾਨ ਦੇ ਆਤਮ-ਸਨਮਾਨ ਦਾ ਸ਼ੰਘਰਸ ਹੈ। ਮੇਰਾ ਇਹ ਸ਼ੰਘਰਸ ਇੰਨ੍ਹਾਂ ਰਾਜਿਆਂ ਅਤੇ ਸਰਮਾਏਦਾਰ ਹੁਕਮਰਾਨਾਂ ਦੀ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਗੁਲਾਮੀ ਤੋਂ ਇਕ ਆਮ ਇਨਸਾਨ ਨੂੰ ਆਜ਼ਾਦ ਕਰਵਾਉਣ ਅਤੇ ਸਭ ਵਰਗਾਂ ਅਤੇ ਧਰਮਾਂ ਦੇ ਸਹਿਯੋਗ ਨਾਲ ਸੱਚ ਦਾ ਰਾਜ ਸਥਾਪਿਤ ਕਰਨ ਵੱਲ ਨੂੰ ਕਦਮ ਵਧਾਉਣ ਦੀ ਕੋਸ਼ਿਸ ਅਤੇ ਸੁਰੂਆਤ ਹੈ। ਮੇਰਾ ਇਹ ਸ਼ੰਘਰਸ ਭ੍ਰਿਸਟਾਚਾਰ ਮੁਕਤ , ਨਸ਼ਾਮੁਕਤ, ਭੈਅ-ਮੁਕਤ ਅਤੇ ਤੰਦਰੁਸਤ ਅਤੇ ਇੱਕ ਸੱਭਿਅਕ ਸਮਾਜ ਦੀ ਸਿਰਜਨਾ ਕਰਨਾ ਸੋਚਦਾ ਹੈ।

ਖਾਲਸਾ ਜੀ, ਸਾਡੀ ਇਸ ਚੋਣ ਮੁਹਿੰਮ ਦੌਰਾਨ ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਦੀ ਅਤੇ ਪੈਸੇ ਦੀ ਵੰਡ ਕਰਕੇ ਮਾਨਵਤਾ ਦਾ ਅਪਮਾਨ ਨਹੀਂ ਕੀਤਾ ਜਾਵੇਗਾ। ਸਾਡੀ ਇਹ ਚੋਣ ਕਸੌਟੀ ਹੋਵੇਗੀ ਉਨ੍ਹਾਂ ਲੋਕਾਂ ਲਈ ਜਿਹੜੇ ਪਿਛਲੇ ਸਾਲ ਮਾਰਚ 2012 ਤੋਂ ਬਾਅਦ ਰਾਜਨੀਤਿਕ ਅਤੇ ਧਾਰਮਿਕ ਤੌਰ ਤੇ ਮੇਰੇ ਹਮਦਰਦ ਅਤੇ ਮੇਰੀ ਸੋਚ ਦੇ ਹਾਮੀ ਬਣਕੇ ਲੋਕਾਂ ਵਿਚ ਵਿਚਰ ਰਹੇ ਹਨ ।ਇਹ ਚੋਣ ਉਨ੍ਹਾਂ ਸਾਰਿਆਂ ਦੇ ਅਸਲ ਸੱਚ ਦੀ ਪਰਖ ਕਰੇਗੀ ਕਿ ਕੀ ਉਹ ਸੱਚਮੁੱਚ ਹੀ ਸੱਚ ਦੇ ਮਾਰਗ ਦੇ ਪਾਂਧੀ ਹਨ ਜਾਂ ਫਿਰ ਆਪਣੇ -2 ਸਵਾਰਥਾਂ ਦੀ ਪੂਰਤੀ ਤੱਕ ਹੀ ਸੀਮਤ ਹਨ । ਸੱਚ ਦਾ ਸਹਾਰਾ ਲੈ ਕੇ ਆਪਣਾ ਝੂਠ ਲੋਕਾਂ ਵਿਚ ਸਥਾਪਿਤ ਕਰਨ ਦੀ ਕੋਸ਼ਿਸ ਵਿਚ ਹਨ।

ਖਾਲਸਾ ਜੀ, ਪਿਛਲੇ ਸਾਲ ਮਾਰਚ 2012 ਵਿਚ ਤੁਹਾਡੇ ਵੱਲੋਂ ਕੀਤੇ ਸ਼ੰਘਰਸ ਕਾਰਣ ਮੈਨੂੰ ਮਿਲੇ ਇਸ ਜੀਵਨ ਨੂੰ ਤੁਹਾਡੀ ਸੇਵਾ ਵਿਚ ਅਰਪਣ ਕਰਨ ਲਈ, ਉਸ ਵਿਸਵਾਸ਼ ਅਤੇ ਸ਼ੰਘਰਸ ਨੂੰ ਸਹੀ ਦਿਸ਼ਾ ਦੇਣ ਲਈ ਅਤੇ ਅੱਗੇ ਵਧਾਉਣ ਲਈ ਮੈਨੂੰ ਤੁਹਾਡੇ ਵਡਮੁੱਲੇ ਸਹਿਯੋਗ ਦੀ ਜ਼ਰੂਰਤ ਹੈ।

ਖਾਲਸਾ ਜੀ, ਮੇਰੇ ਸਮੁੱਚੇ ਖਾਲਸਾ ਪੰਥ ਅੱਗੇ ਇਹ ਬੇਨਤੀ ਹੈ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਮੇਰੇ ਵੱਲੋਂ ਚੋਣ ਲੜ ਰਹੀ ਮੇਰੀ ਭੈਣ ਬੀਬੀ ਕਮਲਦੀਪ ਕੌਰ ਨੂੰ ਆਪਣੀ ਭੈਣ ਅਤੇ ਪੰਥ ਦੀ ਬੇਟੀ ਜਾਣ ਚੋਣਾਂ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ। ਮੇਰੇ ਜੇਲ੍ਹ ਦੀ ਫਾਂਸੀ ਕੋਠੀ ਵਿੱਚ ਬੰਦ ਹੋਣ ਕਾਰਣ ਅਤੇ ਸਾਡੇ ਕੋਲ ਪ੍ਰਚਾਰ ਦੇ ਸਾਧਨ ਸੀਮਤ ਹੋਣ ਕਾਰਣ ਮੇਰੇ ਇਸ ਸੁਨੇਹੇ ਨੂੰ ਹੀ ਇਸ ਤਰ੍ਹਾਂ ਸਮਝਣਾ ਹੈ ਕਿ ਜਿਵੇਂ ਮੈਂ ਆਪ ਹੀ ਤੁਹਾਡੇ ਘਰ ਆ ਕੇ ਤੁਹਾਡੇ ਵਡਮੁੱਲੇ ਸਹਿਯੋਗ ਲਈ ਬੇਨਤੀ ਕਰ ਰਿਹਾ ਹੋਵਾਂ। ਇਹ ਸਮੁੱਚਾ ਖਾਲਸਾ ਪੰਥ ਹੀ ਮੇਰਾ ਆਪਣਾ ਪਰਿਵਾਰ ਹੈ। ਇੰਨ੍ਹਾਂ ਆਉਣ ਵਾਲੀਆਂ ਚੋਣਾਂ ਵਿਚ ਸਮੁੱਚੇ ਖਾਲਸਾ ਪੰਥ ਨੇ ਇਸ ਚੋਣ ਨੂੰ ਆਪਣੀ ਹੀ ਚੋਣ ਜਾਣ ਘਰ-ਘਰ ਜਾ ਕੇ ਆਪ ਹੀ ਪ੍ਰਚਾਰ ਕਰਨਾ ਹੈ। ਕਿਉਂਕਿ ਇਹ ਸ਼ੰਘਰਸ ਕੌਮ ਦੀ ਅਣਖ਼ ਅਤੇ ਗੈਰਤ ਦਾ ਸ਼ੰਘਰਸ ਹੈ ,ਇਸ ਧਰਤੀ ਮਾਂ ਦੇ ਕੌਮੀ ਸਵੈਮਾਨ ਦਾ ਸ਼ੰਘਰਸ ਹੈ। ਮੈਨੂੰ ਪੂਰੀ ਉਮੀਦ ਹੈ ਕਿ ਖਾਲਸਾ ਪੰਥ ਪਟਿਆਲਾ ਲੋਕ ਸਭਾ ਹਲਕੇ ਤੋਂ ਖਾਲਸੇ ਦੀ ਜਿੱਤ ਦਾ ਝੰਡਾ ਝੁਲਾ ਕੇ, ਇੱਕ ਨਵਾਂ ਇਤਿਹਾਸ ਸਿਰਜ ਕੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚੇਗਾ ਅਤੇ ਪੰਜਾਬ ਦੀ ਇਸ ਪਵਿੱਤਰ ਧਰਤੀ ਤੋਂ ਇਕ ਨਵੇਂ ਯੁੱਗ ਦੀ ਅਤੇ ਨਵੀਂ ਕ੍ਰਾਂਤੀ ਦੀ ਸੁਰੂਆਤ ਕਰੇਗਾ।

ਮੇਰੀ ਖਾਲਸਾ ਪੰਥ ਦੇ ਸਮੁੱਚੇ ਬੁੱਧੀਜੀਵੀਆਂ ਨੂੰ, ਧਾਰਮਿਕ ਸੰਸਥਾਵਾਂ ਨੂੰ, ਟਕਸਾਲਾਂ ਨੂੰ ਅਤੇ ਸੰਤਾਂ ਮਹਾਪੁਰਸਾਂ ਨੂੰ ਇਹ ਬੇਨਤੀ ਹੈ ਕਿ ਇਸ ਸ਼ੰਘਰਸ ਵਿੱਚ ਮੇਰੀ ਭੈਣ ਬੀਬੀ ਕਮਲਦੀਪ ਕੌਰ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਕਿ ਪਟਿਆਲੇ ਦੀ ਧਰਤੀ ਤੇ ਖਾਲਸਾ ਪੰਥ ਦੀ ਜਿੱਤ ਦਾ ਝੰਡਾ ਝੁਲਾਇਆ ਜਾ ਸਕੇ।

ਹਮੇਸਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ

ਤੁਹਾਡਾ ਆਪਣਾ

ਬਲਵੰਤ ਸਿੰਘ ਰਾਜੋਆਣਾ
ਮਿਤੀ 19-10-2013 ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ ਪੰਜਾਬ

ਮਿਤੀ 19-10-2013

******************************************************************************************

3rd Letter...

ੴ ਸਤਿਕਾਰਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ , ਹਰ ਸਾਲ ਨਵੰਬਰ ਦਾ ਪਹਿਲਾਂ ਹਫਤਾ ਹਰ ਗੈਰਤਮੰਦ ਸਿੱਖ ਦੀਆਂ ਅੱਖਾਂ ਨਮ ਕਰ ਜਾਂਦਾ ਹੈ। ਉਸ ਦੀਆਂ ਅੱਖਾਂ ਦੇ ਸਾਹਮਣੇ ਦਿੱਲ਼ੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਵੱਲੋਂ ਨਵੰਬਰ 1984 ਨੂੰ ਸਿੱਖਾਂ ਉਪਰ ਵਰਤਾਇਆ ਕਹਿਰ ਘੁੰਮਣ ਲੱਗ ਪੈਂਦਾ ਹੈ। ਸਿੱਖ ਮਾਨਸਿਕਤਾ ਨੂੰ ਦਿੱਤੇ ਗਹਿਰੇ ਜਖ਼ਮ ਤਾਜਾ ਹੋ ਜਾਂਦੇ ਹਨ । ਜੂਨ 1984 ਨੂੰ ਸਿੱਖ ਧਰਮ ਤੇ ਹਮਲਾ ਕਰਕੇ, “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਢਹਿ ਢੇਰੀ ਕਰਕੇ, ਹਜਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕਰਕੇ ਸਿੱਖ ਮਾਨਸਿਕਤਾ ਨੂੰ ਲਹੂ-ਲੁਹਾਣ ਕਰਨ ਵਾਲੇ ਦਿੱਲੀ ਦੇ ਤਖ਼ਤ 'ਤੇ ਬੈਠੇ ਇੰਨ੍ਹਾਂ ਕਾਂਗਰਸੀ ਹੁਕਮਰਾਨਾਂ ਨੇ ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਮੱਲ੍ਹਮ ਲਾਉਣ ਦੀ ਬਜਾਏ ਨਵੰਬਰ 1984 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਪ੍ਰਮੁੱਖ ਸਹਿਰਾਂ ਵਿੱਚ ਸਿੱਖਾਂ ਉਪਰ ਜੋ ਕਹਿਰ ਵਰਤਾਇਆ, ਇਸ ਵਾਰੇ ਸੋਚ ਕੇ ਅੱਜ ਵੀ ਹਰ ਇਨਸਾਫ਼ ਪਸੰਦ ਵਿਅਕਤੀ ਦੀ ਰੂਹ ਕੰਬ ਜਾਂਦੀ ਹੈ। ਨਵੰਬਰ ਦਾ ਪਹਿਲਾ ਹਫ਼ਤਾ ਸਾਨੂੰ ਦਿੱਲੀ ਦੀਆਂ ਗਲੀਆਂ ਵਿੱਚ ਮਾਰੇ ਗਏ ਸਾਡੇ ਬਜੁਰਗਾਂ, ਵੀਰਾਂ, ਬੱਚਿਆਂ ਅਤੇ ਬਲਾਤਕਾਰ ਕਰਕੇ ਮਾਰੀਆਂ ਗਈਆਂ ਸਾਡੀਆਂ ਧੀਆਂ ਭੈਣਾਂ ਦੀਆਂ ਚੀਕਾਂ ਸਾਨੂੰ ਸਾਡੇ ਕੰਨਾਂ ਵਿੱਚ ਸੁਣਾ ਜਾਂਦਾ ਹੈ। ਨਵੰਬਰ ਦਾ ਇਹ ਪਹਿਲਾਂ ਹਫ਼ਤਾ ਹਰ ਸਾਲ ਸਾਨੂੰ ਸਲਾਖਾਂ ਦੀ ਬਜਾਏ ਉੱਚੇ ਅਹੁਦਿਆਂ ਤੇ ਬੈਠੇ ਕਾਤਲਾਂ ਨੂੰ ਦੇਖ ਕੇ, ਕੌਮੀ ਇਨਸਾਫ਼ ਲੈਣ ਵਿੱਚ ਨਾਕਾਮ ਰਹਿਣ ਕਰਕੇ ਲਾਹਣਤਾਂ ਵੀ ਪਾ ਜਾਂਦਾ ਹੈ ਅਤੇ ਆਪਾ ਪੜਚੋਲ ਦਾ ਸੁਨੇਹਾ ਵੀ ਦੇ ਜਾਂਦਾ ਹੈ।

ਖਾਲਸਾ ਜੀ, ਇਸ ਸਾਲ ਨਵੰਬਰ ਦੇ ਪਹਿਲੇ ਹਫ਼ਤੇ 3 ਨਵੰਬਰ ਨੂੰ ਬੰਦੀ ਛੋਡ ਦਿਵਸ ਅਤੇ ਦੀਵਾਲੀ ਹੈ। ਮੇਰੀ ਸਮੁੱਚੇ ਖਾਲਸਾ ਪੰਥ ਅੱਗੇ ਇਹ ਬੇਨਤੀ ਹੈ, ਇਸ ਵਾਰ ਤਿੰਨ ਨਵੰਬਰ ਨੂੰ ਜਦੋਂ ਸਮੁੱਚਾ ਖਾਲਸਾ ਪੰਥ ਬੰਦੀ ਛੋਡ ਦਿਵਸ ਤੇ ਛੇਵੇਂ ਪਾਤਿਸਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਹੋਣ ਦੀ ਖੁਸੀ ਵਿਚ ਅਤੇ ਦੀਵਾਲੀ ਨੂੰ ਆਪਣੇ ਘਰਾਂ ਉਪਰ ਦੀਪਮਾਲਾ ਕਰ ਰਿਹਾ ਹੋਵੇਗਾ, ਤਾਂ ਉਸ ਸਮੇਂ ਨਵੰਬਰ 1984 ਨੂੰ ਦਿੱਲੀ ਦੀਆਂ ਗਲੀਆਂ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਯਾਦ ਜ਼ਰੂਰ ਕੀਤਾ ਜਾਵੇ। ਸਾਨੂੰ ਇਸ ਸਾਲ ਦੀ ਇਹ ਸਾਰੀ ਦੀਪ ਮਾਲਾ ਉਨਾਂ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਸਮਰਪਿਤ ਕਰਨੀ ਚਾਹੀਦੀ ਹੈ। ਇਸ ਵਾਰ ਸਾਰੇ ਜਾਗਦੀ ਰੂਹ ਵਾਲੇ ਸਿੱਖਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਇਸ ਵਾਰ ਤਿੰਨ ਨਵੰਬਰ ਨੂੰ ਕਿਸੇ ਵੀ ਤਰ੍ਹਾਂ ਦੇ ਪਟਾਕੇ ਨਾ ਚਲਾਉਣ, ਸਗੋਂ ਦਿੱਲੀ ਦੇ ਤਖ਼ਤ ਤੇ ਬੈਠੇ ਇੰਨ੍ਹਾਂ ਕਾਂਗਰਸੀ ਹੁਕਮਰਾਨਾਂ ਵੱਲੋਂ ਵਰਤਾਏ ਇਸ ਕਹਿਰ ਦੀ ਜਾਣਕਾਰੀ ਆਪਣੇ ਬੱਚਿਆਂ ਨੂੰ ਦੇਣ ਅਤੇ ਦੱਸਣ ਕਿ ਸਾਂਤੀ ਦੇ ਮਾਖੌਟੇ ਪਾਈ ਫਿਰਦੇ ਇੰਨ੍ਹਾਂ ਹੁਕਮਰਾਨਾਂ ਦੇ ਅਸਲ ਚਿਹਰੇ ਕਿੰਨੇ ਘਨੌਣੇ ਹਨ।

ਖਾਲਸਾ ਜੀ, ਆਓ ਆਪਾਂ ਸਾਰੇ ਮਿਲ ਕੇ ਇਸ ਸਾਲ ਪਟਾਕਿਆਂ 'ਤੇ ਖਰਚ ਆਉਣ ਵਾਲੇ ਪੈਸਿਆਂ ਨਾਲ ਨਵੰਬਰ 1984 ਦੇ ਪੀੜਤਾ ਦੀ ਆਰਥਿਕ ਮੱਦਦ ਕਰੀਏ। ਇਸ ਸਬੰਧੀ ਮੇਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਇਹ ਬੇਨਤੀ ਹੈ ਕਿ ਉਹ ਸਮੁੱਚੇ ਸਿੱਖ ਸਮਾਜ ਨੂੰ ਤਿੰਨ ਨਵੰਬਰ ਨੂੰ ਬੰਦੀ ਛੋਡ ਦਿਵਸ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਟਾਕੇ ਨਾ ਚਲਾਉਣ ਦੇ ਆਦੇਸ ਜਾਰੀ ਕੀਤੇ ਜਾਣ ਅਤੇ ਆਪਣੀ ਇੱਛਾ ਅਨੁਸਾਰ ਪਟਾਕਿਆਂ 'ਤੇ ਖਰਚ ਆਉਣ ਵਾਲੇ ਪੈਸਿਆਂ ਨਾਲ ਪੀੜਤਾ ਦੀ ਮੱਦਦ ਕਰਨ ਲਈ ਕਿਹਾ ਜਾਵੇ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਬੈਂਕ ਅਕਾਉਂਟ ਨੰਬਰ ਵੀ ਖਾਲਸਾ ਪੰਥ ਲਈ ਜਾਰੀ ਕੀਤਾ ਜਾਵੇ, ਤਾਂ ਕਿ ਹਰ ਸਿੱਖ ਇਸ ਵਿਚ ਆਪਣਾ ਬਣਦਾ ਯੋਗਦਾਨ ਪਾ ਸਕੇ। ਇਸ ਸਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਵੀ ਕੋਈ ਆਤਿਸ਼ਬਾਜੀ ਨਾ ਕੀਤੀ ਜਾਵੇ, ਸਗੋਂ ਆਤਿਸਬਾਜੀ 'ਤੇ ਖਰਚ ਆਉਣ ਵਾਲੀ ਸਾਰੀ ਰਕਮ ਪੀੜਤਾ ਦੇ ਅਕਾਉਂਟ ਵਿਚ ਜਮਾ ਕਰਵਾ ਦਿੱਤੀ ਜਾਵੇ। ਫਿਰ ਇਹ ਸਾਰੀ ਰਕਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰਹਿਨੁਮਾਈ ਹੇਠ ਉਨ੍ਹਾਂ ਨਵੰਬਰ 1984 ਦੇ ਪੀੜਤਾ ਨੂੰ ਦੇ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਜਖ਼ਮਾਂ ਤੇ ਮੱਲ੍ਹਮ ਲਾਉਣ ਦੀ ਕੋਸ਼ਿਸ ਕੀਤੀ ਜਾਵੇ। ਇਸ ਤਰਾਂ ਪਟਾਕਿਆਂ ਤੇ ਫਜੂਲ ਖਰਚੀ ਕਰਕੇ ਪ੍ਰਦੂਸਣ ਫੈਲਾਉਣ ਦੀ ਬਜਾਏ, ਅਸੀਂ ਪੀੜਤਾਂ ਦੀ ਮੱਦਦ ਕਰਕੇ ਆਪਣੇ ਕੌਮੀ ਫਰਜ ਅਦਾ ਕਰਦੇ ਹੋਏ ਸਮੁੱਚੀ ਦੁਨੀਆਂ ਨੂੰ ਆਪਣੇ ਜਾਗਦੇ ਹੋਣ ਦਾ ਸਬੂਤ ਦੇਈਏ ਅਤੇ ਆਪਣੇ ਗੁਰੂ ਦੀਆਂ ਸੱਚੀਆਂ ਖੁਸੀਆਂ ਪ੍ਰਾਪਤ ਕਰੀਏ।

ਹਮੇਸਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ

ਤੁਹਾਡਾ ਆਪਣਾ

ਬਲਵੰਤ ਸਿੰਘ ਰਾਜੋਆਣਾ
ਮਿਤੀ 19-10-2013 ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ ਪੰਜਾਬ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top