Share on Facebook

Main News Page

ਪੰਜਾਬ ਵਿਚ ਸਿੱਖ ਨੌਜਵਾਨੀ ’ਤੇ ਹਕੂਮਤ ਵੱਲੋਂ ਲਟਕਾਈ ਤਲਵਾਰ ਨੂੰ ਹਟਾਉਣ ਲਈ ਕੌਮਾਂਤਰੀ ਪੱਧਰ ’ਤੇ ਲੜਾਈ ਲੜਨੀ ਪਵੇਗੀ
-: ਗੁਰਸੇਵਕ ਸਿੰਘ ਧੌਲਾ
946321267

ਪਿਛਲੇ ਕੁਝ ਦਿਨਾਂ ਅੰਦਰ ਪੰਜਾਬ ਪੁਲਸ ਵੱਲੋਂ ਸਿੱਖ ਨੌਜਵਾਨਾਂ ਦੀ ਫੜੋ-ਫੜੀ ਦੇ ਸ਼ੁਰੂ ਕੀਤੇ ਦੌਰ ਨੇ ਨੱਬੇ ਦਹਾਕੇ ਦੇ ਸੁਰੂਆਤੀ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ, ਜਦੋਂ ਪੰਜਾਬ ਪੁਲਸ ਅੱਗੇ ਸਿੱਖ ਨੌਜਵਾਨਾਂ ਦੀ ਕੋਈ ਅਪੀਲ ਜਾਂ ਦਲੀਲ ਕੰਮ ਨਹੀਂ ਆਉਂਦੀ ਸੀ ਅਤੇ ਉਦੋਂ ਸਾਰਾ ਕੁਝ ਪੰਜਾਬ ਪੁਲਸ ਦੀ ਮਰਜ਼ੀ ’ਤੇ ਹੀ ਨਿਰਭਰ ਹੁੰਦਾ ਸੀ ਕਿ ਉਹ ਜਿਸ ਨੂੰ ਚਾਹੇ ਉਸ ਨੂੰ ਖਤਰਨਾਕ ਦਹਿਸ਼ਤਗਰਦ ਦਾ ਦਰਜਾ ਦੇ ਸਕਦੀ ਸੀ।

ਇਸ ਵਾਰ ਦਾ ਵਰਤਾਰਾ ਵੀ ਕੁਝ ਉਸੇ ਤਰਾਂ ਸ਼ੁਰੂ ਹੋਇਆ ਹੈ। ਪੁਲਸ ਵੱਲੋਂ ਦੋ ਦਰਜਨ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਇਸ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ ਕਿ ਉਹਨਾਂ ਨੇ ਫੇਸਬੁੱਕ ’ਤੇ ਇੱਕ ਗਰੁੱਪ ਬਣਾਇਆ ਹੋਇਆ ਹੈ ਅਤੇ ਉਹ ਫੇਸਬੁੱਕ ਸਮੇਤ ਹੋਰ ਸੋਸ਼ਲ ਸਾਇਟਾਂ ਰਾਹੀਂ ਅੱਤਵਾਦ ਦਾ ਪ੍ਰਚਾਰ ਕਰ ਰਹੇ ਹਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਕੇ ਦਹਿਸਤਗਰਦ ਬਣਾ ਰਹੇ ਹਨ। ਪੰਜਾਬ ਪੁਲਸ ਨੇ ਆਪਣਾ ਰਿਵਾਇਤੀ ਦਾਅਵਾ ਕਰਦਿਆਂ ਕਿਹਾ ਹੈ ਕਿ ਇਹਨਾਂ ਸਿੱਖ ਨੌਜਵਾਨਾਂ ਕੋਲੋਂ ਭਾਰੀ ਗਿਣਤੀ ਵਿੱਚ ਨਜਾਇਜ਼ ਅਸਲਾ ਵੀ ਬਰਾਮਦ ਹੋਇਆ ਹੈ। ਸਿੱਖ ਨੌਜਵਾਨਾਂ ’ਤੇ ਚਲਾਏ ਜਾ ਰਹੇ ਇਸ ਨਵੇਂ ਦਮਨ ਚੱਕਰ ਵਿੱਚ ਫਤਿਹਗੜ ਸਾਹਿਬ, ਬਰਨਾਲਾ, ਗੁਰਦਾਸਪੁਰ ਜ਼ਿਲਿਆਂ ਦੀ ਪੁਲਸ ਵੱਲੋਂ ਸਿੱਖ ਨੌਜਵਾਨਾਂ ਦੀ ਫੜੋ-ਫੜੀ ਕੀਤੀ ਗਈ ਹੈ। ਪੰਜਾਬ ਪੁਲਸ ਵਲੋਂ ਇਕ ਨੌਜਵਾਨ ਨੂੰ ਨਸ਼ੀਲੇ ਸਮਾਨ ਦੀ ਤਸਕਰੀ ਦੇ ਕੇਸ ‘ਚ ਫਰਜ਼ੀ ਤੌਰ ‘ਤੇ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿਖੇ ਇਕ ਪੈਟਰੋਲ ਪੰਪ ‘ਤੇ ਲਗੇ ਸੀ. ਸੀ. ਟੀ. ਵੀ. ਕੈਮਰੇ ਨੇ ਇਸ ਮਾਮਲੇ ‘ਚ ਪੰਜਾਬ ਪੁਲਸ ਦੀ ਕਾਰਸਤਾਨੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਪੁਲਸ ਨੇ ਵੇਰਕਾ ਨਿਵਾਸੀ ਸਰਬਜੀਤ ਸਿੰਘ ਨਾਂ ਦੇ ਵਿਅਕਤੀ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਪੁਲਸ ਵਲੋਂ ਸਰਬਜੀਤ ਦੀ ਗ੍ਰਿਫਤਾਰੀ ਗਰੀਨ ਐਵਿਨਿਊ ਤੋਂ ਦਿਖਾਈ ਗਈ, ਜਦੋਂ ਕਿ ਇਸ ਵੀਡੀਓ ‘ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੁਲਸ ਸਰਬਜੀਤ ਨੂੰ ਪੈਟਰੋਲ ਪੰਪ ਤੋਂ ਲੈ ਕੇ ਜਾ ਰਹੀ ਹੈ ।

ਸਭ ਤੋਂ ਵੱਧ ਫਤਿਹਗੜ ਸਾਹਿਬ ਦੀ ਪੁਲਸ ਵੱਲੋਂ ਸਤਨਾਮ ਸਿੰਘ ਅਤੇ ਕਈ ਹੋਰ ਸਿੱਖ ਨੌਜਵਾਨਾਂ ਨੂੰ ਚੁਕਿਆ ਗਿਆ ਅਤੇ ਫੇਸਬੁੱਕ ’ਤੇ ਗਰੁੱਪ ਬਣਾਕੇ ਅੱਤਵਾਦੀ ਗਤੀਵਿਧੀਆਂ ਚਲਾਉਣ ਦੇ ਦੋਸ਼ ਲਾਏ ਗਏ। ਇਸ ਉਪਰੰਤ ਬਰਨਾਲਾ ਪੁਲਸ ਵੱਲੋਂ ਇਕ ਸਿੱਖ ਨੌਜਵਾਨ ਨੂੰ ਘਰ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜਿਕਰਯੋਗ ਹੈ ਕਿ ਇਹ ਸਿੱਖ ਨੌਜਵਾਨ ਗੁਰਮਤਿ ਪ੍ਰਚਾਰ ਸੇਵਾ ਲਹਿਰ ਨਾਮ ਦੀ ਸੰਸਥਾ ਚਲਾਉਂਦਾ ਹੈ ਅਤੇ ਅਜੋਕੇ ਸੰਘਰਸ਼ ’ਚ ਸ਼ਹੀਦ ਹੋ ਚੁੱਕੇ ਸਿੱਖ ਨੌਜਵਾਨਾਂ ਦੇ ਪਰਵਾਰਾਂ ਨੂੰ ਆਪਣੇ ਵਸੀਲਿਆਂ ਥੋੜੀ ਬਹੁਤੀ ਰਾਹੀਂ ਆਰ੍ਯਥਿਕ ਸਹਾਇਤਾ ਕਰਦਾ ਸੀ। ਇਸ ਗੁਨਾਹ ਬਦਲੇ ਪੰਜਾਬ ਪੁਲਸ ਪਹਿਲਾਂ ਵੀ ਉਸਨੂੰ ਕਈ ਵਾਰ ਗ੍ਰਿਫ਼ਤਾਰ ਕਰਕੇ ਕੇਸ ਪਾ ਚੁੱਕੀ ਹੈ। ਇਸ ਤੋਂ ਉਪਰੰਤ ਗੁਰਦਾਸਪੁਰ ਪੁਲਸ ਵੱਲੋਂ ਵੀ ਕਈ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ’ਤੇ ਵੀ ਇਹੀ ਦੋਸ਼ ਮੜੇ ਗਏ ਹਨ ਕਿ ਇਹਨਾਂ ਨੌਜਵਾਨਾਂ ਵੱਲੋਂ ਵੀ ਇੰਟਰਨੈਟ ਖਾਸ ਕਰਕੇ ਫੇਸਬੁੱਕ ਰਾਹੀਂ ਵਿਦੇਸ਼ਾਂ ਵਿੱਚ ਰਹਿੰਦੇ ਕਥਿਤ ਦਹਿਸ਼ਤਗਰਦਾਂ ਨਾਲ ਸੰਪਰਕ ਬਣਾਏ ਹੋਏ ਹਨ ਅਤੇ ਇਹ ਨੌਜਵਾਨ ਪੰਜਾਬ ਵਿੱਚ ਅੱਤਵਾਦ ਫੈਲਾਉਣਾ ਚਾਹੁੰਦੇ ਸਨ, ਜਦਕਿ ਉਹਨਾਂ ਨੌਜਵਾਨਾਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਸਮੇਤ ਪਿੰਡ ਵਾਸੀਆਂ ਵੱਲੋਂ ਵੀ ਚੀਕ ਚੀਕ ਕੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਸਿੱਖ ਨੌਜਵਾਨਾਂ ਨੂੰ ਝੂਠਾ ਫਸਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਸ ਵੱਲੋਂ ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਮਾਸੇਰੇ ਭਰਾ ਨੂੰ ਵੀ ਦਹਿਸਤਗਰਦ ਬਣਾਕੇ ਗ੍ਰਿਫਤਾਰ ਕੀਤਾ ਗਿਆ ਹੈ।

ਦੂਸਰੇ ਪਾਸੇ ਇਹ ਵੀ ਇੱਕ ਪੱਖ ਹੈ ਕਿ ਕੇਸਰੀ ਲਹਿਰ ਦੇ ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਉਸਦੇ ਪਰਵਾਰ ਵੱਲੋਂ ਉਚ ਅਦਾਲਤ ਦਾ ਦਰਵਾਜਾ ਖੜਾਕਿਆ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਦੇ ਮਾਪਿਆਂ ਅਤੇ ਸ਼ਹੀਦ ਜਸਪਾਲ ਸਿੰਘ ਦੇ ਪਰਵਾਰ ਦਾ ਕਹਿਣਾ ਹੈ ਕਿ ਸ਼ਹੀਦ ਦੇ ਪਰਵਾਰ ’ਤੇ ਦਬਾਅ ਬਣਾਉਣ ਲਈ ਜਸਪਾਲ ਸਿੰਘ ਦੇ ਮਸੇਰੇ ਭਰਾ ਸਮੇਤ ਬਾਕੀ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਪੁਲਸ ਕੇਸ ਵਾਪਸ ਕਰਵਾਉਣਾ ਚਾਹੁੰਦੀ ਹੈ। ਇਸ ਸਾਰੇ ਵਰਤਾਰੇ ਵਿੱਚ ਜੋ ਗੱਲ ਬਹੁਤੀ ਚਿੰਤਾਜਨਕ ਹੈ ਉਹ ਇਹ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਸਿੱਖ ਨੌਜਵਾਨਾਂ ’ਤੇ ਸੁਰੂ ਕੀਤੇ ਦਮਨ ਚੱਕਰ ’ਤੇ ਕੋਈ ਵੀ ਪੰਥਕ ਧਿਰ, ਦਮਦਮੀ ਟਕਸਾਲ, ਸੰਤ ਸਮਾਜ ਜਾਂ ਹੋਰ ਕਿਸੇ ਸਿੱਖ ਜਥੇਬੰਦੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਹਨਾਂ ਸਿੱਖ ਨੌਜਵਾਨਾਂ ਦੀ ਅਤੇ ਉਹਨਾਂ ਦੇ ਪਰਵਾਰਾਂ ਦੀ ਸਾਰ ਤੱਕ ਨਹੀਂ ਲਈ ਗਈ। ਫਤਹਿਗੜ ਸਾਹਿਬ ਜ਼ਿਲੇ ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਮਹਿਜ਼ ਪੰਦਰਾਂ-ਸੋਲਾਂ ਸਾਲ ਦੀ ਉਮਰ ਦਾ ਹੈ। ਖਾਲਿਸਤਾਨ ਦੇ ਮੁਦਈ ਵੱਜੋਂ ਵਿਚਰ ਰਹੇ ਸ੍ਰ: ਸਿਮਰਨਜੀਤ ਸਿੰਘ ਦੀ ਰਿਹਾਇਸ਼ ਤੋਂ ਮਹਿਜ਼ ਕੁਝ ਕਿਲੋਮੀਟਰ ਦੀ ਦੂਰੀ ’ਤੇ ਫਤਹਿਗੜ ਜ਼ਿਲੇ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਇਸ ਨਾਬਾਲਗ ਸਮੇਤ ਸਿੱਖ ਨੌਜਵਾਨਾਂ ’ਤੇ ਕਈ ਦਿਨ ਤਸੱਦਦ ਹੁੰਦਾ ਰਿਹਾ, ਪਰ ਕਿਸੇ ਵੀ ਸਿੱਖ ਆਗੂ ਵੱਲੋਂ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ। ਪੰਜ ਸੱਤ ਸਿੱਖ ਆਗੂਆਂ ਤੋਂ ਇਲਾਵਾ ਇਹਨਾਂ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦੇ ਵਿਰੁੱਧ ਕਿਸੇ ਵੀ ਸਿੱਖ ਆਗੂ ਨੇ ਅਖਬਾਰੀ ਬਿਆਨ ਤੱਕ ਦੇਣ ਲਈ ਮੂੰਹ ਨਹੀਂ ਖੋਲਿਆ।

ਇਸ ਸਾਰੇ ਵਰਤਾਰੇ ਨੂੰ ਵਾਚਣ ’ਤੇ ਲੱਗ ਰਿਹਾ ਹੈ ਕਿ ਭਾਰਤ ਦਾ ਸਾਰਾ ਮੀਡੀਆ ਭਾਵ ਟੀ. ਵੀ ਚੈਨਲ, ਰੇਡੀਓ ਅਤੇ ਅਖਬਾਰ ਸਰਕਾਰ ਦੇ ਕੰਟਰੋਲ ਹੇਠ ਚੱਲ ਰਹੇ ਹਨ ਅਤੇ ਬਹੁਗਿਣਤੀ ਦੀ ਬੋਲੀ ਬੋਲ ਰਹੇ ਹਨ। ਭਾਰਤੀ ਮੀਡੀਏ ਵਿੱਚ ਘੱਟਗਿਣਤੀਆਂ ਨੂੰ ਆਪਣਾ ਦੁੱਖ ਦਰਦ ਤਾਂ ਕੀ ਆਪਣਾ ਪੱਖ ਰੱਖਣ ਲਈ ਕੋਈ ਜਗਾ ਨਹੀਂ ਹੈ। ਅਧੁਨਿਕ ਸੰਚਾਰ ਵਿਧੀ ਇੰਟਰਨੈਟ ਘੱਟਗਿਣਤੀਆਂ ਲਈ ਇੱਕ ਵਰਦਾਨ ਬਣਕੇ ਆਇਆ ਹੈ ਅਤੇ ਸਿੱਖਾਂ ਸਮੇਤ ਭਾਰਤ ਦੀਆਂ ਸਾਰੀਆਂ ਹੀ ਘੱਟਗਿਣਤੀਆਂ ਦੇ ਲੋਕ ਆਪਣੇ ਨਾਲ ਹੋ ਰਹੀਆਂ ਵਧੀਕੀਆਂ, ਆਪਣੇ ਵਿਚਾਰਾਂ ਅਤੇ ਆਪਣੇ ਜਜ਼ਬਾਤਾਂ ਨੂੰ ਇੰਟਰਨੈਟ ਜਰੀਏ ਚੱਲ ਰਹੀਆਂ ਸ਼ੋਸਲ ਸਾਇਟਾਂ ’ਤੇ ਪ੍ਰਗਟ ਕਰ ਰਹੇ ਹਨ। ਸਿੱਖ ਕੌਮ ਵੱਲੋਂ ਵੀ ਇਹਨਾਂ ਸੋਸ਼ਲ ਸਾਇਟਾਂ ਖਾਸ ਕਰਕੇ, ਫੇਸਬੁੱਕ, ਟਵਿੱਟਰ ਅਤੇ ਵਟਸਅੱਪ ਰਾਹੀਂ ਸਿੱਖੀ ਦੀ ਚੜਦੀ ਕਲਾ ਅਤੇ ਰਾਜ ਕਰੇਗਾ ਖਾਲਸਾ ਦੇ ਸਕੰਲਪ ਨੂੰ ਪ੍ਰਚਾਰਿਆ ਜਾਣਾ ਲੱਗਿਆ ਹੈ। ਭਾਰਤੀ ਹਕੂਮਤ ਨੂੰ ਇਹ ਗੱਲ ਕਤੱਈ ਗਵਾਰਾ ਨਹੀਂ ਹੋ ਸਕਦੀ ਕਿ ਹਿੰਦੋਸਤਾਨ ਵਿੱਚ ਸਿੱਖ ਵੱਖਰੀ ਕੌਮ ਵੱਜੋਂ ਸਥਾਪਿਤ ਹੋਣ ਅਤੇ ਆਪਣੀ ਨਿਆਰੀ ਅਤੇ ਆਜ਼ਾਦ ਹਸਤੀ ਦਾ ਪ੍ਰਚਾਰ ਕਰਨ। ਭਾਰਤੀ ਹਕੂਮਤ ਦਾ ਸੂਬੇਦਾਰ ਬਣਿਆ ਪੰਜਾਬ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੇਂਦਰੀ ਹਕੂਮਤ ਦੀ ਹਦਾਇਤਾਂ ’ਤੇ ਸਿੱਖ ਨੌਜਵਾਨਾਂ ਦੀ ਘਾਣ ਕਰਨ ਲਈ ਬੇਅੰਤ ਸਿੰਘ ਵਾਲੇ ਰਸਤੇ ਪੈ ਗਿਆ ਹੈ।

ਭਾਵੇਂ ਵਿਦੇਸ਼ੀ ਸਿੱਖਾਂ ਵੱਲੋਂ ਪੰਜਾਬ ਦੇ ਹਾਕਮ ਬਣੇ ਬਾਦਲਾਂ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ, ਪਰ ਇਸ ਸਮੇਂ ‘ਜਦੋਂ ਪੰਜਾਬ ਅੰਦਰਲੀ ਸਿੱਖ ਲੀਡਰਸ਼ਿਪ ਪੂਰੀ ਤਰਾਂ ਬਾਦਲਾਂ ਦੀ ਗੁਲਾਮ ਹੋ ਚੁੱਕੀ ਹੈ, ਹੋਰ ਵੀ ਸੁਚੇਤ ਅਤੇ ਸੁਹਿਰਦ ਹੋਣਾ ਪਵੇਗਾ ਅਤੇ ਪੰਜਾਬ ਵਿੱਚ ਸਿੱਖ ਨੌਜਵਾਨੀ ’ਤੇ ਹਕੂਮਤ ਵੱਲੋਂ ਦੁਬਾਰਾ ਲਟਕਾਈ ਇਸ ਤਲਵਾਰ ਨੂੰ ਹਟਾਉਣ ਲਈ ਕੌਮਾਂਤਰੀ ਪੱਧਰ ’ਤੇ ਲੜਾਈ ਲੜਨੀ ਪਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top