Share on Facebook

Main News Page

ਸਿੱਖੋ, ਸੋਚ ਸਮਝ ਕੇ ਕੋਈ ਕੰਮ ਕਰਿਓ, ਦੇਖਿਓ ਕਿਤੇ ਭਾਵਨਾਵਾਂ 'ਚ ਬਹਿ ਕੇ ਧੋਖਾ ਨਾ ਖਾ ਜਾਇਓ !!!
-: ਸੰਪਾਦਕ ਖ਼ਾਲਸਾ ਨਿਊਜ਼

ਭਾਈ ਰਾਜੋਆਣਾ ਦੀ ਕੌਮੀ ਭਾਵਨਾ 'ਤੇ ਕੋਈ ਸ਼ੱਕ ਨਹੀਂ, ਜੋ ਉਨ੍ਹਾਂ ਨੇ ਬੇਅੰਤ ਕਤਲ ਕਾਂਡ 'ਚ ਬਹਾਦਰੀ ਦਿਖਾਈ ਹੈ, ਉਹ ਵੀ ਦਲੇਰਾਨਾ ਹੈ।

ਪਰ, ਉਨ੍ਹਾਂ ਵਲੋਂ ਲੋਕ ਸਭਾ ਚੋਣਾਂ 'ਚ ਆਪਣੀ ਭੈਣ ਨੂੰ ਉਮੀਦਵਾਰ ਖੜਾ ਕਰਨਾ, ਭਾਰਤੀ ਸੰਵਿਧਾਨ 'ਚ ਭਰੋਸਾ ਦਿਖਾਉਣਾ ਹੈ, ਜਿਸਦਾ ਉਹ ਆਪ ਵਿਰੋਧ ਕਰਦੇ ਰਹੇ ਨੇ, ਕਈ ਸਵਾਲ ਖੜੇ ਕਰਦਾ ਹੈ। ਜਦੋਂ ਉਨ੍ਹਾਂ ਦੀ ਭੈਣ ਆਪਣੇ ਪੇਪਰ ਜਮਾਂ ਕਰਵਾਏਗੀ, ਜੇ ਜਿੱਤ ਗਈ ਤਾਂ, ਭਾਰਤੀ ਸੰਵਿਧਾਨ ਦੀ ਸਹੁੰ ਵੀ ਚੁਕਣੀ ਪਵੇਗੀ, ਉਹ ਕਿਸ ਤਰ੍ਹਾਂ ਹੋਵੇਗਾ? ਤੁਹਾਡੀ ਇਹ ਸੋਚ, ਆਪਣੇ ਆਪ 'ਚ ਹੀ ਗੁੰਝਲਦਾਰ ਬਣ ਰਹੀ ਹੈ।

ਇਹ ਸਭ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਹਮੇਸ਼ਾਂ ਵਿਤਕਰਾ ਕੀਤਾ ਹੈ, 1984 ਦੌਰਾਨ ਉਨ੍ਹਾਂ ਵਲੋਂ ਸਿੱਖਾਂ ਦਾ ਕਤਲੇਆਮ ਵੀ ਕੀਤਾ ਗਿਆ, ਪਰ ਕੀ ਆਰ.ਆਰ.ਐਸ / ਬੀ.ਜੇ.ਪੀ ਦੀ ਭਾਈਵਾਲ ਪਾਰਟੀ ਅਖੌਤੀ ਅਕਾਲੀ ਪਾਰਟੀ ਨੇ ਕੋਈ ਸਿੱਖਾਂ ਦੀ ਚੜ੍ਹਦੀਕਲਾ ਲਈ ਕੰਮ ਕੀਤਾ ਹੈ? ਤੁਹਾਡੇ ਵਲੋਂ ਲਿਖਿਆ ਗਿਆ "ਦੋ ਸਾਲ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਵੀ ਸਾਜ਼ਿਸ ਇਥੋਂ ਹੀ (ਪਟਿਆਲਾ) ਰਚੀ ਗਈ ਸੀ।" ਸ਼੍ਰੋਮਣੀ ਕਮੇਟੀ ਪਿਛਲੇ ਦਹਾਕੇ ਤੋਂ ਬਾਦਲ ਅਧੀਨ ਹੈ, ਤੁਹਾਡੇ ਇਸ ਕਥਨ ਦਾ ਸਿੱਧਾ ਪੱਧਰਾ ਫਾਇਦਾ ਬਾਦਲ ਨੂੰ ਹੀ ਹੋਣਾ ਹੈ। ਬੀ.ਜੇ.ਪੀ ਦਾ ਅਡਵਾਣੀ ਤਾਂ ਆਪ ਮੰਨਦਾ ਹੈ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਉਨ੍ਹਾਂ ਵਲੋਂ ਉਕਸਾਉਣ 'ਤੇ ਇੰਦੀਰਾ ਗਾਂਧੀ ਵਲੋਂ ਕੀਤਾ ਗਿਆ। ਬਾਦਲ ਵਲੋਂ ਨਰਕਧਾਰੀ ਗੁਰਬਚਨ ਸਿੰਘ ਨੂੰ ਸਹੀ ਸਲਾਮਤ ਦਿੱਲੀ ਪਹੁੰਚਾਉਣਾ, ਭਾਜਪਾ ਨਾਲ ਗੱਲਵਕੜੀਆਂ ਪਾਉਣਾ, ਅਕਾਲ ਤਖ਼ਤ ਦੀ ਮਾਣ ਮਰਿਆਦਾ 1984 ਨਾਲੋਂ ਵੀ ਵੱਧ ਘਟਾਉਣਾ, 1976 ਤੋਂ ਲੈ ਕੇ ਹੁਣ ਤੱਕ ਗੱਦਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿਣਾ, ਤੁਹਾਡੀ ਨਜ਼ਰ 'ਚੋਂ ਕਿਵੇਂ ਵਿਸਰ ਗਿਆ... ਕੀ ਇਹ ਸਿੱਖਾਂ ਦੀ ਨਸਲਕੁਸ਼ੀ ਨਹੀਂ... ਪੰਜਾਬ 'ਚ ਸਿੱਖਾਂ ਦਾ ਸਰਵਨਾਸ਼ ਕਰਨਾ, ਪਤਿਤਪੁਣੇ, ਨਸ਼ਾਖੋਰੀ, ਬੇਰੁਜ਼ਗਾਰੀ, ਹਰ ਇੱਕ ਪੱਧਰ 'ਤੇ ਸਿੱਖਾਂ ਦਾ, ਪੰਜਾਬ ਦਾ ਬੇੜਾ ਗਰਕ ਕਰਨਾ... ਤੁਹਾਨੂੰ ਇਹ ਕਦੀ ਨਹੀਂ ਦਿਖਿਆ ???

ਤੀਜੇ ਖੱਤ 'ਚ ਤੁਹਾਡੇ ਵਲੋਂ ਆਤਿਸ਼ਬਾਜੀ ਨਾ ਕਰਣ ਦੀ ਜੋ ਗੱਲ ਕਹੀ ਹੈ, ਉਹ ਕਾਬੀਲੇ ਤਾਰੀਫ ਹੈ, ਪਰ ਸਿੱਖਾਂ ਕੋਲ਼ੋਂ ਪੈਸਾ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੱਕ ਬੈਂਕ ਅਕਾਉਂਟ ਨੰਬਰ 'ਤੇ ਭੇਜਣਾ, ਫਿਰ ਬਾਦਲ ਨੂੰ ਸਹਿਯੋਗ ਦੇਣ ਲਈ ਕਹਿਣਾ ਹੈ। ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਨਾਲੋਂ ਘੱਟ ਨਹੀਂ, ਲੋਕਾਂ ਵਲੋਂ ਚੜਾਇਆ ਪੈਸਾ, ਸਿੱਖਾਂ 'ਤੇ ਖਰਚ ਨਾ ਹੋਕੇ, ਬਾਦਲ ਦੀਆਂ ਰੈਲੀਆਂ ਅਤੇ ਉਨ੍ਹਾਂ ਵਲੋਂ ਹੀ ਖਰਚਿਆ ਜਾ ਰਿਹਾ ਹੈ, ਫਿਰ ਸਿੱਖਾਂ ਕੋਲੋਂ ਨਵੰਬਰ 1984 ਦੇ ਪੀੜਿਤਾਂ ਲਈ ਪੈਸਾ ਇੱਕਠਾ ਕਰਨਾ, ਇੱਕ ਹੋਰ ਵੱਡੀ ਲੁੱਟ ਹੀ ਸਾਬਿਤ ਹੋਵੇਗੀ। ਅੱਜ ਦੇ ਸਮੇਂ 'ਚ ਅਕਾਲ ਤਖ਼ਤ ਆਜ਼ਾਦ ਨਹੀਂ, ਉਹ ਬਾਦਲ ਦੀ ਸ਼੍ਰੋਮਣੀ ਕਮੇਟੀ ਦੇ ਅਧੀਨ ਕੰਮ ਕਰਦਾ ਹੈ। ਹੋਰ ਜਿਨ੍ਹਾਂ ਅਖੌਤੀ ਜਥੇਦਾਰਾਂ, ਧੁੰਮਾਂ ਟਕਸਾਲ ਨਾਲ ਤੁਸੀਂ ਹੁਣ ਗਲਵਕੜੀਆਂ ਪਾਈਆਂ ਹਨ, ਉਨ੍ਹਾਂ ਨੂੰ ਪਹਿਲਾਂ ਤੁਸੀਂ ਮਿਲਣ ਤੋਂ ਵੀ ਇਨਕਾਰੀ ਸੀ!!!

ਤੁਹਾਡੀ ਕਿਸੇ ਵੀ ਚਿੱਠੀ 'ਚ ਬਾਦਲ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ, ਜਦਕਿ ਜਿਨਾਂ ਆਰਥਿਕ, ਸਾਮਾਜਿਕ, ਧਾਰਮਿਕ ਤੌਰ 'ਤੇ ਨੁਕਸਾਨ ਬਾਦਲ ਦੇ ਅਧੀਨ ਪੰਜਾਬ ਦਾ, ਸਿੱਖਾਂ ਦਾ ਹੋਇਆ ਹੈ, ਉਹ ਮੁਗਲਾਂ ਜਾਂ ਕਾਂਗਰਸੀਆਂ ਵਲੋਂ ਵੀ ਨਹੀਂ ਕੀਤਾ ਗਿਆ। ਬਾਦਲਾਂ ਖਿਲਾਫ ਤੁਹਾਡੀ ਚੁੱਪੀ, ਤੁਹਾਡੇ ਵਾਸਤੇ ਖੜੀ ਕੀਤੀ ਕੇਸਰੀ ਲਹਿਰ ਨੂੰ ਵੀ ਢਾਹ ਲਾ ਸਕਦੀ ਹੈ। ਆਪਣੀ ਕੀਤੀ ਬਹਾਦਰੀ ਨੂੰ ਇਸ ਤਰ੍ਹਾਂ ਬਾਦਲਾਂ ਕੋਲ਼ ਨਾ ਵੇਚੋ, ਅਤੇ ਕੌਮ ਦਾ ਹੋਣ ਵਾਲਾ ਨੁਕਸਾਨ ਬਚਾਓ।

ਕਈਆਂ ਨੂੰ ਖ਼ਾਲਸਾ ਨਿਊਜ਼ ਦੀ ਇਸ ਟਿੱਪਣੀ ਨਾ ਜਚੇ, ਪਰ ਸਾਡਾ ਫਰਜ਼ ਹੈ ਕਿ ਸਿੱਖਾਂ ਵਿਰੁੱਧ ਹੋਣ ਵਾਲੇ ਕਾਰੇ ਬਾਰੇ ਜਿਨਾਂ ਹੋ ਸਕੇ ਅਗਾਊਂ ਸਾਵਧਾਨ ਕਰ ਸਕੀਏ। ਕਿਉਂਕਿ ਸਿੱਖ ਤਾਂ ਬਿਨਾਂ ਸੋਚੇ ਸਮਝੇ, ਭਾਵਨਾਵਾਂ ਅਧੀਨ ਬਹਿ ਕੇ ਫਿਰ ਤੋਂ ਬਾਦਲ ਨੂੰ ਫਾਇਦਾ ਪਹੁੰਚਾ ਦੇਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top